ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਪਿੰਡ ਘੁੰਮਣ ਕਲਾਂ ਵਿੱਚ ਪਿੰਡ ਵਾਸੀਆਂ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਇੱਕ ਦਿਨਾਂ ਪਸ਼ੂ ਭਲਾਈ ਕੈਂਪ ਲਗਾਇਆ ਗਿਆ।ਪਸ਼ੂ ਧਨ ਦੀ ਮਹੱਤਤਾ ਸਮਝਦੇ ਹੋਏ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਤੇ ਇਹ ਉਪਰਾਲਾ ਕੀਤਾ ਗਿਆ।ਕੈਂਪ ਦੌਰਾਨ ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਡਾ. ਗੁਰਦੀਪ ਸਿੰਘ ਅਤੇ ਡਾ. ਦਰਸ਼ਨ ਸਿੰਘ ਨੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਲੱਛਣ ਦਸਦੇ ਹੋਏ ਉਨ੍ਹਾਂ ਦੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ਅਗਾਊਂ ਟੀਕਾਕਰਨ ਦੀ ਬਹੁਤ ਲੋੜ ਹੈ।ਪਸ਼ੂਆਂ ਨੂੰ ਜ਼ਰੂਰੀ ਖੁਰਾਕੀ ਤੱਤ ਵੀ ਸਮੇਂ ਸਮੇਂ ਸਿਰ ਦਿੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਖੁਰਾਕੀ ਤੱਤਾਂ ਦੀ ਘਾਟ ਦੁੱਧ ਦੀ ਪੈਦਾਵਾਰ ਤੇ ਅਸਰ ਪਾਉਂਦੀਆਂ ਹਨ ਅਤੇ ਪਸ਼ੂ ਸਿਹਤ ਕਿਸਾਨਾਂ ਦੀ ਆਰਥਿਕਤਾ ਨਾਲ ਜੁੜੀ ਹੋਈ ਹੈ।ਇਸ ਸਮੇਂ ਕਿਸਾਨਾਂ ਦੁਆਰਾ ਪਸ਼ੂਆਂ ਦੀਆਂ ਬਿਮਾਰੀਆਂ ਸੰਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਮਾਹਰਾਂ ਵੱਲੋਂ ਦਿੱਤੇ ਗਏ।ਇਸ ਮੌਕੇ ਯੂਨੀਵਰਸਿਟੀ ਵੱਲੋਂ ਖੁਰਾਕੀ ਤੱਤਾਂ ਦਾ ਮਿਸ਼ਰਣ ਅਤੇ ਮਲੱ੍ਹਪ ਰਹਿਤ ਕਰਨ ਵਾਲੀਆਂ ਗੋਲੀਆਂ ਹਾਜ਼ਰ ਕਿਸਾਨਾਂ ਨੂੰ ਮੁਫ਼ਤ ਵੰਡੀਆਂ ਗਈਆਂ।ਇਸ ਕੈਂਪ ਦੇ ਦੂਜੇ ਹਿੱਸੇ ਵਿੱਚ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫਸਲ ਦੀਆਂ ਬਿਮਾਰੀਆਂ ਅਤੇ ਵੱਧ ਝਾੜ ਲੈਣ ਦੇ ਸੁਝਾਅ ਵੀ ਦਿੱਤੇ ਗਏ।ਡਾ. ਅਮਰਜੀਤ ਸ਼ਰਮਾਂ ਤੇ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਨਰਮੇ ਦੀਆਂ ਹਰੇ ਤੇ ਚਿੱਟੇ ਤੇਲੇ ਦੀਆਂ ਬਿਮਾਰੀਆਂ ਦੇ ਲੱਛਣਾਂ ਬਾਰੇ ਚਾਨਣਾ ਪਾਇਆਂ।ਏ.ਡੀ ਓ. ਹਰਵਿੰਦਰ ਸਿੰਘ ਨੇ ਝੋਨੇ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਦੱਸਿਆ।ਉਨ੍ਹਾਂ ਸੁਝਾਅ ਦਿੱਤਾ ਕਿ ਕਿਸਾਨ ਖੇਤੀਬਾੜੀ ਯੂਨੀਵਟਸਿਟੀ ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਘੱਟ ਤੋਂ ਘੱਟ ਖਰਚ ਨਾਲ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹਨ।ਕਈ ਵਾਰ ਕਿਸਾਨ ਅਣਜਾਣਪੁਣੇ ਵਿੱਚ ਲੋੜੋਂ ਵੱਧ ਖਾਦ ਤੇ ਕੀਟਨਾਸ਼ਕ ਸਪਰੇਅ ਆਦਿ ਵਰਤ ਕੇ ਆਰਥਿਕ ਤੌਰ ਤੇ ਆਪਣਾ ਨੁਕਸਾਨ ਕਰਨ ਦੇ ਨਾਲ ਨਾਲ ਧਰਤੀ ਦੇ ਜ਼ਰੂਰੀ ਤੱਤਾਂ ਨੂੰ ਵੀ ਨਸ਼ਟ ਕਰ ਦਿੰਦੇ ਹਨ।ਇਸ ਸਮੇਂ ਡਾ. ਬੀ.ਐਸ. ਚਾਹਲ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਇਲਾਕੇ ਦੇ ਕਿਸਾਨਾਂ ਦੀ ਮਦਦ ਲਈ ਸਦਾ ਤਿਆਰ ਰਹਿੰਦੀ ਹੈ।ਇਸ ਲਈ ਯੂਨੀਵਰਸਿਟੀ ਵੱਲੋਂ ਅਪਣਾਏ ਗਏ ਪਿੰਡਾਂ ਵਿੱਚ ਸਮੇਂ ਸਮੇਂ ਅਜਿਹੇ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ।ਅੰਤ ਪਿੰਡਾਂ ਨੂੰ ਗੋਦ ਲੈਣ ਵਾਲੀ ਕਮੇਟੀ ਦੇ ਕੋਆਰਡੀਨੇਟਰ ਡਾ. ਬਲਵੰਤ ਸਿੰਘ ਸੰਧੂ ਨੇ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ।ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਆਪਣੇ ਵਿਸ਼ੇਸ਼ ਸੰਦੇਸ਼ ਵਿੱਚ ਪਿੰਡਾਂ ਨੂੰ ਗੋਦ ਲੈਣ ਵਾਲੀ ਕਮੇਟੀ, ਪਿੰਡ ਘੁੰਮਣ ਕਲਾਂ ਦੀ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦਾ ਪੱਧਰ ਉੱਚਾ ਚੁੱਕਣ ਲਈ ਅਜਿਹੇ ਯਤਨਾਂ ਦੀ ਬਹੁਤ ਲੋੜ ਹੈ।ਇਸ ਸਮੇਂ ਵੈਟਰਨਰੀ ਇੰਸਪੈਕਟਰ ਹਰਿੰਦਰ ਸਿੰਘ, ਸੁਖਪਾਲ ਸ਼ਰਮਾ ਏ ਐਸ ਆਈ ਮੌੜ, ਕਲੱਬ ਪ੍ਰਧਾਨ ਸੁਖਜਿੰਦਰ ਸਿੰਘ ਅਤੇ ਸੌ ਦੇ ਕਰੀਬ ਕਿਸਾਨ ਹਾਜ਼ਰ ਸਨ।
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪਿੰਡ ਘੁੰਮਣ ਕਲਾਂ ਵਿੱਚ ਲਗਾਇਆ ਗਿਆ ਖੇਤੀਬਾੜੀ ਅਤੇ ਪਸ਼ੂ ਭਲਾਈ ਕੈਂਪ
This entry was posted in ਪੰਜਾਬ.