ਨਵੀਂ ਦਿੱਲੀ – ਜੇਕਰ ਸੰਗਤਾਂ ਆਪਣਾ ਸਹਿਯੋਗ ਅਤੇ ਅਸੀਸਾਂ ਦਿੰਦੀਆਂ ਰਹਿਣ, ਤਾਂ ਸਿੱਖ ਕੌਮ ਨੂੰ ਦਰਪੇਸ਼ ਹਰ ਚੁਣੌਤੀ ਦਾ ਸਫਲਤਾ ਨਾਲ ਟਾਕਰਾ ਕੀਤਾ ਜਾ ਸਕਦਾ ਹੈ। ਇਹ ਵਿਚਾਰ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਰਾਜ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਗਟ ਕੀਤੇ।
ਫਿਲਮ ‘ਡਿਸ਼ੁਮ’ ਸਬੰਧੀ ਵਿਵਾਦ ਬਾਰੇ ਜਾਣਕਾਰੀ ਦਿੰਦਿਆਂ ਸ੍ਰ: ਸਿਰਸਾ ਨੇ ਕਿਹਾ ਕਿ ਇਸ ਫਿਲਮ ਦੇ ਇਕ ਗੀਤ ਦੇ ਵੀਡੀਓ ਵਿਚ ਅਦਾਕਾਰਾ ਜੈਕਲਿਨ ਫਰਨਾਂਡਿਸ ਨੂੰ ਸਿੱਖ ਧਰਮ ਦਾ ਪਵਿੱਤਰ ਧਾਰਮਕ ਚਿੰਨ੍ਹ ‘ਕ੍ਰਿਪਾਨ’ ਪਾ ਕੇ ਨਾਚ ਕਰਦਿਆਂ ਦਿਖਾਇਆ ਗਿਆ ਸੀ। ਇਹ ਗੀਤ ਯੂ-ਟਿਊਬ ‘ਤੇ ਦੇਖਣ ਉਪਰੰਤ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪੁੱਜੀ ਸੀ ਅਤੇ ਦੇਸ਼-ਵਿਦੇਸ਼ ਦੇ ਕਈ ਸਿੱਖ ਸੰਗਠਨਾਂ ਨੇ ਉਨ੍ਹਾਂ (ਸ੍ਰ: ਸਿਰਸਾ) ਨਾਲ ਸੰਪਰਕ ਕਰਕੇ ਫਿਲਮ ਦੇ ਨਿਰਦੇਸ਼ਕ ਅਤੇ ਹੋਰ ਸਬੰਧਿਤ ਲੋਕਾਂ ਖਿਲਾਫ ਢੁਕਵੀਂ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਸੀ। ਇਸ ਲਈ ਉਨ੍ਹਾਂ ਨੇ ਤੁਰੰਤ ਫਿਲਮ ਦੇ ਨਿਰਦੇਸ਼ਕ ਰੋਹਿਤ ਧਵਨ ਨੂੰ ਕਾਨੂੰਨੀ ਨੋਟਿਸ ਦੇ ਕੇ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਣੀ ਨੂੰ ਪੱਤਰ ਲਿਖ ਕੇ ਫਿਲਮ ਵਿਚੋਂ ਉਕਤ ਗੀਤ ਹਟਵਾਉਣ ਦੀ ਮੰਗ ਕੀਤੀ ਸੀ। ਇਸਦੇ ਇਲਾਵਾ, ਫਿਲਮ ਦੇ ਨਿਰਦੇਸ਼ਕ, ਅਦਾਕਾਰ ਅਤੇ ਹੋਰ ਲੋਕਾਂ ਖਿਲਾਫ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਦੀ ਅਦਾਲਤ ਵਿਚ ਕਾਨੂੰਨੀ ਕਾਰਵਾਈ ਵੀ ਅਰੰਭ ਕਰ ਦਿੱਤੀ ਗਈ ਸੀ।
ਸ੍ਰ. ਸਿਰਸਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀਆਂ ਕਾਰਵਾਈਆਂ ਕਰਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਫਿਲਮ ਦੇ ਵਿਵਾਦਿਤ ਗਾਣੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਣ ਕਰਕੇ ਫਿਲਮ ਨਿਰਦੇਸ਼ਕ ਰੋਹਿਤ ਧਵਨ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਅਸਹਿਮਤ ਹੋਣ ਦੇ ਬਾਵਜਦੂ, ਇਸ ਮਾਮਲੇ ਵਿਚ ਨਾ ਸਿਰਫ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ ਹੈ ਬਲਕਿ ਵਿਵਾਦਿਤ ਗਾਣੇ ਦੀ ਵੀਡੀਓ ਵਿਚੋਂ ਅਦਾਕਾਰਾ ਤੋਂ ਕ੍ਰਿਪਾਨ ਹਟਾ ਕੇ ਇਸਦੀ ਵੀਡੀਓ ਮੁੜ ਤੋਂ ਬਣਾ ਕੇ ਹੀ ਫਿਲਮ ਪ੍ਰਦਰਸ਼ਿਤ ਕੀਤੇ ਜਾਣ ਪ੍ਰਤੀ ਸਹਿਮਤੀ ਦੇਣੀ ਪਈ ਹੈ। ਸ੍ਰ: ਸਿਰਸਾ ਨੇ ਫਿਲਮ ਨਿਰਦੇਸ਼ਕ ਦੇ ਇਸ ਕਦਮ ਲਈ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਵੀਡੀਓ ਖਿਲਾਫ ਅਰੰਭੀ ਗਈ ਮੁਹਿੰਮ ਵਿਚ ਪ੍ਰਾਪਤ ਹੋਈ ਜਿੱਤ, ਸਿੱਖ ਕੌਮ ਵਾਸਤੇ ਇਕ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪ੍ਰਾਪਤੀ ਨਾਲ ਦਿੱਲੀ ਗੁਰਦੁਆਰਾ ਕਮੇਟੀ ਨੂੰ ਸਿੱਖ ਕੌਮ ਲਈ ਜੂਝਣ ਵਾਸਤੇ ਹੋਰ ਵਧੇਰੇ ਮਨੋਬਲ ਪ੍ਰਾਪਤ ਹੋਵੇਗਾ ਅਤੇ ਸਿਆਸੀ ਵਿਰੋਧੀਆਂ ਦੀ ਬੇਲੋੜੀ ਨੁਕਤਾਚੀਨੀ ਦੇ ਬਾਵਜੂਦ, ਕਮੇਟੀ ਪ੍ਰਬੰਧਕ ਭਵਿੱਖ ਵਿਚ ਵੀ ਇਸੇ ਤਰ੍ਹਾਂ ਕੌਮ ਦੀ ਸੇਵਾ ਵਿਚ ਡਟੇ ਰਹਿਣਗੇ। ਉਨ੍ਹਾਂ ਬਾਲੀਵੁੱਡ ਫਿਲਮ ਨਿਰਮਾਤਾਵਾਂ ਨੂੰ ਸਲਾਹ ਦਿੱਤੀ ਕਿ ਭਵਿੱਖ ਵਿਚ ਇਸ ਤਰ੍ਹਾਂ ਦਾ ਕੋਈ ਦ੍ਰਿਸ਼ ਸਿਰਜਣ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ, ਤਾਂ ਜੋ ਨਿਰਮਾਤਾ-ਨਿਰਦੇਸ਼ਕ ਵੀ ਕਾਨੂੰਨੀ ਕਾਰਵਾਈ ਤੋਂ ਬਚੇ ਰਹਿਣ ਅਤੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਨਾ ਪੁੱਜੇ।