ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ, ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਅਨੇਕਾਂ ਮੁਸੀਬਤਾਂ ਦੇ ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਹਕੂਮਤੀ ਜਬਰ ਤੇ ਜ਼ੁਲਮ ਢਾਹਿਆ ਗਿਆ। ਇਕ ਵਖਤ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਇਨਸਾਫ ਪਸੰਦ ਤੇ ਲੋਕਪੱਖੀ ਖਾਲਸਾ ਰਾਜ ਸਥਾਪਤ ਹੋਇਆ। ਸਿੱਖੀ ਦੀ ਬੁਨਿਆਦ ‘ਤੇ ਉਸਰਿਆ ਖਾਲਸਾ ਰਾਜ ਸਮਾਪਤ ਹੋਣ ਬਾਅਦ ਸਿੱਖੀ ਲਈ ਫਿਰ ਇਕ ਬਿਖੜਾ ਤੇ ਦੁੱਖਦਾਈ ਸਮਾਂ ਆਇਆ। ਸਿੱਖ ਧਰਮ ਉਪਰ ਵਹਿਮਾਂ ਭਰਮਾਂ, ਅੰਧ-ਵਿਸ਼ਵਾਸ ਤੇ ਪਾਖੰਡਵਾਦ ਦਾ ਬੋਲਬਾਲਾ ਹੋਣ ਲੱਗਿਆ। ਪੇਂਡੂ ਤਬਕਾ ਬਿਲਕੁਲ ਅੰਧ-ਵਿਸ਼ਵਾਸ ਦੀ ਦਲਦਲ ਵਿਚ ਧੱਸ ਗਿਆ। ਅਨਪੜ੍ਹਤਾ ਤੇ ਅਗਿਆਨਤਾ ਦਾ ਪਸਾਰਾ ਹੋਣ ਲੱਗਿਆ। ਇਸ ਦੌਰ ਅੰਦਰ ਇਕ ਅਜਿਹੀ ਧਾਰਮਿਕ ਸ਼ਖ਼ਸੀਅਤ ਦੀ ਲੋੜ ਮਹਿਸੂਸ ਹੋਣ ਲੱਗੀ, ਜੋ ਔਝੜੇ ਰਾਹਾਂ ਦੇ ਅੰਧਕਾਰ ਨੂੰ ਉਸਾਰੂ ਲੀਹ ‘ਤੇ ਲਿਆ ਸਕੇ ਅਤੇ ਸਿੱਖੀ ਵਿਚਾਰਧਾਰਾ ਦੇ ਜੀਵਨ ਸੰਕਲਪ ਨੂੰ ਪ੍ਰਚੰਡ ਕਰ ਸਕੇ। ਇਹ ਮਹਾਨ ਸੇਵਾ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਹਿੱਸੇ ਆਈ। ਧਾਰਮਿਕ ਤੇ ਸਿਆਸੀ ਫਿਜ਼ਾ ਸਿੱਖੀ ਦੇ ਉਲਟ ਵੱਗ ਰਹੀ ਸੀ। ਉਨ੍ਹਾਂ ਨੇ ਇਸ ਸੰਤਾਪ ਤੇ ਸੰਕਟ ਭਰੇ ਦੌਰ ਵਿਚ ਆਪਣੇ ਵਿਚਾਰਾਂ, ਵਿਖਿਆਨਾਂ ਰਾਹੀਂ ਸਿੱਖਾਂ ਨੂੰ ਸਿੱਖੀ ਬਾਣੇ ਤੇ ਬਾਣੀ ਨਾਲ ਜੋੜ ਕੇ ਨਵੀਂ ਦਿਸ਼ਾ, ਦਸ਼ਾ ਤੇ ਨਵਾਂ ਸਾਹਸ ਦਿੱਤਾ। ਸਿੱਖੀ ਦੇ ਔਖੇ ਤੋਂ ਔਖੇ ਸੰਕਲਪਾਂ ਤੇ ਧਾਰਨਾਵਾਂ ਨੂੰ ਬੜੇ ਸੌਖੇ ਢੰਗ ਨਾਲ ਸੰਗਤ ਨੂੰ ਸਮਝਾਉਣ ਦਾ ਮਾਣ ਵੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਨੂੰ ਪ੍ਰਾਪਤ ਹੋਇਆ ਹੈ। ਸੰਤਾਂ ਦੇ ਪ੍ਰਚਾਰ ਦਾ ਓਟ ਆਸਰਾ ਲੈ ਕੇ ਸਿੱਖੀ ਪ੍ਰਚਾਰ ਖੂਬ ਵਧਿਆ ਫੁਲਿਆ। ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰਕੇ ਲੱਖਾਂ ਲੋਕਾਂ ਨੂੰ ਗੁਰੂ ਲੜ ਲਾਇਆ। ਸੈਂਕੜੇ ਗੁਰੂਘਰ, ਸਕੂਲ ਤੇ ਕਾਲਜ ਬਣਵਾਏ।
ਸ੍ਰੀਮਾਨ ਸੰਤ ਅਤਰ ਸਿੰਘ ਜੀ ਦਾ 28 ਮਾਰਚ 1866 ਨੂੰ ਚੀਮਾ (ਜ਼ਿਲ੍ਹਾ ਸੰਗਰੂਰ) ਵਿਖੇ ਹੋਇਆ। ਮਾਤਾ ਜੀ ਦਾ ਨਾਮ ਮਾਤਾ ਭੋਲੀ ਤੇ ਪਿਤਾ ਜੀ ਦਾ ਨਾਮ ਸ੍ਰੀਮਾਨ ਕਰਮ ਸਿੰਘ ਸੀ। ਮਹਾਂਪੁਰਸ਼ਾਂ ਦੀਆਂ ਬਾਲ ਅਵਸਥਾ ਦੀਆਂ ਰੁਚੀਆਂ ਵੀ ਹਾਣੀ ਬੱਚਿਆਂ ਨਾਲੋਂ ਵਿਲੱਖਣ ਹੀ ਹੁੰਦੀਆਂ ਸਨ। ਉਨ੍ਹਾਂ ਦਾ ਜੀਵਨ ਬੇਹੱਦ ਰੌਚਿਕ ਹੈ। ਸੰਤ ਜੀ ਬਚਪਨ ਵਿਚ ਲੀਰਾਂ ਦੀ ਮਾਲਾ ਬਣਾ ਕੇ ਅਕਾਲ ਪੁਰਖ ਦਾ ਸਿਮਰਨ ਕਰਿਆ ਕਰਦੇ ਸਨ। ਉਨ੍ਹਾਂ ਸੰਤ ਬੂਟਾ ਸਿੰਘ ਪਾਸੋਂ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਅਧਿਐਨ ਕੀਤਾ। ਉਹ ਖੇਤਾਂ ਵਿਚ ਵੀ ਨਾਮ ਜਪਦੇ। ਜਦੋਂ ਫੌਜ ਵਿਚ ਭਰਤੀ ਹੋਏ, ਉੱਥੇ ਵੀ ਵਾਹਿਗੁਰੂ ਦਾ ਜਾਪ ਉਚਰਦੇ ਰਹਿਣਾ, ਪਲ-ਪਲ ਅਕਾਲ ਪੁਰਖ ਦੇ ਹਾਜ਼ਰ ਨਾਜਰ ਹੋਣ ਦੀ ਸ਼ਾਹਦੀ ਭਰਦਾ ਹੈ। ਇਹ ਰੱਬ ਸੱਚੇ ਦੀ ਹਰ ਥਾਂ ਹਾਜ਼ਰੀ ਦਾ ਪ੍ਰਗਟਾਵਾ ਵੀ ਹੈ। ਅਕਾਲ ਪੁਰਖ ਦੇ ਭਾਣੇ ਵਿਚ ਸੰਤ ਜੀ ਫੌਜ ਵਿੱਚੋਂ ਨਾਂ ਕਟਵਾ ਕੇ ਚੀਮਾ ਆ ਗਏ। ਖੇਤਾਂ ਵਿਚ ਰੱਬ ਸੱਚੇ ਦਾ ਸਿਮਰਨ ਕਰਨ ਲੱਗੇ। ਕੋਈ ਵੀ ਵਿਅਕਤੀ ਆਪਣੀ ਪਛਾਣ ਲਈ ਕਿਸੇ ਲਹਿਰ, ਜਥੇਬੰਦੀ ਜਾਂ ਸਥਾਨ ਨਾਲ ਜੁੜਦਾ ਹੈ, ਪਰ ਕਈ ਮਹਾਂਪੁਰਸ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਕਿਸੇ ਸਥਾਨ ਨਾਲ ਜੁੜ ਜਾਣ ‘ਤੇ ਸਥਾਨ ਪੂਜਣਯੋਗ ਬਣ ਜਾਦਾ ਹੈ। ਸੰਤ ਅਤਰ ਸਿੰਘ ਮਸਤੂਆਣਾ ਦੀ ਝਾੜ ਸਿਸਰਿਆ ਦੀ ਧਰਤੀ ‘ਤੇ ਆਏ ਥਾਂ ਨੂੰ ਭਾਗ ਲੱਗ ਗਏ। ਸੰਤ ਅਤਰ ਸਿੰਘ ਨੇ ਕਾਂਝਲਾ ਨੇੜੇ ਝਿੜੇ ਵਿਚ ਤਪੱਸਿਆ ਕੀਤੀ ਸੀ। ਸੰਤ ਬਿਸ਼ਨ ਸਿੰਘ ਕਾਂਝਲੇ ਵਾਲਿਆਂ ਨੇ ਮਸਤੂਆਣਾ ਸਥਾਨ ‘ਤੇ ਆ ਕੇ ਸੰਤਾਂ ਨੂੰ ਸਿੱਖੀ ਦਾ ਪ੍ਰਚਾਰ, ਪ੍ਰਸਾਰ, ਮਾਲਵੇ ਦੇ ਲੋਕਾਂ ਦਾ ਭਲਾ ਕਰਨ ਤੇ ਸਿੱਖੀ ਦੀ ਚੇਤਨਾ ਪੈਦਾ ਕਰਨ ਲਈ ਬੇਨਤੀ ਕੀਤੀ। ਇਹ ਰਮਣੀਕ ਥਾਂ ਸੰਤ ਜੀ ਦੇ ਪਸੰਦ ਆ ਗਈ। ਤਰਨ ਤਾਰਨ, ਸ੍ਰੀ ਨਨਕਾਣਾ ਸਾਹਿਬ, ਲਾਹੌਰ, ਮੁਕਤਸਰ, ਬਠਿੰਡਾ ਤੇ ਕਨੌਹੇ ਹੁੰਦੇ ਹੋਏ ਮੁੜ ਕਾਂਝਲੇ ਆ ਪੁੱਜੇ। ਫਿਰ ਮਸਤੂਆਣਾ ਝਿੜਾ ਦੇਖਿਆ ਤੇ ਇੱਥੇ ਪੱਕੇ ਤੌਰ ‘ਤੇ ਆਸਣ ਲਾਉਣ ਦਾ ਮਨ ਬਣਾਇਆ। ਰੋਜ਼ਾਨਾ ਦੀਵਾਨ ਸਜਾਏ ਜਾਂਦੇ, ਕੀਰਤਨ ਹੁੰਦਾ, ਗੁਰੂ ਕਾ ਲੰਗਰ ਅਤੁੱਟ ਵਰਤਦਾ। ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਸਤੂਆਣਾ ਸਾਹਿਬ ਦੀ ਕਾਰ ਸੇਵਾ ਸ਼ੂਰੂ ਹੋਈ। ਸੰਤ ਜੀ ਨੇ ਕਾਰ ਸੇਵਾ ਲਈ ਕੋਹਾਟ, ਹੰਘੂ, ਸਾਰਾਗੜ੍ਹੀ, ਬੰਨ੍ਹਾ ਸ਼ਹਿਰ, ਡੇਰਾ ਇਸਮਾਇਲ ਖਾਂ, ਨੌਸ਼ਹਿਰਾ, ਹਰਿਦੁਆਰ ਤੇ ਦੂਰ-ਦੂਰ ਤੱਕ ਵੱਖ-ਵੱਖ ਦੀਵਾਨ ਸਜਾ ਕੇ ਕੀਰਤਨ ਦੀ ਵਰਖਾ ਕੀਤੀ। ਸੰਗਤ ਨੂੰ ਮਸਤੂਆਣਾ ਦੀ ਕਾਰ ਸੇਵਾ ਲਈ ਤਿੱਲ ਫੁਲ ਭੇਟ ਕਰਨ ਲਈ ਪ੍ਰੇਰਿਆ। ਗੁੰਬਦ ਤਿਆਰ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੋਂ ਹੁਕਮਨਾਮਾ ਲਿਆ। ਗੁਰੂ ਸਾਗਰ ਸਾਹਿਬ ਮਸਤੂਆਣਾ‘ ਨਾਂਅ ਰੱਖਿਆ। ਸਰੋਵਰ ਦੀ ਪੁਟਾਈ ਦਾ ਟੱਕ ਲਾਇਆ। ਪੂਰੀ ਸ਼ਰਧਾ ਭਾਵਨਾ ਨਾਲ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਸਾਗਰ ਦੇ ਨਿਰਮਾਣ ਵਿਚ ਨਿਸ਼ਕਾਮ ਸੇਵਾ ਦਾ ਲਾਹਾ ਪ੍ਰਾਪਤ ਕੀਤਾ। ਸੰਤ ਜੀ ਨੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀ ਬੇਨਤੀ ‘ਤੇ ਲਾਇਲਪੁਰ ਵਿਖੇ ਕਥਾ ਕੀਰਤਨ ਕੀਤਾ ਤੇ ਹਾਈ ਸਕੂਲ ਦਾ ਨੀਂਹ ਪੱਥਰ ਰੱਖਿਆ। ਸੰਗਤਾਂ ਦੀ ਬੇਨਤੀ ‘ਤੇ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਥਾਂ ਕਾਂਝਲਾ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। 18 ਮਈ 1914 ਨੂੰ ਪੰਡਤ ਮੋਹਨ ਮਾਲਵੀਆ ਵੀ ਸੰਤਾਂ ਦੇ ਦਰਸ਼ਨਾਂ ਲਈ ਮਸਤੂਆਣਾ ਸਾਹਿਬ ਆਏ ਤੇ ਉਨ੍ਹਾਂ ਦੀ ਬੇਨਤੀ ‘ਤੇ 24 ਦਸੰਬਰ 1914 ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਆਪਣੇ ਕਰ-ਕਮਲਾਂ ਨਾਲ ਰੱਖਿਆ ਤੇ ਕੁੱਲ ਆਲਮ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਗੁਰਮਤਿ ਦੇ ਉਪਦੇਸ਼ਾਂ ਤੋਂ ਜਾਣੂ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ।
ਇੱਥੇ ਹੀ ਮਦਨ ਮੋਹਨ ਮਾਲਵੀਆ ਜੀ ਨੇ ਹਿੰਦੂ ਪਰਿਵਾਰ ਅੰਦਰ ਇੱਕ ਬੱਚੇ ਨੂੰ ਸਿੱਖ ਬਣਾਉਣ ਦਾ ਅਹਿਦ ਕਰਨ ਲਈ ਪ੍ਰੇਰਿਆ। ਜਲੰਧਰ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਦੌਰਾਨ ਵਿ¤ਦਿਅਕ ਸੰਸਥਾਵਾਂ ਤੇ ਆਸ਼ਰਮਾਂ ਦੀ ਉਸਾਰੀ ਦਾ ਸੱਦਾ ਦਿੱਤਾ। ਗੁਰੂ ਸਾਗਰ ਕਾਲਜ ਦੀ ਨੀਂਹ ਨਾਨਕਸ਼ਾਹੀ ਸੰਮਤ 450 (6 ਸਾਵਨ) ਨੂੰ ਸੰਤਾਂ ਦੇ ਹਸਤ ਕਮਲਾਂ ਨਾਲ ਰੱਖੀ। ਅਕਾਲ ਕਾਲਜ ਕੌਂਸਲ ਦੇ ਪਹਿਲੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਬਣੇ। ਚੀਫ ਖਾਲਸਾ ਦੀਵਾਨ ਵੱਲੋਂ ਫਿਰੋਜ਼ਪੁਰ ਵਿਖੇ ਕਰਵਾਈ ਐਜੂਕੇਸ਼ਨ ਕਾਨਫਰੰਸ ਦੌਰਾਨ ਮਹਾਂਪੁਰਸ਼ ਅਤਰ ਸਿੰਘ ਨੂੰ ਸੰਤ ਦੀ ਉਪਾਧੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਸਮੁੱਚੇ ਸਿੱਖ ਪੰਥ ਅੰਦਰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਇੱਕੋ ਇੱਕ ਸੰਤ ਹਨ, ਜਿਨ੍ਹਾਂ ਨੂੰ ਸੰਤ ਦੀ ਉਪਾਧੀ ਪ੍ਰਾਪਤ ਹੈ। 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਤ ਮਹਾਂਪੁਰਸ਼ਾਂ ਕਾਲੀ ਦਸਤਾਰ ਸਜਾ ਕੇ ਰੋਸ ਵੀ ਪ੍ਰਗਟਾਇਆ ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਅੰਗਰੇਜ਼ੀ ਰਾਜ ਖਿਲਾਫ ਆਪਣੀ ਗੱਲ ਪੂਰੇ ਦਾਈਏ ਨਾਲ ਆਖੀ।
ਇਸੇ ਦੌਰਾਨ ਗੁਰੂ ਸਾਗਰ ਕਾਲਜ ਤੇ ਗੁਰੂ ਕਾ ਸਰੋਵਰ ਦੀ ਸੇਵਾ ਸੰਪੂਰਨ ਹੋ ਚੁੱਕੀ ਸੀ। ਮਹਾਂਪੁਰਸ਼ ਅੰਤਿਮ ਸਮੇਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕੀਰਤਨ ਕਰ ਰਹੇ ਸਨ। ਅੰਗੂਠੇ ਤੇ ਉਂਗਲ ਵਿਚਕਾਰ ਇਕ ਛਾਲਾ ਹੋ ਗਿਆ। ਸੰਤ ਜੀ ਮਸਤੂਆਣਾ ਸਾਹਿਬ ਆ ਗਏ। ਇਸ ਤੋਂ ਬਾਅਦ ਉਹ ਗੋਬਿੰਦਰ ਸਿੰਘ ਦੀ ਕੋਠੀ ਵਿਚ ਠਹਿਰੇ। ਜਿਸ ਨੂੰ ਅੱਜ-ਕਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਬੰਗਾਲੀ ਡਾਕਟਰ ਚੈਟਰਜੀ ਨੇ ਸੰਤਾਂ ਦਾ ਇਲਾਜ ਕਰਨ ਦੀ ਭਰਪੂਰ ਕੋਸ਼ਿਸ਼ ਵੀ ਕੀਤੀ ਪਰ 17 ਮਾਘ (ਜਨਵਰੀ 1927) ਦੀ ਰਾਤ ਨੂੰ ਸੰਤ ਅਤਰ ਸਿੰਘ ਜੋਤੀ ਜੋਤ ਸਮਾ ਗਏ। ਸੰਤਾਂ ਦਾ ਅੰਤਿਮ ਸੰਸਕਾਰ ਮਸਤੂਆਣਾ ਸਾਹਿਬ ਵਿਖੇ ਹੋਇਆ। ਇਸ ਥਾਂ ਗੁਰਦੁਆਰਾ ਅੰਗੀਠਾ ਸਾਹਿਬ ਸੁਸ਼ੋਭਿਤ ਹੈ। ਸੰਤ ਅਤਰ ਸਿੰਘ ਜੀ ਜੀ ਦੀ ਮਿੱਠੀ ਅਤੇ ਨਿੱਘੀ ਯਾਦ ’ਚ ਹਰ ਸਾਲ ਸਲਾਨਾ ਜੋੜ ਮੇਲਾ 30, 31 ਜਨਵਰੀ ਅਤੇ 1 ਫਰਵਰੀ (16,17 ਅਤੇ 18 ਮਾਘ) ਤ¤ਕ ਮਸਤੂਆਣਾ ਸਾਹਿਬ ਵਿਖੇ ਸਰਧਾਪੂਰਵਕ ਮਨਾਇਆ ਜਾਂਦਾ ਹੈ । ਜੋੜ ਮੇਲਾ ਸੰਤ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਮੱਤ ਨੂੰ ਯਾਦ ਕਰਨ ਦਾ ਦਿਹਾੜਾ ਹੈ। ਇਸ ਜੋੜ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੂਰੋਂ ਦੂਰੋਂ ਪੁੱਜਦੀਆਂ ਹਨ ਤੇ ਇੱਥੇ ਨਤਮਤਸਕ ਹੋ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ।
ਸੰਤ ਅਤਰ ਸਿੰਘ ਜੀ ਵੱਲੋਂ ਕੀਤੇ ਗਏ ਮਹੱਤਵਪੂਰਨ ਕਾਰਜਾਂ ਦਾ ਸੰਖੇਪ ਵੇਰਵਾ-
ਸੰਤ ਅਤਰ ਸਿੰਘ ਜੀ 18 ਸਾਲ ਦੀ ਉਮਰ ਵਿੱਚ ਹੀ ਸੰਨ 1884 ’ਚ ਭਾਰਤੀ ਫੌਜ ’ਚ ਭਰਤੀ ਹੋ ਗਏ ਅਤੇ ਕੋਹਾਟ ਛਾਊਣੀ ਦੇ ਤੋਪਖਾਨੇ ’ਚ ਇੱਕ ਸਾਲ ਸਿਖਲਾਈ ਪ੍ਰਾਪਤ ਕੀਤੀ। ਬਾਅਦ ਵਿੱਚ ਉਨ੍ਹਾਂ ਦੀ ਬਦਲੀ ਫੌਜ ਦੀ ਪਲਟਨ 54 ਸਿੱਖ ਰੈਜੀਮੈਂਟ ’ਚ ਹੋ ਗਈ। ਇਸ ਪਿਛੋਂ ਸ੍ਰੀ ਨਗੀਨਾਂ ਘਾਟ ਅਤੇ ਹੀਰਾ ਘਾਟ ਸ੍ਰੀ ਹਜੂਰ ਸਾਹਿਬ ਵਿਖੇ ਨਾਮ ਸਿਮਰਨ ਕੀਤਾ, ਜਿਥੇ ਅੱਜਕਲ ਗੋਦਾਵਰੀ ਕੰਢੇ ’ਤੇ ਸੰਤ ਅਤਰ ਸਿੰਘ ਜੀ ਦੀ ਯਾਦ ’ਚ ਗੁਦੁਆਰਾ ਭਜਨਗੜ ਸਾਹਿਬ ਸ਼ੁਸੋਭਿਤ ਹੈ।
ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਸੰਤਾਂ ਤੋਂ ਸੇਧ ਲੈ ਕੇ ਹੀ ਅ੍ਰਮਿੰਤ ਛਕਿਆ ਸੀ।
ਗੁਰੂ ਸਾਗਰ ਕਾਲਜ ਦੀ ਨੀਂਹ ਸੰਤਾਂ ਦੇ ਹਸਤ ਕਮਲਾਂ ਨਾਲ ਰੱਖੀ।
ਸੰਤ ਅਤਰ ਸਿੰਘ ਜੀ ਨੇ 23 ਫਰਵਰੀ 1907 ਨੂੰ ਉਪਦੇਸ਼ਕ ਕਾਲਜ ਗੁੱਜਰਾਂਵਾਲਾ ਦੀ ਨੀਂਹ ਆਪਣੇ ਕਰ-ਕਮਲਾਂ ਨਾਲ ਰੱਖੀ।
24 ਦਸੰਬਰ 1914 ਵਿਚ ਸੰਤਾਂ ਨੇ ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ ‘ਤੇ ਹਿੰਦੂ ਯੂਨੀਵਰਸਿਟੀ ਬਨਾਰਸ ਦਾ ਨੀਂਹ ਪੱਥਰ ਰੱਖਿਆ। ਸੰਤਾਂ ਦੀ ਉੱਚ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਇੱਥੇ ਹੀ ਮਦਨ ਮੋਹਨ ਮਾਲਵੀਆ ਨੇ ਸਿੱਖ ਧਰਮ ਦੀ ਵਡਿਆਈ ਕੀਤੀ।
ਫਿਰੋਜਪੁਰ ਵਿਖੇ ਸੰਨ 1915 ’ ਚ ਹੋਈ ਤਿੰਨ ਰੋਜਾ ਅੱਠਵੀਂ ਸਿੱਖ ਵਿਦਿਅਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ ।
ਸੰਨ 1919 ’ਚ ਆਪਜੀ ਨੇ ਸੰਗਤਾਂ ਨਾਲ ਗੁਰਮਤਾ ਕਰਕੇ ਅਕਾਲ ਕਾਲਜ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਪੰਜ ਪਿਆਰਿਆਂ ਪਾਸੋਂ ਨੀਂਹ ਰਖਵਾਈ।
21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਤ ਮਹਾਂਪੁਰਸ਼ਾਂ ਕਾਲੀ ਦਸਤਾਰ ਸਜਾ ਕੇ ਰੋਸ ਵੀ ਪ੍ਰਗਟਾਇਆ ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਅੰਗਰੇਜ਼ੀ ਰਾਜ ਖਿਲਾਫ ਆਪਣੀ ਗੱਲ ਪੂਰੇ ਦਾਈਏ ਨਾਲ ਆਖੀ।
ਸੰਨ 1923 ’ਚ ਸੰਤ ਜੀ ਨੇ ਗੁਰੂ ਕਾਂਸੀ ਦਮਦਮਾ ਸਾਹਿਬ ਦੀ ਸੇਵਾ ਆਰੰਭ ਕਰਵਾਈ ਅਤੇ ਗੁਰੂਸਰ ਸਾਹਿਬ ਦੇ ਕੱਚੇ ਟੋਭੇ ਨੂੰ ਪੱਕਾ ਕਰਕੇ ਸਰੋਵਰ ਦਾ ਨਿਰਮਾਣ ਕੀਤਾ। ਸੰਨ 1926 ’ਚ ਜੈਤੋਂ ਦਾ ਮੋਰਚਾ ਸਰ ਹੋਣ ਤੋਂ ਬਾਅਦ ਆਪ ਜੀ ਨੇ ਸ੍ਰੀ ਗੰਗਸਰ ਸਾਹਿਬ, ਜੈਤੋਂ ਵਿਖੇ 101 ਅਖੰਡ ਪਾਠ ਪ੍ਰਆਰੰਭ ਕੀਤੇ ਅਤੇ ਦੀਵਾਨ ਸਜਾਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਨ 1923 ’ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦੀ ਕਾਰਸੇਵਾ ਦਾ ਸ਼ੁੱਭ- ਆਰੰਭ ਸੰਤ ਅਤਰ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਅਸ਼ਟਧਾਤੂ ਦੇਗ
ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੇ ਅਕਾਲ ¦ਗਰ ’ਚ ਸਥਾਪਤ ਅੱਠ ਧਾਤਾਂ ਤੋਂ ਬਣੀ ਅਸ਼ਟਧਾਤੂ ਦੇਗ ਵੇਖਣਯੋਗ ਹੈ। ਇਹ ਦੇਗ ਸੰਨ 1923 ’ਚ ਵਿਸ਼ੇਸ ਤੌਰ ’ਤੇ ਗੁੱਜਰਾਂਵਾਲਾ ਤੋਂ ਤਿਆਰ ਕਰਵਾਈ ਗਈ ਸੀ, ਜਿਸ ’ਚ ਇੱਕੋ ਸਮੇਂ 80 ਪੀਪੇ ਪਾਣੀ, 2 ਕੁਇੰਟਲ ਚੀਨੀ, 4 ਕੁਇੰਟਲ ਚਾਵਲ ਅਤੇ 30 ਕਿਲੋ ਘੀ ਮਿਲਾ ਕੇ ਚਾਵਲ ਪਕਾਏ ਜਾ ਸਕਦੇ ਹਨ ਅਤੇ ਇਸ ਅਸ਼ਟਧਾਤੂ ਦੇਗ ’ਚ ਹਿੱਕੋ ਸਮੇਂ ਤਿਆਰ ਕੀਤੇ ਚਾਵਲ ਨੂੰ 40 ਹਜਾਰ ਸੰਗਤਾਂ ਨੂੰ ਛਕਾਇਆ ਜਾ ਸਕਦਾ ਹੈ।
ਤੋਸਾਖਾਨਾ- ਸੰਤ ਅਤਰ ਸਿੰਘ ਜੀ ਵੱਲੋਂ ਵਰਤਿਆ ਜਾਣ ਵਾਲਾ ਘਰੇਲੂ ਸਮਾਨ ਜਿਵੇਂ ਲਾਲਟਨ,ਭਾਂਡੇ,ਮੰਜੇ, ਖੜਾਵਾਂ, ਖੱਡੀ ਦਾ ਸਮਾਨ, ਨਗਾਰਾ, ਸ਼ਾਸਤਰ, ਕਸੈਹਰਾ, ਪ¦ਗ ਆਦਿ ਇੱਕ ਤੋਸੇਖਾਨੇ ’ਚ ਸਤਿਕਾਰ ਨਾਲ ਸ਼ੁਸੋਭਿਤ ਕੀਤਾ ਗਿਆ ਹੈ।
‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’
ਮਹਾਨ ਵਿੱਦਿਆ ਦਾਨੀ ਸੰਤ ਅਤਰ ਸਿੰਘ ਜੀ ਅਪਾਰ ਰਹਿਮਤਾਂ ਦੇ ਸੁਆਮੀ ਸਨ ਕਿ ਮਸਤੂਆਣਾ ਸਾਹਿਬ ਵਿਖੇ ਕੇਵਲ ਵਿੱਦਿਆ ਦੇਣ ਦਾ ਪ੍ਰਬੰਧ ਹੀ ਨਹੀਂ ਕੀਤਾ ਸਗੋਂ ਇੱਥੈ ਪੜਨ ਵਾਲੇ ਬੱਚਿਆ ਲਈ ਵਿੱਦਿਆ ਬਿਲਕੁੱਲ ਮੁਫਤ ਦਿੱਤੇ ਜਾਣ ਦੇ ਪ੍ਰਬੰਧ ਵੀ ਕੀਤੇ। ਮਾਲਵੇ ਦੇ ਅਤਿ ਪਛੜੇ, ਅਨਪੜਤਾ ਪ੍ਰਧਾਨ ਇਲਾਕੇ ਵਿੱਚ, ਜਿੱਥੇ ਆਮ ਲੋਕਾਂ ਦਾ ਮਨੋਰੰਜਨ ਜਲਸਿਆਂ ’ਚ ਗੰਦੀਆਂ ਬੋਲੀਆਂ ਪਾਉਣਾ ਹੁੰਦਾ ਸੀ, ਇੱਕ ਮਹਾਨ ਵਿਦਿਅਕ ਕੇਂਦਰ ਸਥਾਪਿਤ ਕਰਕੇ ਅਤੇ ਨਾਮ ਬਾਣੀ ਦਾ ਅਟੁੱਟ ਪ੍ਰਵਾਹ ਚਲਾ ਕੇ ਲੋਕਾਈ ’ਤੇ ਮਹਾਨ ਪਰ ਉਪਕਾਰ ਕੀਤਾ। ਸ੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਹੀ ਸੰਨ 1923 ’ਚ ਹੀ ਸ੍ਰੀ ਗੁਰਸਾਗਰ ਮਸਤੂਆਣਾ ਦੀ ਕਾਰਸੇਵਾ ਮੁਕੰਮਲ ਕਰਕੇ ਸਮੁੱਚੀ ਸੇਵਾ ਸੰਭਾਲ ਦੀ ਜਿੰਮੇਵਾਰੀ ਅਕਾਲ ਕਾਲਜ ਕੌਸ਼ਲ ਨੂੰ ਸੌਂਪ ਦਿੱਤੀ । ਅਕਾਲ ਕਾਲਜ ਕੌਸ਼ਲ ਪਹਿਲੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲ ਚੁਣੇ ਗਏ ਸਨ। ਪਰ ਕੌਸ਼ਲ ਦਾ ਪ੍ਰਬੰਧ ਜਿਆਦਾ ਸਮਾਂ ਨਾ ਚੱਲ ਸਕਿਆ ਅਤੇ ਮੁੜ ਸੰਨ 1945 ’ਚ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਦੇ ਮੰਤਵ ਨਾਲ ‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’ ਹੋਂਦ ’ਚ ਆਇਆ, ਜਿਸਦਾ ਪ੍ਰਧਾਨ ਸਿਵਦੇਵ ਸਿੰਘ ਵਜ਼ੀਰ ਰਿਆਸਤ ਨਾਭਾ ਨੂੰ ਚੁਣਿਆ ਗਿਆ। ਸੰਨ 1971 ’ਚ ਸਿਵਦੇਵ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੇਵਾਮੁਕਤ ਬ੍ਰਿਗੇਡੀਅਰ ਕੁਸ਼ਲਪਾਲ ਸਿੰਘ ਨੇ ਜਿੰਮੇਵਾਰੀ ਨਿਭਾਈ ਅਤੇ ਹੁਣ ਮੌਜੂਦਾ ਸਮੇਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਟਰੱਸਟ ਦੇ ਪ੍ਰਧਾਨ ਅਤੇ ਇਸ ਟਰੱਸਟ ਦੇ ਕੁੱਲ 11 ਮੈਂਬਰ ਹਨ। ਇਸ ਟਰੱਸਟ ਹੀ ਗੁਰਦੁਆਰਾ ਸ੍ਰੀ ਗੁਰਸਾਗਰ ਮਸਤੂਆਣਾ ਸਾਹਿਬ ਦੀ ਸਮੁੱਚੀ ਚੱਲ-ਅਚੱਲ ਜਾਇਦਾਦ ਅਤੇ ਵਿਦਿਅਕ ਸੰਸ਼ਥਾਵਾਂ ਦਾ ਕਸਟੋਡੀਅਨ ਹੈ। ਅਕਾਲ ਕਾਲਜ ਕੌਸ਼ਲ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸੰਸ਼ਥਾਵਾਂ 70 ਏਕੜ ਦੇ ਰਕਬੇ ’ਚ ਫੈਲੀਆਂ ਹੋਈਆਂ ਹਨ ਅਤੇ ਇੱਥੇ 5 ਹਜਾਰ ਦੇ ਲੱਗਭਗ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਕੌਸ਼ਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਦੇਖਰੇਖ ਹੇਠ ਸੰਸ਼ਥਾਵਾਂ ਵਿਦਿਅਕ ਖੇਤਰ ’ਚ ਅਹਿਮ ਯੋਗਦਾਨ ਪਾ ਰਹੀਆਂ ਹਨ।
ਅਕਾਲ ਕਾਲਜ਼ ਕੌਸ਼ਲ, ਸ੍ਰੀ ਮਸਤੂਆਣਾ ਸਾਹਿਬ
ਪ੍ਰਬੰਧਕੀ ਕਾਰਜਾਂ ਨੂੰ ਚਲਾਉਣ ਲਈ ਸੰਨ 1946 ’ਚ ਅਕਾਲ ਕਾਲਜ ਕੌਸ਼ਲ ਦਾ ਪੁਨਰ ਨਿਰਮਾਣ ਕੀਤਾ ਗਿਆ, ਜਿਸਦਾ ਪ੍ਰਧਾਨ ਪ੍ਰੀਤਮ ਸਿੰਘ ਗੁਜਰਾਂ ਨੂੰ ਚੁਣਿਆ ਗਿਆ ਅਤੇ ਇਸ ਪਿਛੋਂ ਸਮੇਂ-ਸਮੇਂ ਗੱਜਣ ਸਿੰਘ ਖੇੜੀ, ਗੁਰਬਚਨ ਸਿੰਘ ਦੀਵਾਨ ਰਿਆਸਤ ਨਾਭਾ, ਜਥੇਦਾਰ ਕਿਸ਼ਨ ਸਿੰਘ ਬਹਾਦਰਪੁਰ, ਗਿਆਨ ਸਿੰਘ ਰਾੜਾ ਸਾਹਿਬ, ਸੰਤ ਨਿਰੰਜਣ ਸਿੰਘ ਮੋਹੀ, ਗੁਰਬਖਸ ਸਿੰਘ ਸਿਬੀਆ, ਗਿਆਨੀ ਲਾਲ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ,ਸੰਤ ਬਚਨ ਸਿੰਘ ਮਸਤੂਆਣਾ ਸਾਹਿਬ, ਸੰਤ ਇਕਬਾਲ ਸਿੰਘ ਬੜੂ ਸਾਹਿਬ, ਡਾ. ਖੇਮ ਸਿੰਘ ਗਿੱਲ, ਬਲਵੰਤ ਸਿੰਘ ਦੁੱਗਾਂ ਤੋਂ ਬਾਅਦ ਹੁਣ ਵਰਤਮਾਨ ਸਮੇਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਅਕਾਲ ਕਾਲਜ਼ ਕੌਸ਼ਲ, ਸ੍ਰੀ ਮਸਤੂਆਣਾ ਸਾਹਿਬ ਦੇ ਪ੍ਰਧਾਨ ਹਨ। ਅਕਾਲ ਕਾਲਜ਼ ਕੌਸ਼ਲ ਦੇ ਕੁੱਲ 111 ਮੈਂਬਰ ਹਨ। ‘ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ’ ਦੇ 11 ਲਾਇਫ ਮੈਂਬਰ ਅਤੇ ਅਕਾਲ ਕਾਲਜ ਕੌਸ਼ਲ ਦੇ 20 ਲਾਇਫ ਮੈਂਬਰ ਇਸ ਕੌਸ਼ਲ ਦੇ ਪੱਕੇ ਲਾਇਫ ਮੈਂਬਰ ਹਨ ਅਤੇ ਬਾਕੀ 80 ਮੈਂਬਰ ਹਰ ਪੰਜ ਸਾਲ ਪਿੱਛੋਂ ਆਮ ਸਿੱਖ ਵੋਟਰਾਂ ਵੱਲੋਂ ਚੁਣੇ ਜਾਂਦੇ ਹਨ। ਕੁੱਲ ਮੈਂਬਰਾਂ ’ਚੋਂ ਇੱਕ 31 ਮੈਂਬਰੀ ਕਾਰਜਕਾਰੀ ਕਮੇਟੀ ਚੁਣੀ ਜਾਂਦੀ ਹੈ, ਜੋ ਗੁਰਸਾਗਰ ਸ਼ੰਸਥਾਵਾਂ ਦੇ ਸਮੁੱਚੇ ਪ੍ਰਬੰਧ ਨੂੰ ਕੰਟਰੋਲ ਕਰਦੀ ਹੈ। ਇਸ ਤੋਂ ਇਲਾਵਾਂ ਸੰਸ਼ਥਾਵਾਂ ਦੇ ਆਮ ਪ੍ਰਬੰਧਾਂ ਲਈ ਸਰਕਾਰੀ ਨਿਯਮਾਂ ਅਨੁਸਾਰ ਰਜਿਸਟਰਡ ਸਬ-ਕਮੇਟੀਆਂ ਹਨ, ਜੋ ਅਕਾਲ ਕੌਸ਼ਲ ਦੇ ਅਧੀਨ ਹੀ ਆਪਣੀ ਆਪਣੀ ਸੰਸ਼ਥਾ ਦੇ ਪ੍ਰਬੰਧ ਦੀ ਦੇਖਰੇਖ ਕਰਦੀਆਂ ਹਨ।
ਵਿਦਿਅਕ ਸੰਸਥਾਵਾਂ
ਸੰਤ ਅਤਰ ਸਿੰਘ ਜੀ ਨੇ ਮਾਲਵਾ ਦੀ ਧਰਤੀ ਨੂੰ ਭਾਗ ਲਗਾਏ ਅਤੇ ਪਿੰਡ ਬਡਰੁੱਖਾਂ ਦੇ ਨੇੜੇ 1901 ਈਸਵੀ ਵਿਚ ਗੁਰਸਾਗਰ ਮਸਤੂਆਣਾ ਨਾਮ ਦਾ ਧਾਰਮਿਕ ਅਤੇ ਵਿਦਿਅਕ ਕੇਂਦਰ ਸਥਾਪਤ ਕੀਤਾ। ਸੰਤ ਅਤਰ ਸਿੰਘ ਜੀ ਦਾ ਵਿਚਾਰ ਸੀ ਕਿ ਮਸਤੂਆਣਾ ਵਿਖੇ ਅਜਿਹਾ ਵਿਦਿਆ ਕੇਂਦਰ ਬਣਾਈਏ, ਜਿਥੇ ਭਾਰਤੀ ਅਧਿਆਤਮਕ ਵਿਦਿਆ ਅਤੇ ਪੱਛਮੀ ਮੁਲਕਾਂ ਦੀ ਸਾਇੰਸੀ, ਤਕਨੀਕੀ ਵਿਦਿਆ ਦਾ ਸੁਮੇਲ ਹੋ ਸਕੇ। ਇਸ ਕਾਰਜ ਲਈ ਉਨ੍ਹਾਂ ਆਪਣੇ ਸੇਵਕ ਸੰਤ ਤੇਜਾ ਸਿੰਘ ਨੂੰ ਪੱਛਮੀ ਮੁਲਕਾਂ ਇੰਗਲੈਂਡ, ਅਮਰੀਕਾ ਆਦਿ ਵਿਚ ਉੱਚ ਸਿੱਖਿਆ ਪ੍ਰਾਪਤੀ ਲਈ ਭੇਜਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਮਸਤੂਆਣਾ ਵਿਚ ਅਕਾਲ ਹਾਈ ਸਕੂਲ ਅਤੇ ਅਕਾਲ ਕਾਲਜ ਆਰੰਭ ਕਰਕੇ ਵੋਕੇਸ਼ਨਲ ਸਿੱਖਿਆ ਦੇਣ ਦਾ ਵੀ ਪ੍ਰਬੰਧ ਕੀਤਾ। ਭਵਿੱਖ ਦਰਸ਼ੀ ਤੇ ਅਗਾਂਹ ਵਧੂ ਸੋਚ ਦੇ ਮਾਲਕ ਸੰਤ ਅਤਰ ਸਿੰਘ ਜੀ ਨੇ ਉਸ ਜ਼ਮਾਨੇ ਵਿਚ ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਦੇਣ ਦਾ ਉੱਦਮ ਆਰੰਭਿਆ, ਜਦੋਂ ਕਿ ਇਸ ਸਮੇਂ ਅਜਿਹੀ ਸਿੱਖਿਆ ਦੇਣੀ ਸਰਕਾਰ ਦੇ ਵੀ ਸੁਪਨੇ ਵਿਚ ਨਹੀਂ ਸੀ। ਵਿਦੇਸ਼ਾਂ ਵਿਚ ਉੱਚ ਤਕਨੀਕੀ ਸਿੱਖਿਆ ਲੈਣ ਲਈ ਜਾਂਦੇ ਭਾਰਤੀ ਨੌਜਵਾਨ ਸਿੱਖੀ ਤੋਂ ਪ੍ਰਭਾਵਿਤ ਹੋ ਜਾਂਦੇ ਸਨ, ਇਸ ਲਈ ਸੰਤ ਜੀ ਨੇ ਮਸਤੂਆਣਾ ਵਿਖੇ ਇਹ ਕੇਂਦਰ ਬਣਾਇਆ ਤਾਂ ਕਿ ਭਾਰਤੀ ਬੱਚੇ ਗੁਰਸਿੱਖ ਰਹਿੰਦੇ ਹੋਏ ਉੱਚ ਤਕਨੀਕੀ ਸਿੱਖਿਆ ਗ੍ਰਹਿਣ ਕਰ ਸਕਣ।
ਅਕਾਲ ਸੀਨੀਅਰ ਸੈਕੰਡਰੀ ਸਕੂਲ, ਮਸਤੂਆਣਾ- ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਸਭ ਤੋਂ ਪਹਿਲੀ ਵਿਦਿਅਕ ਸ਼ੰਸਥਾ ਹੈ, ਜੋ ਅੱਜਕਲ ਅਕਾਲ ਕਾਲਜ ਕੌਸ਼ਲ ਦੇ ਪ੍ਰਬੰਧ ਅਧੀਨ ਨੇੜਲੇ ਪਿੰਡ ਬਹਾਦਰਪੁਰ ਜਿਲ੍ਹਾ ਸੰਗਰੂਰ ਵਿਖੇ ਚੱਲ ਰਹੀ ਹੈ।
ਅਕਾਲ ਡਿਗਰੀ ਕਾਲਜ ਮਸਤੂਆਣਾ- ਇਹ ਕਾਲਜ 13 ਅਪ੍ਰੈਲ 1920 ਨੂੰ ਸ਼ੁਰੂ ਹੋਇਆ ਅਤੇ ਇਸਦੇ ਪਹਿਲੇ ਪ੍ਰਿੰਸ਼ੀਪਲ ਸੰਤ ਤੇਜਾ ਸਿੰਘ ਡਬਲ ਐਮਏ ਨਿਯੁਕਤ ਕੀਤੇ ਗਏ। ਇਸ ਕਾਲਜ ’ਚ ਹੁਣ ਬੀਏ,ਬੀਸੀਏ,ਪੀਜੀਡੀਸੀਏ,ਬੀਬੀਏ,ਬੀਐਸਸ (ਮੈਡੀਕਲ/ਨਾਨ ਮੈਡੀਕਲ) ,ਐਮਐਸਸੀ(ਆਈਟੀ), ਸਪੋਕਨ ਇੰਗਲਿਸ ਆਦਿ ਕੋਰਸ ਚੱਲ ਰਹੇ ਹਨ। ਅਕਾਲ ਡਿਗਰੀ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਤੋਂ ਮਨਜੂਰਸੁਦਾ 95% ਗ੍ਰਾਂਟ ਪ੍ਰਾਪਤ ਏਡਿਡ ਕਾਲਜ ਹੈ।
ਸੰਤ ਅਤਰ ਸਿੰਘ ਅਕਾਡਮੀ ਮਸਤੂਆਣਾ- ਸੰਨ 1983 ’ਚ ਸਥਾਪਤ ਕੋ-ਐਜੂਕੇਸ਼ਨ, ਅੰਗਰੇਜੀ ਮਾਧਿਅਮ ਰਾਹੀਂ ਪੇਂਡੂ ਖੇਤਰ ਦੇ ਬੱਚਿਆਂ ਨੂੰ ਸਹਿਰਾਂ ਦੇ ਸਕੂਲਾਂ ਵਾਂਗ ਅਤਿ ਅਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਹੋਂਦ ’ਚ ਆਈ ਸੀ, ਜੋ ਸਫਲਤਾ ਪੁਰਵਕ ਚੱਲ ਰਹੀ ਹੈ। ਇਸ ਅਕਾਦਮੀ ’ਚ ਇਲਾਕੇ ਦੇ 60 ਪਿੰਡਾਂ ’ਚੋਂ ਬੱਚੇ ਸਿੱਖਿਆ ਪ੍ਰਾਪਤੀ ਲਈ ਆਉਂਦੇ ਹਨ ਅਤੇ ਇਸ ਵਿੱਚ ਨਰਸਰੀ ਤੋਂ ਲੈ ਕੇ ਬਾਰਵੀਂ (ਸਇੰਸ ਗਰੁੱਪ) ਤੱਕ ਪੜਾਈ ਹੁੰਦੀ ਹੈ।
ਅਕਾਲ ਕਾਲਜ਼ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ- ਇਹ ਸੰਸਥਾ ਡਿਪਲੋਮਾ ਫਾਰਮੇਸੀ ਦੇ ਪਹਿਲੇ ਕੋਰਸ ਨਾਲ ਸੰਨ 1986 ’ਚ ਸ਼ੁਰੂ ਕੀਤੀ ਗਈ। ਹੁਣ ਇਸ ਸੰਸਥਾ ਵਿੱਚ ਬੀ. ਫਾਰਮੇਸੀ ,ਐਮ.ਫਾਰਮੇਸੀ(ਫਾਰਮਾਸਿਊਟਿਕਸ), ਐਮ.ਫਾਰਮੇਸੀ(ਫਾਰਮਾਕੋਗਨੋਸੀ), ਐਮ.ਫਾਰਮੇਸੀ(ਫਾਰਮਾਕਾਲੋਜੀ) ਆਦਿ ਕੋਰਸ ਕਰਵਾਏ ਜਾਂਦੇ ਹਨ। ਸੰਤ ਅਤਰ ਸਿੰਘ ਜੀ ਦੇ ਸੁਪਨੇ ਅਨੁਸਾਰ ਸਸਤੀ, ਮਿਆਰੀ ਅਤੇ ਤਕਨੀਕੀ ਵਿੱਦਿਆ ਦੇ ਪਸਾਰ ਅਤੇ ਟੈਕਨੋਲੋਜੀ ਦੇ ਖੇਤਰ ’ਚ ਅੰਤਰਰਾਸਟਰੀ ਪੱਧਰ ’ਤੇ ਪਹਿਚਾਣ ਬਣਾਉਣ ਲਈ ਵਚਨਵੱਧ ਹੈ। ਇਹ ਸੰਸਥਾ ਪੰਜਾਬ ਸਰਕਾਰ ਅਤੇ ਏਆਈਸੀਟੀਈ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਐਫਿਲੀਏਟਿਡ ਹੈ।
ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ- ਸਿੱਖ ਧਰਮ ਦੇ ਪ੍ਰਚਾਰ ਹਿੱਤ ਅਤੇ ਧਾਰਮਿਕ ਖੇਤਰ ’ਚ ਲੋੜੀਦੇ ਗ੍ਰੰਥੀ, ਕੀਰਤਨਏ, ਕਥਾਕਾਰ ਆਦਿ ੳਪਲੱਬਧ ਕਰਾਉਣ ਦੇ ਮੰਤਵ ਨਾਲ ਸੰਨ 2004 ’ਚ ਸੰਤ ਅਤਰ ਸਿੰਘ ਗੁਰਮਤਿ ਕਾਲਜ ਸ੍ਰੀ ਮਸਤੂਆਣਾ ਸਾਹਿਬ ਹੋਂਦ ’ਚ ਆਇਆ ਅਤੇ ਬਾਅਦ ’ਚ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੁੜਕੇ ਸਿੱਖ ਪ੍ਰਚਾਰ ਲਈ ਸੰਜੀਦਾ ਯਤਨ ਕਰ ਰਿਹਾ ਹੈ। ਕਿਸੇ ਵਿਦਿਆਰਥੀ ਪਾਸੋਂ ਕੋਈ ਦਾਖਲਾ ਫੀਸ ਨਹੀਂ ਲਈ ਜਾਂਦੀ ਅਤੇ ਖਾਣੇ/ਰਹਾਇਸ ਦਾ ਮੁਫਤ ਪ੍ਰਬੰਧ ਕੀਤਾ ਜਾਂਦਾ ਹੈ ਪਰ ਵਿਦਿਆਰਥੀ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਇਥੇ ਸਿੱਖ ਰਹਿਤ ਮਰਿਆਦਾ, ਗੁਰਮਤਿ ਸੰਗੀਤ, ਤਬਲਾ, ਅਤੇ ਗੱਤਕੇ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਅਕਾਲ ਕਾਲਜ ਆਫ ਡਿਪਲੋਮਾ ਫਾਰਮੇਸੀ, ਸ੍ਰੀ ਮਸਤੂਆਣਾ ਸਾਹਿਬ- ਅਕਾਲ ਕਾਲਜ ਕੌਸ਼ਲ ਵੱਲੋਂ ਸੰਨ 2005 ’ਚ ‘ਫਾਰਮੇਸੀ ਕੌਸ਼ਲ ਆਫ ਇੰਡੀਆ’ ਤੋਂ ਮਾਨਤਾ ਪ੍ਰਾਪਤ ਇਸ ਕਾਲਜ ’ਚ 60 ਸੀਟਾਂ ਲਈ ਦਾਖਲਾ ਹੁੰਦਾ ਹੈ।
ਅਕਾਲ ਕਾਲਜ ਆਫ ਐਜ਼ੂਕੇਸਨ, ਸ੍ਰੀ ਮਸਤੂਆਣਾ ਸਾਹਿਬ- ਇੱਕ ਸਾਲਾ ਬੀਐਡ ਕੋਰਸ ਲਈ ਸੰਨ 2005 ’ਚ ਅਕਾਲ ਕਾਲਜ ਆਫ ਐਜ਼ੂਕੇਸਨ ਦੀ ਆਰੰਭਤਾ ਕੀਤੀ ਗਈ ਅਤੇ ਹਰ ਸਾਲ ਇਥੇ 100 ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾਂਦੇ ਹਨ ਅਤੇ ਹੁਣ ਇੱਥੇ ਐਮਐਡ ਅਤੇ ਐਮਏ ਐਜੂਕੇਸ਼ਨ ਦੇ ਕੋਰਸ ਵੀ ਸ਼ੁਰੂ ਕੀਤੇ ਗਏ ਹਨ।
ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ, ਸ੍ਰੀ ਮਸਤੂਆਣਾ ਸਾਹਿਬ-ਸੰਨ 2006 ਤੋਂ ਸ਼ੁਰੂ ਹੋਏ ਇਸ ਕਾਲਜ ’ਚ ਬੀਪੀਐਡ,ਡੀਪੀਐਡ,ਬੀਪੀਈ ਆਦਿ ਕੋਰਸ ਕਰਵਾਏ ਜਾਂਦੇ ਹਨ। ਇਸਦੇ ਵਿਦਿਆਰਥੀਆਂ ਨੇ ਪੜਾਈ ਅਤੇ ਖੇਡਾਂ ਦੇ ਖੇਤਰ ’ਚ ਯੂਨੀਵਰਸਿਟੀ, ਨੈਸਨਲ ਅਤੇ ਅੰਤਰ-ਯੂਨੀਵਰਸਿਟੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਮੈਡਲ ਪ੍ਰਾਪਤ ਕੀਤੇ ਹਨ।
ਸਾਈ ਟੇਨਿੰਗ ਕੇਂਦਰ- ਭਾਰਤ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੰਨ 2000 ’ਚ ਸੁਖਦੇਵ ਸਿੰਘ ਢੀਂਡਸਾ ਦੇ ਅਣਥੱਕ ਯਤਨਾਂ ਸਦਕਾ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਟੇਨਿੰਗ ਸੈਂਟਰ ਸਥਾਪਿਤ ਕੀਤਾ ਗਿਆ, ਜਿਸ ’ਚ ਅਥਲੈਟਿਕਸ, ਬੌਕਸਿੰਗ, ਬਾਲੀਵਾਲ,ਬਾਸਕਿਟ ਬਾਲ, ਹੈਂਡਬਾਲ ਅਤੇ ਜੂਡੋ ਆਦਿ ਖੇਡਾਂ ਦੀ ਸਿਖਲਾਈ ਦਾ ਪ੍ਰਬੰਧ ਹੈ। ਇਸ ਸ਼ਸਥਾ ਤੋਂ ਟੇਨਿੰਗ ਲੈ ਕੇ ਵੱਡੀ ਗਿਣਤੀ ’ਚ ਨੌਜਵਾਨ ਭਾਰਤੀ ਫੌਜ, ਨੇਵੀ, ਸੀਆਰਪੀਐਫ,ਰੇਲਵੇ, ਪੰਜਾਬ ਪੁਲਿਸ , ਪਾਵਰਕਾਮ ਅਤੇ ਟਾਟਾ ਜਿਹੇ ਪ੍ਰਸਿਧ ਸੰਸ਼ਥਾਵਾਂ ’ਚ ਉੱਚ ਅਹੁਦੇ ਪਾਪਤ ਕਰਕੇ ਨੌਕਰੀ ’ਤੇ ਲੱਗੇ ਹਨ।
ਸਕੱਤਰ ਜਸਵੰਤ ਸਿੰਘ ਖਹਿਰਾ
ਅਕਾਲ ਕਾਲਜ ਕੌਸ਼ਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਨੁਸਾਰ ਅਨੁਸਾਰ ਸੰਤ ਅਤਰ ਸਿੰਘ ਜੀ ਵੱਲੋਂ ਧਰਮ ਪ੍ਰਚਾਰ ਦੇ ਨਾਲ – ਨਾਲ ਵਿੱਦਿਆ ਦਾ ਪ੍ਰਚਾਰ ਕਰਨਾ ਇੱਕ ਵਡਮੁੱਲੀ ਸੇਵਾ ਹੈ। ਸੰਤ ਜੀ ਵੱਲੋਂ ਸਿੱਖਿਆ ਪੱਖੋਂ ਪਛੜੇ ਮਾਲਵੇ ਖੇਤਰ ’ਚ ਜਿਲ੍ਹਾ ਸੰਗਰੂਰ ਦੇ ਪਿੰਡ ਮਸਤੂਆਣਾ ਸਾਹਿਬ ਸਮੇਤ ਪੋਠੋਹਾਰ, ਮਾਝਾ, ਦੋਆਬਾ ਆਦਿ ’ਚ ਅਨੇਕ ਸਕੂਲ- ਕਾਲਜ ਦੀ ਆਰੰਭਤਾ ਕਰਲੀ, ਆਪਜੀ ਵੱਲੋਂ ਮਨੁੱਖਤਾ ਨੂੰ ਹਨੇਰੇ ’ਚੋਂ ਕੱਢਣ ਦੇ ਯਤਨਾਂ ਦਾ ਇੱਕ ਹਿੱਸਾ ਸੀ। ਖਹਿਰਾ ਅਨੁਸਾਰ ਸੰਤ ਅਤਰ ਸਿੰਘ ਜੀ ਦੀ ਯਾਦ ’ਚ ਪਿਛਲੇ ਕਈ ਦਹਾਕਿਆਂ ਤੋਂ ਸਫਲਤਾ ਪੂਰਵਕ ਚੱਲ ਰਹੀਆਂ ਵਿਦਿਅਕ ਸ਼ੰਸਥਾਵਾਂ ਇੱਕ ਮਿਸਾਲ ਬਣ ਚੁੱਕੀਆਂ ਹਨ। ਇ੍ਹਨਾਂ ਸੰਸਥਾਵਾਂ ’ਚ ਬੇਹੱਦ ਘੱਟ ਫੀਸਾਂ ’ਤੇ ਮਿਆਰੀ ਅਤੇ ਉਚ ਪਾਏ ਦੀ ਸਿੱਖਿਆ ਤੋਂ ਇਲਾਵਾਂ ਤੋਂ ਸਮਾਜਿਕ ਕਦਰਾਂ-ਕੀਮਤਾਂ ਦੀ ਗਿਆਨ ਰੂਪੀ ਜਾਂਚ ਵੀ ਦਿੱਤੀ ਜਾਂਦੀ ਹੈ।
ਸੰਤ ਅਤਰ ਸਿੰਘ ਜੀ ਦੀ ਯਾਦ ’ਚ ਬਣੇ ਯੂਨੀਵਰਸਿਟੀ ਅਤੇ ਕੈਂਸਰ ਹਸਪਤਾਲ- ਭਾਈ ਹਰਬੇਅੰਤ ਸਿੰਘ
ਸੰਤ ਅਤਰ ਸਿੰਘ ਜੀ ਦੀ ਮਾਤਾ ਭੋਲੀ ਜੀ ਦੀ ਯਾਦ ’ਚ ਬਣੇ ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਬੇਅੰਤ ਸਿੰਘ ਜੀ ਅਨੁਸਾਰ ਸੰਤ ਅਤਰ ਸਿੰਘ ਜੀ ਸਿੱਖ ਕੌਮ ਦੇ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਸਨ। ਉਨ੍ਹਾਂ ਸਮਿਆਂ ’ਚ ਵਿੱਦਿਆ ਦੀ ਮਹੱਤਤਾ ਨੂੰ ਸਮਝ ਕੇ ਵਿਦਿਆ ਦੇ ਪਚਾਰ ਲਈ ਯਤਨ ਕਰਨੇ ਅਤੇ ਇਸਤਰੀ ਜਾਤੀ ਨਹੀ ਵਿਦਿਆ ਦੇਣ ਤਹੱਈਆ ਕਰਨਾ ਸੰਤ ਜੀ ਦੀ ਦੂਰ ਅੰਦੇਸੀ ਸੋਚ ਦਾ ਸਿੱਟਾ ਸੀ। ਸੰਤਾਂ ਦੀ ਯਾਦ ’ਚ ਚੱਲ ਰਹੀਆਂ ਵਿਦਿਅਕ ਸਮੂਹਾਂ ਨੂੰ ਯੁਨੀਵਰਸਿਟੀ ’ਚ ਤਬਦੀਲ ਕਰਕੇ ਮਹਾਨ ਕਾਰਜ ਕਰਨ ਦੀ ਲੋੜ ਹੈ ਅਤੇ ਸੰਤ ਜੀ ਦੀ ਯਾਦ ’ਚ ਵੱਡਾ ਕੈਂਸਰ ਰੋਕਥਾਮ ਹਸਪਤਾਲ ਸਥਾਪਿਤ ਕੀਤਾ ਜਾਵੇ ਤਾਂ ਕਿ ਮਾਲਵੇ ’ਚ ਕੈਂਸਰ ਦੇ ਵੱਧ ਰਹੇ ਮਾਰੂ ਪ੍ਰਭਾਵ ਨੂੰ ਰੋਕਿਆ ਜਾ ਸਕੇ।