ਫ਼ਤਹਿਗੜ੍ਹ ਸਾਹਿਬ -“ਸਰਬੱਤ ਖ਼ਾਲਸਾ ਨਾਲ ਸੰਬੰਧਿਤ ਪੰਥਕ ਧਿਰਾਂ ਅਤੇ ਸਰਬੱਤ ਖ਼ਾਲਸਾ ਵੱਲੋਂ ਚੁਣੇ ਗਏ ਜਥੇਦਾਰ ਸਾਹਿਬਾਨਾਂ ਦੇ ਸੱਦੇ ਤੇ 17 ਜੁਲਾਈ ਨੂੰ ਭਗਤਾ ਭਾਈਕਾ ਤੋਂ ਬਰਗਾੜੀ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਤੋ ਘਬਰਾਉਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਨੂੰ ਅੱਜ ਭਾਰੀ ਪੁਲਿਸ ਫੋਰਸ ਨੇ ਹਾਊਸ ਅਰੈਸਟ ਕਰ ਲਿਆ । ਇਸੇ ਤਰ੍ਹਾਂ ਵੱਖ-ਵੱਖ ਜਿ਼ਲ੍ਹਿਆਂ ਤੋਂ ਪੰਥਕ ਧਿਰਾਂ ਨਾਲ ਸੰਬੰਧਤ ਪ੍ਰਮੁੱਖ ਆਗੂ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਇਟਡ ਅਕਾਲੀ ਦਲ, ਗੁਰਦੀਪ ਸਿੰਘ ਬਠਿੰਡਾ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਹਰਭਜਨ ਸਿੰਘ ਕਸ਼ਮੀਰੀ, ਸੁਲੱਖਣ ਸਿੰਘ ਸਾਹਕੋਟ, ਸਤਨਾਮ ਸਿੰਘ ਗੁਰਦਾਸਪੁਰ, ਇਕਬਾਲ ਸਿੰਘ ਬਰੀਵਾਲਾ ਅਤੇ ਗੁਰਬਖ਼ਸ ਸਿੰਘ ਰੂਬੀ ਮੁਕਤਸਰ, ਗੁਰਵਤਨ ਸਿੰਘ ਮੁਕੇਰੀਆ, ਗੁਰਮੀਤ ਸਿੰਘ ਮਾਨ ਪਠਾਨਕੋਟ, ਰਾਗੀ ਬਲਵੀਰ ਸਿੰਘ, ਬਲਦੇਵ ਸਿੰਘ ਵਡਾਲਾ ਆਦਿ ਬਹੁਤ ਸਾਰੇ ਆਗੂਆਂ ਨੂੰ ਅੱਜ ਸਵੇਰੇ ਹੀ ਉਹਨਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਕੁਝ ਆਗੂ ਪੁਲਿਸ ਤੋਂ ਆਪਣੇ-ਆਪ ਨੂੰ ਬਚਾਉਣ ਲਈ ਆਪਣੇ ਘਰਾਂ ਤੋਂ ਇੱਧਰ-ਉੱਧਰ ਹੋ ਚੁੱਕੇ ਹਨ ।”
ਸ.ਮਾਨ ਨੇ ਇਸ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਤੇ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਬਾਦਲ ਹਕੂਮਤ ਪੰਥਕ ਧਿਰਾਂ ਵੱਲੋਂ ਦਿੱਤੇ ਪ੍ਰੋਗਰਾਮਾਂ ਨੂੰ ਅਸਫ਼ਲ ਬਣਾਉਣ ਦਾ ਬਹਾਨਾ ਲਗਾਕੇ ਅਜਿਹਾ ਕਰ ਚੁੱਕੀ ਹੈ । ਪਰ ਸੱਚ ਇਹ ਹੈ ਕਿ ਸਿੱਖ ਕੌਮ ਨੇ ਬਾਦਲ ਦਲ ਨੂੰ ਮੁੱਢੋ ਨਿਕਾਰ ਦਿੱਤਾ ਹੈ । ਕਿਉਂਕਿ ਬਾਦਲ ਹਕੂਮਤ ਦੇ ਦੌਰਾਨ ਸਿੱਖ ਕੌਮ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਅੱਜ ਤੱਕ ਸਰਕਾਰ ਤੇ ਪੰਜਾਬ ਪੁਲਿਸ ਗ੍ਰਿਫ਼ਤਾਰ ਕਰਨ ਵਿਚ ਨਾ-ਕਾਮ ਰਹੀ ਹੈ । ਸਰਕਾਰ ਦੀ ਇਹ ਕਾਰਵਾਈ ਮਨੁੱਖੀ ਅਧਿਕਾਰਾਂ ਉਤੇ ਸਿੱਧਾ ਹਮਲਾ ਹੈ । ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਧਰਮ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਪੰਥਕ ਲੀਡਰਾਂ ਨੂੰ ਜ਼ਲੀਲ ਕਰਨ ਦੀ ਕਾਰਵਾਈ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ । ਸ. ਮਾਨ ਨੇ ਕਿਹਾ ਕਿ 17 ਜੁਲਾਈ ਨੂੰ ਭਗਤਾ ਭਾਈਕਾ ਵਿਖੇ ਹੋਣ ਵਾਲਾ ਰੋਸ ਮਾਰਚ ਅਮਨਮਈ, ਸ਼ਾਂਤਮਈ, ਜਮੂਹਰੀਅਤ ਤਰੀਕੇ ਕੀਤਾ ਜਾਣ ਵਾਲਾ ਪ੍ਰੋਗਰਾਮ ਸੀ । ਇਸ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਫਿਰ ਸਰਕਾਰ ਵੱਲੋਂ ਸਾਨੂੰ ਗ੍ਰਿਫ਼ਤਾਰ ਜਾਂ ਹਾਊਸ ਅਰੈਸਟ ਕਰਨ ਦਾ ਕੀ ਮਤਲਬ ਹੈ ? ਸ. ਮਾਨ ਨੇ ਇਲਜਾਮ ਲਗਾਉਦਿਆ ਕਿਹਾ ਕਿ ਪੰਜਾਬ ਦੀ ਨੌਜ਼ਵਾਨੀ ਨੂੰ ਨਸਿ਼ਆਂ ਵਿਚ ਗਲਤਾਨ ਕਰਨ ਵਾਲੇ ਬਿਕਰਮਜੀਤ ਸਿੰਘ ਮਜੀਠੀਏ ਵਰਗੇ ਸਮਾਜ ਅਤੇ ਸਿੱਖ ਪੰਥ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਹੋਣੀ ਬਣਦੀ ਹੈ, ਪਰ ਉਸ ਨੂੰ ਸਰਕਾਰੀ ਸਰਪ੍ਰਸਤੀ ਹੇਠ ਬਚਾਇਆ ਜਾ ਰਿਹਾ ਹੈ । ਪੰਜਾਬ ਪੁਲਿਸ ਅੱਜ ਪੂਰੀ ਤਰ੍ਹਾਂ ਸਰਕਾਰੀ ਦਬਾਅ ਹੇਠ ਕੰਮ ਕਰਕੇ ਆਪਣੇ ਫਰਜਾਂ ਅਤੇ ਕਾਨੂੰਨ ਨੂੰ ਨਜ਼ਰ ਅੰਦਾਜ ਕਰਕੇ ਮਨਮਾਨੀਆ ਕਰ ਰਹੀ ਹੈ । ਸ. ਮਾਨ ਦੇ ਨਾਲ ਇਸ ਮੌਕੇ ਉਹਨਾਂ ਦੇ ਪੀ.ਏ. ਸ. ਗੁਰਜੰਟ ਸਿੰਘ ਕੱਟੂ, ਵੈਬ ਮਾਸਟਰ ਲੱਖਾ ਮਹੇਸ਼ਪੁਰੀਆ, ਹਰਜੀਤ ਸਿੰਘ ਕਰਨਾਲ, ਲਖਵੀਰ ਸਿੰਘ ਕੋਟਲਾ, ਕੁਲਵੰਤ ਸਿੰਘ ਅਜਨਾਲਾ, ਗੁਰਦੀਪ ਸਿੰਘ ਆਲਮਪੁਰ, ਗੁਰਮੁੱਖ ਸਿੰਘ ਸਮਸ਼ਪੁਰ, ਕਰਨਵੀਰ ਸਿੰਘ ਸਾਨੀਪੁਰ ਆਦਿ ਆਗੂ ਹਾਜ਼ਰ ਸਨ ।