ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਦੀ ਨਵੀਂ ਬਣੀ ਸੁਨਹਿਰੀ ਦਰਸ਼ਨੀ ਡਿਉੜੀ ਸੰਗਤਾਂ ਨੂੰ ਸਮਰਪਿਤ ਕੀਤੀ ਗਈ ਹੈ। ਦਰਬਾਰ ਹਾਲ ਵਿਖੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਪਤਵੰਤੇ ਸਜਣਾ ਦੀ ਮੌਜੂਦਗੀ ਵਿਚ ਹੈਡ ਗ੍ਰੰਥੀ ਸਾਹਿਬ ਵੱਲੋਂ ਅਰਦਾਸ ਉਪਰੰਤ ਦਰਸ਼ਨੀ ਡਿਉੜੀ ਨੂੰ ਸੰਗਤਾਂ ਲਈ ਖੋਲ ਦਿਤਾ ਗਿਆ।
ਦਰਅਸਲ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੇ ਮੁਖ ਦਰਵਾਜੇ ਤੇ ਸੋਨਾ ਚੜਾਉਣ ਤੋਂ ਬਾਅਦ ਦਰਵਾਜੇ ਦੀ ਉਚਾਈ 9 ਫੁੱਟ ਤੋਂ ਵਧਾ ਕੇ 13 ਫੁੱਟ ਕੀਤੀ ਗਈ ਸੀ ਜਿਸ ਕਰਕੇ ਦਰਸ਼ਨੀ ਡਿਉੜੀ ਦਾ ਪੁਰਾਣਾ ਸ਼ੈਡ ਦਰਵਾਜੇ ਦੀ ਉਚਾਈ ਨਾਲ ਮੇਲ ਨਹੀਂ ਖਾ ਰਿਹਾ ਸੀ। ਦਮਦਮੀ ਟਕਸਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰ੍ਹਾਂ ਸੁਨਹਿਰੇ ਰੰਗ ਵਿਚ ਡਿਉੜੀ ਦੇ ਨਵੇਂ ਸ਼ੈਡ ਨੂੰ ਤਿਆਰ ਕੀਤਾ ਗਿਆ ਹੈ। ਜਿਸ ਦੀ ਫਾਈਬਰ ਦੀ ਛੱਤ ਤੇ ਸ਼ਾਨਦਾਰ ਮੀਨਾਂਕਾਰੀ ਦੀ ਦਿੱਖ ਦੇਣ ਦੇ ਨਾਲ ਹੀ ਸੁਨਹਿਰੇ ਪੱਖੇ ਸੰਗਤਾਂ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਵਾਸਤੇ ਲਗਾਏ ਗਏ ਹਨ।
ਜੀ.ਕੇ. ਨੇ ਉਕਤ ਸੇਵਾ ਲਈ ਟਕਸਾਲ ਮੁਖੀ ਨੂੰ ਸਨਮਾਨਿਤ ਵੀ ਕੀਤਾ। ਜੀ.ਕੇ. ਨੇ ਨਵੀਂ ਦਰਸ਼ਨੀ ਡਿਉੜੀ ਨੂੰ ਗੁਰਦੁਆਰੇ ਦੇ ਸੁੰਦਰੀਕਰਨ ਅਤੇ ਲੋੜ ਨਾਲ ਜੋੜਦੇ ਹੋਏ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਹਜਾਰਾਂ ਸੰਗਤਾਂ ਗੁਰੂ ਚਰਨਾ ਵਿਚ ਹਾਜਰੀ ਲਗਾਉਣ ਆਉਂਦੀਆਂ ਹਨ ਇਸ ਕਰਕੇ ਗਰਮੀ ਅਤੇ ਮੀਂਹ ਦੀ ਮਾਰ ਤੋਂ ਸੰਗਤਾਂ ਨੂੰ ਬਚਾਉਣਾ ਜਿਥੇ ਕਮੇਟੀ ਦਾ ਫ਼ਰਜ ਹੈ ਉਥੇ ਹੀ ਵਿਦੇਸ਼ਾ ਤੋਂ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਉਂਦੇ ਸੈਲਾਨੀਆ ਤਕ ਉਸਾਰੂ ਸੁਨੇਹਾ ਪਹੁੰਚਾਉਣ ਲਈ ਅਜਿਹੀਆਂ ਸੁਵੀਧਾਵਾਂ ਜਰੂਰੀ ਹਨ।
ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਵੀਂ ਕਮੇਟੀ ਆਉਣ ਤੋਂ ਬਾਅਦ ਆਏ ਵੱਡੇ ਬਦਲਾਵਾਂ ਨੂੰ ਕਮੇਟੀ ਦੀ ਕੰਮ ਕਰਨ ਵਾਲੀ ਨੀਤੀ ਵੱਜੋਂ ਦੱਸਿਆ। ਸਿਰਸਾ ਨੇ ਨਵੇਂ ਬਣੇ ਅਜਾਇਬ ਘਰ, ਜੋੜਾ ਘਰ, ਮੁਖ ਗੇਟਾਂ ਦਾ ਸੁੰਦਰੀਕਰਨ, ਮੁੱਖ ਦਰਵਾਜੇ ਤੇ ਸੋਨਾ, ਕਾਰ ਪਾਰਕਿੰਗ ਦੇ ਬਾਹਰ ਦਰਸ਼ਨੀ ਗੇਟਾਂ ਦੀ ਉਸਾਰੀ ਨੂੰ ਕਮੇਟੀ ਦੀ ਪ੍ਰਾਪਤੀ ਦੱਸਿਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਨਿਭਾਈ। ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਹਰਦੇਵ ਸਿੰਘ ਧਨੋਆ ਅਤੇ ਕਥਾਵਾਚਕ ਬਾਬਾ ਬੰਤਾ ਸਿੰਘ ਵੀ ਇਸ ਮੌਕੇ ਮੌਜੂਦ ਸਨ।