ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਪਹਿਲੀ ਸਿੱਖ ਬਾਦਸ਼ਾਹੀ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਦੀ ਵੀ ਕਿਸੇ ਵੀ ਸਮੇਂ ਨਾ ਤਾਂ ਮਨੁੱਖਤਾ ਦਾ ਕਤਲੇਆਮ ਕੀਤਾ ਅਤੇ ਨਾ ਹੀ ਕਿਸੇ ਧਰਮ, ਕੌਮ, ਫਿਰਕੇ, ਕਬੀਲੇ ਆਦਿ ਉਤੇ ਕਿਸੇ ਤਰ੍ਹਾਂ ਦਾ ਜ਼ਬਰ-ਜੁਲਮ ਕੀਤਾ ਸੀ । ਬਲਕਿ ਜ਼ਾਬਰ ਹੁਕਮਰਾਨਾਂ ਨੂੰ ਆਪਣੇ ਜ਼ਬਰਾਂ ਤੋਂ ਤੋਬਾ ਕਰਨ ਲਈ ਮਜ਼ਬੂਰ ਕਰਦੇ ਹੋਏ ਇਥੋ ਦੇ ਰਾਜ ਪ੍ਰਬੰਧ ਤੋਂ ਸਰੂਖਰ ਕਰਕੇ ਅਜਿਹੀ ਖ਼ਾਲਸਾ ਬਾਦਸ਼ਾਹੀ ਕਾਇਮ ਕੀਤੀ ਸੀ, ਜਿਸ ਵਿਚ ਮੁਜ਼ਾਰਿਆ, ਮਿਹਨਤਕਸਾ, ਮਜ਼ਲੂਮਾਂ, ਲੋੜਵੰਦਾਂ ਅਤੇ ਬੇਜ਼ਮੀਨਿਆ ਨੂੰ ਆਪਣੀ ਬਾਦਸ਼ਾਹੀ ਵਿਚੋਂ ਜ਼ਮੀਨਾਂ ਵੰਡਕੇ, ਉਹਨਾਂ ਨੂੰ ਬਰਾਬਰਤਾ ਦੇ ਹੱਕ ਅਤੇ ਦੂਸਰਿਆ ਦੇ ਬਰਾਬਰ ਆਜ਼ਾਦੀ ਨਾਲ ਜਿਊਣ, ਵਿਚਰਣ, ਕੰਮ ਕਰਨ ਦੇ ਮਨੁੱਖਤਾ ਪੱਖੀ ਹੱਕ ਦਿੱਤੇ ਸਨ । ਸਿੱਖ ਕੌਮ ਦੀ ਅਜਿਹੀ ਮਹਾਨ ਬਹਾਦਰ ਸਖਸ਼ੀਅਤ ਦੇ 300 ਸਾਲਾ ਦਿਹਾੜੇ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ. ਬਾਦਲ ਵੱਲੋ ਕਰਵਾਏ ਗਏ ਸਮਾਗਮ ਵਿਚ ਮੁਤੱਸਵੀ ਬੀਜੇਪੀ, ਆਰ.ਐਸ.ਐਸ. ਅਤੇ ਹੋਰ ਫਿਰਕੂ ਜਮਾਤਾਂ ਜਿਨ੍ਹਾਂ ਦੇ ਆਗੂ ਮੋਦੀ ਨੇ 2002 ਵਿਚ 2 ਹਜ਼ਾਰ ਮੁਸਲਮਾਨਾਂ ਦਾ ਗੁਜਰਾਤ ਵਿਚ ਕਤਲੇਆਮ ਕਰਵਾਇਆ ਹੋਵੇ, ਉਹਨਾ ਦੀਆਂ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਵਾਏ ਹੋਣ, 2013 ਵਿਚ 60 ਹਜ਼ਾਰ ਪੱਕੇ ਤੌਰ ਤੇ ਗੁਜਰਾਤ ਵਿਚ ਵੱਸੇ ਸਿੱਖ ਜਿੰਮੀਦਾਰਾਂ ਤੋਂ ਜ਼ਬਰੀ ਜ਼ਮੀਨਾਂ ਖੋਹਕੇ ਬੇਜ਼ਮੀਨੇ ਤੇ ਬੇਘਰ ਕਰ ਦਿੱਤਾ ਹੋਵੇ, ਜਿਸ ਬੀਜੇਪੀ ਪਾਰਟੀ ਨੇ ਦੱਖਣੀ ਸੂਬਿਆਂ ਵਿਚ ਇਸਾਈ ਕੌਮ ਦੇ ਚਰਚਾਂ ਉਤੇ ਹਮਲੇ ਕਰਵਾਉਦੇ ਹੋਏ ਨਨਜ਼ਾਂ ਨਾਲ ਬਲਾਤਕਾਰ ਕੀਤੇ ਹੋਣ, ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਬੇਰਹਿੰਮੀ ਨਾਲ ਖ਼ਤਮ ਕੀਤਾ ਹੋਵੇ, ਜਿਨ੍ਹਾਂ ਨੇ ਹਿੰਦੂ ਪਾਰਟੀ ਕਾਂਗਰਸ ਨਾਲ ਰਲਕੇ ਮੁਸਲਿਮ ਕੌਮ ਦੀ ਬਾਬਰੀ ਮਸਜਿ਼ਦ ਅਤੇ ਸਿੱਖ ਕੌਮ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕੀਤੇ ਹੋਣ, ਅਜਿਹੇ ਆਗੂਆਂ ਤੇ ਉਹਨਾ ਦੀਆਂ ਫਿਰਕੂ ਜਮਾਤਾਂ ਨੂੰ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਦਿਹਾੜੇ ਉਤੇ ਸੱਦਕੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਵਿਸ਼ਾਲਤਾ ਤੇ ਮਨੁੱਖਤਾ ਪੱਖੀ ਹਰਮਨ ਪਿਆਰੇ ਅਕਸ ਨੂੰ ਨਜ਼ਰ ਅੰਦਾਜ ਕਰਕੇ ਸਿੱਖ ਕੌਮ ਦੀ ਤਰਫ਼ੋ ਗਲਤ ਸੰਦੇਸ਼ ਦੇਣ ਦੀ ਬਜ਼ਰ ਗੁਸਤਾਖੀ ਕੀਤੀ ਹੈ । ਜਿਸ ਨੂੰ ਸਿੱਖ ਕੌਮ ਨੂੰ ਕਤਈ ਵੀ ਮੁਆਫ਼ ਨਹੀਂ ਕਰਨਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ 26 ਜੂਨ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਖਸ਼ੀਅਤ ਦੇ ਮਨਾਏ ਗਏ 300 ਸਾਲਾ ਦਿਹਾੜੇ ਉਤੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਆਗੂਆਂ ਅਤੇ ਪਾਰਟੀਆਂ ਨੂੰ ਮੁੱਖ ਮਹਿਮਾਨ ਬਣਾਕੇ ਬੁਲਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਸ ਸਿੱਖ ਕੌਮ ਦੇ ਮਹਾਨ ਜਰਨੈਲ ਦੀ ਮਨੁੱਖਤਾ ਪੱਖੀ ਸਖਸ਼ੀਅਤ ਅਤੇ ਸੋਚ ਨੂੰ ਦੁਨੀਆਂ ਦੇ ਹਰ ਕੋਨੇ, ਧਰਮ ਅਤੇ ਮੁਲਕ ਵਿਚ ਸਹੀ ਰੂਪ ਵਿਚ ਪਹੁੰਚਾਉਣਾ ਬਣਦਾ ਸੀ, ਜੇਕਰ ਸ. ਬਾਦਲ ਕੌਮੀ ਸੋਚ ਪ੍ਰਤੀ ਸੁਹਿਰਦ ਹੁੰਦੇ ਤਾਂ ਉਸ ਦਿਨ ਪੰਜਾਬ ਸੂਬੇ ਦੇ ਮੁਜ਼ਾਰਿਆ, ਲਤਾੜੇ ਵਰਗਾਂ, ਮਜ਼ਲੂਮਾਂ, ਬੇਜ਼ਮੀਨਿਆਂ ਨੂੰ ਇਸ ਮਹਾਨ ਦਿਹਾੜੇ ਤੇ ਖੁੱਲ੍ਹੇ ਰੂਪ ਵਿਚ ਸੱਦਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕੇਵਲ ਉਹਨਾਂ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਉਦੇ ਹੋਏ ਜ਼ਮੀਨਾਂ ਦੀ ਹੀ ਵੰਡ ਕਰਨ ਦਾ ਐਲਾਨ ਨਾ ਕਰਦੇ, ਬਲਕਿ ਇਹਨਾਂ ਵਰਗਾਂ ਨੂੰ ਸਮਾਜ ਵਿਚ ਹਰ ਤਰ੍ਹਾਂ ਸਤਿਕਾਰ ਤੇ ਮਾਣ ਦਿੰਦੇ ਹੋਏ ਕੌਮਾਂਤਰੀ ਪੱਧਰ ਤੇ ਕੌਮ ਪੱਖੀ ਸੰਦੇਸ਼ ਦੇਣ ਦੀ ਜਿੰਮੇਵਾਰੀ ਨਿਭਾਉਦੇ । ਉਹਨਾਂ ਕਿਹਾ ਕਿਉਂਕਿ ਸ. ਬਾਦਲ ਅਤੇ ਬਾਦਲ ਪਰਿਵਾਰ ਕੇਵਲ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਿਕ ਮੁਫ਼ਾਦਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ । ਇਹੀ ਵਜਹ ਹੈ ਕਿ ਉਹ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਅਤੇ ਉਹਨਾਂ ਦੇ ਆਗੂਆਂ ਦੇ ਗੁਲਾਮ ਬਣ ਚੁੱਕੇ ਹਨ । ਇਸ ਲਈ ਹੀ ਉਹਨਾਂ ਨੇ ਇਸ ਮਹਾਨ ਦਿਹਾੜੇ ਤੇ ਕੌਮੀ ਸੋਚ “ਸਿੱਖ ਬਾਦਸ਼ਾਹੀ” ਜਿਸ ਉਤੇ ਸ. ਬਾਦਲ ਨੇ 22 ਅਪ੍ਰੈਲ 1992 ਨੂੰ ਸਿੱਖ ਬਾਦਸ਼ਾਹੀ ਕਾਇਮ ਕਰਨ ਹਿੱਤ ਖ਼ਾਲਸਾ ਪੰਥ ਵੱਲੋ ਸਮੂਹਿਕ ਤੌਰ ਤੇ ਤਿਆਰ ਕੀਤੇ ਗਏ ਉਸ ਯਾਦ-ਪੱਤਰ ਜੋ ਉਸ ਸਮੇਂ ਦਿੱਲੀ ਵਿਖੇ ਪਹੁੰਚੇ ਉਸ ਸਮੇਂ ਦੇ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਦਿੱਤਾ ਸੀ ਅਤੇ ਕੌਮ ਦੇ ਬਿਨ੍ਹਾਂ ਤੇ “ਖ਼ਾਲਿਸਤਾਨ” ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਮੰਗ ਕੀਤੀ ਸੀ, ਉਸ ਉਤੇ ਦਸਤਖ਼ਤ ਕਰਕੇ ਵੀ ਸ. ਬਾਦਲ ਕੌਮ ਨੂੰ ਪਿੱਠ ਦੇ ਕੇ ਇਸੇ ਲਈ ਮੁੰਨਕਰ ਹੋ ਗਏ ਸਨ । ਕਿਉਂਕਿ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਦੇ ਹੋਏ ਕੇਵਲ ਸਿਆਸੀ ਰਾਜ ਭਾਗ, ਮਾਲੀ ਅਤੇ ਪਰਿਵਾਰਿਕ ਮੁਫ਼ਾਦਾਂ ਦੇ ਗੁਲਾਮ ਬਣ ਚੁੱਕੇ ਹਨ । ਇਸੀ ਸੋਚ ਨੂੰ ਲੈਕੇ ਬੀਤੇ ਦਿਨੀਂ ਉਪਰੋਕਤ ਮਹਾਨ ਦਿਹਾੜੇ ਤੇ ਵੀ ਸ. ਬਾਦਲ ਅਤੇ ਬਾਦਲ ਪਰਿਵਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਅਤੇ ਅਮਲਾਂ ਨੂੰ ਪਿੱਠ ਦੇ ਕੇ ਆਪਣੇ ਦਿੱਲੀ ਦੇ ਮੁਤੱਸਵੀ ਸੋਚ ਵਾਲੇ ਆਕਾਵਾਂ ਨੂੰ ਬੁਲਾਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਗਲਤ ਛਬੀ ਦੇਣ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ । ਜਿਸ ਨੂੰ ਸਿੱਖ ਕੌਮ ਕਤਈ ਵੀ ਮੁਆਫ਼ ਨਹੀਂ ਕਰੇਗੀ ਅਤੇ ਨਾ ਹੀ ਸਿੱਖ ਕੌਮ ਨੂੰ ਅਜਿਹੇ ਮਹਾਨ ਦਿਹਾੜਿਆ ਉਤੇ ਅਜਿਹੇ ਸਵਾਰਥੀ ਆਗੂਆਂ ਨੂੰ ਦੁਰਵਰਤੋ ਕਰਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ । ਸ. ਮਾਨ ਨੇ ਦੇਸ਼-ਵਿਦੇਸ਼ ਵਿਚ ਵੱਸਦੀ ਸਿੱਖ ਕੌਮ ਨੂੰ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਕੌਮ ਵਿਰੋਧੀ ਕੀਤੇ ਜਾ ਰਹੇ ਅਮਲਾਂ ਤੋਂ ਹਰ ਪੱਖੋ ਸੁਚੇਤ ਰਹਿਣ ਅਤੇ ਆਉਣ ਵਾਲੇ ਸਮੇਂ ਵਿਚ ਜਦੋਂ ਵੀ ਧਾਰਮਿਕ ਜਾਂ ਸਿਆਸੀ ਜ਼ਮਹੂਰੀਅਤ ਸੋਚ ਅਧੀਨ ਵੋਟਾਂ ਦੇ ਅਮਲ ਸੁਰੂ ਹੋਣ ਤਾਂ ਸਿੱਖ ਕੌਮ ਨਾਲ ਸੰਬੰਧਤ ਹਰ ਪ੍ਰਾਣੀ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਕੌਮ ਵਿਰੋਧੀ ਅਮਲਾਂ ਨੂੰ ਜ਼ਹਿਨ ਵਿਚ ਰੱਖਦੇ ਹੋਏ ਅਜਿਹਾ ਅਮਲ ਕਰਨ, ਜਿਸ ਨਾਲ ਸਿੱਖ ਕੌਮ ਦੀ ਪਾਰਲੀਆਮੈਂਟ ਐਸ.ਜੀ.ਪੀ.ਸੀ. ਜਾਂ ਪੰਜਾਬ ਦੇ ਰਾਜ ਪ੍ਰਬੰਧ ਲਈ ਹੋਣ ਵਾਲੀ ਵੋਟਿੰਗ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੇ ਲਾਲਚ, ਸਰਕਾਰੀ ਦਹਿਸਤ, ਪ੍ਰਭਾਵ ਨੂੰ ਕਬੂਲਦੇ ਹੋਏ ਅਜਿਹਾ ਫੈਸਲਾ ਕਰਨ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਪੰਥ ਦਰਦੀਆਂ ਦੀ ਪੰਜਾਬ ਸੂਬੇ ਵਿਚ ਜਾਂ ਐਸ.ਜੀ.ਪੀ.ਸੀ. ਦੇ ਧਾਰਮਿਕ ਪ੍ਰਬੰਧ ਵਿਚ ਹਕੂਮਤ ਕਾਇਮ ਹੋਵੇ । ਸਿੱਖ ਕੌਮ ਅਜਿਹੇ ਸੁਹਿਰਦਤਾ ਭਰੇ ਅਮਲ ਕਰਕੇ ਹੀ ਧਾਰਮਿਕ ਖੇਤਰ ਵਿਚ ਅਤੇ ਸਿਆਸੀ ਖੇਤਰ ਵਿਚ ਸਵਾਰਥੀ ਸਿਆਸਤਦਾਨਾਂ ਵੱਲੋ ਪਾਈਆ ਗਈਆ ਗਲਤ ਪਿਰਤਾ ਅਤੇ ਰਵਾਇਤਾ ਦਾ ਖਾਤਮਾ ਹੀ ਨਹੀਂ ਕਰ ਸਕਣਗੇ, ਬਲਕਿ ਗੁਰੂ ਸਾਹਿਬਾਨ ਜੀ ਦੀ “ਸਰਬੱਤ ਦੇ ਭਲੇ” ਵਾਲੀ ਸੋਚ ਅਤੇ ਅਮਲਾਂ ਤੇ ਅਧਾਰਿਤ ਸਹੀ ਮਾਇਨਿਆ ਵਿਚ “ਹਲੀਮੀ ਰਾਜ” ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾ ਰਹੇ ਹੋਣਗੇ ਅਤੇ ਸਾਫ਼-ਸੁਥਰਾ ਪਾਰਦਰਸ਼ੀ ਇਨਸਾਫ਼ ਪਸੰਦ ਰਾਜ ਪ੍ਰਬੰਧ ਕਾਇਮ ਕਰਨ ਦੇ ਖੁਦ ਮਾਲਕ ਹੋਣਗੇ ।