ਅਜੇ ਸਵੇਰਾ ਹੀ ਸੀ। ਹਰਨਾਮ ਕੌਰ ਲੱਸੀ ਵਿਚੋਂ ਮੱਖਣ ਕੱਢ ਕੇ ਹੀ ਹਟੀ ਸੀ। ੳਦੋਂ ਹੀ ਕਿਸੇ ਨੇ ਉਹਨਾਂ ਦਾ ਦਰਵਾਜ਼ਾ ਖੜਕਾਇਆ।
“ਸਵੇਰੇ ਹੀ ਕੌਣ ਆ ਗਿਆ?” ਸੁਰਜੀਤ ਵਿਹੜੇ ਵਿਚ ਝਾੜੂ ਲਾਉਂਦੀ ਬੋਲੀ।
“ਝੀਰੀ ਬਚਨੋ ਲੱਸੀ ਨੂੰ ਆਈ ਹੋਣੀ ਆ। ਇਹ ਕਹਿੰਦੀ ਹੋਈ ਹਰਨਾਮ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਕੁੰਤੀ ਲੱਡੂ ਲਈ ਖਲੋਤੀ ਸੀ।
“ਕੁੜੇ, ਇਹ ਕਿਸ ਖੁਸ਼ੀ ਚ? ਦਾਰੋ ਨੇ ਤੇਰਾ ਵਿਆਹ ਤਾਂ ਨਹੀ ਧਰ ਦਿੱਤਾ।” ਹਰਨਾਮ ਕੌਰ ਮੱਥਾ ਇੱਕਠਾ ਜਿਹਾ ਕਰਦੀ ਬੋਲੀ।
“ਤਾਈ, ਮੇਰਾ ਕੋਰਸ ਪੂਰਾ ਹੋ ਗਿਆ, ਤੁਹਡੀ ਹਿੰਮਤ ਨਾਲ ਹੀ ਮੈਂ ਜੇ.ਬੀ. ਟੀ ਕਰ ਲਈ, ਨਹੀ ਤਾਂ ਮੇਰੀ ਬੀਬੀ ਵਿਚਾਰੀ ਕੋਲ ਕਿੱਥੇ ਪੈਸੇ ਸੀ ਮੈਨੂੰ ਪੜ੍ਹਾਉਣ ਵਾਸਤੇ।”
“ਕੁੜੇ, ਹਾਅ ਕੀ ਬੋਲੀ ਜਾਂਦੀ ਤੂੰ, ਕੀ ਕਰ ਲਈ, ਮੈਨੂੰ ਤਾਂ ਪਤਾ ਨਹੀ ਲੱਗਾ।”
“ਤਾਂ ਤੇ ਵਧਾਈਆਂ ਤੈਨੂੰ।” ਸੁਰਜੀਤ ਨੇ ਉਸ ਕੋਲੋ ਲੱਡੂਆਂ ਦੀ ਪਲੇਟ ਫੜ੍ਹਦਿਆਂ ਕਿਹਾ, “ਤੂੰ ਮਾਸਟਰਨੀ ਬਣ ਗਈ।”
“ਲੱਡੂ ਕਾਹਤੇ ਫੜ੍ਹੀ ਜਾਨੀਆਂ? ਸਾਡੇ ਕਿਸੇ ਨੇ ਕਿਤੇ ਖਾਣੇਂ ਆ। ਨਾਲੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਾ ਕਿ ਤੂੰ ਲੱਡੂ ਕਾਹਦੇ ਲਿਆਈ ਆਂ।” ਹਰਨਾਮ ਕੌਰ ਨੇ ਕੁੰਤੀ ਦੇ ਮੂੰਹ ਉੱਪਰ ਹੀ ਕਹਿ ਦਿੱਤਾ।
“ਕੋਈ ਨਹੀ ਮੈਂ ਖਾ ਲੈਣੇ।” ਸੁਰਜੀਤ ਲੱਡੂ ਚੁੱਕਦੀ ਬੋਲੀ?
ਇਹ ਸੁਣ ਕੇ ਹਰਨਾਮ ਕੌਰ ਨੂੰ ਗੁੱਸਾ ਚੜ੍ਹ ਗਿਆ। ਜਦ ਨੂੰ ਮੁਖਤਿਆਰ ਵੀ ਉੱਠ ਕੇ ਆ ਗਿਆ। ਲੜਾਈ ਹੋਣ ਦੇ ਡਰੋਂ ਬੋਲਿਆ, “ਬੀਬੀ, ਮੈਂ ਤੈਨੂੰ ਦੱਸਦਾ ਹਾਂ ਕਿ ਕੁੰਤੀ ਨੇ ਕਿਹੜੀ ਪੜ੍ਹਾਈ ਕੀਤੀ ਆ।” ਫਿਰ ਕੁੰਤੀ ਵੱਲ ਮੂੰਹ ਕਰਕੇ ਪੁੱਛਣ ਲੱਗਾ,
“ਕੁੰਤੀ ਤੂੰ ਜੇ. ਬੀ .ਟੀ. ਕੀਤੀ ਹੈ ਭਾਵ ਜ਼ਿੰਦਗੀ ਬਰਬਾਦ ਟਰੇਨਿੰਗ।” ਹੱਸਦਾ ਹੋਇਆ ਕੁੰਤੀ ਨੂੰ ਖਿੱਝਾਉਣ ਲੱਗਾ।
“ਭਾਅ, ਜੋ ਮਰਜ਼ੀ ਕਹੀ ਚੱਲ, ਪਰ ਮੈਂ ਤੁਹਾਡਾ ਸ਼ੁਕਰਾਨਾ ਕਰਨ ਹੀ ਆਈ ਹਾਂ। ਕੱਲ੍ਹ ਸ਼ਾਮੀ ਸ਼ਹਿਰੋਂ ਆਉਂਦੀ ਹੀ ਮੈਂ ਲੱਡੂ ਲੈ ਆਈ ਸਾਂ, ਸੋਚਿਆ ਸਵੇਰੇ ਹੀ ਫੜਾ ਆਵਾਂ ਕਿਤੇ ਘਰੇ ਹੀ ਨਾ ਖਾਧੇ ਜਾਣ।”
“ਕੁੰਤੀ, ਸਾਡੇ ਕੋਲੋ ਵੀ ਤੇਰੀ ਸਿਆਣਪ ਨੇ ਹੀ ਸਭ ਕੁਝ ਕਰਵਾਇਆ, ਸਾਰਾ ਪਿੰਡ ਤੇਰੀ ਸਿਫ਼ਤ ਕਰਦਾ ਆ।” ਸੁਰਜੀਤ ਨੇ ਕੁੰਤੀ ਨੂੰ ਚਾਹ ਦਿੰਦੇ ਕਿਹਾ।
ਦੀਪੀ ਲੱਡੂ ਲੈਣ ਲੱਗੀ ਤਾਂ ਹਰਨਾਮ ਕੌਰ ਨੇ ਉਸ ਨੂੰ ਘੂਰ ਕੇ ਇਸ਼ਾਰਾ ਕੀਤਾ ਕਿ ਉਹ ਲੱਡੂ ਨਾ ਖਾਵੇ। ਕੁੜੀ ਡਰਦੀ ਨੇ ਲੱਡੂ ਪਲੇਟ ਵਿਚ ਦੁਬਾਰਾ ਰੱਖ ਦਿੱਤਾ।
ਚਾਹ ਪੀ ਕੇ ਕੁੰਤੀ ਨੇ ਸੁਰਜੀਤ ਦਾ ਸ਼ੁਰੂ ਕੀਤਾ ਝਾੜੂ ਸਾਰੇ ਵਿਹੜੇ ਵਿਚ ਲਾ ਦਿੱਤਾ। ਕੁੰਤੀ ਘਰ ਨੂੰ ਵਾਪਸ ਜਾਣ ਲੱਗੀ ਤਾਂ ਸੁਰਜੀਤ ਨੇ ਉਸ ਨੂੰ ਆਪਣਾ ਇਕ ਸੂਟ ਵੀ ਦੇ ਦਿੱਤਾ ਜੋ ਉਸ ਦੇ ਕੁਝ ਤੰਗ ਹੋ ਗਿਆ ਸੀ। ਹਰਨਾਮ ਕੌਰ ਨੇ ਸੁਰਜੀਤ ਵੱਲ ਕੌੜੀ ਅੱਖ ਨਾਲ ਦੇਖਿਆ। ਪਰ ਬੋਲੀ ਕੁਝ ਨਾ।
ਕੁੰਤੀ ਦੇ ਜਾਣ ਤੋਂ ਬਾਅਦ ਦੀਪੀ ਤੋਂ ਛੋਟੀ ਖੇਡਦੀ ਦੌੜੀ ਆਈ ਅਤੇ ਲੱਡੂ ਚੁੱਕ ਕੇ ਖਾਣ ਲੱਗ ਪਈ। ਹਰਨਾਮ ਕੌਰ ਨੇ ਝਪਟੇ ਨਾਲ ਉਸ ਕੋਲੋ ਲੱਡੂ ਖੋਹ ਕੇ ਪੇੜੇ ਵਾਲੇ ਬਰਤਨ ਵਿਚ ਸੁੱਟ ਦਿੱਤਾ ਅਤੇ ਕੁੜੀ ਨੁੂੰ ਝਿੜਕ ਲੈ ਕੇ ਪਈ,
“ਮਾਂ ਤੁਹਾਡੀ ਨੂੰ ਤਾਂ ਸ਼ਰਮ ਨਹੀਂ, ਚੂਹੜਿਆਂ ਦੇ ਹੱਥੋ ਚੀਜ਼ਾਂ ਲੈਂਦੀ ਨੂੰ, ਘੱਟੋ ਘੱਟ ਤੁਸੀ ਤਾਂ ਨਾਂ ਖਾਉ। ਦੀਪੀ, ਇਧਰ ਕਰ ਲੱਡੂ, ਸਿਟਾਂ ਇਹਨਾਂ ਨੂੰ ਪੇੜੇ ਵਿਚ।”
“ਬੀਬੀ ਜੀ, ਸਾਡੇ ਮਾਸਟਰ ਜੀ ਕਹਿੰਦੇ ਸਨ ਕਿ ਚੂਹੜੇ ਅਤੇ ਜੱਟ ਸਭ ਹੀ ਰੱਬ ਨੇ ਬਣਾਏ ਹਨ, ਅਸੀਂ ਉਹਨਾਂ ਦੇ ਹੱਥਾਂ ਵਿਚੋਂ ਚੀਜ਼ ਲੈ ਸਕਦੇ ਹਾਂ।” ਦੀਪੀ ਨੇ ਲੱਡੂ ਫੜ੍ਹਾਉਣ ਦੀ ਥਾਂ ਜਵਾਬ ਦਿੱਤਾ।
ਸੁਰਜੀਤ ਦੀਪੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਜਿਹੜੀ ਗੱਲ ਉਹ ਆਪ ਅੱਜ ਤੱਕ ਸੱਸ ਨੂੰ ਕਹਿ ਨਹੀਂ ਸੀ ਸਕੀ। ਦੀਪੀ ਨੇ ਝੱਟ ਕਹਿ ਦਿੱਤੀ। ਪਰ ਹਰਨਾਮ ਕੌਰ ਖਿੱਝ ਗਈ ਅਤੇ ਆਪ ਲੱਡੂ ਚੁੱਕ ਕੇ ਪੇੜੇ ਦੇ ਭਾਂਡੇ ਵਿਚ ਪਾਉਣ ਲੱਗੀ ਤਾਂ ਸੁਰਜੀਤ ਨੇ ਹੌਸਲਾ ਕਰਕੇ ਲੱਡੂ ਫੜ੍ਹਦੇ ਹੋਏ ਕਿਹਾ, “ਬੀਬੀ, ਦੀਪੀ ਠੀਕ ਕਹਿੰਦੀ ਹੈ, ਲੱਡੂ ਅਸੀ ਖਾ ਲੈਣੇ ਹਨ।”
ਹਰਨਾਮ ਕੌਰ ਨੇ ਮੁਖਤਿਆਰ ਵੱਲ ਦੇਖਿਆ, ਜੋ ਚੁੱਪ ਚਾਪ ਰਾਤ ਦੀ ਬੇਹੀ ਰੋਟੀ ਮੱਖਣ ਨਾਲ ਖਾਣ ਵਿਚ ਮਸਤ ਸੀ। ਫਿਰ ਹਾਰ ਕੇ ਬੋਲੀ, “ਆ ਦੇਖ ਲੈ, ਮਾਂ ਧੀ ਕਿਵੇ ਮੇਰੇ ਵਿਰੁੱਧ ਚਲਦੀਆਂ ਨੇ।”
“ਬੀਬੀ, ਤੂੰ ਵੀ ਤਾਂ ਹੱਦ ਕਰਦੀ ਹੈਂ, ਉਹ ਵਿਚਾਰੀ ਗ਼ਰੀਬਣੀ ਆਪਣੇ ਘਰੋਂ ਬਚਾ ਕੇ ਸਾਡੇ ਲਈ ਲੱਡੂ ਲੈ ਕੇ ਆਈ ਤੇ ਤੂੰ ਪਸੂਆਂ ਨੂੰ ਖਵਾਉਣ ਲੱਗ ਪਈ।”
“ਬਣ ਜਾ, ਤੂੰ ਵੀ ਜੋਰੂ ਦਾ ਗ਼ੁਲਾਮ।” ਇਹ ਕਹਿ ਕੇ ਖਿੱਝੀ ਹੋਈ ਲੱਸੀ ਦੀ ਬਾਲਟੀ ਚੁੱਕ ਕੇ ਖੂਹ ਵੱਲ ਨੂੰ ਚਲੀ ਗਈ।
ਉਸ ਦੇ ਜਾਣ ਤੋਂ ਬਾਅਦ ਸੁਰਜੀਤ ਨੇ ਬੱਚਿਆਂ ਵਿਚ ਲੱਡੂ ਵੰਡ ਦਿੱਤੇ। ਅੱਧਾ ਕੁ ਮੁਖਤਿਆਰ ਨੂੰ ਦੇ ਦਿੱਤਾ ਅਤੇ ਬਾਕੀ ਆਪ ਖਾ ਲਿਆ।
“ਜੇ ਬੀਬੀ ਨੂੰ ਪਤਾ ਲੱਗ ਗਿਆ ਕਿ ਤੁੰ ਉਹਦੇ ਪੁੱਤ ਨੂੰ ਵੀ ਲੱਡੂ ਖਵਾ ਦਿੱਤਾ, ਫਿਰ ਦੇਖ ਤੇਰਾ ਕੀ ਹਾਲ ਕਰੂ।” ਮੁਖਤਿਆਰ ਨੇ ਲੱਡੂ ਮੂੰਹ ਵਿਚ ਪਾਉਂਦੇ ਕਿਹਾ।
“ਪਤਾ ਨਹੀ, ਬੀਬੀ, ਚੂਹੜੇ- ਚਮਿਆਰਾਂ ਨਾਲ ਏਨੀ ਦਵੈਤ ਕਿਉਂ ਕਰਦੀ ਹੈ, ਮੇਰੇ ਤਾਂ ਦਾਦੀ ਜੀ ਕਹਿੰਦੇ ਸਨ ਕਿ ਜੇ ਇਹ ਲੋਕ ਤਮਾਕੂ ਦੀ ਵਰਤੋਂ ਨਹੀ ਕਰਦੇ ਅਤੇ ਸਾਫ਼ ਸੁਥਰੇ ਰਹਿੰਦੇ ਨੇ, ਫਿਰ ਇਹਨਾਂ ਦੇ ਹੱਥੋਂ ਖਾ ਲੈਣ ਨਾਲ ਕੋਈ ਫ਼ਰਕ ਨਹੀਂ ਪੈਂਦਾ।”
“ਤੇਰੀ ਦਾਦੀ ਜੀ ਤਾਂ ਅੰਮ੍ਰਤਧਾਰੀ ਸੀ, ਫਿਰ ਵੀ ਉਹ ਸਾਰਿਆਂ ਦੇ ਹੱਥਾਂ ਦਾ ਖਾ ਲੈਂਦੇ ਸਨ।”
“ਜੋ ਲੋਕ ਤਮਾਕੂ ਦੀ ਵਰਤੋਂ ਕਰਦੇ ਸਨ, ਉਹਨਾਂ ਦੇ ਹੱਥਾਂ ਦਾ ਨਹੀ ਸਨ ਖਾਂਦੇ।”
“ਮੰਮੀ, ਮੈਂ ਸਕੂਲ ਤੋਂ ਲੇਟ ਹੋਈ ਜਾਂਦੀ ਹਾਂ, ਮੇਰੀ ਰੋਟੀ ਤਾਂ ਡੱਬੇ ਵਿਚ ਰੱਖ ਦਿਉ।” ਪਤੀ ਪਤਨੀ ਨੂੰ ਗੱਲਾਂ ਵਿਚ ਮਸਤ ਦੇਖ ਦੀਪੀ ਨੇ ਆਪਣੇ ਸਕੂਲ ਜਾਣ ਦਾ ਚੇਤਾ ਕਰਾਇਆ। ਜੋ ਹੁਣ ਹਾਈ ਸਕੂਲ ਵਿਚ ਜਾਣ ਲੱਗ ਪਈ ਸੀ।
ਸੁਰਜੀਤ ਨੇ ਛੇਤੀ ਛੇਤੀ ਪਰਾਂਉਠਾ ਅਤੇ ਨਾਲ ਅਚਾਰ ਰੱਖ ਕੇ ਡੱਬੇ ਵਿਚ ਬਣੀ ਛੋਟੀ ਕੌਲੀ ਵਿਚ ਦਹੀਂ ਪਾਉਣ ਲੱਗੀ ਤਾਂ ਦੀਪੀ ਨੇ ਵਿਚੋਂ ਹੀ ਟੋਕ ਦਿੱਤਾ, “ਮੰਮੀ, ਦਹੀਂ ਨਾ ਪਾਉ, ਪਰਾਉਂਠਾ ਸਾਰਾ ਦਹੀਂ ਨਾਲ ਲਿੱਬੜ ਜਾਂਦਾ ਹੈ।”
ਉਦੋਂ ਹੀ ਗੁਵਾਂਡੀਆਂ ਦੀਆਂ ਕੁੜੀਆਂ ਦੀਪੀ ਨੂੰ ਸਕੂਲ ਜਾਣ ਲਈ ਅਵਾਜ਼ਾਂ ਮਾਰਨ ਲੱਗ ਪਈਆਂ। ਦੀਪੀ ਨੇ ਕਾਹਲੀ ਨਾਲ ਰੌਟੀ ਵਾਲਾ ਡੱਬਾ ਬਸਤੇ ਵਿਚ ਰੱਖਿਆ ਅਤੇ ਦੌੜ ਕੇ ਕੁੜੀਆਂ ਨਾਲ ਰੱਲ ਗਈ।
ਸੁਰਜੀਤ ਛੋਟੇ ਬੱਚਿਆਂ ਨੂੰ ਸਕੂਲ ਜਾਣ ਲਈ ਤਿਆਰ ਕਰਨ ਲੱਗ ਪਈ। ਮੁਖਤਿਆਰ ਸਾਈਕਲ ਚੁੱਕ ਕੇ ਪਾਰ ਵਾਲੀ ਜ਼ਮੀਨ ਨੂੰ ਗੇੜਾ ਮਾਰਨ ਨਿਕਲ ਗਿਆ।
“ਕੁੜੇ ਸੁਰਜੀਤ ਕੌਰੇ ਮੁਕਾ ਲਿਆ ਕੰਮ?” ਕੰਧ ਉਪਰੋ ਦੀ ਬਲਬੀਰ ਦੀ ਬੀਬੀ ਗਿਆਨ ਕੌਰ ਨੇ ਪੁੱਛਿਆ।
“ਨਿਆਣਿਆ ਨਾਲ ਸਾਰਾ ਦਿਨ ਕੰਮ ਕਿਤੇ ਮੁਕਦਾ ਹੈ, ਅਜੇ ਤਾਂ ਸਕੂਲ ਲਈ ਨਿਆਣੇ ਹੀ ਤਿਆਰ ਕਰਦੀ ਪਈ ਆਂ।”
ਠਮੈ ਕਿਹਾ, ਜਰਾ ਲਾਗੇ ਤਾਂ ਆਈਂ ਤੈਨੂੰ ਇਕ ਖੁਸ਼ਖਬਰੀ ਦੱਸਾਂ।ੂ
ਸੁਰਜੀਤ ਰੱਜਵੀਰ ਦਾ ਸਿਰ ਵਾਉਂਦੀ ਨਾਲ ਹੀ ਉਸ ਨੂੰ ਲੈ ਕੇ ਕੰਧ ਕੋਲ੍ਹ ਚਲੀ ਗਈ।
“ਬਲਬੀਰ ਦਾ ਰਿਸ਼ਤਾ ਹੋ ਗਿਆ ਹੈ, ਕੱਲ ਨੂੰ ਸ਼ਗਨ ਪਾਉਣ ਜਾਣਾ ਹੈ, ਮੁਖਤਿਆਰਾ ਜਾਂ ਉਹਦਾ ਭਾਪਾ ਜਾਣ ਲਈ ਤਿਆਰ ਰਵੇ।”
“ਅੱਛਾਂ ਤਾਈ, ਤਹਾਨੂੰ ਵਧਾਈਆਂ ਹੋਣ।”
“ਕੁੜੇ ਸਵਾ ਵਧਾਈਆਂ, ਪਰ ਅਜੇ ਕਿਸੇ ਕੋਲ ਧੂ ਨਾ ਕੱਢਿਉ, ਸੱਸ ਆਪਣੀ ਨੂੰ ਵੀ ਦੱਸ ਦੇਵੀਂ।”
ਤਾਈ ਤਾਂ ਸੁਨੇਹਾ ਦੇ ਕੇ ਚਲੀ ਗਈ, ਪਰ ਸੁਰਜੀਤ ਬਲਬੀਰ ਬਾਰੇ ਸੋਚਣ ਲੱਗੀ। ਜਦੋਂ ਸੁਰਜੀਤ ਵਿਆਹੀ ਆਈ ਸੀ ਤਾਂ ਬਲਬੀਰ ਛੋਟੀ ਜਿਹੀ ਤਾਂ ਸੀ। ਝੱਟ ਹੀ ਵਿਆਹਉਣ ਦੇ ਯੋਗ ਵੀ ਹੋ ਗਈ। ਪਤਾ ਨਹੀ ਕੁੜੀਆਂ ਏਨੀ ਛੇਤੀ ਜ਼ਵਾਨ ਕਿਉਂ ਹੋ ਜਾਂਦੀਆਂ ਨੇ। ਇਹਨਾਂ ਗੱਲਾਂ ਵਿਚ ਗਵਾਚੀ ਫਿਰ ਘਰ ਦੇ ਕੰਮ ਨਿਪਟਾਉਣ ਜਾ ਜੁੱਟੀ।
ਹੱਕ ਲਈ ਲੜਿਆ ਸੱਚ (ਭਾਗ-7)
This entry was posted in ਹੱਕ ਲਈ ਲੜਿਆ ਸੱਚ.
Anmol Kaur writes very well and pure punjabi Theth Punjabi language.