ਨਵੀਂ ਦਿੱਲੀ – ਅਭਿਨੇਤਾ ਤੋਂ ਸੰਸਦ ਮੈਂਬਰ ਬਣੇ ਰਾਜ ਬੱਬਰ ਨੂੰ ਪਾਰਟੀ ਪ੍ਰਧਾਨ ਬਣਾਇਆ ਹੈ। ਨਿਰਮਲ ਖਤਰੀ ਦੇ ਇਸ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਪਾਰਟੀ ਨੇ ਰਾਜ ਬੱਬਰ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ। ਕਾਂਗਰਸ ਨੇਤਾ ਗੁਲਾਮ ਨਬੀ ਆਜਾਦ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੱਤੀ।
ਗੁਲਾਮ ਨਬੀ ਆਜਾਦ ਦੇ ਘਰ ਹੋਈ ਬੈਠਕ ਵਿੱਚ ਰਾਜ ਬੱਬਰ ਨੂੰ ਉਤਰ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਬਣਾਉਣ ਦਾ ਫੈਂਸਲਾ ਲਿਆ ਗਿਆ। ਇਸ ਬੈਠਕ ਵਿੱਚ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਵੀ ਭਾਗ ਲਿਆ। ਇਸ ਬੈਠਕ ਵਿੱਚ ਪ੍ਰਿਅੰਕਾ ਦੀ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਭੂਮਿਕਾ ਸਬੰਧੀ ਵੀ ਚਰਚਾ ਕੀਤੀ ਗਈ। ਪ੍ਰਦੇਸ਼ ਪ੍ਰਧਾਨ ਦੇ ਪਦ ਲਈ ਪਹਿਲਾਂ ਸ਼ੀਲਾ ਦੀਕਸ਼ਤ ਦੇ ਨਾਮ ਦੀ ਵੀ ਚਰਚਾ ਚੱਲੀ ਸੀ ਪਰ ਵਰਤਮਾਨ ਰਾਜਨੀਤਕ ਸਰਗਰਮੀਆਂ ਦੇ ਆਧਾਰ ਤੇ ਰਾਜ ਬੱਬਰ ਨੂੰ ਇਸ ਅਹੁਦੇ ਲਈ ਯੋਗ ਸਮਝਿਆ ਗਿਆ।
ਕਾਂਗਰਸ ਪਾਰਟੀ ਵੱਲੋਂ ਰਾਜ ਬੱਬਰ ਦੇ ਨਾਮ ਦੇ ਐਲਾਨ ਤੋਂ ਬਾਅਦ ਰਾਜ ਮਿਸ਼ਰਾ ਅਤੇ ਇਮਰਾਨ ਮਸੂਦ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਂਸਲੇ ਲਏ ਗਏ ਹਨ। ਰਾਜੇਸ਼ ਮਿਸ਼ਰਾ ਨੂੰ ਪਾਰਟੀ ਦਾ ਉਪਪ੍ਰਧਾਨ ਬਣਾਉਣ ਦਾ ਨਿਰਣਾ ਚੋਣਾਂ ਵਿੱਚ ਬ੍ਰਾਹਮਣ ਵੋਟਾਂ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਪ੍ਰਿਅੰਕਾ ਗਾਂਧੀ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਅਹਿਮ ਭੂਮਿਕਾ ਦਿੱਤੀ ਜਾ ਸਕਦੀ ਹੈ।