ਅੰਮ੍ਰਿਤਸਰ, (ਜਸਬੀਰ ਸਿੰਘ) – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਨਾਏ ਗਏ ਸਮਾਗਮਾਂ ਨੂੰ ਫਲਾਪ ਸ਼ੋਅ ਗਰਦਾਨਦਿਆ ਕਿਹਾ ਕਿ ਦਿੱਲੀ ਕਮੇਟੀ ਦੇ ਵਿਰੋਧੀ ਧਿਰ ਨਾਲ ਸਬੰਧਿਤ ਮੈਂਬਰਾਂ ਨੂੰ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਕੋਈ ਸੱਦਾ ਨਹੀ ਦਿੱਤਾ ਗਿਆ ਤੇ ਇਹ ਸਮਾਗਮ ਸਿਰਫ ਬਾਦਲ ਮਾਰਕਾ ਸਮਾਗਮ ਹੀ ਹੋ ਕੇ ਰਹਿ ਗਏ ਹਨ।
ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਥ ਦੇ ਮਹਾਨ ਜਰਨੈਲ ਹੋਏ ਹਨ ਜਿਹਨਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਬਾਅਦ ਸੱਭ ਤੋਂ ਵੱਡਾ ਕਾਰਜ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਨ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਸਮੁੱਚੀ ਸਿੱਖ ਕੌਮ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਹੱਕਾਂ ਦੇ ਰਾਖੇ ਸਿੱਧ ਹੋਏ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋ ਬਾਬਾ ਜੀ ਦੇ ਜਿੰਨੇ ਵੀ ਸਮਾਗਮ ਦਿੱਲੀ ਵਿੱਚ ਕਰਵਾਏ ਗਏ ਹਨ ਉਹਨਾਂ ਵਿੱਚ ਬਾਦਲ ਦਲ ਨੂੰ ਹੀ ਸੱਦਾ ਪੱਤਰ ਦਿੱਤੇ ਗਏ ਹਨ ਤੇ ਵਿਰੋਧੀ ਧਿਰ ਦੇ ਕਿਸੇ ਵੀ ਅਕਾਲੀ ਦਲ ਜਾਂ ਦਿੱਲੀ ਕਮੇਟੀ ਵਿੱਚ ਮੈਂਬਰ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ, ਇਥੋਂ ਤੱਕ ਜਿਹੜੇ ਸੱਦਾ ਪੱਤਰ ਦੇ ਕਾਰਡ ਵੰਡੇ ਗਏ ਹਨ ਉਹਨਾਂ ਦੀ ਵੰਡ ਵੀ ਪਾਰਦਰਸ਼ੀ ਢੰਗ ਨਾਲ ਨਾ ਕਰਦਿਆਂ ਵਿਰੋਧੀ ਮੈਂਬਰਾਂ ਦੇ ਹਲਕਿਆਂ ਵਿੱਚ ਵੀ ਕਾਰਡ ਨਹੀਂ ਵੰਡੇ ਗਏ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੀ ਸੰਕੀਰਨ ਸੋਚ ਕਾਰਨ ਹੀ ਦਿੱਲੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮਾਂ ਵਿੱਚ ਗਿਣਤੀ ਇੰਨੀ ਘੱਟ ਰਹੀ ਕਿ ਇਹ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਦੀ ਬਜਾਏ ਸਿਰਫ ਮਨਜੀਤ ਸਿੰਘ ਜੀ. ਕੇ. ਤੇ ਮਨਜਿੰਦਰ ਸਿੰਘ ਸਿਰਸਾ ਦੇ ਹੋ ਕੇ ਰਹਿ ਗਏ। ਉਹਨਾਂ ਕਿਹਾ ਕਿ ਇਹਨਾਂ ਪ੍ਰਬੰਧਕਾਂ ਦੀਆ ਭ੍ਰਿਸ਼ਟ ਨੀਤੀਆ ਕਾਰਨ ਗ੍ਰਾਫ ਇੰਨਾ ਹੇਠਾਂ ਆ ਚੁੱਕਾ ਹੈ ਕਿ ਲੋਕ ਹੁਣ ਇਹਨਾਂ ‘ਤੇ ਵਿਸ਼ਵਾਸ਼ ਨਹੀ ਕਰਦੇ ਸਗੋਂ ਨਫਰਤ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ ਇਹ ਸਮਾਗਮ ਜੇਕਰ ਬਾਦਲ ਦਲ ਦੀ ਬਜਾਏ ਖਾਲਸਾ ਪੰਥ ਦੇ ਸਮਾਗਮ ਹੁੰਦੇ ਤਾਂ ਲੋਕ ਆਪ ਮੁਹਾਰੇ ਪਹੁੰਚ ਜਾਣੇ ਸਨ ਪਰ ਜਿਸ ਕਦਰ ਪ੍ਰਬੰਧਕਾਂ ਨੂੰ ਸੰਗਤਾਂ ਦੀ ਹਾਜਰੀ ਪੱਖੋ ਨਿਰਾਸ਼ਾ ਹੋ ਰਹੀ ਹੈ ਉਹ ਹੀ 2017 ਦੀਆ ਚੋਣਾਂ ਦੀ ਅਗਾਊ ਤਸਵੀਰ ਪੇਸ਼ ਕਰਦੀ ਹੈ।
ਉਹਨਾਂ ਕਿਹਾ ਕਿ ਮਲੇਰ ਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ ਪਰ ਪੁਲੀਸ ਨੇ ਜਿਸ ਤਰੀਕੇ ਨਾਲ ਕਾਰਵਾਈ ਕਰਕੇ 72 ਘੰਟਿਆ ਵਿੱਚ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਉਹ ਸ਼ਲਾਘਾਯੋਗ ਹੈ ਅਤੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਪਰ ਅੱਜ ਤੱਕ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਰਕਾਰ ਨੇ ਗ੍ਰਿਫਤਾਰ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਸਾਬਤ ਕਰਦਾ ਹੈ ਕਿ ਸਰਕਾਰ ਦੀ ਦੋਸ਼ੀਆਂ ਨਾਲ ਸਿੱਧ ਜਾਂ ਅਸਿੱਧੇ ਤਰੀਕੇ ਨਾਲ ਸ਼ਮੂਲੀਅਤ ਜ਼ਰੂਰ ਹੈ। ਉਹਨਾਂ ਕਿਹਾ ਕਿ ਬਾਦਲ ਨੇ ਇਸ ਵੇਲੇ ਸਾਰੀਆਂ ਪੰਥਕ ਜਥੇਬੰਦੀਆਂ ਤੇ ਸਰਕਾਰ ਤੇ ਕਬਜ਼ਾ ਜਮਾਇਆ ਹੋਇਆ ਹੈ ਅਤੇ ਤਖਤਾਂ ਦੇ ਜਥੇਦਾਰਾਂ ਦੀ ਦੁਰਵਰਤੋ ਕਰਕੇ ਕਦੇ ਪੰਥ ਦੋਖੀ ਸੌਦਾ ਸਾਧ ਨੂੰ ਮੁਆਫੀ ਦਿੱਤੀ ਜਾਂਦੀ ਹੈ ਤੇ ਕਦੇ ਸੰਗਤਾਂ ਦੇ ਦਬਾ ਕਾਰਨ ਮੁਆਫੀ ਵਾਪਸ ਲਈ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਅਰਾਜਕਤਾ ਦਾ ਅਫਗਾਨਿਸਤਾਨ ਬਣਿਆ ਹੋਇਆ ਹੈ ਜਿਥੇ ਆਪਣੀ ਧੀ ਰਾਖੀ ਕਰਨ ਲਈ ਅੱਗੇ ਆਏ ਇੱਕ ਥਾਣੇਦਾਰ ਨੂੰ ਬਾਦਲ ਦਲ ਦਾ ਜਨਰਲ ਸਕੱਤਰ ਗੋਲੀਆਂ ਮਾਰ ਕੇ ਖਤਮ ਕਰ ਦਿੰਦਾ ਹੈ ਤੇ ਕਦੇ ਫਰੀਦਕੋਟ ‘ਚੋ ਬਾਦਲ ਦਲ ਦੇ ਇੱਕ ਆਗੂ ਨਾਬਾਲਿਗ ਲੜਕੀ ਨੂੰ ਘਰੋਂ ਜਬਰੀ ਚੁੱਕ ਕੇ ਲਿਜਾ ਕੇ ਉਸ ਨਾਲ ਸ਼ਾਦੀ ਕਰਦਾ ਹੈ ਪਰ ਪੁਲੀਸ ਉਸ ਵੇਲੇ ਹਰਕਤ ਵਿੱਚ ਆਉਦੀ ਜਦੋ ਮਾਮਲਾ ਮੀਡੀਆ ਰਾਹੀ ਜਨਤਕ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ਿਆ ਦੀ ਮੰਡੀ ਬਣਿਆ ਹੋਇਆ ਹੈ ਜਿਸ ਲਈ ਬਾਦਲ ਜਿੰਮੇਵਾਰ ਹਨ ਤੇ ਨਸ਼ਿਆਂ ਦੇ ਤਸਕਰ ਬਾਦਲ ਵਜ਼ਾਰਤ ਵਿੱਚ ਮੰਤਰੀ ਦੇ ਜਿੰਮੇਵਾਰ ਆਹੁਦਿਆਂ ਤੇ ਬਿਰਾਜਮਾਨ ਹਨ ਪਰ ਮੁੱਖ ਮੰਤਰੀ ਉਹਨਾਂ ਨੂੰ ਨਿਰਦੋਸ਼ ਦੱਸ ਰਹੇ ਹਨ।
ਉਹਨਾਂ ਕਿਹਾ ਕਿ ਬਾਦਲ ਮਾਰਕਾ ਦਿੱਲੀ ਕਮੇਟੀ ਦੇ ਨਾਅਹਿਲ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋਂ ਵਾਰ ਵਾਰ ਵੱਖ ਵੱਖ ਟੀ.ਵੀ ਵੈਬ ਸਾਈਟਾਂ ‘ਤੇ ਕਿਹਾ ਜਾ ਰਿਹਾ ਹੈ ਕਿ ਵਿਦੇਸ਼ੀ ਤਕਨੀਕ ਰਾਹੀ 3 ਜੁਲਾਈ ਵਾਲੇ ਦਿਨ ਇੱਕ ਲੇਜ਼ਰ ਸ਼ੋਅ ਰਾਹੀ ਬਾਬਾ ਬੰਦਾ ਸਿੰਘ ਬਹਾਦਰ ਘੋੜੇ ਤੇ ਆਵੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਗੱਲ ਕਰੇਗਾ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਘੱਟ ਗਿਣਤੀਆ ਦੇ ਹੱਕਾਂ ਦਾ ਰਾਖਾ ਤੇ ਸਿੱਖਾਂ ਦਾ ਪਹਿਲਾਂ ਧਰਮ ਨਿਰਪੱਖ ਬਾਦਸ਼ਾਹ ਸੀ ਜਿਸ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਨ ਤੇ ਦੂਜੇ ਮੋਦੀ ਘੱਟ ਗਿਣਤੀਆ ਦਾ ਦੁਸ਼ਮਣ ਤੇ ਕਿਸਾਨਾਂ ਦੀਆ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਬੇਰੁਜਗਾਰ ਕਰਨ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ ਮੋਦੀ ਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਤੁਲਣਾ ਕਰਨੀ ਬਾਦਲ ਦਲੀਆਂ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ ਤੇ ਸੰਗਤਾਂ ਇਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੀਆਂ।