ਵਿਆਹ-ਸ਼ਾਦੀ ਇਕ ਪਵਿੱਤਰ ਬੰਧਨ ਹੈ। ਇਹ ਸਿਰਫ ਜਿਸਮਾਂ ਦਾ ਰਿਸ਼ਤਾ ਹੀ ਨਹੀਂ ਹੁੰਦਾ-ਸਗੋਂ ਇਹ ਦੋ ਰੂਹਾਂ ਦਾ ਮੇਲ ਹੁੰਦਾ ਹੈ। ਇਹ ਦੋ ਪਰਿਵਾਰਾਂ ਨੂੰ ਜੋੜਨ ਦਾ ਕੰਮ ਵੀ ਕਰਦਾ ਹੈ ਅਤੇ ਕਈ ਨਵੇਂ ਰਿਸ਼ਤਿਆਾਂ ਦੀਆਾਂ ਤੰਦਾਂ ਵੀ ਜੋੜਦਾ ਹੈ। ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਤੇ ਵਾਹਿਗੁਰੂ ਦੀ ਹਜ਼ੂਰੀ ਵਿਚ, ਸਮਾਜ ਵਲੋਂ ਮੋਹਰ ਲਾਈ ਜਾਂਦੀ ਹੈ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਉਹਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਅੰਗ-ਸੰਗ ਸਹਾਈ ਹੁੰਦਾ ਹੈ। ਸੋ ਇਹ ਸੁਭਾਗਾ ਦਿਹਾੜਾ, ਦੋਹਾਂ ਪਰਿਵਾਰਾਂ ਲਈ ਅਤੇ ਸੁਭਾਗ ਜੋੜੀ ਲਈ, ਇਕ ਖੁਸ਼ੀ ਦਾ ਮੁਕਾਮ ਹੁੰਦਾ ਹੈ।
ਅੱਜਕਲ ਇਹ ਦੇਖਣ ਨੂੰ ਮਿਲਦਾ ਹੈ ਕਿ ਇਹ ਖੁਸ਼ੀ ਦਾ ਮੌਕਾ, ਜ਼ਿਆਦਾਤਰ ਦਿਖਾਵਾ ਅਤੇ ਫਜ਼ੂਲ ਖਰਚੀ ਬਣ ਕੇ ਰਹਿ ਗਿਆ ਹੈ। ਅਸੀਂ ਇਸ ਨੂੰ ਲੋਕਾਚਾਰੀ ਖਾਤਰ ਧੁੂੁਮ-ਧਾਮ ਨਾਲ ਮਨਾਉਣ ਲਈ, ਆਪਣਾ ਝੁੱਗਾ ਚੌੜ ਕਰ ਬੈਠਦੇ ਹਾਂ। ਉਪਰੋਂ ਅਸੀਂ ਸਭ ਨੂੰ ਹੱਸ ਕੇ ਮਿਲਦੇ ਹਾਂ, ਪਰ ਅੰਦਰੋਂ ਬੱਜਟ ਤੋਂ ਬਾਹਰ ਹੋਏ ਖਰਚੇ ਕਾਰਨ ਦੁਖੀ ਹੁੰਦੇ ਹਾਂ ਤੇ ਲੋਕ ਵੀ ਉਪਰੋਂ ਤਾਂ ਤੁਹਾਡੀ ਵਾਹਵਾ ਕਰਨਗੇ ਪਰ ਅੰਦਰੋਂ ਈਰਖਾ ਦੀ ਅੱਗ ਵਿਚ ਸੜੀ ਜਾਣਗੇ। ਸੋ ਇਕ ਦਿਨ ਦੀ ਬੱਲੇ-ਬੱਲੇ ਖੱਟਣ ਲਈ, ਜਾਂ ਤਾਂ ਅਸੀਂ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਇਕ ਵਿਆਹ ਤੇ ਹੀ ਗੁਆ ਬੈਠਦੇ ਹਾਂ, ਜਾਂ ਫਿਰ ਕਰਜ਼ਾਈ ਹੋ ਕੇ ਸਾਰੀ ਉਮਰ ਦਾ ਝੋਰਾ ਪੱਲੇ ਪਾ ਲੈਂਦੇ ਹਾਂ।
ਅਮੀਰ ਸ਼੍ਰੇਣੀ ਨੇ ਵਿਆਹ ਸ਼ਾਦੀਆਂ ਦੇ ਫਜ਼ੂਲ ਖਰਚੇ ਬਹੁਤ ਵਧਾ ਦਿੱਤੇ ਹਨ। ਉਹਨਾਂ ਕੋਲ ਤਾਂ ਕਾਲਾ ਧਨ ਹੁੰਦਾ ਹੈ –ਜਿਸ ਨੂੰ ਉਹਨਾਂ ਨੇ ਇਸ ਤਰ੍ਹਾਂ ਖਰਚ ਕਰਕੇ ਆਪਣੀ ਅਮੀਰੀ ਦਾ ਵਿਖਾਵਾ ਕਰਨਾ ਹੁੰਦਾ ਹੈ। ਉਨ੍ਹਾਂ ਦੀ ਦੇਖਾ ਦੇਖੀ ਜਾਂ ਰੀਸ ਕਰਕੇ, ਮਿਡਲ-ਕਲਾਸ ਜਾਂ ਨੌਕਰੀ- ਪੇਸ਼ਾ ਲੋਕ ਵੀ ਔਖੇ ਹੋ ਕੇ ਵਿਆਹਾਂ ਤੇ ਵਿਤੋਂ ਵੱਧ ਖਰਚ ਕਰਦੇ ਹਨ ਕਿਉਂਕਿ ਆਪਣੇ ਪੰਜਾਬੀਆਂ ਨੂੰ ਚਾਦਰ ਦੇਖ ਕੇ ਪੈਰ ਪਸਾਰਨ ਦੀ ਤਾਂ ਆਦਤ ਹੀ ਨਹੀਂ। ਬਾਕੀ ਸਾਡੇ ਸਲਾਹਕਾਰ ਵੀ ਇਹੋ ਜਿਹੇ ਹੁੰਦੇ ਹਨ ਜੋ ਕਹਿਣਗੇ- ‘ਇਹ ਮੌਕੇ ਕਿਹੜੇ ਰੋਜ਼-ਰੋਜ਼ ਆਉਂਦੇ ਹਨ, ਸਰਫਾ ਨਾ ਕਰੀਂ, ਖੁਲ੍ਹ ਦਿਲੀ ਨਾਲ ਵਿਆਹ ਤੇ ਖਰਚ ਕਰੀ’- ਤੇ ਅਸੀਂ ਫੂਕ ਵਿੱਚ ਆ ਕੇ ਲੋੜ ਤੋਂ ਜਿਆਦਾ ਹੀ ਖੁਲ੍ਹ ਦਿਲੀ ਦਿਖਾਉਣ ਲੱਗ ਜਾਂਦੇ ਹਾਂ।
ਪੰਜਾਬ ਦੇ ਪੈਲੇਸ ਕਲਚਰ ਨੇ ਵਿਆਹ ਬਹੁਤ ਮਹਿੰਗੇ ਕਰ ਦਿੱਤੇ ਹਨ । ਪਹਿਲੇ ਸਮਿਆਂ ਵਿਚ ਘਰਾਂ ਦੇ ਵਿਹੜਿਆਂ ਵਿੱਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਹੋ ਜਾਂਦੀਆਂ ਸਨ, ਜਗ੍ਹਾ ਦਾ ਕੋਈ ਕਿਰਾਇਆ ਤਾਂ ਨਹੀਂ ਸੀ ਲਗਦਾ। ਪਰ ਅੱਜਕਲ, ਲੱਖਾਂ ਵਿੱਚ ਤਾਂ ਪੈਲੇਸ ਦਾ ਕਿਰਾਇਆ ਹੀ ਹੁੰਦਾ ਹੈ- ਫਿਰ ਕੇਟਰਿੰਗ, ਡੈਕੋਰੇਸ਼ਨ ਆਦਿ ਵੱਖਰੇ। ਵਿਆਹ ਦੇ ਬਾਕੀ ਖਰਚੇ ਵੀ ਤਾਂ ਕਰਨੇ ਹੁੰਦੇ ਹਨ –ਕੱਪੜੇ, ਗਹਿਣੇ, ਦੇਣ-ਲੈਣ, ਮਿਲਣੀਆਂ, ਡੀ.ਜੇ, ਮੂਵੀ- ਫੋਟੋ ਗ੍ਰਾਫਰ, ਬਿਊਟੀ-ਪਾਰਲਰ, ਹਲਵਾਈ, ਮਿਠਾਈ, ਕਾਰਡ- ਡੱਬੇ… ਆਦਿ। ਸੋ ਸਾਦੇ ਤੋਂ ਸਾਦਾ ਵਿਆਹ ਵੀ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਦਸ ਬਾਰਾਂ ਲੱਖ ਨੂੰ ਢੁੱਕ ਜਾਂਦਾ ਹੈ- ਜੇਕਰ ਕੁੜਮਾਂ ਦੀ ਕੋਈ ਮੰਗ ਨਾ ਵੀ ਹੋਵੇ ਤਾਂ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕਿ ਇਕ ਆਮ ਆਦਮੀ ਆਪਣੇ ਬੱਚਿਆਂ ਦੇ ਵਿਆਹਾਂ ਲਈ ਕਿੰਨਾ ਕੁ ਪੈਸਾ ਜੋੜ ਸਕਦਾ ਹੈ? ਫਿਰ ਜਿਸ ਭਰੂਣ- ਹੱਤਿਆ ਦੀ ਅਸੀਂ ਅਜਕਲ ਦੁਹਾਈ ਦੇ ਰਹੇ ਹਾਂ- ਉਸ ਦਾ ਇਕ ਕਾਰਨ ਇਹ ਵਿਆਹਾਂ ਦੇ ਵੱਧ ਗਏ ਖਰਚੇ ਵੀ ਹਨ।ਹਰੇਕ ਮਾਂ-ਬਾਪ ਇਕ ਲੜਕੀ ਦੇ ਜਨਮ ਤੋਂ ਬਾਅਦ ਦੂਜੀ ਨੂੰ ਜਨਮ ਦੇਣ ਤੋਂ ਡਰਨ ਲੱਗ ਜਾਂਦਾ ਹੈ- ਕਿ ਦੋ ਲੜਕੀਆਂ ਦੇ ਵਿਆਹਾਂ ਦਾ ਖਰਚਾ ਕਿਵੇਂ ਝੱਲਣਗੇ?
ਜੋ ਲੋਕ ਕਨੇਡਾ ਜਾਂ ਹੋਰ ਬਾਹਰਲੇ ਮੁਲਕਾਂ ਤੋਂ ਆਪਣੇ ਲੜਕੇ ਦਾ ਵਿਆਹ ਕਰਨ ਲਈ ਇੰਡੀਆ ਜਾਂਦੇ ਹਨ – ਉਹ ਵੀ ਰੱਜੇ- ਪੁੱਜੇ ਹੋਣ ਦੇ ਬਾਵਜੂਦ (ਕੁੱਝ ਕੁ ਨੂੰ ਛੱਡ ਕੇ), ਕੁੜੀ ਵਾਲਿਆਂ ਦਾ ਕੂੰਡਾ ਕਰਵਾ ਕੇ ਹੀ ਆਉਂਦੇ ਹਨ। ਆਪਣੇ ਲੋਕ ਵੀ- ਲੜਕੇ ਦੀ ਕਾਬਲੀਅਤ, ਪਰਿਵਾਰ, ਉਮਰ, ਆਚਰਣ, ਵਿਚਾਰ…ਆਦਿ-ਕੁੱਝ ਵੀ ਨਹੀਂ ਵਿਚਾਰਦੇ। ਬਸ- “ਲੜਕਾ ਬਾਹਰੋਂ ਆਇਆ ਹੈ”- ਸੋਚ ਕੇ ਸਧਾਰਨ ਪਰਿਵਾਰ ਵੀ ਵਿਤੋਂ ਵੱਧ ਵਿਆਹ ਤੇ ਖਰਚ ਕਰਕੇ, ਆਪਣੀ ਭੋਲੀ-ਭਾਲੀ ਲੜਕੀ ਨੂੰ ਇਸ ਆਸ ਤੇ ਬਿਗਾਨੇ ਮੁਲਕ ਤੋਰ ਦਿੰਦੇ ਹਨ ਕਿ ਉਸ ਰਾਹੀਂ ਬਾਕੀ ਭੈਣ-ਭਰਾ ਵੀ ਜਾ ਸਕਣਗੇ। ਤੇ ਉਸ ਵਿਚਾਰੀ ਨੂੰ ਬਿਗਾਨੇ ਮੁਲਕ ਵਿਚ ਜੋ ਦਿਮਾਗੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ- ਉਹ ਤਾਂ, ਉਹ ਹੀ ਜਾਣਦੀ ਹੈ। ਇਹ ਹੀ ਨਹੀਂ- ਲੜਕੇ ਵਾਲੇ ਵੀ, ਆਪਣੇ ਦਿਨ-ਰਾਤ ਇਕ ਕਰਕੇ ਕਮਾਏ ਡਾਲਰਾਂ ਦੇ ਕਈ ਗੁਣਾਂ ਰੁਪਏ ਬਨਣ ਦੀ ਖੁਸ਼ੀ ਵਿਚ, ਵਿਆਹਾਂ ਤੇ ਬੇ-ਤਹਾਸ਼ਾ ਖਰਚ ਕਰਦੇ ਹਨ। ਉਹ ਆਪਣੀ ਬਰਾਦਰੀ ਵਿੱਚ ਟੌਹਰ ਬਨਾਉਣ ਲਈ, ਆਪਣੀ ਖੂਨ ਪਸੀਨੇ ਦੀ ਕਮਾਈ, ਲੱਖਾਂ ਰੁਪਏ ਕਿਰਾਇਆ ਲਾ ਕੇ, ਇੰਡੀਆ ਜਾ ਕੇ, ਪਾਣੀ ਵਾਂਗ ਰੋੜ੍ਹਦੇ ਹਨ-ਭਾਵੇਂ ਇਧਰ ਉਹ ਮਸੀਂ ਆਪਣੇ ਘਰਾਂ ਤੇ ਗੱਡੀਆਂ ਦੀਆਂ ਕਿਸਤਾਂ ਦੂਹਰੀਆਂ ਸ਼ਿਫਟਾਂ ਲਾ-ਲਾ ਕੇ ਪੂਰੀਆਂ ਕਰਦੇ ਹੋਣ ਅਤੇ ਇਸ ਮੰਦਵਾੜੇ ਦੇ ਦਿਨਾਂ ਵਿੱਚ, ਇਹ ਵੀ ਪਤਾ ਨਹੀਂ ਹੁੰਦਾ ਕਿ ਕਦੋਂ ਉਹਨਾਂ ਨੂੰ ਆਪਣੇ ਕੰਮ ਤੋਂ ਵੀ ਹੱਥ ਧੋਣੇ ਪੈ ਜਾਣ। ਸੋ ਇਕ ਦਿਨ ਦੀ ਵਾਹਵਾ ਖੱਟਣ ਲਈ, ਦੋਵੇਂ ਘਰ ਉਜਾੜੇ ਦਾ ਕਾਰਨ ਬਣਦੇ ਹਨ।
ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚੋਂ ਵਿਆਹਾਂ ਦੀ ਸਾਦਗੀ ਤੇ ਸਭਿਆਚਾਰ ਬਿਲਕੁਲ ਅਲੋਪ ਹੋ ਗਿਆ ਹੈ। ਛੋਟੇ-ਛੋਟੇ ਕਸਬਿਆਂ ਵਿੱਚ ਵੀ, ਚਾਰ ਚਾਰ ਪੈਲੇਸ ਹਨ। ਇਕ ਸਰਵੇਖਣ ਅਨੁਸਾਰ- ਪੰਜਾਬ ਦੀ ਘੱਟੋ-ਘੱਟ 7700 ਏਕੜ ਉਪਜਾਊ ਜ਼ਮੀਨ ਮੈਰਿਜ ਪੈਲੇਸਾਂ ਦੇ ਘੇਰੇ ਵਿਚ ਆ ਗਈ ਹੈ- ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਇਹਨਾਂ ਖਰਚੀਲੇ ਵਿਆਹਾਂ ਕਾਰਨ ਹੀ, ਘਰਾਂ ਦੇ ਘਰ ਖੋਖਲੇ ਹੋ ਰਹੇ ਹਨ ਅਤੇ ਇਹ ਖੁਸ਼ੀ, ਖੁਸ਼ੀ ਨਾ ਰਹਿ ਕੇ, ਆਉਣ ਵਾਲੇ ਸਮੇਂ ਲਈ ਮੁਸ਼ਕਿਲਾਂ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਦੇ ਫਜ਼ੂਲ ਖਰਚਿਆਂ ਰਾਹੀਂ ਹੀ ਪੰਜਾਬੀਆਂ ਨੇ ਆਪਣੇ ਸਿਰ ਕਰਜ਼ੇ ਦੀਆਂ ਪੰਡਾਂ ਚਾੜ੍ਹ ਲਈਆਂ ਹਨ ਅਤੇ ਖੁਦਕਸ਼ੀਆਂ ਦੇ ਰਾਹ ਤੇ ਚਲ ਪਏ ਹਨ।
ਪੈਲੇਸ ਕਲਚਰ ਦਾ ਬੁਰਾ ਪ੍ਰਭਾਵ, ਆਰਥਿਕ ਹੀ ਨਹੀਂ ਸਗੋਂ ਮਾਨਸਿਕ ਤੇ ਸਰੀਰਕ ਰੂਪ ਵਿਚ ਵੀ ਸਾਡੇ ਸਾਹਮਣੇ ਆਉਂਦਾ ਹੈ। ਇਥੋਂ ਦੇ ਸ਼ੋਰ ਪ੍ਰਦੂਸ਼ਣ ਕਾਰਨ ਸਾਡੀ ਸੁਨਣ- ਸ਼ਕਤੀ ਦਿਨੋਂ ਦਿਨ ਘੱਟ ਰਹੀ ਹੈ। ਕਿਸੇ ਵਿਆਹ ਤੇ ਚਲੇ ਜਾਉ- ਅੰਦਰ ਡੀ.ਜੇ. ਦੀ ਆਵਾਜ਼ ਤੇ ਨਾਚ ਪਾਰਟੀ ਦਾ ਸ਼ੋਰ ਇੰਨਾ ਕੁ ਹੁੰਦਾ ਹੈ ਕਿ ਕੁਝ ਦੇਰ ਹਾਲ ਵਿਚ ਬੈਠਣ ਨਾਲ ਹੀ ਸਾਡੇ ਕੰਨ ਸਾਂ-ਸਾਂ ਕਰਨ ਲਗ ਜਾਂਦੇ ਹਨ। ਇਹ ਖੁਸ਼ੀਆਂ ਦੇ ਮੌਕੇ ਸਾਡੇ ਲਈ ਬਹੁਤ ਸਾਰੇ ਚਿਰਾਂ ਤੋਂ ਵਿਛੜੇ-ਰਿਸ਼ਤੇਦਾਰਾਂ, ਦੋਸਤਾਂ, ਸਹੇਲੀਆਂ ਦੇ ਮਿਲਾਪ ਦਾ ਸਾਧਨ ਵੀ ਤਾਂ ਹੁੰਦੇ ਹਨ। ਪਰ ਹਾਲ ਦੇ ਅੰਦਰ ਆਵਾਜ਼ ਇੰਨੀ ਜ਼ਿਆਦਾ ਹੁੰਦੀ ਹੈ, ਕਿ ਅਸੀਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਿਸੇ ਸਾਕ- ਸਬੰਧੀ ਜਾਂ ਸਹੇਲੀ ਨਾਲ ਗੱਲ ਨਹੀਂ ਕਰ ਸਕਦੇ- ਫਿਰ ਕੀ ਫਾਇਦਾ ਹੋਇਆ ਇਸ ਵਿਆਹ ਦਾ ਤੇ ਮੇਲ-ਮਿਲਾਪ ਦਾ?
ਪੈਲੇਸ ਵਿੱਚ ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦੇ ਵੱਧ ਤੋਂ ਵੱਧ ਸਟਾਲ ਲਾਏ ਜਾਂਦੇ ਹਨ ਅਤੇ ਨਾਲ ਹੀ ਬਰੇਕ-ਫਾਸਟ, ਲੰਚ ਜਾਂ ਡਿਨਰ ਵਿਚ ਵੀ ਖਾਣਿਆਂ ਦੀ ਵਰਾਇਟੀ ਦੀ ਪੂਰੀ ਭਰਮਾਰ ਹੁੰਦੀ ਹੈ। ਅਸੀਂ ਲੋਕ ਆਪਣੀ ਸੇਹਤ, ਹਾਜ਼ਮਾ ਤੇ ਪੇਟ ਦੀ ਪਰਵਾਹ ਕੀਤੇ ਬਿਨਾਂ, ਸਭ ਖਾਣਿਆਂ ਦਾ ਸੁਆਦ ਚੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜੋ ਉਥੇ ਖਾਣੇ ਦੀ ਬਰਬਾਦੀ (ਜੂਠ) ਹੁੰਦੀ ਹੈ, ਉਸ ਨਾਲ ਸ਼ਾਇਦ ਕਈ ਸੈਂਕੜੇ ਗਰੀਬ ਪਰਿਵਾਰ ਆਪਣਾ ਪੇਟ ਭਰ ਸਕਦੇ ਹਨ। ਨਾਲ ਹੀ ਅਸੀਂ ਲੋਕ ਸ਼ਰਾਬਾਂ ਪੀ ਕੇ ਨੱਚਣ ਵਾਲਿਆਂ ਤੇ, ਜੋ ਨੋਟਾਂ ਦੀ ਬਰਸਾਤ ਕਰਦੇ ਹਾਂ- ਉਹ ਵੀ ਤਾਂ ਪੈਸੇ ਦਾ ਵਿਖਾਵਾ ਕਰਨਾ ਹੀ ਹੁੰਦਾ ਹੈ। ਪਰ ਇਸ ਤਰ੍ਹਾਂ ਆਪਣੀ ਮਿਹਨਤ ਦੀ ਕਮਾਈ ਨੂੰ ਪੈਰਾਂ ਵਿਚ ਰੋਲਣਾ ਕਿੱਥੋਂ ਦੀ ਸਿਆਣਪ ਹੈ? ਇਹ ਡੀ. ਜੇ. ਵਾਲੇ ਤਾਂ ਸਾਨੂੰ ਦੋਹੀਂ ਹੱਥੀਂ ਲੁੱਟਦੇ ਹਨ- ਸਾਥੋਂ ਮੋਟੀਆਂ ਰਕਮਾਂ ਵੀ ਵਸੂਲ ਕਰ ਲੈਂਦੇ ਹਨ ਤੇ ਸਾਡੇ ਖਿਲਾਰੇ ਹੋਏ ਨੋਟ ਵੀ ਇਕੱਠੇ ਕਰ ਕੇ ਲੈ ਜਾਂਦੇ ਹਨ।
ਪੈਲੇਸ ਕਲਚਰ ਨੇ ਸਾਡੇ ਸਭਿਆਚਾਰ ਤੇ ਵਿਰਸੇ ਤੇ ਵੀ ਕਰਾਰੀ ਸੱਟ ਮਾਰੀ ਹੈ। ਵਿਆਹ ਸ਼ਾਦੀਆਂ ਵਿੱਚ ਗਾਏ ਜਾਣ ਵਾਲੇ- ਸੁਹਾਗ, ਘੋੜੀਆਂ, ਬੋਲੀਆਂ ਟੱਪੇ, ਛੰਦ, ਗਿੱਧਾ ਆਦਿ, ਸਭ ਅਲੋਪ ਹੁੰਦੇ ਜਾ ਰਹੇ ਹਨ। ਅਸੀਂ ਪੰਜਾਬੀ ਤਾਂ ਬੱਸ ਡੀ. ਜੇ. ਤੇ ਵੱਜਦੇ ਗਾਣਿਆਂ ਤੇ ਨੱਚਣ ਜੋਗੇ ਹੀ ਰਹਿ ਗਏ ਹਾਂ। ਲੇਡੀਜ਼ ਸੰਗੀਤ ਤੇ ਵੀ- ਲੰਬੀ ਹੇਕ ਵਾਲੇ ਸੁਹਾਗ ਜਾਂ ਘੋੜੀਆਂ ਜਾਂ ਢੋਲਕੀ ਦੇ ਗੀਤ, ਤਾਂ ਬੀਤੇ ਯੁੱਗ ਦੀਆਂ ਬਾਤਾਂ ਬਣ ਕੇ ਹੀ ਰਹਿ ਗਈਆਂ ਹਨ। ਨਵੀਂ ਪੀੜ੍ਹੀ ਨੂੰ ਤਾਂ, “ਮਰ ਜਾਣੀ ਪਾਉਂਦੀ ਭੰਗੜਾ, ਅੰਗਰੇਜ਼ੀ ਬੀਟ ਤੇ” ਹੀ ਆਉਂਦਾ ਹੈ। ਵਿਆਹਾਂ ਦੇ ਸਾਰੇ ਸਮਾਗਮ ਪੈਲੇਸਾਂ ਵਿੱਚ ਹੋਣ ਕਾਰਨ- ਇਸ ਡੀ. ਜੇ. ਨੇ ਸਾਡੇ ਉਹਨਾਂ ਲੋਕ ਗੀਤਾਂ ਦਾ ਗਲਾ ਘੁੱਟ ਕੇ ਰੱਖ ਦਿੱਤਾ ਹੈ- ਜੋ ਕਿ ਵਿਆਹ ਦੀ ਹਰੇਕ ਰਸਮ ਵੇਲੇ ਗਾਏ ਜਾਦੇ ਸਨ ਤੇ ਪੀੜ੍ਹੀਓ- ਪੀੜ੍ਹੀ ਮੂੰਹੋਂ ਮੂੰਹ ਚਲਦੇ ਰਹਿੰਦੇ ਸਨ।
ਕੁੱਝ ਲੋਕ ਇਹ ਵੀ ਦਲੀਲ ਦਿੰਦੇ ਹਨ ਕਿ ਪੈਲੇਸਾਂ ਨੇ ਵਿਆਹਾਂ ਦਾ ਕੰਮ ਬਹੁਤ ਅਸਾਨ ਕਰ ਦਿੱਤਾ ਹੈ। ਪੈਸਾ ਭਾਵੇਂ ਲੱਗ ਜਾਂਦਾ ਹੈ ਪਰ ਵਿਆਹ ਇੱਕ ਦਿਨ ਵਿੱਚ ਹੀ ਭੁਗਤ ਜਾਂਦਾ ਹੈ ਅਤੇ ਘਰਦਿਆਂ ਨੂੰ ਕੋਈ ਖੇਚਲ ਵੀ ਨਹੀਂ ਕਰਨੀ ਪੈਂਦੀ। ਹਾਂ- ਇਹ ਦਲੀਲ ਅਮੀਰ ਲੋਕਾਂ ਲਈ ਤਾਂ ਠੀਕ ਹੈ ਪਰ ਆਮ ਆਦਮੀ ਯਾਨੀ ਮਿਡਲ ਕਲਾਸ ਤਾਂ ਦੇਖਾ ਦੇਖੀ, ਵਿਤੋਂ ਬਾਹਰਾ ਖਰਚ ਕਰਕੇ, ਕਰਜ਼ੇ ਦੀ ਪੰਡ ਹੀ ਸਿਰ ਚਾੜ੍ਹ ਲੈਂਦਾ ਹੈ। ਸ਼ਹਿਰੀ ਲੋਕਾਂ ਦੇ ਤਾਂ ਘਰ ਛੋਟੇ ਹੋਣ ਜਾਂ ਪਾਰਕਿੰਗ ਦੀ ਮੁਸ਼ਕਲ ਹੋਣ ਕਾਰਨ- ਪੈਲੇਸ ਮਜਬੂਰੀ ਵੀ ਹੋ ਸਕਦੇ ਹਨ ਪਰ ਪਿੰਡਾਂ ਵਿੱਚ ਤਾਂ ਵਿਹੜੇ ਜਾਂ ਸ਼ਾਮਲਾਟ ਆਦਿ ਹੁੰਦੀ ਹੀ ਹੈ- ਉਥੇ ਕੇਟਰਿੰਗ ਕਰਵਾਈ ਜਾ ਸਕਦੀ ਹੈ, ਘੱਟੋ ਘੱਟ ਪੈਲੇਸ ਦਾ ਕਿਰਾਇਆ ਤਾਂ ਬਚੇਗਾ ਹੀ ਨਾ ਜੋ ਲੱਖਾਂ ਵਿੱਚ ਹੁੰਦਾ ਹੈ। ਇਕ ਹੋਰ ਗੱਲ- ਸ਼ਹਿਰ ਦੇ ਪੈਲੇਸ ਵਿੱਚ ਵਿਆਹ ਹੋਣ ਕਾਰਨ, ਉਥੇ ਦੇ ਗੁਰਦੁਆਰੇ ਹੀ ਲਾਵਾਂ ਫੇਰੇ ਹੋਣਗੇ ਤਾਂ ਪਿੰਡ ਦੇ ਗੁਰਦੁਆਰੇ ਨੂੰ ਕੀ ਫਾਇਦਾ ਹੋਇਆ? ਪਿੰਡਾਂ ਦੇ ਗੁਰਦੁਆਰੇ ਤਾਂ ਬੱਸ ਮਰਗ ਦੇ ਭੋਗ ਜੋਗੇ ਹੀ ਰਹਿ ਗਏ ਹਨ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਵਿਆਹ-ਸ਼ਾਦੀ, ਸਾਦੇ ਢੰਗ ਨਾਲ, ਫਜ਼ੂਲ-ਖਰਚੇ ਤੋਂ ਬਿਨਾਂ, ਨਹੀਂ ਹੋ ਸਕਦੇ? ਅਸਲ ਵਿੱਚ ਵਿਆਹਾਂ ਦੀਆਂ ਰਸਮਾਂ ਆਪਾਂ ਆਪ ਹੀ ਬਹੁਤ ਵਧਾ ਲਈਆਂ ਹਨ। ਪਹਿਲਾਂ ਰੋਕਾ, ਫਿਰ ਠਾਕਾ, ਫਿਰ ਰਿੰਗ ਸੈਰੇਮਨੀ, ਸ਼ਗਨ, ਲੇਡੀਜ਼ ਸੰਗੀਤ, ਵਿਆਹ ਤੇ ਰੀਸੈਪਸ਼ਨ ਆਦਿ। ਕੋਸ਼ਿਸ਼ ਕਰੀਏ- ਕਿ ਇਹ ਰਸਮਾਂ ਜਿਥੋਂ ਤੱਕ ਹੋ ਸਕੇ, ਘਟਾਈਆਂ ਜਾਣ। ਮੁੰਡੇ- ਕੁੜੀ ਨੂੰ ਮਿਲਾਣ ਤੋਂ ਬਾਅਦ, ਕੁੱਝ ਸਮਾਂ ਗੱਲ ਬਾਤ ਕਰਨ, ਇੱਕ ਦੂਜੇ ਦੇ ਵਿਚਾਰਾਂ ਨੂੰ ਜਾਨਣ ਤੇ ਸਮਝਣ ਲਈ ਦਿੱਤਾ ਜਾਵੇ। ਫਿਰ ਦੋਵੇਂ ਪਰਿਵਾਰ ਬੈਠ ਕੇ ਕੋਈ ਰੋਕੇ ਦੀ ਸਾਦੀ ਜਿਹੀ ਰਸਮ ਕਰਕੇ, ਵਿਆਹ ਦੀ ਮਿਤੀ ਨਿਸ਼ਚਤ ਕਰ ਲੈਣ। ਵਿਆਹ ਤੋਂ ਇੱਕ ਦਿਨ ਪਹਿਲਾਂ, ਨਜ਼ਦੀਕੀ ਰਿਸ਼ਤੇਦਾਰ- ਨਾਨਕੇ, ਦਾਦਕੇ ਤਾਂ ਆ ਹੀ ਜਾਂਦੇ ਹਨ, ਸੋ ਉਸ ਰਾਤ ਘਰ ਵਿਚ ਗੀਤ- ਸੰਗੀਤ ਕਰਕੇ ਰੌਣਕ ਲਾ ਲਈ ਜਾਵੇ ਅਤੇ ਅਗਲੇ ਦਿਨ ਖਾਸ ਸੱਜਣ, ਮਿੱਤਰ, ਰਿਸ਼ਤੇਦਾਰ ਬੁਲਾ ਕੇ ਗੁਰਦੁਆਰੇ ਵਿੱਚ ਹੀ ਸਾਦਾ ਵਿਆਹ ਕਰ ਲਿਆ ਜਾਵੇ। ਜੇਕਰ ਘਰ ਛੋਟਾ ਹੋਵੇ, ਪੈਲੇਸ ਕਰਨਾ ਜ਼ਰੂਰੀ ਹੋਵੇ, ਤਾਂ ਵੀ ਘੱਟ ਖਰਚੇ ਵਾਲਾ, ਆਮ ਪੈਲੇਸ ਕਰਕੇ- ਨਾਚ ਪਾਰਟੀ ਤੋਂ ਬਿਨਾਂ, ਸ਼ਰਾਬ-ਕਬਾਬ ਤੋਂ ਬਿਨਾਂ, ਹਲਕਾ ਮਿਊਜ਼ਕ ਚਲਾ ਕੇ, ਦੋਵੇਂ ਪਰਿਵਾਰ ਰਲ ਕੇ ਖੁਸ਼ੀ ‘ਚ ਭੰਗੜੇ ਪਾ ਕੇ ਵੀ ਵਿਆਹ ਦਾ ਅਨੰਦ ਲੈ ਸਕਦੇ ਹਨ। ਗੈਦਰਿੰਗ ਏਨੀ ਕੁ ਹੋਵੇ ਕਿ ਦੋਹਾਂ ਪਰਿਵਾਰਾਂ ਦੇ ਰਿਸ਼ਤੇਦਾਰ ਇਕ ਦੂਜੇ ਨਾਲ ਜਾਣ- ਪਛਾਣ ਕਰ ਸਕਣ। ਵਿਆਹ ਦੇ ਖਰਚੇ ਦਾ ਬੋਝ ਕੇਵਲ ਲੜਕੀ ਵਾਲਿਆਂ ਤੇ ਪਾਉਣ ਦੀ ਬਜਾਏ ਦੋਵੇਂ ਪਰਿਵਾਰ ਰਲ ਕੇ ਵੀ ਕਰ ਸਕਦੇ ਹਨ। ਜੇਕਰ ਇਸ ਤਰ੍ਹਾਂ ਕਰਨ ਨਾਲ ਦੋਹਾਂ ਧਿਰਾਂ ਦੀ ਕੁੱਝ ਬੱਚਤ ਹੋ ਜਾਏਗੀ ਤਾਂ ਉਹ ਭਵਿੱਖ ਵਿਚ ਉਹਨਾਂ ਦੇ ਆਪਣੇ ਬੱਚਿਆਂ ਦੇ ਹੀ ਕੰਮ ਆਏਗੀ ਨਾ? ਇਕ ਦੂਜੇ ਪਰਿਵਾਰ ਦੀ ਅਮੀਰੀ ਜਾਂ ਸਟੇਟਸ ਦੇਖਣ ਨਾਲੋਂ, ਜਾਂ ਕੁੰਡਲੀਆਂ ਮਿਲਾਣ ਨਾਲੋਂ – ਬੱਚਿਆਂ ਦੇ ਮੈਂਟਲ ਲੈਵਲ, ਸਿਹਤ, ਵਿਚਾਰ, ਨਸ਼ਿਆਂ ਤੋਂ ਮੁਕਤੀ, ਪਰਿਵਾਰ ਦੇ ਸੰਸਕਾਰ, ਜੌਬ ਦੇ ਬਾਰੇ ਵਿਚ ਜਾਨਣਾ ਜ਼ਿਆਦਾ ਜਰੂਰੀ ਹੈ- ਤਾਂ ਕਿ ਪਤੀ-ਪਤਨੀ ਇਕ ਸੁਖੀ ਗ੍ਰਹਿਸਤ ਜੀਵਨ ਬਤੀਤ ਕਰ ਸਕਣ।
ਸੁਨਣ ਵਿਚ ਆਇਆ ਹੈ ਕਿ ਬੰਬਈ ਦੇ ਆਮ ਲੋਕ ਬੜੇ ਸਿਆਣੇ ਹੋ ਗਏ ਹਨ। ਉਥੇ ਮੁੰਡੇ ਤੇ ਕੁੜੀ ਵਾਲੇ, ਪੈਲੇਸਾਂ ਦੀ ਬਜਾਏ, ਗੁਰਦੁਆਰੇ ਲਾਵਾਂ ਕਰਕੇ, ਸਾਂਝਾ ਲੰਗਰ ਕਰ ਲੈਂਦੇ ਹਨ- ਜੋ ਵੈਸ਼ਨੂੰ ਵੀ ਹੁੰਦਾ ਹੈ ਅਤੇ ਸਾਦਾ ਤੇ ਪਵਿੱਤਰ ਵੀ। ਇਸ ਤਰ੍ਹਾਂ ਤਿਆਰ ਕੀਤੇ ਖਾਣੇ ਦੀ ਬਰਬਾਦੀ ਵੀ ਨਹੀਂ ਹੁੰਦੀ ਤੇ ਫਜ਼ੂਲ- ਖਰਚੀ ਤੋਂ ਵੀ ਬਚਿਆ ਜਾ ਸਕਦਾ ਹੈ। ਬਾਹਰਲੇ ਮੁਲਕਾਂ ਵਿਚ ਵੀ ਇਸ ਤਰ੍ਹਾਂ ਗੁਰਦੁਆਰਿਆਂ ਵਿਚ ਵਿਆਹ ਕਰਨ ਤੇ ਕੋਈ ਬਹੁਤਾ ਖਰਚ ਨਹੀਂ ਆਉਂਦਾ।
ਕਾਸ਼! ਮੇਰੇ ਪੰਜਾਬ ਦੇ ਲੋਕ, ਇੰਡੀਆ ਜਾਂ ਬਾਹਰ ਦੇ ਮੁਲਕਾਂ ਵਿੱਚ ,ਜਿੱਥੇ ਵੀ ਰਹਿੰਦੇ ਹੋਣ, ਆਪਣੀ ਸੋਚ ਨੂੰ ਬਦਲ ਕੇ, ਪੈਲੇਸਾਂ ਦੇ ਫਜ਼ੂਲ ਖਰਚਿਆਂ ਤੋਂ ਗੁਰੇਜ਼ ਕਰਕੇ, ਸਾਦੇ ਵਿਆਹ ਗੁਰਦੁਆਰਿਆਂ ਵਿਚ ਹੀ ਕਰ ਲੈਣ ਅਤੇ ਧੀਆਂ- ਪੁੱਤਰਾਂ ਦੇ ਵਿਆਹਾਂ ਦੇ ਫਿਕਰਾਂ ਤੋਂ ਹਮੇਸ਼ਾ ਲਈ ਮੁਕਤ ਹੋ ਜਾਣ ਅਤੇ ਇਸ ਵਿਆਹ ਦੀ ਖੁਸ਼ੀ ਨੂੰ ਸਦੀਵੀ ਅਨੰਦ ਬਣਾ ਲੈਣ!