ਸ੍ਰੀਨਗਰ – ਹਿਜ਼ਬੁਲ ਮੁਜਾਹਿਦੀਨ ਦੇ ਮੁੱਖ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਹੋ ਰਹੀ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਵਿੱਚ ਐਤਵਾਰ ਨੂੰ ਇੱਕ ਪੁਲਿਸ ਡਰਾਈਵਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਨਾਲ ਹੋਈਆਂ ਝੜਪਾਂ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਵੱਧ ਲੋਕ ਜਖਮੀ ਹੋਏ ਹਨ। ਜਖਮੀਆਂ ਵਿੱਚ 96 ਸੁਰੱਖਿਆ ਕਰਮਚਾਰੀ ਵੀ ਸ਼ਾਮਿਲ ਹਨ। ਹਿੰਸਾ ਨੂੰ ਵੇਖਦੇ ਹੋਏ ਅਨੰਤਨਾਗ, ਪੁਲਵਾਮਾ ਅਤੇ ਸ੍ਰੀਨਗਰ ਸਮੇਤ 10 ਜਿਲ੍ਹਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ।
ਰਾਜ ਵਿੱਚ ਹਿੰਸਕ ਕਾਰਵਾਈਆਂ ਅਜੇ ਵੀ ਜਾਰੀ ਹਨ। ਦੱਖਣੀ ਕਸ਼ਮੀਰ ਵਿੱਚ ਭੀੜ ਨੇ ਮੋਬਾਇਲ ਬੰਕਰ ਵਾਹਣ ਨੂੰ ਜੇਹਲਮ ਨਦੀ ਵਿੱਚ ਧੱਕ ਦਿੱਤਾ, ਜਿਸ ਨਾਲ ਇੱਕ ਪੁਲਿਸ ਡਰਾਈਵਰ ਦੀ ਮੌਤ ਹੋ ਗਈ। ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਣ ਅਮਰਨਾਥ ਯਾਤਰਾ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਕੁਝ ਸਥਾਨਾਂ ਤੇ ਲੋਕਾਂ ਨੇ ਕਰਫਿਊ ਦਾ ਉਲੰਘਣ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ। ਗ੍ਰਹਿ ਮੰਤਰੀ ਰਾਜਨਾਥ ਸਿੰਹ ਨੇ ਘਾਟੀ ਦੇ ਲੋਕਾਂ ਨੂੰ ਰਾਜ ਵਿੱਚ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਸ਼ਮੀਰ ਘਾਟੀ ਵਿੱਚ ਸ਼ਾਂਤੀ ਬਹਾਲ ਕਰਨ ਲਈ ਲਗਾਤਾਰ ਰਾਜ ਸਰਕਾਰ ਦੇ ਸੰਪਰਕ ਵਿੱਚ ਹੈ। ਹਿੰਸਕ ਘਟਨਾਵਾਂ ਨੂੰ ਵੇਖਦੇ ਹੋਏ ਕਸ਼ਮੀਰ ਵਿੱਚ ਇੰਟਰਨੈਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਦੱਖਣੀ ਕਸ਼ਮੀਰ ਦੇ ਹਾਜ਼ੀ ਪੋਰਾ ਵਿੱਚ ਹਿੰਸਕ ਭੀੜ ਨੇ ਸ਼ਨਿਚਰਵਾਰ ਨੂੰ ਪੁਲਿਸ ਥਾਣੇ ਤੇ ਹਮਲਾ ਕਰਕੇ ਹੱਥਿਆਰ ਲੁੱਟ ਲਏ ਸਨ। ਇਸ ਘਟਨਾ ਤੋਂ ਬਾਅਦ ਤਿੰਨ ਪੁਲਿਸ ਕਰਮਚਾਰੀਆਂ ਦੀ ਕੋਈ ਉਘ ਸੁਘ ਨਹੀਂ ਮਿਲ ਰਹੀ। ਭੀੜ ਵੱਲੋਂ ਸੁਰੱਖਿਆ ਬਲਾਂ ਤੇ ਗਰਨੇਡ ਸੁੱਟੇ ਜਾ ਰਹੇ ਹਨ।