ਫ਼ਤਹਿਗੜ੍ਹ ਸਾਹਿਬ – “ਪੰਜਾਬੀ ਬੋਲੀ, ਭਾਸ਼ਾ, ਸੱਭਿਆਚਾਰ, ਰਸਮ-ਰਿਵਾਜ਼ ਆਦਿ ਨਾਲ ਮੁਤੱਸਵੀ ਹੁਕਮਰਾਨ ਅਤੇ ਕਈ ਸੂਬਿਆਂ ਦੀਆਂ ਹਕੂਮਤਾਂ ਕਿਸ ਤਰ੍ਹਾਂ ਵਿਤਕਰਾ ਤੇ ਨਫ਼ਰਤ ਕਰਦੇ ਹਨ, ਇਸ ਗੱਲ ਦਾ ਪ੍ਰਤੱਖ ਸਬੂਤ ਇਹ ਹੈ ਕਿ ਰਾਜਸਥਾਨ ਵਿਚ ਬੀਜੇਪੀ ਦੀ ਹਕੂਮਤ ਨੇ 2015 ਵਿਚ ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਸਕੂਲਾਂ ਵਿਚ ਬੰਦ ਕਰਕੇ, ਉਸ ਸਥਾਨ ਤੇ ਸੰਸਕ੍ਰਿਤ ਨੂੰ ਲਾਗੂ ਕਰ ਦਿੱਤਾ ਹੈ । ਇਸ ਤੋ ਪਹਿਲੇ ਵੀ ਰਾਜਸਥਾਨ, ਹਿਮਾਚਲ, ਜੰਮੂ-ਕਸ਼ਮੀਰ ਅਤੇ ਗੁਜਰਾਤ ਆਦਿ ਸੂਬਿਆਂ ਵਿਚ ਕੋਈ ਵੀ ਪੰਜਾਬੀ ਜਾਂ ਸਿੱਖ ਜ਼ਮੀਨ-ਜ਼ਾਇਦਾਦ ਨਹੀਂ ਖ਼ਰੀਦ ਸਕਦਾ । ਜਦੋਕਿ ਇਹਨਾਂ ਚਾਰੇ ਸੂਬਿਆਂ ਵਿਚ ਵੱਸਣ ਵਾਲੇ ਬਸਿੰਦੇ ਅੱਜ ਵੀ ਪੰਜਾਬ ਸੂਬੇ ਵਿਚ ਜ਼ਮੀਨਾਂ ਦੀ ਖ਼ਰੀਦੋ-ਫਰੋਖਤ ਕਰ ਸਕਦੇ ਹਨ । ਇਹ ਕਿੰਨੇ ਸਾਜ਼ਸੀ ਅਤੇ ਨਫ਼ਰਤ ਭਰੇ ਅਮਲ ਹਨ ਕਿ ਪੰਜਾਬੀਆਂ ਅਤੇ ਸਿੱਖਾਂ ਨੂੰ ਹਿੰਦ ਦਾ ਵਿਧਾਨ ਆਪਣੇ ਵਿਧਾਨਿਕ ਹੱਕਾਂ ਦੀ ਵਰਤੋ ਕਰਨ ਉਤੇ ਤਾਨਾਸ਼ਾਹੀ ਸੋਚ ਅਧੀਨ ਰੋਕ ਲਗਾਉਦਾ ਹੈ, ਜਦੋਂਕਿ ਬਹੁਗਿਣਤੀ ਨੂੰ ਇਹਨਾਂ ਵਿਧਾਨਿਕ ਹੱਕਾਂ ਦੀ ਵਰਤੋ ਕਰਨ ਦੀ ਖੁੱਲ੍ਹੇ ਤੌਰ ਤੇ ਇਜ਼ਾਜਤ ਦਿੰਦਾ ਹੈ । ਜਦੋਂ ਦੂਸਰਿਆ ਸੂਬਿਆਂ ਦੇ ਨਿਵਾਸੀ ਪੰਜਾਬ ਸੂਬੇ ਵਿਚ ਜ਼ਮੀਨਾਂ-ਜ਼ਾਇਦਾਦਾਂ ਖ਼ਰੀਦ ਸਕਦੇ ਹਨ, ਵੇਚ ਸਕਦੇ ਹਨ ਤਾਂ ਪੰਜਾਬ ਸੂਬੇ ਦੇ ਨਿਵਾਸੀਆਂ ਨੂੰ ਉਪਰੋਕਤ ਦੂਜੇ ਸੂਬਿਆਂ ਵਿਚ ਜ਼ਮੀਨਾਂ ਦੀ ਖ਼ਰੀਦੋ-ਫਰੋਖਤ ਕਰਨ ਤੇ ਕੀਤੇ ਜਾ ਰਹੇ ਅਮਲਾਂ ਪਿੱਛੇ ਕੀ ਸਾਜਿ਼ਸ ਹੈ ਅਤੇ ਇਸ ਪਿੱਛੇ ਕਿਹੜੇ ਦਿਮਾਗ ਕੰਮ ਕਰ ਰਹੇ ਹਨ, ਉਹ ਸਾਹਮਣੇ ਆਉਣੇ ਚਾਹੀਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਜਸਥਾਨ ਜਿਥੇ ਬੀਜੇਪੀ ਹਿੰਦੂਤਵ ਜਮਾਤ ਦੀ ਹਕੂਮਤ ਹੈ, ਉਥੋ ਦੇ ਸਕੂਲੀ ਬੱਚਿਆਂ ਨੂੰ ਜ਼ਬਰੀ ਪੰਜਾਬੀ ਪੜ੍ਹਨ-ਲਿਖਣ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸੰਸਕ੍ਰਿਤ ਪੜ੍ਹਨ-ਲਿਖਣ ਦੇ ਹੁਕਮ ਕਰਨ ਦੇ ਪੰਜਾਬੀ ਭਾਸ਼ਾ ਤੇ ਬੋਲੀ ਵਿਰੋਧੀ ਕੀਤੇ ਜਾ ਰਹੇ ਵਰਤਾਰੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਪੰਜਾਬੀਆਂ ਤੇ ਸਿੱਖਾਂ ਨੂੰ ਬਰਾਬਰ ਦੇ ਵਿਧਾਨਿਕ ਹੱਕ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਡੂੰਘੀ ਸਾਜਿ਼ਸ ਅਧੀਨ ਜਿਥੇ ਮੁਤੱਸਵੀ ਜਮਾਤਾਂ ਬੀਜੇਪੀ ਜਾਂ ਉਹਨਾਂ ਦੇ ਸਹਿਯੋਗੀ ਸੰਗਠਨਾਂ ਦੀਆਂ ਹਕੂਮਤਾਂ ਹਨ, ਉਥੇ ਪੰਜਾਬੀ ਬੋਲੀ, ਭਾਸ਼ਾ ਵਿਰੁੱਧ ਹਕੂਮਤੀ ਪੱਧਰ ਤੇ ਕਾਰਵਾਈਆ ਹੋਣ ਦੇ ਅਮਲ ਅਸਹਿ ਅਤੇ ਅਕਹਿ ਹਨ । ਉਹਨਾਂ ਕਿਹਾ ਕਿ ਹਿੰਦ ਬਹੁ ਕੌਮਾਂ, ਧਰਮਾਂ, ਬੋਲੀਆਂ, ਭਾਸ਼ਾਵਾਂ, ਸੱਭਿਆਚਾਰਾਂ ਦਾ ਮੁਲਕ ਹੈ । ਇਥੇ ਕਿਸੇ ਵੀ ਧਰਮ, ਕੌਮ ਜਾਂ ਸੂਬੇ ਦੇ ਨਿਵਾਸੀਆਂ ਉਤੇ ਉਪਰੋਕਤ ਤਾਨਾਸ਼ਾਹੀ ਹੁਕਮਾਂ ਨੂੰ ਬਿਲਕੁਲ ਵੀ ਅਮਲ ਵਿਚ ਨਹੀਂ ਲਿਆਏ ਜਾ ਸਕਦੇ । ਕਿਉਂਕਿ ਹਿੰਦ ਦਾ ਵਿਧਾਨ ਇਥੇ ਵੱਸਣ ਵਾਲੇ ਸਭ ਵਰਗਾਂ ਨੂੰ ਕਾਨੂੰਨੀ ਅਤੇ ਸਮਾਜਿਕ ਤੌਰ ਤੇ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਦਾ ਹੈ । ਜਿਸ ਵੀ ਸੂਬੇ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਨਾਦਰਸ਼ਾਹੀ ਹੁਕਮ ਕਰਕੇ ਪੰਜਾਬੀ ਬੋਲੀ, ਭਾਸ਼ਾ, ਪਹਿਰਾਵੇ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਹੋਣ ਤੋਂ ਰੋਕਣ ਦੇ ਯਤਨ ਹੋ ਰਹੇ ਹਨ, ਉਹ ਆਪਣੇ ਇਸ ਮੰਦਭਾਵਨਾ ਭਰੇ ਮਿਸ਼ਨ ਵਿਚ ਕਦੀ ਵੀ ਕਾਮਯਾਬ ਨਹੀਂ ਹੋ ਸਕਣਗੇ । ਕਿਉਂਕਿ ਇਸ ਮੁਲਕ ਨੂੰ ਦੁਨੀਆਂ ਦੇ ਨਕਸੇ ਤੇ ਲਿਆਉਣ ਲਈ ਸਭ ਤੋ ਵੱਡੀਆਂ ਤੇ ਜਿਆਦਾ ਕੁਰਬਾਨੀਆਂ ਸਿੱਖ ਕੌਮ ਤੇ ਪੰਜਾਬੀਆਂ ਨੇ ਹੀ ਦਿੱਤੀਆਂ ਹਨ । ਪੰਜਾਬੀਆਂ ਤੇ ਸਿੱਖਾਂ ਨੂੰ ਉਹਨਾਂ ਦੇ ਮਿਲੇ ਵਿਧਾਨਿਕ ਹੱਕਾਂ ਅਤੇ ਮੌਲਿਕ ਅਧਿਕਾਰਾਂ ਤੋ ਦੂਰ ਕਰਨ ਦੀਆਂ ਸਾਜਿ਼ਸਾਂ, ਇਥੋ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਡੂੰਘੀ ਸੱਟ ਮਾਰਦੀਆ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੌਜੂਦਾ ਹੁਕਮਰਾਨਾਂ ਅਤੇ ਅਫਸਰਾਨ ਨੂੰ ਖ਼ਬਰਦਾਰ ਕੀਤਾ ਜਾਂਦਾ ਹੈ ਕਿ ਉਹ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਅਮਲਾਂ ਅਤੇ ਕਾਰਵਾਈਆ ਨੂੰ ਤੁਰੰਤ ਬੰਦ ਕਰਨ, ਵਰਨਾ ਇਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਸੈਟਰ ਦੀ ਮੋਦੀ ਹਕੂਮਤ ਅਤੇ ਵੱਖ-ਵੱਖ ਸੂਬਿਆਂ ਦੀਆਂ ਮੁਤੱਸਵੀ ਹਕੂਮਤਾਂ ਅਤੇ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।