ਨਵੀਂ ਦਿੱਲੀ : ਆਮ ਆਦਮੀ ਪਾਰਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆਪਣੇ ਸਿਆਸੀ ਮੁਫਾਦ ਲਈ ਛੋਟਾ ਦਿਖਾਉਣ ਦੇ ਖਿਲਾਫ਼ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਠੀ ਦਾ ਘਿਰਾਊ ਕੀਤਾ ਗਿਆ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਸੈਂਕੜੇ ਕਾਰਕੂਨਾਂ ਨੇ ਸਿਵਿਲ ਲਾਈਨ ਇਲਾਕੇ ਦੇ ਚੰਦਗੀਰਾਮ ਅਖਾੜੇ ਤੋਂ ਕੇਜਰੀਵਾਲ ਦੀ ਕੋਠੀ ਵੱਲ ਸ਼ਾਂਤਮਈ ਤਰੀਕੇ ਨਾਲ ਕੂਚ ਕਰਨ ਦੀ ਸ਼ੁਰੂਆਤ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ ਜਿਸਤੇ ਕੇਜਰੀਵਾਲ ਤੇ ਜਾਣਬੁਝ ਕੇ ਸਿੱਖਾਂ ਦੇ ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥ ਨੂੰ ਛੋਟਾ ਦਿਖਾਉਣ ਦੇ ਖਿਲਾਫ਼ ਸ਼ਰਮ ਕਰਨ ਦੀ ਤਾਕੀਦ ਕਰਨ ਦੇ ਨਾਲ ਹੀ ਅਜਿਹੀ ਘਟਨਾ ਨੂੰ ਦੋਬਾਰਾ ਨਾਹ ਦੋਹਰਾਉਣ ਦੀ ਚਿਤਾਵਨੀ ਦਿੱਤੀ ਗਈ ਸੀ। ਕਾਰਕੂਨਾਂ ਨੇ ਇਸ ਮੌਕੇ ਪੁਲਿਸ ਵੱਲੋਂ ਲਗਾਏ ਗਏ ਅੜੇਕਿਆਂ ਨੂੰ ਦੋ ਥਾਵਾਂ ਤੇ ਪਾਰ ਕਰ ਲਿਆ ਪਰ ਤੀਜੇ ਅੜਿੱਕੇ ਤੇ ਪੁਲਿਸ ਅਤੇ ਅਕਾਲੀ ਆਗੂਆਂ ਦੀ ਤਕਰਾਰ ਵੱਧਣ ਤੇ ਪੁਲਿਸ ਨੇ ਜਲ ਤੋਪਾਂ ਦਾ ਮੂੰਹ ਅਕਾਲੀ ਕਾਰਕੂਨਾਂ ਵੱਲ ਕਰ ਦਿੱਤਾ। ਇਸ ਮੌਕੇ ਪੁਲਿਸ ਨੇ ਅਕਾਲੀ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।
ਜੀ.ਕੇ. ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਲਣਾ ਆਮ ਆਦਮੀ ਪਾਰਟੀ ਦੇ ਆਗੂ ਅਸੀਸ ਖੇਤਾਨ ਵੱਲੋਂ ਪਾਰਟੀ ਦੇ ਚੋਣ ਮਨੋਰਥ ਪੱਤਰ ਨਾਲ ਕਰਨ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ।ਚੋਣ ਮਨੋਰਥ ਪੱਤਰ ਦੇ ਮੁਖ ਸਫ਼ੇ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ’ਤੇ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਛਾਪਣ ਨੂੰ ਉਨ੍ਹਾਂ ਨੇ ਆਪ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਦੱਸਿਆ।
ਜੀ.ਕੇ. ਨੇ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਸਿੱਖ ਵਿਚਾਰਧਾਰਾ ਤੇ ਚੋਟ ਕਰਨ ਦਾ ਮਾਧਿਅਮ ਬਣ ਗਈ ਹੈ। ਪਾਰਟੀ ਦੇ ਗੈਰਤਜਰਬੇਕਾਰ ਅਤੇ ਧਰਮ ਤੋਂ ਦੂਰ ਬਾਹਰੀ ਆਗੂ ਹਮਲਾਵਰਾਂ ਦੀ ਤਰ੍ਹਾਂ ਪੰਜਾਬ ਦੀ ਸੱਤਾ ਤੇ ਕਬਜਾ ਜਮਾਉਣ ਦੇ ਮਨਸੂਬੇ ਦੇ ਤਹਿਤ ਲਗਾਤਾਰ ਪੰਜਾਬ, ਪੰਜਾਬੀਅਤ ਅਤੇ ਸਿੱਖੀ ਤੇ ਹਮਲਾ ਕਰ ਰਹੇ ਹਨ ਜਿਸਨੂੰ ਕਿਸੇ ਵੀ ਸੂਰਤ ਵਿਚ ਪੰਜਾਬ ਦੇ ਅਮਨ ਪਸੰਦ ਲੋਕ ਪਸੰਦ ਨਹੀਂ ਕਰਨਗੇ। ਜੀ.ਕੇ. ਨੇ ਹੈਰਾਨੀ ਜਤਾਈ ਕਿ ਵੱਧੀਆ ਸਿਆਸਤ ਵਜੋਂ ਬਦਲ ਬਣਨ ਦਾ ਦਾਅਵਾ ਕਰਕੇ ਸਿਆਸਤ ਵਿਚ ਆਏ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਅਸ਼ੀਸ਼ ਖੇਤਾਨ ਨੂੰ ਪਾਰਟੀ ਤੋਂ ਬਾਹਰ ਕੱਢਣ ਅਤੇ ਕੇਜਰੀਵਾਲ ਨੂੰ ਇਸ ਸਬੰਧ ਵਿਚ ਸਿੱਖਾਂ ਤੋਂ ਮੁਆਫੀ ਮੰਗਣ ਦੀ ਵੀ ਮੰਗ ਕੀਤੀ। ਜੀ.ਕੇ. ਨੇ ਕਿਹਾ ਕਿ ਅਗਰ ਅੱਜ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਤਾਂ ਉਸਦੇ ਜਿੰਮੇਵਾਰ ਕੇਜਰੀਵਾਲ ਹੋਣਗੇ।
ਸਿਰਸਾ ਨੇ ਕੇਜਰੀਵਾਲ ਨੂੰ ਸਿੱਖ ਵਿਰੋਧੀ ਹਰਕਤਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਦੇ ਦਿੱਲੀ ਕਮੇਟੀ ਦੇ ਅਹੁੱਦੇਦਾਰ ਅਤੇ ਸਮੂਹ ਕਮੇਟੀ ਮੈਂਬਰ ਮੌਜੂਦ ਸਨ।