ਨਵੀਂ ਦਿੱਲੀ : ਘਟਗਿਣਤੀ ਭਾਈਚਾਰੇ ਤਕ ਸਮਾਜ ਭਲਾਈ ਦੀਆਂ ਸਰਕਾਰੀ ਸਕੀਮਾਂ ਨੂੰ ਪਹੁੰਚਾਉਣ ਵਾਸਤੇ ਨਿਸ਼ਕਾਮ ਕਾਰਜ ਜੰਗੀ ਪੱਧਰ ਤੇ ਕਰ ਰਹੇ ਵਾਲੰਟੀਅਰਾਂ ਦਾ ਸਾਲਾਨਾਂ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਦੇ ਘਟਗਿਣਤੀ ਜਾਗਰੂਕਤਾ ਸਕੀਮ ਸ਼ੈਕਸਨ (ਮਾਸ) ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਭਰਦੇ ਹੋਏ ਮਾਸ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਮੇਟੀ ਵੱਲੋਂ ਤਿੰਨ ਸਾਲ ਪਹਿਲੇ ਇਸ ਪਹਿਲ ਨੂੰ ਸ਼ੁਰੂ ਕਰਨ ਦੇ ਪਿੱਛੇ ਕਿਸੇ ਕਾਬਲ ਸਿੱਖ ਬੱਚੇ ਦੀ ਪੈਸੇ ਦੇ ਅੜਿੱਕੇ ਕਾਰਨ ਪੜਾਈ ਨਾ ਰੁਕਣ ਨੂੰ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਮਾਲੀ ਕਮਜੋਰੀ ਕਿਸੇ ਬੱਚੇ ਨੂੰ ਵਿੱਦਿਆ ਪ੍ਰਾਪਤ ਕਰਨ ਤੋਂ ਨਾ ਰੋਕੇ ਇਸ ਮਕਸਦ ਨੂੰ ਸਾਹਮਣੇ ਰੱਖ ਕੇ ਕਮੇਟੀ ਵੱਲੋਂ ਇਸ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ। ਵਿਭਾਗ ਵੱਲੋਂ ਸੰਗਤ ਸੇਵਾ ਕੇਂਦਰਾਂ ਰਾਹੀਂ ਸਰਕਾਰੀ ਸਕੀਮਾਂ ਨੂੰ ਸਿੱਖਾਂ ਦੇ ਨਾਲ ਹੀ ਮੁਸਲਿਮ, ਇਸਾਈ, ਜੈਨ ਅਤੇ ਬੋਧ ਸਮਾਜ ਦੇ ਲੋਕਾਂ ਤਕ ਪਹੁੰਚਾਉਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਰਾਹੀਂ ਜੀ. ਕੇ. ਨੇ ਘਟਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਫੀਸ ਮੁਆਫ਼ੀ ਸਕੀਮਾਂ ਅਤੇ ਬੇਰੁਜਗਾਰਾਂ ਨੂੰ ਕਰਜਾ ਸੁਵੀਧਾ ਨਾਲ ਵੱਡਾ ਫਾਇਦਾ ਮਿਲਣ ਦਾ ਵੀ ਦਾਅਵਾ ਕੀਤਾ।
ਕਾਂਸਟੀਚਿਊਸਨ ਕਲੱਬ ਵਿਖੇ ਹੋਏ ਇਸ ਸਮਾਗਮ ਵਿਚ ਨੌਡਲ ਅਫ਼ਸਰਾਂ ਦਾ ਸਨਮਾਨ ਸਰਟੀਫੀਕੇਟ ਅਤੇ ਯਾਦਗਾਰੀ ਚਿਨ੍ਹ ਦੇ ਕੇ ਕੀਤਾ ਗਿਆ। ਸਮਾਗਮ ’ਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਦਿੱਲੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਕਮਰ ਅਹਿਮਦ, ਮੈਂਬਰ ਐਬਰਾਹੀਮ ਪੱਟੀਯਾਨੀ, ਏ. ਸੀ. ਮਾਇਕਲ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ,ਮੀਤ ਪ੍ਰਧਾਨ ਸਤਪਾਲ ਸਿੰਘ,ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਵਿਭਾਗ ਦੇ ਕਨਵੀਨਰ ਗੁਰਮਿੰਦਰ ਸਿੰਘ ਮਠਾਰੂ, ਚੇਅਰਮੈਨ ਹਰਜਿੰਦਰ ਸਿੰਘ ਅਤੇ ਮੁਖੀ ਰਣਜੀਤ ਕੌਰ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ।
ਢੀਂਡਸਾ ਨੇ ਦਿੱਲੀ ਕਮੇਟੀ ਦਾ ਪ੍ਰਬੰਧ ਸੁਚੱਜੇ ਹੱਥਾਂ ਵਿਚ ਹੋਣ ਦੀ ਗੱਲ ਕਰਦੇ ਹੋਏ ਸਭ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਰੋਜ਼ਾਨਾ ਨਵੇਂ ਢੰਗ ਤਰੀਕਿਆਂ ਦੀ ਵਰਤੋਂ ਕਰਕੇ ਕੌਮ ਨੂੰ ਅੱਗੇ ਲੈ ਜਾਣ ਵਾਸਤੇ ਜੋ ਕਾਰਜ ਕਰ ਰਹੀ ਹੈ ਉਨ੍ਹਾਂ ਦੇ ਬਾਰੇ ਪਹਿਲੇ ਕੱਦੇ ਵੀ ਉਨ੍ਹਾਂ ਚਰਚਾ ਵੀ ਨਹੀਂ ਸੁਣੀ ਸੀ। ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਫੈਲਾ ਕੇ ਕਮੇਟੀ ਵੱਲੋਂ ਕੀਤੀ ਜਾ ਰਹੀ ਮਿਹਨਤ ਦਾ ਸਿੱਟਾ ਲੋੜਵੰਦਾਂ ਨੂੰ ਮਿਲਣ ਨੂੰ ਢੀਂਡਸਾ ਨੇ ਸੱਚੀ ਸੇਵਾ ਵੱਜੋਂ ਪਰਿਭਾਸਿਤ ਕੀਤਾ। ਤ੍ਰਿਲੋਚਨ ਸਿੰਘ ਨੇ ਸਰਕਾਰੀ ਸਕੀਮਾਂ ਦਾ ਫਾਇਦਾ ਲੋਕਾਂ ਤਕ ਪਹਿਲੇ ਨਾਮਾਤਰ ਜਾਂ ਘਟ ਪਹੁੰਚਣ ਦੇ ਪਿੱਛੇ ਅਵੇਸਲੇਪਣ ਨੂੰ ਵੱਡਾ ਕਾਰਨ ਦੱਸਿਆ। ਇਸ ਮੌਕੇ ਢੀਂਡਸਾ ਨੂੰ ਯਾਦਗਾਰੀ ਚਿਨ੍ਹ ਦੇ ਸਨਮਾਨਿਤ ਵੀ ਕੀਤਾ ਗਿਆ।