ਫ਼ਤਹਿਗੜ੍ਹ ਸਾਹਿਬ – “ਜਦੋਂ ਕੋਈ ਆਗੂ ਜਾਂ ਪਾਰਟੀ ਆਪਣੀ ਸਾਖ ਨੂੰ ਜਨਤਾ ਵਿਚ ਮਜ਼ਬੂਤ ਨਾ ਕਰ ਸਕੇ ਜਾਂ ਜਨਤਾ ਉਸ ਆਗੂ ਜਾਂ ਪਾਰਟੀ ਨੂੰ ਪ੍ਰਵਾਨ ਨਾ ਕਰੇ ਤਾਂ ਅਕਸਰ ਹੀ ਅਜਿਹੇ ਸਮਿਆਂ ਤੇ ਸਿਆਸਤਦਾਨ ਜਨਤਾ ਦੀਆਂ ਭਾਵਨਾਵਾਂ ਨਾਲ ਸੰਬੰਧਤ ਮੁੱਦਿਆ ਨੂੰ ਉਛਾਲਕੇ ਜਾਂ ਉਹਨਾਂ ਦੀ ਕਿਸੇ ਧਾਰਮਿਕ ਭਾਵਨਾਵਾਂ ਦੀ ਦੁਰਵਰਤੋ ਕਰਕੇ ਆਪਣੇ ਮਗਰ ਲਗਾਉਣ ਜਾਂ ਆਪਣੀ ਝੂਠੀ ਹਰਮਨ ਪਿਆਰਤਾ ਦਾ ਵਿਗਲ ਬਜਾਉਣ ਲਈ ਅਜਿਹੇ ਗੁੰਮਰਾਹਕੁੰਨ ਕਾਰਵਾਈਆ ਕਰਦੇ ਹਨ । ਠੀਕ ਉਸੇ ਤਰ੍ਹਾਂ ਹਿੰਦੂਤਵ ਸੋਚ ਦੇ ਪੈਰੋਕਾਰ ਸ੍ਰੀ ਕੇਜਰੀਵਾਲ ਨੂੰ ਜਦੋਂ ਪੰਜਾਬ ਸੂਬੇ ਦੇ ਨਿਵਾਸੀ ਅਤੇ ਸਿੱਖ ਕੌਮ, ਉਹਨਾਂ ਦੀਆਂ ਮੋਮੋਠਗਣੀਆਂ ਗੱਲਾਂ ਵਿਚ ਨਾ ਆਈ ਤਾਂ ਸ੍ਰੀ ਕੇਜਰੀਵਾਲ ਨੇ ਸਿੱਖ ਕੌਮ ਦੇ ਨਾਲ ਸੰਬੰਧਤ ਸ੍ਰੀ ਅੰਮ੍ਰਿਤਸਰ ਸ਼ਹਿਰ ਅਤੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਦੀ ਆਪਣੇ ਚੋਣ ਮੈਨੀਫੈਸਟੋ ਉਤੇ ਫੋਟੋ ਪ੍ਰਕਾਸਿ਼ਤ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕੇਵਲ ਗੁੰਮਰਾਹ ਕਰਨ ਦੀ ਹੀ ਕੋਸਿ਼ਸ਼ ਨਹੀਂ ਕੀਤੀ, ਬਲਕਿ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਧਾਰਮਿਕ ਅਸਥਾਨ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਉਹਨਾਂ ਦੀ ਦੁਰਵਰਤੋ ਕਰਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਸਿਆਸੀ ਸਵਾਰਥੀ ਸੋਚ ਵੱਲ ਘਸੀਟਣ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਰੁਤਬੇ ਨੂੰ ਠੇਸ ਪਹੁੰਚਾਉਣ ਦੀ ਬਜ਼ਰ ਗੁਸਤਾਖੀ ਕੀਤੀ ਹੈ । ਅਜਿਹੇ ਕੌਮੀ ਭਾਵਨਾਵਾਂ ਨੂੰ ਭੜਕਾ ਕੇ ਸ੍ਰੀ ਕੇਜਰੀਵਾਲ ਜਾਂ ਕੋਈ ਹੋਰ ਆਗੂ 2017 ਦੀਆਂ ਆਉਣ ਵਾਲੀਆਂ ਅਸੈਬਲੀ ਚੋਣਾਂ ਲਈ ਸਿੱਖ ਕੌਮ ਅਤੇ ਪੰਜਾਬੀਆਂ ਦੀ ਹਮਦਰਦੀ ਕਤਈ ਨਹੀਂ ਜਿੱਤ ਸਕਦੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਅਸਥਾਂਨ ਅਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਨਾਮ ਦੇਣ ਵਾਲੇ ਸ੍ਰੀ ਗੁਰੂ ਰਾਮਦਾਸ ਜੀ ਦੇ ਵਰਸੋਏ ਸ਼ਹਿਰ ਦੇ ਨਾਮ ਦੀ ਵਰਤੋ ਕਰਨ ਅਤੇ ਇਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਦੇ ਸ਼ਰਮਨਾਕ ਢੰਗਾਂ ਦੀ ਵਿਰੋਧਤਾ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਸ੍ਰੀ ਕੇਜਰੀਵਾਲ ਨੂੰ ਜਨਤਕ ਤੌਰ ਤੇ ਇਹ ਵੀ ਸਵਾਲ ਕੀਤਾ ਕਿ ਉਹ ਸਿਆਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਦੁਰਵਰਤੋ ਕਰਨ ਦੀ ਗੁਸਤਾਖੀ ਤਾ ਕਰ ਰਹੇ ਹਨ, ਲੇਕਿਨ ਉਹ ਇਹ ਵੀ ਸਪੱਸਟ ਕਰਨ ਕਿ ਜੋ ਹਿੰਦੂਤਵ ਤਾਕਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ ਅਤੇ ਸ੍ਰੀ ਕੇਜਰੀਵਾਲ ਵਰਗੇ ਹਿੰਦੂਆਂ ਨੇ ਇਕ ਤਾਕਤ ਹੋ ਕੇ ਸ੍ਰੀ ਦਰਬਾਰ ਸਾਹਿਬ ਤੇ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਿਚ ਭੂਮਿਕਾ ਨਿਭਾਈ । ਇਹ ਹਮਲਾ ਕਰਨ ਵਾਲੀ ਮਰਹੂਮ ਇੰਦਰਾ ਗਾਂਧੀ ਨੂੰ “ਦੁਰਗਾ ਮਾਤਾ” ਦੇ ਖਿਤਾਬ ਦੇ ਕੇ ਨਿਵਾਜਦੇ ਰਹੇ, ਉਸ ਹੋਏ ਫ਼ੌਜੀ ਹਮਲੇ ਅਤੇ ਸਿੱਖ ਕੌਮ ਦੇ ਉਸ ਸਮੇਂ ਹੋਏ ਕਤਲੇਆਮ ਬਾਰੇ ਸ੍ਰੀ ਕੇਜਰੀਵਾਲ ਦਾ ਉਸ ਸਮੇਂ ਅਤੇ ਅੱਜ ਕੀ ਸਟੈਂਡ ਹੈ ?
ਸ. ਮਾਨ ਨੇ ਸ੍ਰੀ ਕੇਜਰੀਵਾਲ ਦੇ ਅਤੇ ਆਪ ਪਾਰਟੀ ਦੇ ਅੰਮ੍ਰਿਤਸਰ ਵਿਖੇ ਚੋਣ ਮੈਨੀਫੈਸਟੋ ਜਾਰੀ ਕਰਨ ਸੰਬੰਧੀ ਹੋਏ ਸਮਾਗਮ ਵਿਚ ਸਾਮਿਲ ਹੋਏ ਸ. ਸੁੱਚਾ ਸਿੰਘ ਛੋਟੇਪੁਰ, ਸ. ਸੁਖਪਾਲ ਸਿੰਘ ਖਹਿਰਾ, ਭਗਵੰਤ ਸਿੰਘ ਮਾਨ, ਕਵਰ ਸੰਧੂ, ਗੁਰਪ੍ਰੀਤ ਸਿੰਘ ਘੁੱਗੀ, ਸਾਧੂ ਸਿੰਘ, ਬਲਜਿੰਦਰ ਕੌਰ, ਐਚ.ਐਸ. ਫੂਲਕਾ ਆਦਿ ਸਿੱਖਾਂ ਨੂੰ ਸਿੱਖ ਕੌਮ ਦੇ ਬਿਨ੍ਹਾਂ ‘ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹੇ ਕਰਦੇ ਹੋਏ ਸਵਾਲ ਕੀਤਾ ਕਿ ਜਦੋਂ ਸ੍ਰੀ ਕੇਜਰੀਵਾਲ ਆਪਣੇ ਚੋਣ ਮਨੋਰਥ ਪੱਤਰ ਉਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਪ੍ਰਕਾਸਿ਼ਤ ਕਰਕੇ, ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਥਾਨ ਨੂੰ ਵਪਾਰਿਕ ਤੌਰ ਤੇ ਅਤਿ ਸ਼ਰਮਨਾਕ ਢੰਗ ਰਾਹੀ ਵਰਤੋ ਕਰਦੇ ਹੋਏ ਜਾਰੀ ਕਰ ਰਹੇ ਸਨ ਤਾਂ ਉਸ ਸਮੇਂ ਉਪਰੋਕਤ ਸਿੱਖ ਮਾਵਾਂ ਦੀ ਕੁੱਖੋ ਜਨਮ ਲੈਣ ਵਾਲੇ ਆਗੂਆਂ ਦੀ ਜਮੀਰ ਕਿਉਂ ਨਾ ਜਾਗੀ ? ਉਹ ਉਸ ਸਮੇਂ ਸਿੱਖ ਕੌਮ ਵਿਰੋਧੀ ਅਮਲ ਹੋਣ ਤੇ ਚੁੱਪ ਕਿਉਂ ਰਹੇ ? ਸ. ਮਾਨ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿਆਸੀ ਸੋਚ ਅਤੇ ਮਿਸ਼ਨ ਅਧੀਨ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਅਸਥਾਂਨ ਅਤੇ ਸਿੱਖ ਗੁਰੂ ਸਾਹਿਬਾਨ ਦੇ ਸਤਿਕਾਰਯੋਗ ਨਾਵਾਂ ਦੀ ਦੁਰਵਰਤੋ ਕਰਕੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਤੇ ਉਹਨਾਂ ਮਹਾਨ ਸਖਸ਼ੀਅਤਾਂ ਅਤੇ ਅਸਥਾਨਾਂ ਦੇ ਰੁਤਬਿਆ ਨੂੰ ਬਿਲਕੁਲ ਵੀ ਠੇਸ ਨਾ ਪਹੁੰਚਾਉਣ ਤਾਂ ਬਹਿਤਰ ਹੋਵੇਗਾ ।