ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ‘‘ਤੰਦਰੁਸਤ ਸਰੀਰ’’ ਦਾ ਸੁਨੇਹਾ ਦੇਣ ਲਈ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇੰਡੀਆ ਗੇਟ ਦੇ ਸੀ-ਹੈਸ਼ਾਗਨ ਲਾੱਨ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲਗਭਗ 5 ਕਿਲੋਮੀਟਰ ਲੰਬੇ ਰੂਟ ਤੇ ਹਜਾਰਾਂ ਨੌਜਵਾਨਾਂ, ਬਜੁਰਗਾਂ ਅਤੇ ਬੀਬੀਆਂ ਨੇ ਦੌੜ ਦਾ ਹਿੱਸਾ ਬਣਕੇ ‘‘ਫਸਟ ਇੰਡੀਆ ਵਿਕਟ੍ਰੀ ਰਨ’’ ਮੈਰਾਥਨ ਦਾ ਮਾਨ ਵਧਾਇਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਧਰਮ ਬਚਾਉਣ ਦਾ ਕਾਰਜ ਕਰਨ ਵਾਸਤੇ ਤੰਦਰੁਸ਼ਤ ਸਰੀਰ ਦੀ ਸਭ ਤੋਂ ਪਹਿਲਾ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਮੌਕੇ ਕਮੇਟੀ ਨੇ ਵੱਖ-ਵੱਖ ਕਿਸ਼ਮ ਦੇ ਪ੍ਰੋਗਰਾਮ ਰਖਕੇ ਸਮੂਹ ਫਿਰਕਿਆਂ ਦੇ ਨਾਲ ਜਿਥੇ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਹਰ ਉਮਰ ਅਤੇ ਤੱਬਕੇ ਦੀ ਸੋਚ ਅਨੁਸਾਰ ਪ੍ਰੋਗਰਾਮਾਂ ਦਾ ਖਰੜਾ ਤਿਆਰ ਕੀਤਾ ਹੈ। ਜੀ.ਕੇ. ਨੇ ਧਰਮ, ਰੰਗ ਅਤੇ ਜਾਤ ਤੋਂ ਉੱਪਰ ਉਠ ਕੇ ਮੈਰਾਥਨ ਵਿਚ ਭਾਗ ਲੈਣ ਆਏ ਲੋਕਾਂ ਦਾ ਸੁਆਗਤ ਕਰਦੇ ਹੋਏ ਬਾਬਾ ਜੀ ਦੀ ਸ਼ਹਾਦਤ ਦਾ ਸੁਨੇਹਾ ਪੂਰੇ ਦੇਸ਼ ਵਿਚ ਜਾਣ ਦਾ ਵੀ ਦਾਅਵਾ ਕੀਤਾ।
ਜੀ.ਕੇ. ਨੇ ਕਿਹਾ ਕਿ ਸ਼ਤਾਬਦੀ ਮਨਾਉਣ ਤੋਂ ਪਹਿਲਾ ਹਿੰਦੁਸਤਾਨੀ ਸਿਰਫ਼ ਅੰਗਰੇਜਾਂ ਦੀ ਗੁਲਾਮੀ ਨੂੰ ਹੀ ਜੰਗੇ ਆਜ਼ਾਦੀ ਦੀ ਲੜਾਈ ਮੰਨਦੇ ਸਨ ਪਰ ਹੁਣ ਕਮੇਟੀ ਦੀ ਕੋਸ਼ਿਸ਼ਾਂ ਸਦਕਾ ਮੁਗਲਾਂ ਦੀ ਗੁਲਾਮੀ ਦੇ ਖਿਲਾਫ਼ ਬਾਬਾ ਜੀ ਵੱਲੋਂ ਲੜੀ ਗਈ ਲੜਾਈ ਨੂੰ ਵੀ ਦੇਸ਼ਵਾਸੀ ਜੰਗੇ ਆਜ਼ਾਦੀ ਦੀ ਲੜਾਈ ਵੱਜੋਂ ਮੰਨਣ ਲਗ ਪਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਿਨਾਂ ਧਾਰਮਿਕ ਭੇਦਭਾਵ ਦੇ ਗੁਰੂ ਘਰਾਂ ਵਿਚ ਸ਼ਰਧਾਲੂ ਆਉਂਦੇ ਹਨ ਉਸੇ ਤਰ੍ਹਾਂ ਹੀ ਮੈਰਾਥਨ ਵਿਚ ਭਾਗ ਲੈਣ ਵਾਲੇ ਲੋਕਾਂ ਨੇ ਸਿੱਖ ਧਰਮ ਦੀ ਮਕਬੂਲੀਅਤ ਹਰ ਫਿਰਕੇ ਵਿਚ ਹੋਣ ਦੀ ਗਵਾਹੀ ਭਰ ਦਿੱਤੀ ਹੈ।
ਮੈਰਾਥਨ ਨੂੰ ਹਰੀ ਝੰਡੀ ਜੀ.ਕੇ. ਨੇ ਦਿਖਾਈ। ਮੈਰਾਥਨ ’ਚ ਪਹਿਲੇ 10 ਨੰਬਰ ਤੇ ਆਉਣ ਲੜਕੇ ਅਤੇ ਲੜਕੀਆਂ ਨੂੰ ਵੱਖ-ਵੱਖ ਗਰੁੱਪਾਂ ਵਿਚ ਪ੍ਰਬੰਧਕਾ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਧਾਰਮਿਕ ਸਦਭਾਵ ਦਾ ਨਜ਼ਾਰਾ ਜੇਤੂਆਂ ਦੇ ਵਿਚ ਵੀ ਨਜ਼ਰ ਆਇਆ ਜਿਥੇ ਲੜਕਿਆਂ ਵਿਚ ਪਹਿਲੇ ਨੰਬਰ ਤੇ ਹਿੰਦੂ ਦੂਜੇ ਨੰਬਰ ਤੇ ਸਿੱਖ ਅਤੇ ਤੀਜੇ ਨੰਬਰ ਤੇ ਮੁਸਲਮਾਨ ਧਰਮ ਵਿਚ ਆਸਥਾ ਰੱਖਣ ਵਾਲੇ ਜੇਤੂ ਰਹੇ।
ਇਸ ਮੌਕੇ ਇੰਡੀਆ ਗੇਟ ਲਾੱਨ ’ਚ ਗਾਇਕ ਸਿਮਰਨਜੀਤ ਸਿੰਘ ਨੇ ਬਾਬਾ ਜੀ ਬਾਰੇ ਆਪਣੇ ਗਾਏ ਧਾਰਮਿਕ ਗੀਤ ਦੀ ਵੀ ਪੇਸ਼ਕਾਰੀ ਕੀਤੀ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਤਨਵੰਤ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਪਰਮਜੀਤ ਸਿੰਘ ਚੰਢੋਕ, ਗੁਰਵਿੰਦਰ ਪਾਲ ਸਿੰਘ, ਸਪੋਰਟ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ, ਅਕਾਲੀ ਆਗੂ ਵਿਕਰਮ ਸਿੰਘ, ਪੁਨੀਤ ਸਿੰਘ ਚੰਢੋਕ, ਹਰਜੀਤ ਸਿੰਘ ਬੇਦੀ, ਪੁਨਪ੍ਰੀਤ ਸਿੰਘ ਤੇ ਗਗਨਦੀਪ ਸਿੰਘ ਛਿਆਸੀ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।