ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਅਪਣਾਏ ਗਏ ਪੰਜ ਪਿੰਡਾਂ ਵਿੱਚ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗ੍ਰਿਤੀ ਪੈਦਾ ਕਰਨ ਲਈ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਘੁੰਮਣ ਕਲਾਂ ਵਿੱਚ ਸੈਮੀਨਾਰ ਕਰਵਾਉਣ ਦੇ ਨਾਲ ਨਾਲ ਖੇਡ ਮੁਕਾਬਲੇ ਵੀ ਕਰਵਾਏ ਗਏ।ਇਸ ਮੌਕੇ ਪੰਜੇ ਪਿੰਡਾਂ ਘੁੰਮਣ ਕਲਾਂ, ਸ਼ੇਖਪੁਰਾ, ਲਹਿਰੀ, ਜਗਾ ਰਾਮ ਤੀਰਥ ਅਤੇ ਫਤਿਹਗੜ੍ਹ ਨੌਬਾਦ ਦੇ ਨੌਜਵਾਨਾਂ, ਖਿਡਾਰੀਆਂ ਅਤੇ ਮੋਹਤਬਰ ਵਿਅਕਤੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।ਨਸ਼ਿਆਂ ਵਿਰੋਧੀ ਸੈਮੀਨਾਰ ਵਿੱਚ ਪ੍ਰੋ. ਹਰਪਾਲ ਸਿੰਘ ਮਾਨ ਨੇ ਅੰਕੜਿਆਂ ਦੇ ਆਧਾਰ ਤੇ ਕਿਹਾ ਕਿ ਪੰਜਾਬ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ।ਛੋਟੀ ਛੋਟੀ ਉਮਰ ਦੇ ਬੱਚੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਰਹੇ ਹਨ।ਪਿੰਡਾਂ ਨੂੰ ਗੋਦ ਲੈਣ ਵਾਲੀ ਟੀਮ ਦੇ ਕੋਆਰਡੀਨੇਟਰ ਪ੍ਰੋ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਪਰ ਅਜੇ ਵੀ ਆਸ ਬਾਕੀ ਹੈ।ਸਿੱਖ ਗੁਰੂਆਂ ਦੁਆਰਾ ਦਰਸਾਈ ਜੀਵਨ ਸ਼ੈਲੀ ਨੂੰ ਅਪਣਾਉਂਦਿਆਂ ਪੰਜਾਬੀ ਲੋਕ ਨਸ਼ਿਆਂ ਵਿਰੁੱਧ ਜੰਗ ਜਿੱਤ ਸਕਦੇ ਹਨ।ਭਾਵੇਂ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਹਨ ਪਰ ਪੰਜਾਬੀ ਇਸ ਦੌਰ ਵਿੱਚ ਵੀ ਨਸ਼ਿਆਂ ਨੂੰ ਪਛਾੜਣ ਵਿੱਚ ਕਾਮਯਾਬ ਹੋ ਜਾਣਗੇ।ਇਸ ਉਪਰੰਤ ਵਾਲੀਬਾਲ, ਰੱਸਾਕਸ਼ੀ ਅਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ।ਵਾਲੀਬਾਲ ਵਿੱਚ ਫਤਿਹਗੜ੍ਹ ਨੌਬਾਦ ਦੀ ਟੀਮ ਨੇ ਸ਼ੇਖਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਪਿੰਡ ਘੁੰਮਣ ਕਲਾਂ ਦੀ ਟੀਮ ਨੇ ਪਹਿਲਾ ਅਤੇ ਜਗਾ ਰਾਮ ਤੀਰਥ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਇਨਾਮਾਂ ਦੀ ਵੰਡ ਯੂਨੀਵਰਸਿਟੀ ਦੇ ਅਧਿਆਪਕਾਂ, ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰਾਂ ਅਤੇ ਘੁੰਮਣ ਕਲਾਂ ਦੇ ਮੋਹਤਬਰ ਵਿਅਕਤੀਆਂ ਵੱਲੋਂ ਕੀਤੀ ਗਈ।ਖੇਡ ਮੁਕਾਬਲਿਆਂ ਦੇ ਅੰਤ ਤੇ ਡਾ. ਬਲਵੰਤ ਸਿੰਘ ਸੰਧੂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਜਿੱਥੇ ਨੌਜਵਾਨਾਂ ਵਿੱਚ ਉਸਾਰੂ ਰੁਚੀਆਂ ਪੈਦਾ ਹੁੰਦੀਆਂ ਹਨ ਉੱਥੇ ਪਿੰਡਾਂ ਦਾ ਆਪਸੀ ਭਾਈਚਾਰਾ ਵੀ ਬਣਦਾ ਹੈ।ਯੂਨਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਤਸੱਲੀ ਪ੍ਰਗਟਾਉਂਦਿਆਂ ਸੰਦੇਸ਼ ਭੇਜਿਆ ਕਿ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਪਿੰਡਾਂ ਵਿੱਚ ਜਾਗ੍ਰਿਤੀ ਪੈਦਾ ਕਰਨੀ ਉਨ੍ਹਾਂ ਦੀ ਯੂਨੀਵਰਸਿਟੀ ਦੀ ਨੀਤੀ ਦਾ ਇੱਕ ਹਿੱਸਾ ਹੈ।ਇਸ ਮੌਕੇ ਯੂਨੀਵਰਸਿਟੀ ਤੋਂ ਪ੍ਰੋ. ਹਰਪਾਲ ਸਿੰਘ, ਪ੍ਰੋ. ਗੁਰਦਾਨ ਸਿੰਘ, ਹਰਬੰਸ ਸਿੰਘ ਲਹਿਰੀ, ਗੁਰਪ੍ਰੀਤ ਸਿੰਘ ਸ਼ੇਖਪੁਰਾ, ਬੂਟਾ ਸਿੰਘ ਜਗਾ ਰਾਮ ਤੀਰਥ, ਸੁਖਦੀਪ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ ਨੌਬਾਦ, ਅਜਮੇਰ ਸਿੰਘ ਘੁੰਮਣ ਕਲਾਂ, ਪੰਚ ਗੁਰਜੀਤ ਸਿੰਘ, ਸਾਬਕਾ ਮੈਂਬਰ ਜਗਰਾਜ ਸਿੰਘ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਰਪ੍ਰਸਤ ਬਾਬਾ ਜੀਵ ਰਤਨ ਦਾਸ, ਪ੍ਰਧਾਨ ਸੁਖਜਿੰਦਰ ਸਿੰਘ, ਬਿੰਦਰ ਸਿੰਘ, ਹਰਕੇਸ਼ ਸਿੰਘ, ਜੱਗਾ ਸਿੰਘ, ਭੀਮ ਸਿੰਘ, ਸੁਰਿੰਦਰ ਸਿੰਘ, ਜਗਸੀਰ ਸਿੰਘ, ਮੇਜਰ ਸਿੰਘ, ਰਿੰਕੂ, ਮਨਜੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।