ਇਸਲਾਮਾਬਾਦ – ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਘਾਟੀ ਵਿੱਚ ਭੜਕੀ ਇਸ ਹਿੰਸਾ ਦੌਰਾਨ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਵਿੱਚ ਬੁਰਹਾਨ ਵਾਨੀ ਨੂੰ ਸ਼ਹੀਦ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਉਸ ਦੀ ਮੌਤ ਤੇ ਡੂੰਘਾ ਦੁੱਖ ਪ੍ਰਗੱਟ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਵੀ ਬੁਰਹਾਨ ਦੀ ਮੌਤ ਤੇ ਹੈਰਾਨੀ ਅਤੇ ਦੁੱਖ ਜਾਹਿਰ ਕੀਤਾ ਹੈ।
ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਜੋ ਕਿ ਹਾਲ ਹੀ ਵਿੱਚ ਲੰਡਨ ਤੋਂ ਓਪਨ ਹਾਰਟ ਸਰਜਰੀ ਕਰਵਾ ਕੇ ਪਾਕਿਸਤਾਨ ਪਰਤੇ ਹਨ। ਉਨ੍ਹਾਂ ਨੇ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਭਾਰਤੀ ਸੁਰੱਖਿਆ ਬਲਾਂ ਦੁਆਰਾ ਕਸ਼ਮੀਰ ਵਿੱਚ ਕੀਤੀ ਗਈ ਕਾਰਵਾਈ ਦੀ ਨਿੰਦਿਆ ਕੀਤੀ।ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਸ਼ਮੀਰੀ ਨੇਤਾ ਬੁਰਹਾਨ ਵਾਨੀ ਅਤੇ ਪ੍ਰਦਰਸ਼ਨਕਾਰੀਆਂ ਤੇ ਸੈਨਾ ਅਤੇ ਸੁਰੱਖਿਆ ਬਲਾਂ ਦੁਆਰਾ ਕੀਤੀ ਗਈ ਕਾਰਵਾਈ ਨਾਲ ਪਾਕਿਸਤਾਨੀ ਪ੍ਰਧਾਨਮੰਤਰੀ ਸ਼ਰੀਫ਼ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਤੇ ਸੈਨਾ ਅਤੇ ਸੁਰੱਖਿਆ ਬਲਾਂ ਦੀ ਕਾਰਵਾਈ ਨੂੰ ਬਹੁਤ ਹੀ ਦੁਰਭਾਗੀ ਅਤੇ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।
ਕਸ਼ਮੀਰ ਦੇ ਵੱਖਵਾਦੀ ਨੇਤਾਵਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੇ ਵੀ ਪੀਐਮ ਨਵਾਜ਼ ਸ਼ਰੀਫ਼ ਨੇ ਭਾਰਤ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਮਨੁੱਖੀਅਧਿਕਾਰਾਂ ਨੂੰ ਲੈ ਕੇ ਆਪਣੇ ਫਰਜ਼ਾਂ ਅਤੇ ਯੂਐਨ ਸਕਿਊਰਟੀ ਕਾਊਂਸਿਲ ਦੇ ਪ੍ਰਸਤਾਵਾਂ ਦੇ ਪ੍ਰਤੀ ਆਪਣੀ ਵੱਚਨਬੱਧਤਾ ਦਾ ਪਾਲਣ ਕਰਨਾ ਚਾਹੀਦਾ ਹੈ। ਬੁਰਹਾਨ ਦੀ ਮੌਤ ਤੋਂ ਬਾਅਦ ਹੁਰੀਅਤ ਨੇਤਾ ਮੀਰਵਾਇਜ ਉਮਰ ਨੇ ਬੰਦ ਦਾ ਐਲਾਨ ਕੀਤਾ ਸੀ ਅਤੇ ਵਾਨੀ ਦੇ ਜਨਾਜੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ। ਹਾਫਿ਼ਜ ਸਈਅਦ ਨੇ ਵੀ ਵਾਨੀ ਨੂੰ ਸ਼ਹੀਦ ਦੱਸਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਹੈ।