ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀ ਵਾਲ ਦੀ ਨਿਹੰਗ ਸਿੰਘ ਦੇ ਬਾਣੇ ਵਿੱਚ ਇੰਡੀਆ ਟੂਡੇ ਮੈਗਜ਼ੀਨ ਲਈ ਤਸਵੀਰ ਛਾਪੇ ਜਾਣ ‘ਤੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਕਲਗੀਧਰ ਦਸਮੇਸ਼ ਪਿਤਾ ਦੀ ਲਾਡਲੀ ਫੌਜ ਹੈ ਤੇ ਇਹ ਬਾਣਾ ਏਨੀ ਅਸਾਨੀ ਨਾਲ ਨਹੀਂ ਮਿਲਦਾ ਇਸ ਦੇ ਲਈ ਕਠਿਨ ਘਾਲਣਾ ਘਾਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਇੰਡੀਆ ਟੂਡੇ ਮੈਗਜ਼ੀਨ ਤੇ ਇਸ ਤਰ੍ਹਾਂ ਦੀ ਬਹਿਰੂਪੀਏ ਵਾਲੀ ਤਸਵੀਰ ਵੇਖ ਕੇ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮਨਾ ਤੇ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਕੋਈ ਨਾ ਕੋਈ ਨਵਾਂ ਸਾਂਗ ਰਚਾ ਲੈਂਦਾ ਹੈ ਤੇ ਬਾਅਦ ਵਿੱਚ ਮੁਆਫ਼ੀ ਮੰਗ ਕੇ ਬਗਲਾ ਭਗਤ ਬਣ ਬੈਠਦਾ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਗਲਤੀਆਂ ਦਾ ਪੁਤਲਾ ਹੈ ਤੇ ਇਸ ਤਰ੍ਹਾਂ ਬਾਰ-ਬਾਰ ਗਲਤੀਆਂ ਕਰਨ ਨਾਲ ਕੋਈ ਕੌਮ ਮੁਆਫ਼ ਨਹੀਂ ਕਰ ਸਕਦੀ।ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਇੰਡੀਆ ਟੂਡੇ ਮੈਗਜ਼ੀਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਦੋਹਾਂ ਸਰਕਾਰਾਂ ਵੱਲੋਂ ਕੇਜਰੀਵਾਲ ਅਤੇ ਇੰਡੀਆ ਟੂਡੇ ਮੈਗਜ਼ੀਨ ਦੇ ਚੀਫ ਐਡੀਟਰ ਅਰੁਣ ਪੁਰੀ ਦੀ ਇਸ ਘਿਨਾਉਣੀ ਹਰਕਤ ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।