ਨਵੀਂ ਦਿੱਲੀ : ਉੜਤਾ ਪੰਜਾਬ ਫ਼ਿਲਮ ਰਾਹੀਂ ਸਿੱਖਾਂ ਦੇ ਕਾਬਿਲਪੁਣੇ ਨੂੰ ਕਲੰਕ ਲਗਾਉਣ ਦੇ ਪਿੱਛੇ ਕੁਝ ਸਿਆਸੀ ਤਾਕਤਾਂ ਦੀ ਕੋਝੀ ਹਰਕਤਾਂ ਕਾਰਜ ਕਰ ਰਹੀਆਂ ਹਨ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਕਤ ਫ਼ਿਲਮ ਦੇਖ ਕੇ ਆਏ ਕਈ ਸਿੱਖ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਹਵਾਲੇ ਦੇ ਆਧਾਰ ਤੇ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਮੈਂ ਖੁਦ ਇਹ ਫ਼ਿਲਮ ਨਹੀਂ ਦੇਖੀ ਹੈ ਪਰ ਫ਼ਿਲਮ ਦੇਖ ਕੇ ਆਏ ਦਰਸ਼ਕਾਂ ਤੋਂ ਜੋ ਸੁਣਿਆਂ ਹੈ ਉਸ ਦੇ ਆਧਾਰ ਤੇ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਨਸ਼ੇ ਦੀ ਸਮੱਸਿਆ ਨਾਂ ਤੇ ਬਣਾਈ ਗਈ ਇਹ ਫ਼ਿਲਮ ਸੂਖ਼ਮ ਢੰਗ ਨਾਲ ਸਿੱਖੀ ਦੇ ਅਕਸ਼ ਤੇ ਹਮਲਾ ਕਰਨ ਦਾ ਮਾਧਿਅਮ ਬਣ ਗਈ ਹੈ।
ਜੀ.ਕੇ. ਨੇ ਦਾਅਵਾ ਕੀਤਾ ਕਿ ਬੇਲੋੜੀ ਗਾਲ੍ਹਾਂ ਅਤੇ ਨੀਵੇਂ ਸਤਰ ਦੇ ਡਾਇਲਾੱਗਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਨੀਵਾਂ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਰਕੇ ਗੈਰ ਪੰਜਾਬੀਆਂ ਦੇ ਦਿਲਾਂ ਵਿਚ ਪੰਜਾਬੀਆਂ ਖਾਸਕਰ ਸਿੱਖਾਂ ਦੇ ਬਾਰੇ ਮਾੜਾ ਅਕਸ਼ ਬਣਨ ਦਾ ਖਦਸਾ ਪੈਦਾ ਹੋ ਗਿਆ ਹੈ। ਜੀ.ਕੇ. ਨੇ ਫ਼ਿਲਮ ਵਿਚ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਵੱਲੋਂ ਫ਼ਿਲਮ ਦੀ ਨਾਇਕਾ ਆਲੀਆ ਭੱਟ ਦਾ ਕਈ ਵਾਰ ਸਾਮੂਹਿਕ ਬਲਾਤਕਾਰ ਕਰਵਾਉਣ ਦੇ ਜਬਰਨ ਥੋਪੈ ਗਏ ਦ੍ਰਿਸ਼ਾ ਨੂੰ ਸਿੱਖਾਂ ਦੇ ਚਰਿੱਤਰ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਵੀ ਸਾਜਿਸ਼ ਦੱਸਿਆ। ਜੀ.ਕੇ. ਨੇ ਕਿਹਾ ਕਿ ਅੱਜ ਤਕ ਸਿੱਖਾਂ ਨੂੰ ਧੀ-ਭੈਣਾਂ ਦਾ ਰੱਖਵਾਲਾ ਸਮਝਿਆਂ ਜਾਂਦਾ ਸੀ ਪਰ ਇਸ ਫ਼ਿਲਮ ਨੇ ਸਿੱਖਾਂ ਨੂੰ ਕੁੜੀਆਂ ਦੀ ਪੱਤ ਲੁਟਣ ਵਾਲੇ ਲੁਟੇਰੇ ਦਾ ਅਕਸ਼ ਬਣਾਉਣ ’ਚ ਵੀ ਕੋਈ ਕਸਰ ਨਹੀਂ ਛੱਡੀ।
ਫ਼ਿਲਮ ਵਿਚ ਅੰਮ੍ਰਿਤ ਵੇਲੇ ਸੋਦਰ ਰਹਿਰਾਸ ਦਾ ਪਾਠ ਕਰਦੇ ਵਿਖਾਉਣਾ, ਪੰਜਾਬ ਦੀ ਤੁਲਣਾ ਮੈਕਸੀਕੋ ਨਾਲ ਕਰਨਾ, ਸਿੱਖਾਂ ਨੂੰ ਨਸ਼ੇੜੀ ਵਿਖਾਉਣਾ, ਪਤਿਤ ਸਿੱਖ ਨਾਇਕ ਦਾ ਨਾਂ ਕੁੱਤਿਆ ਵਾਲੇ ਨਾਂ ਤੇ ਟੋਮੀ ਰੱਖਣਾ, ਨਸ਼ਿਆਂ ਦੇ ਖਿਲਾਫ਼ ਲੜਾਈ ਲੜ ਰਹੀ ਡਾਕਟਰ ਦਾ ਕਤਲ ਸਾਬਤ ਸੂਰਤ ਸਿੱਖ ਪਾਸੋਂ ਕਰਵਾਉਣਾ ਅਤੇ ਨਸ਼ਾ ਕਰਨ ਲਈ ਪੈਸਾ ਨਾ ਦੇਣ ਤੇ ਮਾਂ ਦਾ ਕਤਲ ਪੁੱਤਰ ਵੱਲੋਂ ਕਰਨ ਵਰਗੇ ਦਿਖਾਏ ਗਏ ਦ੍ਰਿਸ਼ਾਂ ਤੇ ਵੀ ਜੀ.ਕੇ. ਨੇ ਇਤਰਾਜ਼ ਜਤਾਇਆ। ਫ਼ਿਲਮ ਵਿਚ ਬਿਹਾਰ ਤੋਂ ਕੰਮ ਦੀ ਤਲਾਸ਼ ਵਿਚ ਪੰਜਾਬ ਆਈ ਫ਼ਿਲਮ ਦੀ ਨਾਇਕਾ ਵੱਲੋਂ ਬੋਲੇ ਗਏ ਡਾਇਲਾੱਗ ਨੂੰ ਜੀ.ਕੇ. ਨੇ ਪੰਜਾਬੀਆਂ ਨੂੰ ਜਲੀਲ ਕਰਨ ਦੇ ਬਰਾਬਰ ਦੱਸਿਆ। ਜੀ.ਕੇ. ਨੇ ਕਿਹਾ ਕਿ ਨਾਇਕਾ ਕਹਿੰਦੀ ਹੈ ਕਿ ਬਿਹਾਰ ਵਿਚ ਮੈਂ ਸਿਗਰਟ ਨਹੀਂ ਪੀਂਦੀ ਸੀ ਪਰ ਪੰਜਾਬ ਆ ਕੇ ਨਸ਼ਾ ਕਰਨ ਲਗ ਗਈ ਹਾਂ। ਜੀ.ਕੇ. ਨੇ ਸਵਾਲ ਕੀਤਾ ਕਿ ਜੋ ਕੰਮ ਦੀ ਤਲਾਸ਼ ਵਿਚ ਦੂਜੇ ਸੂਬੇ ਪਲਾਇਨ ਕਰਕੇ ਆਉਂਦਾ ਹੈ ਕਿ ਉਹ ਆਪਣੇ ਸੂਬੇ ਵਿਚ ਸਿਗਰਟ ਖਰੀਦਣ ਦੀ ਮਾਲੀ ਤਾਕਤ ਰੱਖਦਾ ਹੈ ?
ਜੀ.ਕੇ. ਨੇ ਫ਼ਿਲਮ ਨਿਰਮਾਤਾ ਵੱਲੋਂ ਫ਼ਿਲਮ ਵਿਚ ਨਸ਼ਿਆਂ ਦੇ ਮੁਖ ਕਾਰਨਾ ਤੇ ਧਾਰੀ ਗਈ ਚੁੱਪ ਤੇ ਵੀ ਸਵਾਲ ਖੜੇ ਕੀਤੇ। ਜੀ.ਕੇ. ਨੇ ਕਿਹਾ ਕਿ ਪਹਿਲੇ ਪੰਜਾਬ ਦੇ ਨੌਜਵਾਨ ਨੂੰ ਅੱਤਵਾਦੀ ਤੇ ਵੱਖਵਾਦੀ ਦੱਸਣ ਤੋਂ ਬਾਅਦ ਹੁਣ ਨਸ਼ੇੜੀ ਦੱਸਣ ਦਾ ਭਾਰਤੀ ਫ਼ਿਲਮ ਉਦਯੋਗ ਨੇ ਨਵਾਂ ਰੁਝਾਨ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਸਮਰਥਨ ਕੋਝੀ ਰਾਜਨੀਤੀ ਵਾਸਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਕਰਨਾ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਲਗਦਾ ਹੈ। ਜੀ.ਕੇ. ਨੇ ਕਿਹਾ ਕਿ ਪੰਜਾਬ ਦਾ ਕਿਸਾਨ ਅਤੇ ਨੋਜਵਾਨ ਅੱਜ ਵੀ ਪੰਜਾਬ ਨੂੰ ਸਭ ਤੋਂ ਵੱਧ ਅਨਾਜ ਪੈਦਾ ਕਰ ਕੇ ਦਿੰਦਾ ਹੈ ਅਤੇ ਅੱਜ ਵੀ ਦੇਸ਼ ਦੀ ਹਾੱਕੀ ਟੀਮ ਵਿਚ ਸਭ ਤੋਂ ਵੱਧ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ ਤੇ ਆਪਣਾ ਜੌਹਰ ਦਿਖਾਉਂਦੇ ਹਨ ਪਰ ਕੁਝ ਮੁੱਠੀ ਭਰ ਲੋਕ ਪੰਜਾਬ ਦੀ ਚੜ੍ਹਦੀਕਲਾ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਜੀ.ਕੇ. ਨੇ ਕੌਮ ਨੂੰ ਸਿੱਖੀ ਸਿਧਾਂਤਾ ਨੂੰ ਢਾਹ ਲਾਉਣ ਵਾਲੀ ਅਜਿਹੀਆਂ ਫ਼ਿਲਮਾਂ ਦਾ ਅੱਖ ਬੰਦ ਕਰਕੇ ਸਮਰਥਨ ਨਾ ਕਰਨ ਦੀ ਵੀ ਅਪੀਲ ਕੀਤੀ।