ਭਿੱਖੀਵਿੰਡ,(ਭੁਪਿੰਦਰ ਸਿੰਘ)-ਦੇਸ਼ ਭਾਰਤ ਉਪਰ ਲੰਮਾ ਸਮਾਂ ਰਾਜ ਕਰਨ ਵਾਲੀ ਅੰਗਰੇਜ ਸਰਕਾਰ ਤੋਂ ਦੇਸ਼ ਨੂੰ ਮੁਕਤੀ ਦਿਵਾਉਣ ਵਾਲੇ ਆਜਾਦੀ ਘੁਲਾਟੀਏ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਸਰਕਾਰਾਂ ਦਾ ਕੀ ਰਵੱਈਆ ਰਿਹਾ ਹੈ, ਜਿਸ ਦੀ ਉਦਾਹਰਣ ਜਿਲ੍ਹਾ ਤਰਨ ਤਾਰਨ ਦੇ ਪਿੰਡ ਬੂੜਚੰਦ ਦੇ ਦੋ ਸਕੇ ਭਰਾਵਾਂ ਬਘੇਲ ਸਿੰਘ ਤੇ ਚੰਨਣ ਸਿੰਘ ਪੁੱਤਰਾਨ ਬਾਲ ਸਿੰਘ ਤੋਂ ਮਿਲਦੀ ਹੈ। ਆਜਾਦੀ ਦੀ ਚਾਹਤ ਨੂੰ ਅਮਲੀਜਾਮਾ ਪਹਿਨਾਉਣ ਲਈ ਦੋਵਾਂ ਭਰਾਵਾਂ ਨੇ ਅੰਗਰੇਜ ਨਾਲ ਮੱਥਾ ਲਾਇਆ ਅਤੇ ਜਿਸ ਕਰਕੇ ਬਘੇਲ ਸਿੰਘ ਤੇ ਚੰਨਣ ਸਿੰਘ ਅੰਗਰੇਜ ਸਰਕਾਰ ਦੀ ਅੱਖ ਵਿੱਚ ਰੜਕਣ ਲੱਗ ਪਏ ਅਤੇ ਦੋਵਾਂ ਭਰਾਵਾਂ ਦੀ ਬਗਾਵਤ ਸੁਰਾਂ ਨੂੰ ਵੇਖਦਿਆਂ ਹੋਇਆ ਸਰਕਾਰ ਨੇ ਗਦਰੀ ਬਾਬਿਆਂ ਦੇ ਗੜ੍ਹ ਮੰਨੇ ਜਾਂਦੇ ਪਿੰਡ ਪੱਧਰੀ ਵਿਖੇ ਸ਼ਾਹੂਕਾਰ ਕਪੂਰੇ ਦੇ ਕਤਲ ਕਾਂਡ ਦੇ ਜੁਰਮ ਵਿੱਚ ਬਘੇਲ ਸਿੰਘ ਤੇ ਚੰਨਣ ਸਿੰਘ ਸਮੇਤ 15 ਬੱਬਰ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਚੰਨਣ ਸਿੰਘ ਨੂੰ ਗ੍ਰਿਫਤਾਰ ਕਰਕੇ ਭਾਂਵੇ ਫਾਂਸੀ ਦੇ ਦਿੱਤੀ ਗਈ, ਪਰ ਉਸਦੇ ਭਰਾ ਬਘੇਲ ਸਿੰਘ ਗ੍ਰਿਫਤਾਰ ਕਰਨ ਉਪਰੰਤ ਸਮੇਂ ਦੀ ਗੋਰੀ ਹਕੂਮਤ ਸਰਕਾਰ ਨੇ ਉਮਰ ਕੈਦ ਦੀ ਸਜਾ ਸੁਣਾ ਕੇ ਕਾਲੇ ਪਾਣੀ ਤੋਰ ਦਿੱਤਾ ਸੀ। ਬਘੇਲ ਸਿੰਘ ਨੇ ਜਿਥੇ ਲੰਮਾ ਸਮਾਂ ਕਾਲੇ ਪਾਣੀਆਂ ਦੀ ਸਜਾ ਨੂੰ ਆਪਣੇ ਪਿੰਡੇ ‘ਤੇ ਹਢਾਇਆ ਸੀ, ਉਥੇ ਅੰਗਰੇਜ ਹਕੂਮਤ ਵੱਲੋਂ 1915 ਵਿੱਚ ਬਘੇਲ ਸਿੰਘ ਨੂੰ ਬਗਾਵਤ ਦਾ ਇਨਾਮ ਦਿੰਦਿਆਂ ਉਸਦੀ ਜਮੀਨ ਤੇ ਜਾਇਦਾਦ ਨੂੰ ਜਬਤ ਕਰਕੇ ਕੱਖੋਂ ਹੋਲਿਆਂ ਕਰਕੇ ਰੱਖ ਦਿੱਤਾ ਗਿਆ। ਦੱਸਣਯੋਗ ਹੈ ਕਿ ਬ੍ਰਿਟਿਸ਼ ਹਕੂਮਤ ਤੋਂ ਦੇਸ਼ ਨੂੰ ਮੁਕਤ ਕਰਵਾਉਣ ਦੀ ਤਾਂਘ ਵਿੱਚ ਦੋਵਾਂ ਭਰਾਵਾਂ ਚੰਨਣ ਸਿੰਘ ਤੇ ਬਘੇਲ ਸਿੰਘ ਨੇ ਆਪਣੇ ਵੱਲੋਂ ਆਰੰਭੇ ਹੋਏ ਸੰਘਰਸ਼ ਨੂੰ ਹਾਸਲ ਕਰਨ ਲਈ ਕਦੇ ਵੀ ਪਰਿਵਾਰ ਨੂੰ ਵਿੱਚ ਨਹੀ ਆਉਣ ਦਿੱਤਾ। ਕਾਲੇ ਪਾਣੀਆਂ ਦੀ ਲੰਮਾਂ ਸਜਾ ਕੱਟਣ ਉਪਰੰਤ ਜਦੋਂ ਬਘੇਲ ਸਿੰਘ ਸੰਨ 1934 ਨੂੰ ਆਪਣੇ ਪਿੰਡ ਬੂੜਚੰਦ ਪਹੁੰਚਿਆਂ ਤਾਂ ਉਸਦਾ ਘਰ ਖੰਡਰਨੁਮਾ ਬਣ ਚੁੱਕਾ ਸੀ ਤੇ ਉਸਦੀ ਧਰਮ ਸੁਪਤਨੀ ਰੱਬ ਨੂੰ ਪਿਆਰੀ ਹੋ ਗਈ ਅਤੇ ਆਪਣੇ ਦੇਸ਼ ਭਗਤ ਪੁੱਤਰ ਦੀ ਉਡੀਕ ਕਰਦੇ ਮਾਪੇ ਵੀ ਸੰਸਾਰ ਨੂੰ ਛੱਡ ਗਏ ਸਨ। ਸੁੰਨਸਾਨ ਘਰ ਵਿੱਚ ਬਿਨ੍ਹਾ ਪਰਿਵਾਰ ਤੋਂ ਕੁਝ ਸਮਾਂ ਰਹਿਣ ਉਪਰੰਤ ਦੇਸ਼ ਭਗਤ ਬਘੇਲ ਸਿੰਘ ਨੇ ਸੰਨ 1971 ਵਿੱਚ ਆਪਣੇ ਭਤੀਜੇ ਅਮਰਜੀਤ ਸਿੰਘ ਪੁੱਤਰ ਹਜਾਰਾ ਸਿੰਘ ਨੂੰ ਆਪਣੀ ਗੋਦ ਵਿੱਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਆਪਣੇ ਪੁੱਤਰ ਅਮਰਜੀਤ ਸਿੰਘ ਤੇ ਭਰਜਾਈ ਪ੍ਰਕਾਸ਼ ਕੌਰ ਨਾਲ ਰਹਿਣ ਲੱਗ ਪਿਆ। ਦੇਸ਼ ਦੀ ਆਜਾਦੀ ਵਿੱਚ ਪਾਏ ਯੋਗਦਾਨ ਬਦਲੇ 1962 ਵਿੱਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦਸਤਖਤਾਂ ਹੇਠ ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਵੀ ਦਿੱਤਾ ਗਿਆ। ਗੁਲਾਮੀ ਦੀਆਂ ਜੰਜੀਰਾਂ ਤੋਂ ਭਾਰਤ ਨੂੰ ਮੁਕਤੀ ਦਿਵਾਉਣ ਵਿੱਚ ਯੋਗਦਾਨ ਪਾਉਣ ਵਾਲੇ ਬਘੇਲ ਸਿੰਘ ਨੂੰ ਆਜਾਦੀ ਉਪਰੰਤ ਜਿਉਦੇ ਜੀਅ ਅੰਗਰੇਜ ਰਾਜ ਵੱਲੋਂ ਜਬਤ ਕੀਤੀ ਹੋਈ ਜਮੀਨ-ਜਾਇਦਾਦ ਵਾਪਸ ਲੈਣ ਤੇ ਬਣਦੀਆਂ ਸਹੂਲਤਾਂ ਲਈ ਦਰ-ਦਰ ਠੋਕਰਾਂ ਖਾਣ ਤੋਂ ਇਲਾਵਾ ਕੁਝ ਵੀ ਹਾਸਲ ਨਾ ਹੋ ਸਕਿਆ। ਆਖਰ ਦੇਸ਼ ਦੀ ਆਜਾਦੀ ਦਾ ਕੁਝ ਸਮਾਂ ਨਿੱਘ ਮਾਨਣ ਤੋਂ ਬਾਅਦ 7 ਦਸੰਬਰ 1971 ਨੂੰ ਬਘੇਲ ਸਿੰਘ ਦੀ ਮੌਤ ਹੋ ਗਈ।
ਦੇਸ਼ ਭਾਰਤ ਨੂੰ ਆਜਾਦ ਹੋਇਆ ਭਾਂਵੇ 70 ਦੇ ਕਰੀਬ ਸਮਾਂ ਬੀਤ ਚੁੱਕਾ ਹੈ, ਪਰ ਦੇਸ਼ ਭਗਤ ਬਘੇਲ ਸਿੰਘ ਦੇ ਵਾਰਸ ਅਮਰਜੀਤ ਸਿੰਘ ਨੂੰ ਕਿਸੇ ਵੀ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਸਰਕਾਰੀ ਸਹੂਲਤ ਨਹੀ ਦਿੱਤੀ ਗਈ। ਆਪਣੀ ਬਿਰਧ ਮਾਤਾ ਪ੍ਰਕਾਸ਼ ਕੌਰ ਨਾਲ ਪਿੰਡ ਬੂੜਚੰਦ ਵਿਖੇ ਪੁਰਾਤਨ ਸਮੇਂ ਦੇ ਦੋਂ ਕਮਰਿਆਂ ਵਾਲੇ ਸਧਾਰਨ ਮਕਾਨ ਵਿੱਚ ਰਹਿ ਰਿਹਾ ਅਮਰਜੀਤ ਸਿੰਘ ਸਾਰੀ ਦਿਹਾੜੀ ਰਿਕਸ਼ਾ ਚਲਾ ਕੇ ਦੋ ਡੰਗ ਦੀ ਰੋਟੀ ਖਾ ਕੇ ਆਪਣਾ ਸਮਾਂ ਬਤੀਤ ਕਰ ਰਿਹਾ ਹੈ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਏ ਆਜਾਦੀ ਘੁਲਾਟੀਏ ਬਘੇਲ ਸਿੰਘ ਦੇ ਰਿਕਸ਼ਾ ਚਾਲਕ ਪੁੱਤਰ ਅਮਰਜੀਤ ਸਿੰਘ ਤੇ ਉਸਦੀ ਬਿਰਧ ਮਾਤਾ ਪ੍ਰਕਾਸ਼ ਕੌਰ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ‘ਤੇ ਗਿਲਾ ਕਰਦਿਆਂ ਕਿਹਾ ਕਿ ਸਾਡੇ ਪਿਤਾ ਬਘੇਲ ਸਿੰਘ ਤੇ ਉਸਦੇ ਭਰਾ ਚੰਨਣ ਸਿੰਘ ਨੇ ਆਪਣੀ ਸਾਰੀ ਉਮਰ ਦੇਸ਼ ਦੇ ਲੇਖੇ ਤਾਂ ਲਗਾ ਦਿੱਤੀ। ਪਰ ਸਰਕਾਰਾਂ ਨੇ 100 ਸਾਲ ਪਹਿਲਾਂ ਜਬਤ ਕੀਤੀ ਸਾਡੀ ਜਮੀਨ-ਜਾਇਦਾਦ ਵਾਪਸ ਵੀ ਨਹੀ ਕੀਤੀ ਸੀ, ਉਥੇ ਸਾਨੂੰ ਸਰਕਾਰਾਂ ਵੱਲੋਂ ਐਲਾਨੀਆਂ ਸਹੂਲਤਾਂ ਵੀ ਅਜੇ ਤੱਕ ਨਹੀ ਨਸੀਬ ਹੋ ਸਕੀਆਂ। ਅੱਖਾਂ ਵਿੱਚ ਹੰਝੂ ਵਹਾਉਦਿਆਂ ਅਮਰਜੀਤ ਸਿੰਘ ਨੇ ਦੁੱਖੀ ਮਨ ਨਾਲ ਆਖਿਆ ਕਿ ਅਸੀ ਘਰ-ਬਾਹਰ ਵੀ ਗਵਾਇਆ ਤੇ ਲੋਕਾਂ ਪਾਸੋਂ ਭੜੂਵਾਅ ਵੀ ਅਖਵਾਇਆ ਹੈ। ਹੁਣ ਦੇਖਣਾ ਬਣਦਾ ਹੈ ਕਿ ਆਪਣੇ ਆਪ ਨੂੰ ਪੰਥਕ ਅਖਵਾਉਦੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਪਰਿਵਾਰ ਦੀ ਸਾਰ ਲਵੇਗੀ ਜਾਂ ਦੂਜੀਆਂ ਸਰਕਾਰਾਂ ਵਾਂਗ ਮੂੰਹ ਵੇਰ ਲਵੇਗੀ ?
ਫੋਟੋ ਕੈਪਸ਼ਨ :- ਆਜਾਦੀ ਘੁਲਾਟੀਏ ਬਘੇਲ ਸਿੰਘ ਦੀ ਫੋਟੋ ਹੱਥ ਵਿੱਚ ਫੜੀ ਜਾਣਕਾਰੀ ਦਿੰਦਾ ਹੋਇਆ ਰਿਕਸ਼ਾ ਚਾਲਕ ਪੁੱਤਰ ਅਮਰਜੀਤ ਸਿੰਘ ਤੇ ਉਸਦੀ ਮਾਂ ਪ੍ਰਕਾਸ਼ ਕੌਰ। ਪੰਜਾਬ ਸਰਕਾਰ ਵੱਲੋਂ ਦਿੱਤਾ ਪ੍ਰਮਾਣ-ਪੱਤਰ। ਬਘੇਲ ਸਿੰਘ ਦੀ ਫਾਈਲ ਫੋਟੋ।
ਰਿਪੋਟਰ :- ਭੁਪਿੰਦਰ ਸਿੰਘ-ਭਿੱਖੀਵਿੰਡ-