ਹਰ ਦੋ ਤਿੰਨ ਸਾਲ ਬਾਅਦ ਸਿੱਖ-ਪੰਥ ਵਿਚ “ਸਿੱਖ ਰਹਿਤ ਮਰਯਾਦਾ” ਬਾਰੇ ਕੋਈ ਨਾ ਕੋਈ ਵਾਦ ਵਿਵਾਦ ਛਿੜ ਜਾਂਦਾ ਹੈ,ਜਿਸ ਕਾਰਨ ਵੱਖ ਵੱਖ ਸਿੱਖ ਜੱਤੇਬੰਦੀਆਂ ਤੇ ਵਿਦਵਾਨਾਂ ਵਲੋਂ ਅਖ਼ਬਾਰਾਂ ਵਿਚ ਇਕ ਦੂਜੇ ਵਿਰੁਧ ਬਿਆਨ ਆਉਂਦੇ ਰਹਿੰਦੇ ਹਨ।ਅੱਜ ਕੱਲ ਸਿੱਖ ਰਹਿਤ ਮਰਯਾਦਾ ਨੂੰ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਵਲੋਂ ਪ੍ਰਵਾਨਗੀ ਮਿਲਣ ਬਾਰੇ ਵੱਖ ਵੱਖ ਜਵਾਬ ਆਉਂਦੇ ਰਹੇ ਹਨ, ਵੈਸੇ ਸ਼੍ਰੋਮਣੀ ਕਮੇਟੀ ਵਲੋਂ ਸੱਭਨਾਂ ਦਾ ਸਪੱਸ਼ਟੀਰਨ ਦਿੱਤਾ ਜਾ ਚੁਕਿਆ ਹੈ।
ਇਹ “ਰਹਿਤ ਮਰਯਾਦਾ” ਕੀ ਹੈ? ਪ੍ਰਸਿੱਧ ਸਿੱਖ ਵਿਦਵਾਨ ਸਵਰਗਵਾਸੀ ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ “ਸਿੱਖ ਨਿਯਮਾਂ ਦੀ ਪਾਬੰਦੀ ਅਤੇ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਰਹਿਣ ਦੀ ਕ੍ਰਿਆ ਨੂੰ ਰਹਿਤ ਮਰਯਾਦਾ ਕਹਿੰਦੇ ਹਨ। ਰਹਿਤ ਮਰਯਾਦਾ ਨੂੰ ਪੰਥ ਦੀ ਸਮੂਹਿਕ ਸ਼ਖਸ਼ੀਅਤ ਵੀ ਕਹਿ ਸਕਦੇ ਹਾਂ। ਕਿਸੇ ਵਿਅਕਤੀ ਨੂੰ ਕੋਈ ਹੱਕ ਨਹੀਂ ਕਿ ਇਸ ਪੰਥਕ ਸ਼ਖਸ਼ੀਅਤ ਨੂੰ ਭੰਗ ਕਰਨ ਦਾ ਹੀਯਾ ਕਰੇ।” ਉਨ੍ਹਾਂ ਦੇ ਆਖਣ ਅਨੁਸਾਰ, “ਅੱਜ ਇਹ ਰਹਿਤ ਮਰਯਾਦਾ ਉਹ ਹੀ ਹੈ ਜੋ ਪੰਥ ਦੀ ਚੁਣੀ ਹੋਈ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠ ਜਾਰੀ ਕੀਤੀ ਗਈ ਹੈ। ਬਾਕੀ ਜਿਤਨੇ ਵੀ ਰਹਿਤਨਾਮੇ ਹਨ, ਉਹ ਪ੍ਰੇਮੀ ਸਿੱਖਾਂ ਨੇ ਆਪਣੀ ਬੁੱਧੀ ਤੇ ਨਿਸ਼ਚੇ ਅਨੁਸਾਰ ਲਿਖੇ ਹਨ। ਰਹਿਤਨਾਮਿਆਂ ਦੀ ਗਿਣਤੀ 37 ਤੱਕ ਕਹਿੰਦੇ ਹਨ। ਸੋ ਇਹ ਹੀ ਵਿਚਾਰ ਕੇ ਕਿ ਪੰਥ ਛੱਡ, ਕਿਧਰੇ ਸਿੱਖ ਆਪਣੀ ਪੈੜ ਹੀ ਨਾ ਸਭ ਟੁਰਨ ਲੱਗ ਪੈਣ, ਇਕ ਰਹਿਤ ਮਰਯਾਦਾ ਤਿਆਰ ਕੀਤੀ ਸੀ।”
ਸਮੁੱਚੇ ਪੰਥ ਲਈ ਇਕ “ਰਹਿਤ ਮਰਯਾਦਾ” ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਸਿੱਖ ਸੰਪਰਦਾਵਾਂ, ਸੰਸਥਾਵਾਂ, ਸੰਤ-ਮਹਾਂਤਮਾਵਾਂ ਦੇ ਡੇਰਿਆਂ ਅਤੇ ਵਿਦਵਾਨਾਂ ਦੀ ਡੂੰਘੀ ਵਿਚਾਰ ਤੇ ਬਹਿਸ ਪਿੱਛੋਂ ਹੀ ਲਾਗੂ ਕੀਤੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ “ਸਿੱਖ ਰਹਿਤ ਮਰਯਾਦਾ” ਵਿਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ 1931 ਵਿਚ ਗੁਰਦੁਆਰਿਆਂ ਵਿਚ ਗੁਰਮਤਿ-ਮਰਯਾਦਾ ਨੂੰ ਠੀਕ ਤਰ੍ਹਾਂ ਨੀਯਤ ਕਰਨ ਹਿਤ, ਰਹਿਤ ਮਰਯਾਦਾ ਦਾ ਇਕ ਖਰੜਾ ਤਿਆਰ ਕਰਨ ਲਈ ਵੱਖ ਵੱਖ ਸਿੱਖ ਸੰਪਰਦਾਵਾਂ, ਸੰਸਥਾਵਾਂ ਡੇਰਿਆਂ, ਨਿਹੰਗ ਸਿੰਘਾਂ ਅਤੇ ਪੰਥਕ ਵਿਦਵਾਨਾਂ ਨੂੰ ਪ੍ਰਤੀਨਿਧਤਾ ਦੇ ਕੇ ਪ੍ਰੋਫੈਸਰ ਤੇਜਾ ਸਿੰਘ ਦੀ ਕਨਵੀਨਰਸ਼ਿਪ ਹੇਠਾਂ ਇਕ 25-ਮੈਂਬਰੀ ਸਬ-ਕਮੇਟੀ ਬਣਾਈ ਸੀ। ਇਸ ਕਮੇਟੀ ਦੇ ਬਾਕੀ ਪ੍ਰਮੁੱਖ ਵਿਦਵਾਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਚਾਰੇ ਤਖ਼ਤਾਂ ਦੇ ਜਥੇਦਾਰ, ਅਕਾਲੀ ਕੌਰ ਸਿੰਘ, ਗਿ. ਠਾਕਰ ਸਿੰਗ, ਭਾਈ ਬੁੱਧ ਸਿੰਘ ਸੰਤ ਸੰਗਤ ਸਿੰਘ ਕਮਾਲੀਆਂ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ, ਸੰਤ ਗੁਰਲਾਬ ਸਿੰਘ ਘੋਲੀਆ, ਪੰਡਤ ਬਸੰਤ ਸਿੰਘ ਪਟਿਆਲਾ, ਗਿਆਨੀ ਹੀਰਾ ਸਿੰਘ ਦਰਦ, ਪ੍ਰੋ: ਗੰਗਾ ਸਿੰਘ ਪ੍ਰੋ: ਜੋਧ ਸਿੰਘ, ਪੰਡਤ ਕਰਤਾਰ ਸਿੰਗ ਦਾਖਾ , ਸੰਤ ਮਾਨ ਸਿੰਘ ਕਨਖਲ ਅਤੇ ਭਾਈ ਰਣਧੀਰ ਸਿੰਘ ਦੇ ਨਾਂ ਵਰਨਣਯੋਗ ਹਨ।
ਇਸ ਸਬ-ਕਮੇਟੀ ਨੇ ਜੋ ਖਰੜਾ ਤਿਆਰ ਕੀਤਾ, ਉਸ ‘ਤੇ 8 ਮਈ 1932 ਅਤੇ 26 ਸਤੰਬਰ 1932 ਨੂੰ ਉਸ ਸਮੇਂ ਦੇ ਪ੍ਰਸਿੱਧ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਅਤੇ ਸਿੰਘ ਸਾਹਿਬਾਨ ਦੀਆਂ ਵਿਸ਼ੇਸ਼ ਮੀਟਿੰਗਾਂ ਵਿਚ ਵਿਚਾਰ ਕੀਤੀ ਗਈ। ਸਬ-ਕਮੇਟੀ ਨੇ ਇਹ ਖਰੜਾ ਪਹਿਲੀ ਅਕਤੂਬਰ 1932 ਨੂੰ ਸ਼੍ਰੋਮਣੀ ਕਮੇਟੀ ਨੂੰ ਪੇਸ਼ ਕਰ ਦਿੱਤਾ।ਇਸ ਖਰੜੇ ਦੀ ਪ੍ਰਵਾਨਗੀ “ਸਰਬ ਹਿੰਦ ਸਿੱਖ ਮਿਸ਼ਨ ਬੋਰਡ” ਨੇ ਆਪਣੇ ਮਤਾ ਨੰਬਰ ਇਕ, ਮਿਤੀ 1-8-1936 ਰਾਹੀਂ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਮਤਾ ਨੰਬਰ 14, ਮਿਤੀ 14-10-1936 ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਕਮੇਟੀ ਦੀ “ਧਾਰਮਿਕ ਸਲਾਹਕਾਰ ਕਮੇਟੀ” ਨੇ ਆਪਣੀ ਇਕੱਤਰਤਾ ਮਿਤੀ 7-1-1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿਚ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਸ਼ ਕੀਤੀ।
ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਵਿਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਜਨਰਲ ਅਜਲਾਸ ਨੇ ਆਪਣੀ ਤਿੰਨ ਫਰਵਰੀ 1945 ਨੂੰ ਦਿੱਤੀ। ਇਸ ਉਪਰੰਤ ਹੀ ਇਹ ਰਹਿਤ ਮਰਯਾਦਾ ਲਾਗੂ ਕੀਤੀ ਗਈ।“ਰਹੁ-ਰੀਤੀ ਸਬ-ਕਮੇਟੀ” ਅਤੇ “ਧਾਰਮਿਕ ਸਲਾਹਕਾਰ ਕਮੇਟੀ” ਨੂੰ ਦੇਸ਼ ਭਰ ਤੋਂ ਅਨੇਕਾਂ ਹੀ ਸਿੱਖ ਸੰਸਥਾਵਾਂ, ਵਿਦਵਾਨਾਂ, ਇਤਿਹਾਸਕਾਰਾਂ, ਪੱਤਰਕਾਰਾਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਤੇ ਪ੍ਰਬੰਧਕਾਂ ਨੇ ਆਪਣੇ ਲਿਖਤੀ ਸੁਝਾਓ ਵੀ ਭੇਜੇ ਸਨ, ਜਿਨ੍ਹਾਂ ਤੇ ਡੂੰਘੀ ਵਿਚਾਰ ਕੀਤੀ ਗਈ ਸੀ।
ਸਿੱਖ ਰਹਿਤ ਮਰਯਾਦਾ ਵਿਚ ਸਿੱਖ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ, “ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਮੰਨਦਾ, ਉਹ ਸਿੱਖ ਹੈ।”
ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ-ਸ਼ਖਸੀ ਅਤੇ ਪੰਥਕ। ਸ਼ਖਸੀ ਰਹਿਣੀ ਵਿਚ ਨਾਮਬਾਣੀ ਦਾ ਅਭਿਆਸ, ਨਿਤਨੇਮ ਦਾ ਪਾਠ, ਅਰਦਾਸ ਸੰਗਤ ਵਿਚ ਜੁੜ ਕੇ ਗੁਰਬਾਣੀ ਦਾ ਅਭਿਆਸ ਅਤੇ ਗੁਰਦੁਆਰੇ, ਕੀਰਤਨ, ਹੁਕਮ ਲੈਣਾ, ਸਹਿਜ ਪਾਠ, ਅਖੰਡ ਪਾਠ, ਭੋਗ ਕੜਾਹ ਪ੍ਰਸਾਦਿ ਆਦਿ) ਗੁਰਮਤਿ ਰਹਿਣੀ (ਸਿੱਖ ਧਰਮ ਦੇ ਅਸੂਲਾਂ, ਜਨਮ ਤੋਂ ਲੈ ਕੇ ਮ੍ਰਿਤਕ ਸੰਸਕਾਰਾਂ ਬਾਰੇ ਰਹੁ ਰੀਤੀਆਂ) ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ “ਸੇਵਾ” ਬਾਰੇ ਚਰਚਾ ਹੈ।
“ਅੰਮ੍ਰਿਤ ਸੰਸਕਾਰ” ਬਾਰੇ ਪੰਜ ਪਿਆਰਿਆਂ ਵਿਚ ਸਿੱਖ ਬੀਬੀਆਂ ਦੀ ਸ਼ਮੂਲੀਅਤ ਬਾਰੇ ਇਸ ਤਰ੍ਹਾ ਦਸਿਆ ਗਿਆ ਹੈ- (ੳ)ਅੰਮ੍ਰਿਤ ਛਕਾਣ ਲਈ ਇਕ ਖਾਸ ਅਸਥਾਨ ‘ਤੇ ਪ੍ਰਬੰਧ ਹੋਵੇ।ਉਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ( ਅ)ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੋਵੇ।ਘੱਟ ਤੋਂ ਘੱਟ ਭੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ।ਇਨ੍ਹਾਂ ਵਿਚ ਸਿੰਘਣੀਆਂ ਭੀ ਹੋ ਸਕਦੀਆਂ ਹਨ।ਇਨ੍ਹਾਂ ਸਾਰਿਆਂ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ।
“ਪੰਥਕ ਰਹਿਣੀ” ਵਿਚ ਗੁਰੂ ਪੰਥ, ਅੰਮ੍ਰਿਤ ਸੰਸਕਾਰ, ਤਨਖਾਹੀਏ ਅਤੇ ਤਨਖਾਹ ਲਾਉਣ ਦੀ ਵਿਧੀ, ਗੁਰਮਤਾ ਕਰਨ ਦੀ ਵਿਧੀ ਅਤੇ ਸਥਾਨਕ ਫੈਸਲਿਆਂ ਬਾਰੇ ਅਪੀਲਾਂ ਲਈ ਜਾਣਕਾਰੀ ਦਿੱਤੀ ਗਈ ਹੈ।
“ਸਿੱਖ ਰਹਿਤ ਮਰਯਾਦਾ” ਅਨੁਸਾਰ ਤਨਖਾਹੀਏ ਇਹ ਹਨ : 1- ਮੀਣੇ ਮਸੰਦ, ਧੀਰਮਲੀਏ, ਰਾਮਰਾਈਏ ਆਦਿ ਜਾਂ ਨੜੀਮਾਰ, ਕੁੜੀ ਮਾਰ; 2-ਬੇਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ ;3- ਦਾਹੜਾ ਰੰਗਣ ਵਾਲਾ (ਅੱਜ ਕਲ੍ਹ ਹਜ਼ਾਰਾਂ ਹੀ ਸਿੱਖ ਆਪਣੀ ਦਾੜ੍ਹੀ ਰੰਗ ਰਹੇ ਹਨ); 4- ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ; 5- ਕੋਈ ਨਸ਼ਾ (ਭੰਗ, ਅਫੀਮ, ਸ਼ਰਾਬ, ਪੋਸਤ, ਕੁਕੀਨ ਆਦਿ) ਵਰਤਣ ਵਾਲਾ; 6-ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਵਾਲਾ ਅਤੇ 7- ਰਹਿਤ ਵਿਚ ਕੋਈ ਭੁੱਲ ਕਰਨ ਵਾਲਾ।
ਉਪਰੋਕਤ ਤੱਥਾਂ ਤੋਂ ਸਾਫ ਸਪੱਸ਼ਟ ਹੈ ਕਿ “ਸਿੱਖ ਰਹਿਤ ਮਰਯਾਦਾ” ਸ਼੍ਰੋਮਣੀ ਕਮੇਟੀ, ਜੋ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਹੈ, ਵਲੋਂ ਬਣਾਈਆਂ ਗਈਆਂ ਪ੍ਰਸਿੱਧ ਵਿਦਵਾਨਾਂ, ਇਤਿਹਾਸਕਾਰਾਂ, ਜਥੇਦਾਰਾਂ ਆਦਿ ਸਬ-ਕਮੇਟੀਆਂ ਵੱਲੋਂ ਲਗਪਗ 15 ਸਾਲ ਦੀ ਲੰਬੀ ਸੋਚ ਵਿਚਾਰ ਪਿੱਛੋਂ ਲਾਗੂ ਕੀਤੀ ਗਈ ਸੀ। ਇਸ ਵਿਚ ਕੋਈ ਵਾਧਾ ਘਾਟਾ ਜਾਂ ਤਰਮੀਮ ਕਰਨ ਦਾ ਅਧਿਕਾਰ ਵੀ ਸ਼੍ਰੋਮਣੀ ਕਮੇਟੀ ਨੂੰ ਹੀ ਹੈ,ਜਿਸ ਨੇ ਇਹ “ਸਿੱਖ ਰਹਿਤ ਮਰਯਾਦਾ” ਤਿਆਰ ਕਰਵਾਈ ਤੇ ਲਾਗੂ ਕੀਤੀ ਹੈ।