ਸਾਰੀਆਂ ਭਾਰਤੀ ਰਿਆਸਤਾਂ ਨੂੰ ਗੁਲਾਮ ਬਨਾਉਣ ਤੋਂ ਬਾਅਦ ਪੰਜਾਬ ਦੀਆਂ ਜੁਝਾਰੂ ਸਿੱਖ ਫੌਜਾਂ ਨੇ ਅੰਗਰੇਜਾਂ ਨੂੰ ਪੰਜਾਬ ਦੇ ਕਬਜਾ ਕਰਨ ਲਈ ਲੋਹੇ ਦੇ ਚਨੇ ਚਬਵਾਉਣ ਦੀ ਕਹਾਵਤ ਸੱਚੀ ਕਰ ਦਿੱਤੀ ਸੀ ਜਦੋਂਕਿ ਬਾਕੀ ਭਾਰਤੀ ਰਿਆਸਤਾਂ ਉਹਨਾਂ ਸੌਖੀਆਂ ਹੀ ਜਿੱਤ ਲਈਆਂ ਸਨ। ਪੰਜਾਬ ਦੀ ਸਿੱਖ ਰਿਆਸਤ ਤੇ ਜਿੱਤ ਸਭ ਤੋਂ ਅਖੀਰ ਵਿੱਚ ਬਹੁਤ ਸਾਰੀਆਂ ਸਾਜਿਸ਼ਾਂ ਅਤੇ ਸ਼ਕਤੀ ਨਾਲ ਹੀ ਨਸੀਬ ਹੋਈ ਸੀ। ਅੰਗਰੇਜ ਕੌਮ ਦੇ ਲੋਕ ਅੱਜ ਤੱਕ ਵੀ ਸਿੱਖ ਕੌਮ ਦਾ ਲੋਹਾ ਮੰਨਦੇ ਹਨ ਅਤੇ ਇੱਜ਼ਤ ਵੀ ਦਿੰਦੇ ਹਨ। ਦੂਸਰੇ ਪਾਸੇ 1947 ਵੇਲੇ ਦੇਸ਼ ਦੀ ਅਜਾਦੀ ਸਮੇਂ ਸਾਡੀ ਲੀਡਰਸ਼ਿਪ ਨੇ ਨਹਿਰੂ ਗਾਂਧੀ ਗੱਠਜੋੜ ਅੱਗੇ ਜਿਸ ਤਰਾਂ ਬਿਨਾਂ ਕੋਈ ਤਾਕਤ ਵਿਖਾਏ ਬਿਨਾਂ ਕੋਈ ਸ਼ਰਤ ਮੰਨਵਾਏ ਆਤਮ ਸਮਰਪਣ ਕੀਤਾ ਦੇ ਕਾਰਨ ਆਪਣੀ ਕੌਮ ਦੀ ਇੱਜਤ ਹੀ ਗਵਾ ਲਈ ਸੀ। ਉਸਤੋਂ ਬਾਅਦ ਜਿਸ ਤਰਾਂ ਪੰਜਾਬੀ ਕੌਮ ਨੂੰ 1966 ਤੱਕ ਜਿਸ ਤਰਾਂ ਜਲੀਲ ਅਤੇ ਬੇਇੱਜਤ ਕੀਤਾ ਗਿਆ ਇੱਕ ਲੰਬੀ ਕਹਾਣੀ ਹੈ। ਪੰਜਾਬੀ ਅਧਾਰਤ ਪੰਜਾਬ ਸੂਬਾ ਦੇਣ ਲਈ ਵੀ ਜਿਸ ਤਰਾਂ ਦਮਨ ਚੱਕਰ ਸਹਿਣਾਂ ਪਿਆ ਇਸ ਪਿੱਛੇ ਵੀ ਪੰਜਾਬੀ ਆਗੂਆਂ ਵੱਲੋਂ ਨਹਿਰੂ ਪਟੇਲ ਅੱਗੇ ਆਤਮ ਸਮਰਪਣ ਕਰਕੇ ਉਹਨਾਂ ਨੂੰ ਸੌਖੀ ਜਿੱਤ ਦੇ ਦੇਣ ਕਾਰਨ ਹੀ ਹੋਇਆ ਸੀ। ਕਿਸੇ ਵਕਤ ਪੰਜਾਬੀ ਪੋਰਸ ਨੇ ਦੁਨੀਆਂ ਦੇ ਜੇਤੂ ਸਿਕੰਦਰ ਨੂੰ ਸਖਤ ਟੱਕਰ ਦਿੱਤੀ ਸੀ ਸਿਕੰਦਰ ਜਿੱਤਣ ਦੇ ਬਾਵਜੂਦ ਵੀ ਪੋਰਸ ਨੂੰ ਸਨਮਾਨ ਦੇ ਕੇ ਗਿਆ ਸੀ। ਅੰਗਰੇਜਾਂ ਨੇ ਟੀਪੂ ਸਲਤਾਨ ਅਤੇ ਰਾਣੀ ਝਾਂਸੀ ਬਾਈ ਵੱਲੋਂ ਸਖਤ ਮੁਕਾਬਲਾ ਕਰਨ ਕਰਕੇ ਹੀ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਸਨਮਾਨ ਦਿੱਤਾ ਸੀ। ਬਾਕੀ ਰਿਆਸਤਾਂ ਦੇ ਰਾਜੇ ਅੰਗਰੇਜਾਂ ਦੀ ਬੇਇੱਜਤੀ ਸਹਿੰਦੇ ਰਹੇ ਅਤੇ ਟੁਕੜਬੋਚ ਬਣਕੇ ਹੀ ਜਲਾਲਤ ਭਰੀ ਗੁਲਾਮੀ ਕਰਨ ਤੱਕ ਸੀਮਤ ਹੋ ਗਏ ਸਨ।
ਸਮਿਆਂ ਦੇ ਨਾਲ ਹੀ ਇਹ ਵਰਤਾਰੇ ਆਪਣੇ ਰੂਪ ਬਦਲਕੇ ਵੀ ਜਾਰੀ ਰਹਿੰਦੇ ਹਨ। ਵਰਤਮਾਨ ਸਮੇਂ ਦੀ ਅਕਾਲੀ ਲੀਡਰਸ਼ਿਪ ਜਿਸਨੇ ਕੇਂਦਰ ਅੱਗੇ ਅਤਮ ਸਮਰਪਣ ਕੀਤਾ ਕਦੇ ਵੀ ਇੱਜਤ ਸਨਮਾਨ ਨਹੀਂ ਪਾ ਸਕੀ ਦੂਸਰੇ ਪਾਸੇ ਅਮਰਿੰਦਰ ਸਿੰਘ ਵਰਗਾ ਕਾਂਗਰਸੀ ਜਿਸ ਨੇ ਆਪਣੀ ਹੀ ਪਾਰਟੀ ਦੇ ਹਰਿਮੰਦਰ ਤੇ ਹਮਲਾ ਕਰਨ ਖਿਲਾਫ ਅਵਾਜ ਉਠਾਈ ਅਤੇ ਅਸਤੀਫਾ ਤੱਕ ਦਿੱਤਾ ਸੀ ਨੂੰ ਕਾਂਗਰਸ ਪਾਰਟੀ ਹੀ ਸਨਮਾਨ ਦੇਣ ਲਈ ਮਜਬੂਰ ਹੋਈ ਅਤੇ ਪੰਜਾਬ ਦਾ ਮੁੱਖ ਮੰਤਰੀ ਬਨਾਉਣਾ ਪਰਵਾਨ ਕੀਤਾ। ਹੁਣ ਦੁਬਾਰਾ ਫੇਰ ਕਾਂਗਰਸ ਆਪਣੀ ਜਿੱਤ ਪੱਕੀ ਕਰਨ ਲਈ ਪੰਜਾਬ ਦੇ ਪਾਣੀਆਂ ਦੀ ਹਿਮਾਇਤ ਵਿੱਚ ਆਪਣੀ ਹੀ ਪਾਰਟੀ ਦਾ ਹੁਕਮ ਨਾਂ ਮੰਨਣ ਵਾਲੇ ਅਮਰਿੰਦਰ ਸਿੰਘ ਤੇ ਹੀ ਦਾਅ ਲਾ ਰਹੀ ਹੈ। ਫੈਸਲਾ ਭਾਵੇਂ ਲੋਕਾਂ ਦੇ ਹੱਥ ਹੁੰਦਾ ਹੈ ਪਰ ਹੱਕ ਸੱਚ ਅਤੇ ਰਾਜਨੀਤੀ ਵਿੱਚ ਵੀ ਮਰਦ ਦਲੇਰਾਂ ਦੀ ਹੀ ਕਦਰ ਹੁੰਦੀ ਹੈ ਚਮਚਾ ਕਿਸਮ ਦੇ ਲੋਕ ਤਾਂ ਸੁਆਦਲੀਆਂ ਨਿਆਮਤਾਂ ਖਾਣ ਤੱਕ ਹੀ ਵਰਤੇ ਜਾਂਦੇ ਹਨ। ਚਮਚਿਆਂ ਕੜਛਿਆਂ ਦੇ ਮੂੰਹ ਲਿਬੜੇ ਹੋਏ ਜਾਂ ਜੂਠ ਨਾਲ ਭਰੇ ਹੋਏ ਹੁੰਦੇ ਹਨ। ਕੁੱਤੇ ਦੀ ਨਸਲ ਪਰਾਇਆ ਜਾਂ ਚੋਰੀ ਕੀਤਾ ਹੀ ਖਾਦੀ ਹੈ ਪਰ ਸ਼ੇਰ ਹਮੇਸ਼ਾਂ ਖੁਦ ਸ਼ਿਕਾਰ ਕਰਕੇ ਤਾਜਾ ਖਾਣਾ ਹੀ ਖਾਦੇਂ ਹਨ।
ਵਰਤਮਾਨ ਸਮੇਂ ਵਿੱਚ ਦਿੱਲੀ ਵਿੱਚ ਮੋਦੀ ਅਤੇ ਕੇਜਰੀਵਾਲ ਰਾਜ ਸੱਤਾ ਦੀਆਂ ਦੋ ਸੌਖੀਆਂ ਜਿੱਤਾਂ ਦੇ ਮੋਹਰੇ ਹਨ ਜਿਹਨਾਂ ਦੇ ਸਾਹਮਣੇ ਆਪੋਜੀਸ਼ਨ ਨਾਂ ਦਾ ਵਿਰੋਧ ਨਾਂ ਮਾਤਰ ਹੈ। ਇਹਨਾਂ ਦੋਨਾਂ ਨੇ ਬਿਗਾਨੀ ਮਾਰ ਤੇ ਧਾੜਾਂ ਮਾਰੀਆਂ ਹਨ ਜਿਸ ਵਿੱਚ ਕੇਜਰੀਵਾਲ ਨੇ ਭਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਇਨਾਮ ਪਾਕੇ ਭਾਰਤੀ ਲੋਕਾਂ ਨਾਲ ਧਰੋਹ ਕੀਤਾ ਹੈ ਅਤੇ ਮੋਦੀ ਦੀ ਜਿੱਤ ਕਾਰਪੋਰੇਟ ਘਰਾਣਿਆਂ ਦੀ ਦਾਅ ਮਾਰੀ ਵਿੱਚੋਂ ਭਾਰਤੀ ਲੋਕਾਂ ਨੂੰ ਨਪੀੜਨ ਦੀ ਖੇਡ ਵਿੱਚੋਂ ਨਿੱਕਲੀ ਹੈ ਅਤੇ ਇਹ ਦੋਨੋਂ ਵਿਰੋਧੀ ਧਿਰ ਦੇ ਨਾਂ ਹੋਣ ਵਰਗਾ ਹੋਣ ਤੇ ਇਹ ਦੋ ਰਾਜਨੇਤਾ ਮਨ ਆਈਆਂ ਕਰ ਰਹੇ ਹਨ। ਕੁਰਸੀ ਦੇ ਨਸ਼ੇ ਵਿੱਚ ਮਨ ਆਇਆ ਬਿਨਾਂ ਕਿਸੇ ਨਤੀਜੇ ਵਾਲੇ ਫੋਕੇ ਬੋਲ ਬੋਲੀ ਜਾ ਰਹੇ ਹਨ। ਮਜਬੂਤ ਵਿਰੋਧੀ ਧਿਰ ਨਾਂ ਹੋਣ ਦਾ ਖਮਿਆਜਾ ਆਮ ਲੋਕ ਭੁਗਤ ਰਹੇ ਹਨ । ਆਮ ਲੋਕਾਂ ਨੂੰ ਕਦੇ ਵੀ ਰਾਜਨੀਤਕ ਨੂੰ ਵੱਡੀ ਜਿੱਤ ਦੇਣ ਦਾ ਅਰਥ ਆਪਣੀ ਸੰਘੀ ਨੂੰ ਇਹਨਾਂ ਲੋਕਾਂ ਦੇ ਹੱਥ ਦੇਣਾ ਹੀ ਹੁੰਦਾ ਹੈ। ਜਿੱਥੇ ਮੋਦੀ ਸਾਹਿਬ ਅਰਬਾਂ ਖਰਬਾਂ ਦਾ ਜਿਆਦਾ ਟੈਕਸ ਲੈਕੇ ਵੀ ਮਹਿੰਗਾਈ ਤੇ ਕੋਈ ਰੋਕ ਲਾਉਣ ਲਈ ਗੰਭੀਰ ਨਹੀ ਹਨ ਅਤੇ ਇਸ ਤਰਾਂ ਹੀ ਕੇਜਰੀਵਾਲ ਆਪੋਜੀਸ਼ਨ ਨਾਂ ਹੋਣ ਕਰਕੇ ਆਪਣੇ ਵਿਧਾਇਕਾਂ ਅਤੇ ਚਮਚਿਆਂ ਦੀ ਵਾਹ ਵਾਹ ਸੁਣਕੇ ਆਕੜਿਆ ਫਿਰਦਾ ਹੈ। ਦਿੱਲੀ ਪਹਿਲਾਂ ਦੀ ਤਰਾਂ ਦੁਨੀਆਂ ਦਾ ਗਿਣਤੀ ਦੇ ਗੰਦੇ ਸ਼ਹਿਰਾਂ ਵਿੱਚ ਸ਼ਾਮਿਲ ਹੈ। ਬਲਾਤਕਾਰ ਹੱਤਿਆਵਾਂ ਅਤੇ ਨਸ਼ਿਆਂ ਵਾਲੀ ਮੰਡੀ ਬਣਿਆ ਹੋਇਆ ਹੈ। ਦਿੱਲੀ ਵਿੱਚ ਜੀ ਬੀ ਰੋਡ ਸਮੇਤ ਹੋਰ ਅਨੇਕਾਂ ਇਲਾਕਿਆਂ ਵਿੱਚ ਲੱਖਾਂ ਕੁੜੀਆਂ ਸਰੀਰ ਵੇਚਣ ਨੂੰ ਮਜਬੂਰ ਹਨ। ਕੱਚੇ ਮੁਲਾਜਮ ਪੱਕੇ ਕਰਨੇ ਨਵੇਂ ਰੋਜਗਾਰ ਦੇਣਾ ਸੁਰੱਖਿਆ ਲਈ ਕੈਮਰਿਆਂ ਦੇ ਅਤੇ ਵਾਈ ਫਾਈਆਂ ਦੇ ਵਾਅਦੇ ਵੀ ਪਿਸ਼ਾਬ ਦੀ ਝੱਗ ਵਾਂਗ ਬਹਿ ਗਏ ਹਨ। ਆਮ ਰੋਜਾਨਾਂ ਦੇ ਹੋਣ ਵਾਲੇ ਲਾਜਮੀ ਕੰਮਾਂ ਦੀ ਹੀ ਮਸ਼ਹੂਰੀ ਕਰਨ ਤੇ ਸੈਕੜੇ ਕਰੋੜ ਖਰਚ ਕੇ ਦੇਸ਼ ਦੇ ਦੂਜੇ ਹਿੱਸੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੀ ਅਸਲੀਅਤ ਬਹੁਤ ਹੀ ਨਿਘਾਰ ਵੱਲ ਜਾ ਰਹੀ ਹੈ। ਸਫਾਈ ਮਜਦੂਰਾਂ ਦੀਆਂ ਤਨਖਾਹਾਂ ਦੇਣ ਤੇ ਵੀ ਮੋਦੀ ਤੇ ਕੇਜਰੀਵਾਲ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ਹੰਕਾਰ ਨਾਲ ਭਰੇ ਹੋਏ ਦੋਨੋਂ ਨੇਤਾ ਮਿਲਵਰਤਨ ਦੀ ਨੀਤੀ ਤੇ ਚੱਲਕੇ ਕੁੱਝ ਚੰਗਾਂ ਸਿਰਜਣ ਦੀ ਥਾਂ ਝੋਟਿਆਂ ਦਾ ਭੇੜ ਝਾੜੀਆਂ ਦਾ ਖੌਹ ਬਣਾ ਰਹੇ ਹਨ।
ਇਹੋ ਜਿਹੇ ਹਾਲਤਾਂ ਵਿੱਚ ਦੇਸ਼ ਦੇ ਦੂਜੇ ਸੂਬਿਆਂ ਵਿੱਚ ਰਾਜਸੱਤਾ ਦੀ ਭੁੱਖ ਸਹੇੜੀ ਬੈਠਾ ਕੇਜਰੀਵਾਲ ਪੰਜਾਬ ਨੂੰ ਪਰਯੋਗਸ਼ਾਲਾ ਬਣਾਈ ਬੈਠਾ ਹੈ। ਪੰਜਾਬ ਦੇ ਲੋਕ ਤਾਂ ਏਨੇ ਕੁ ਮੂਰਖ ਸਮਝ ਲਏ ਗਏ ਹਨ ਕਿ ਉਹਨਾਂ ਦੇ ਵਧੀਆ ਆਗੂ ਬਾਹਰ ਕਰ ਦਿੱਤੇ ਗਏ ਹਨ ਜਿਹਨਾਂ ਆਪਣੀ ਸਾਰੀ ਉਮਰ ਦੀ ਸਮਾਜਿਕ ਸੇਵਾ ਦੇ ਵੱਡੇ ਯੋਗਦਾਨ ਨਾਲ ਲੋਕਾਂ ਦੀ ਇੱਜਤ ਅਤੇ ਜਿੱਤ ਜਾਂ ਮੁਕਾਬਲੇ ਵਾਲੀ ਟੱਕਰ ਦਿੱਤੀ ਸੀ । ਇਸ ਤਰਾਂ ਦੇ ਬਹੁਤੇ ਆਗੂ ਜਿਸ ਵਿੱਚ ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ, ਡਾਕਟਰ ਧਰਮਵੀਰ ਗਾਂਧੀ , ਹਰਿੰਦਰ ਖਾਲਸਾ , ਜੱਸੀ ਜਸਰਾਜ, ਚੋਣ ਕੰਪੇਨ ਕਮੇਟੀ ਪੰਜਾਬ 2014 ਦੇ ਬਹੁਤੇ ਮੈਂਬਰ ਜਲੀਲ ਕਰਕੇ ਘਰ ਬਿਠਾ ਦਿੱਤੇ ਗਏ ਹਨ। ਗੁਲਾਮੀ ਕਬੂਲ ਕਰਨ ਵਾਲੇ ਜਾਂ ਲਾਲਚ ਦੀਆਂ ਬੁਰਕੀਆਂ ਲੈਣ ਵਾਲੇ ਭੰਢ ਕਿਸਮ ਦੇ ਹੀ ਬਹੁਤੇ ਆਗੂ ਹੀ ਪਿੱਛੇ ਰਹਿ ਗਏ ਹਨ। ਲੋਕਪੱਖੀ ਜੁਝਾਰੂ ਲੋਕ ਚੁੱਪ ਕਰਾਏ ਜਾ ਰਹੇ ਹਨ। ਲੱਖਾਂ ਅਤੇ ਕਰੋੜਾਂ ਦੀਆਂ ਦਾਅਵੇ ਦਾਰੀਆਂ ਵਾਲੇ , ਦੂਸਰੀਆਂ ਪਾਰਟੀਆਂ ਦੇ ਚੱਲੇ ਕਾਰਤੂਸ ਇਮਾਨਦਾਰੀਆਂ ਦੇ ਸਰਟੀਫਿਕੇਟਾਂ ਨਾਲ ਲੈਸ ਕੀਤੇ ਜਾ ਰਹੇ ਹਨ ਕਿਉਂਕਿ ਦਾਗੀ ਅਤੇ ਕਮਜੋਰ ਲੋਕ ਹੀ ਪੈਰਾਂ ਵਿੱਚ ਬੈਠ ਸਕਦੇ ਹਨ ਅਤੇ ਅਣਖ ਇੱਜਤਾਂ ਜਮੀਰਾਂ ਵਾਲੇ ਲੋਕ ਤਾਂ ਇਹ ਪਰਵਾਨ ਨਹੀਂ ਕਰ ਸਕਦੇ। ਸਿਆਸਤ ਅਤੇ ਹੱਕ ਸੱਚ ਦੇ ਜਾਣਕਾਰ ਲੋਕ ਤਾਂ ਲਗਾਤਰ ਪਾਰਟੀ ਤੋਂ ਦੂਰ ਹੋ ਰਹੇ ਹਨ ਪਰ ਨੌਜਵਾਨੀ ਦੇ ਨਾਂ ਤੇ ਸਿਆਸਤ ਦੀ ਸਮਝ ਤੋਂ ਕੋਹਾਂ ਦੂਰ ਅਣਜਾਣ ਨਵੇਂ ਨੌਜਵਾਨ ਲੋਕਾਂ ਨੂੰ ਵਰਤਣ ਦੀ ਘਟੀਆਂ ਸਿਆਸਤੀ ਚਾਲ ਖੇਡੀ ਜਾ ਰਹੀ ਹੈ। ਸੋਸ਼ਲ ਮੀਡੀਆਂ ਅਤੇ ਆਮ ਲੋਕਾਂ ਵਿੱਚ ਆਪਣੇ ਗੁੰਡਾਂ ਅਨਸਰਾਂ ਨੂੰ ਬੁਰਾ ਵਿਵਹਾਰ ਕਰਨ ਦੀ ਖੁੱਲ ਦਿੱਤੀ ਹੋਈ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਤਾਂ ਇਹਨਾਂ ਦੇ ਗੁੰਡਾਂ ਅਨਸਰ ਨੂੰ ਤਰਜੀਹ ਨਹੀਂ ਦੇ ਰਿਹਾ ਪਰ ਸੋਸ਼ਲ ਮੀਡੀਆ ਉੱਪਰ ਇਸ ਪਾਰਟੀ ਦੀ ਇੱਕ ਵੱਡੀ ਫੌਜ ਹੈ ਜਿਸਨੂੰ ਇਸਦੇ ਆਗੂਆਂ ਦਾ ਪੂਰਾ ਥਾਪੜਾ ਹੈ। ਅੱਜ ਤੱਕ ਕਦੇ ਵੀ ਇਸ ਪਾਰਟੀ ਨੇ ਆਪਣੇ ਗੁੰਡਾਂ ਅਨਸਰਾਂ ਦੀਆਂ ਗਾਲਾਂ ਲੜਾਈਆਂ ਅਤੇ ਬੁਰੀ ਭਾਸ਼ਾ ਵਰਤਣ ਵਾਲਿਆਂ ਨੂੰ ਕਦੇ ਵੀ ਚਿਤਾਵਨੀ ਨਹੀਂ ਦਿੱਤੀ ਗਈ। ਇਲੈਕਟਰੋਨਿਕ ਮੀਡੀਆਂ ਦੀਆਂ ਬਹਿਸਾਂ ਵਿੱਚ ਵੀ ਇਸ ਪਾਰਟੀ ਦੇ ਬੁਲਾਰੇ ਬਹੁਤ ਹੀ ਨੀਵੇਂ ਪੱਧਰ ਦੀ ਡਿਬੇਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਪੰਜਾਬ ਦੇ ਭਲੇ ਦੀਆਂ ਸਕੀਮਾਂ ਸਪੱਸ਼ਟਤਾ ਦੀ ਥਾਂ ਗੋਲ ਮੋਲ ਅੰਦਾਜ ਵਿੱਚ ਪਰੋਸੀਆਂ ਜਾ ਰਹੀਆਂ ਹਨ ਤਾਂ ਕਿ ਜੇ ਕਿੱਧਰੇ ਬਿੱਲੀ ਦੇ ਭਾਗੀਂ ਛਿੱਕਾ ਟੁੱਟ ਜਾਵੇ ਤਦ ਜਵਾਬਦੇਹੀ ਤੋਂ ਬਚਿਆਂ ਜਾ ਸਕੇ। ਪੰਜਾਬ ਦੀਆਂ ਵਰਤਮਾਨ ਤਿੰਨੇ ਧਿਰਾਂ ਦੇ ਇਸ ਤਰਾਂ ਦੇ ਵਰਤਾਰਿਆਂ ਦੇ ਵਿੱਚ ਕੌਣ ਕਿੱਥੇ ਖੜਾ ਹੈ ਸਮਝਣਾ ਕੋਈ ਔਖਾ ਨਹੀਂ ਹੈ।
ਨਵੀਂ ਸਰਕਾਰ ਬਣਾਉਣ ਦਾ ਬਹੁਤ ਥੋੜਾ ਸਮਾਂ ਬਚਿਆਂ ਹੈ ਜਿਸ ਦੇ ਲਈ ਇਹ ਤਿੰਨੇ ਧਿਰਾਂ ਹੀ ਟੱਕਰ ਦਿੰਦੀਆਂ ਪਰਤੀਤ ਹੁੰਦੀਆਂ ਹਨ। ਸੋ ਇਸ ਤਰਾਂ ਦੇ ਸਮੇਂ ਵਿੱਚ ਪੰਜਾਬੀ ਸੂਝਵਾਨਾਂ ਨੂੰ ਪੰਜਾਬੀਆਂ ਨੂੰ ਸੇਧ ਦੇਣੀ ਚਾਹੀਦੀ ਹੈ ਕਿ ਪੰਜਾਬੀ ਕੀ ਕਰਨ? ਮੋਦੀ ਅਤੇ ਕੇਜਰੀਵਾਲ ਵਰਗੀਆਂ ਇੱਕਪਾਸੜ ਜਿੱਤਾਂ ਕਿਸੇ ਵੀ ਪਾਰਟੀ ਨੂੰ ਨਸੀਬ ਨਹੀਂ ਹੋਣੀਆਂ ਚਾਹੀਦੀਆਂ। ਨੇਤਾਵਾਂ ਦੀਆਂ ਡਰਾਮੇਬਾਜੀਆਂ ਦੀ ਥਾਂ ਜੇ ਕੋਈ ਧਿਰ ਪੰਜਾਬ ਦੇ ਹਕੀਕੀ ਮਸਲਿਆਂ ਪ੍ਰਤੀ ਸੰਜੀਦਗੀ ਦਿਖਾਵੇ ਉਸਦਾ ਸਮਰਥਨ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਜੋ ਪਾਰਟੀ ਜਾਂ ਨੇਤਾ ਆਮ ਲੋਕਾਂ ਨੂੰ ਝੂਠ ਦੀਆਂ ਡਰਾਮੇਬਾਜੀਆਂ ਦੀ ਥਾਂ ਹਕੀਕਤਾਂ ਨਾਲ ਰੁਬਰੂ ਕਰਵਾਉਂਦਾ ਹੈ ਨਿਸਚੈ ਹੀ ਉਹ ਸਹੀ ਹੁੰਦਾ ਹੈ। ਰਾਜਸੱਤਾ ਦੀ ਜਿੱਤ ਨੂੰ ਆਪਣੀ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਪੌੜੀ ਸਮਝਣ ਵਾਲਾ ਨੇਤਾ ਕਦੇ ਵੀ ਲੋਕ ਹਿਤਾਇਸ਼ੀ ਨਹੀਂ ਹੋ ਸਕਦਾ। ਦੇਸ਼ ਪੱਧਰ ਦੀਆਂ ਪਾਰਟੀਆਂ ਦੇ ਆਗੂ ਜੇ ਸਾਨੂੰ ਪੰਜਾਬ ਦੇ ਅਜਾਦ ਹੋਕੇ ਵਿਚਰਨ ਵਾਲੇ ਆਗੂ ਨਹੀਂ ਦੇਣਾ ਚਾਹੁੰਦੇ ਉਹ ਪੰਜਾਬ ਦੇ ਦੋਖੀ ਅਤੇ ਪੰਜਾਬੀਆਂ ਨੂੰ ਮੂਰਖ ਬੇਅਕਲੇ ਗਰਦਾਨਣ ਵਾਲੇ ਹੀ ਹੁੰਦੇ ਹਨ ਅਤੇ ਇਹੋ ਜਿਹੇ ਦਲ ਨੂੰ ਵੀ ਸਮਰਥਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰਾਜਸੱਤਾ ਲੰਬਾ ਸਮਾਂ ਇੱਕ ਪਾਰਟੀ ਕੋਲ ਦੇਣਾਂ ਵੀ ਲੋਕ ਤੰਤਰ ਵਿੱਚ ਚੰਗਾ ਨਹੀਂ ਹੁੰਦਾ ਅਤੇ ਜਿਹੜੀਆਂ ਧਿਰਾਂ ਵਰਤਮਾਨ ਰਾਜਸੱਤਾ ਨੂੰ ਹੀ ਕੁਰਸੀ ਦੇਣ ਵਿੱਚ ਸਹਾਇਕ ਬਣਨਗੀਆਂ ਉਹ ਹੱਦ ਦਰਜੇ ਦੀਆਂ ਖਤਰਨਾਕ ਹੋਣਗੀਆਂ। ਜਿਹੜੇ ਰਾਜਨੀਤਕ ਆਪਣੀ ਨਿੱਜ ਹਾਉਮੈਂ ਨੂੰ ਛੱਡਕੇ ਪੰਜਾਬ ਦੇ ਭਲੇ ਲਈ ਆਪਣੀ ਜਿੱਤ ਦੀ ਸੰਭਾਵਨਾ ਨਾਂ ਹੋਣ ਦੀ ਸੂਰਤ ਵਿੱਚ ਵੱਖੋ ਵੱਖਰੀ ਡਫਲੀ ਵਜਾਉਣ ਦੀ ਥਾਂ ਕਿਸੇ ਇੱਕ ਧਿਰ ਨਾਲ ਖੜਨ ਦੀ ਦਲੇਰੀ ਕਰਨਗੀਆਂ ਉਹ ਵੀ ਲੋਕ ਭਲੇ ਵਿੱਚ ਵੀ ਅਤੇ ਉਹਨਾਂ ਦੇ ਖੁਦ ਦੇ ਵੀ ਹਿੱਤ ਵਿੱਚ ਹੋਵੇਗਾ। ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਹਿ ਕਰ ਦੇਣਗੀਆਂ ਕਿ ਕੀ ਪੰਜਾਬ ਦੀ ਬੇੜੀ ਮੰਝਧਾਰ ਵਿੱਚ ਫਸੇਗੀ ਜਾਂ ਪੰਜਾਬ ਇਸ ਨੂੰ ਪਾਰ ਕਰਨ ਵੱਲ ਕੁੱਝ ਕਦਮ ਅੱਗੇ ਜਾਵੇਗਾ। ਇਹ ਫੈਸਲੇ ਤੇ ਅੰਤਿਮ ਮੋਹਰ ਲੋਕਾਂ ਨੇ ਹੀ ਲਾਉਣੀ ਹੈ ਪਰ ਇਸ ਮੋਹਰ ਲਾਉਣ ਵਾਲੇ ਦਿਨ ਤੋਂ ਪਹਿਲਾਂ ਨਸ਼ਿਆਂ, ਨੋਟਾਂ ਅਤੇ ਝੂਠੇ ਲਾਰਿਆਂ ਦੀ ਦਲਦਲ ਵੀ ਪੰਜਾਬੀ ਵੋਟਰਾਂ ਨੂੰ ਪਾਰ ਕਰਨੀ ਪਵੇਗੀ ਅਤੇ ਇਸ ਨੂੰ ਪਾਰ ਕਰਵਾਉਣ ਦੀ ਸੇਧ ਵੀ ਇਸ ਦੇ ਸੂਝਵਾਨ ਵਿਦਵਾਨ ਤਬਕੇ ਦੀ ਚੁੱਪ ਜਾਂ ਅਵਾਜ ਨੇ ਹੀ ਤਹਿ ਕਰਨੀ ਹੈ। ਸੋ ਆਉ ਪੰਜਾਬੀਉ ਸਾਰੇ ਰਾਜਨੀਤਕਾਂ ਨੂੰ ਜਿੱਤ ਦੇ ਘੋੜੇ ਤੇ ਸਵਾਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਮੁੜਕੋ ਮੁੜਕੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੀਏ ਤਾਂ ਕਿ ਇਹ ਸਾਡੀ ਸੋਚ ਅਤੇ ਸਮਝ ਦੀ ਕਦਰ ਕਰਨਾ ਸਿੱਖ ਜਾਣ।