ਨਵੀਂ ਦਿੱਲੀ – ਕਾਂਗਰਸ ਨੇ ਆਖਿਰਕਾਰ ਲੰਬੀ ਜਦੋ-ਜਹਿਦ ਦੇ ਬਾਅਦ ਸ਼ੀਲਾ ਦੀਕਸ਼ਤ ਨੂੰ ਉਤਰ ਪ੍ਰਦੇਸ਼ ਦੀ ਮੁੱਖਮੰਤਰੀ ਉਮੀਦਵਾਰ ਦੇ ਤੌਰ ਤੇ ਪੇਸ਼ ਕਰ ਦਿੱਤਾ ਹੈ। ਕਾਂਗਰਸ ਨੇ ਬ੍ਰਾਹਮਣ ਚੇਹਰੇ ਤੇ ਦਾਅ ਖੇਡਿਆ ਹੈ। ਕਾਂਗਰਸ ਦੇ ਮੁੱਖ ਸਕੱਤਰ ਗੁਲਾਮ ਨਬੀ ਆਜਾਦ ਨੇ ਵੀਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸ਼ੀਲਾ ਦੀਕਸ਼ਤ ਦੇ ਨਾਮ ਦਾ ਐਲਾਨ ਕੀਤਾ ਹੈ। ਰਾਜਸਭਾ ਮੈਂਬਰ ਸੰਜੇ ਸਿੰਹੁ ਨੂੰ ਉਤਰਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਲਈ ਕਾਂਗਰਸ ਦੀ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਇਆ ਹੈ।
ਪਿੱਛਲੇ ਕੁਝ ਅਰਸੇ ਤੋਂ ਪਾਰਟੀ ਹਾਈ ਕਮਾਨ ਵਿੱਚ ਸ਼ੀਲਾ ਦੀਕਸ਼ਤ ਨੂੰ ਯੂਪੀ ਦੀ ਕਮਾਂਡ ਸੌਂਪਣ ਦੀ ਚਰਚਾ ਚੱਲ ਰਹੀ ਸੀ। ਉਨ੍ਹਾਂ ਬਾਰੇ ਇਹ ਵੀ ਦਲੀਲ ਦਿੱਤੀ ਜਾ ਰਹੀ ਸੀ ਕਿ ਸ਼ੀਲਾ ਦੇ ਬਹਾਨੇ ਬ੍ਰਾਹਮਣ ਵੋਟਾਂ ਨੂੰ ਇੱਕਜੁੱਟ ਕੀਤਾ ਜਾ ਸਕਦਾ ਹੈ। ਸੰਜੇ ਸਿੰਹੁ ਨੂੰ ਚੋਣ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਮਕਸਦ ਰਾਜਪੂਤ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨਾ ਹੈ। ਪ੍ਰਿਅੰਕਾ ਵੀ ਯੂਪੀ ਵਿੱਚ ਚੋਣ ਪ੍ਰਚਾਰ ਦਾ ਹਿੱਸਾ ਬਣ ਸਕਦੀ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਨੂੰ ਵੀ ਯੂਪੀ ਦਾ ਚਿਹਰਾ ਬਣਾਉਣ ਸਬੰਧੀ ਸਲਾਹ-ਮਸ਼ਵਰਾ ਕੀਤਾ ਗਿਆ ਸੀ, ਪਰ ਅੰਤ ਵਿੱਚ ਪਾਰਟੀ ਨੇ ਸ਼ੀਲਾ ਦੇ ਨਾਮ ਤੇ ਹੀ ਮੋਹਰ ਲਗਾਈ। ਸ਼ੀਲਾ ਦੀਕਸ਼ਤ ਦੇ ਸਹੁਰਾ ਸਾਹਿਬ ਉਮਾ ਸ਼ੰਕਰ ਦੀਕਸ਼ਤ ਵੀ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚ ਰਹੇ ਸਨ। ਉਹ ਕੇਂਦਰੀ ਮੰਤਰੀ ਦੇ ਅਹੁਦੇ ਤੇ ਵੀ ਰਹਿ ਚੁੱਕੇ ਸਨ।
ਕਾਂਗਰਸ ਦਾ ਮੰਨਣਾ ਹੈ ਕਿ ਉਤਰ ਪ੍ਰਦੇਸ਼ ਅਤੇ ਦਿੱਲੀ ਆਪਸ ਵਿੱਚ ਜੁੜੇ ਹੋਏ ਹਨ। ਇਸ ਲਈ ਯੂਪੀ ਦੇ ਲੋਕ ਵੀ ਸ਼ੀਲਾ ਦੀਕਸ਼ਤ ਦੇ ਦਿੱਲੀ ਦੇ 15 ਸਾਲ ਦੇ ਸ਼ਾਸਨ ਤੋਂ ਵਾਕਿਫ਼ ਹਨ। ਯੂਪੀ ਵਾਸੀਆਂ ਦੇ ਦਿਲਾਂ ਵਿੱਚ ਦਿੱਲੀ ਦੀ ਮੈਟਰੋ ਅਤੇ ਫਲਾਈਓਵਰ ਦੇ ਇਲਾਵਾ ਸ਼ੀਲਾ ਦੇ ਵਿਕਾਸ ਦੇ ਮਾਡਲ ਨੂੰ ਲੈ ਕੇ ਸਕਾਰਤਮਕ ਛਵੀ ਬਣੀ ਹੋਈ ਹੈ। ਇਹ ਸੱਭ ਕੁਝ ਯੂਪੀ ਵਿੱਚ ਕਾਂਗਰਸ ਦੇ ਚੋਣ ਰਣਨੀਤੀਕਾਰ ਪ੍ਰਸ਼ਾਤ ਕਿਸ਼ੋਰ ਦੀ ਸਲਾਹ ਤੇ ਹੀ ਕੀਤਾ ਜਾ ਰਿਹਾ ਹੈ।