ਨਵੀਂ ਦਿੱਲੀ – ਆਪ ਦੇ ਜਿਆਦਾਤਰ ਵਿਧਾਇਕ ਆਪਣੀਆਂ ਕੋਝੀਆਂ ਹਰਕਤਾਂ ਕਾਰਣ ਵਿਵਾਦਾਂ ਵਿੱਚ ਫਸਦੇ ਹੀ ਜਾ ਰਹੇ ਹਨ। ਮਹਿਲਾਵਾਂ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਐਤਵਾਰ ਨੂੰ ਆਪ ਵਿਧਾਇਕ ਅਮਾਨਤੁਲਾ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਾਮ ਨੂੰ ਹੀ ਇੱਕ ਹੋਰ ਵਿਧਾਇਕ ਨਰੇਸ਼ ਯਾਦਵ ਨੂੰ ਧਰਮ ਗ੍ਰੰਥ ਦੀ ਬੇਅਦਬੀ ਕਰਨ ਦੇ ਸਿਲਸਿਲੇ ਵਿੱਚ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ।
ਨਰੇਸ਼ ਯਾਦਵ ਦਿੱਲੀ ਦੀ ਮਹਿਰੌਲੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਯਾਦਵ ਦੇ ਖਿਲਾਫ਼ ਧਾਰਮਿਕ ਗ੍ਰੰਥ ਕੁਰਾਨ ਦੀ ਬੇਅਦਬੀ ਦੇ ਆਰੋਪ ਵਿੱਚ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸਨ। ਪੰਜਾਬ ਪੁਲਿਸ ਨੇ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਲਈ ਐਤਵਾਰ ਸਵੇਰ ਨੂੰ ਉਨ੍ਹਾਂ ਦੇ ਕਈ ਟਿਕਾਣਿਆਂ ਤੇ ਛਾਪੇ ਮਾਰੇ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਨੇ ਪੁਲਿਸ ਦੇ ਸਾਹਮਣੇ ਇਹ ਖੁਲਾਸਾ ਕੀਤਾ ਸੀ ਕਿ ਵਿਧਾਇਕ ਨੇ ਇਸ ਕੰਮ ਦੇ ਬਦਲੇ ਉਸ ਨੂੰ ਇੱਕ ਕਰੋੜ ਰੁਪੈ ਦੇਣ ਦਾ ਵਾਅਦਾ ਕੀਤਾ ਸੀ। ਨਰੇਸ਼ ਯਾਦਵ ਤੇ ਧਰਮ ਦੀ ਬੇਅਦਬੀ ਕਰਨ ਦੀ ਪੂਰੀ ਸਾਜਿਸ਼ ਰਚਣ ਦਾ ਆਰੋਪ ਹੈ।
ਵਰਨਣਯੋਗ ਹੈ ਕਿ ਇੱਕ ਜੁਲਾਈ ਨੂੰ ਮਲੇਰਕੋਟਲਾ ਵਿੱਚ ਕੁਝ ਅਗਿਆਤ ਲੋਕਾਂ ਨੇ ਕੁਰਾਨ ਦੇ ਕੁਝ ਪੰਨੇ ਪਾੜ ਕੇ ਮੁਸਲਿਮ ਕਮਿਊਨਿਟੀ ਦੇ ਇਲਾਕੇ ਵਿੱਚ ਸੁੱਟ ਦਿੱਤੇ ਸਨ। ਜਿਸ ਕਾਰਣ ਪੂਰੇ ਇਲਾਕੇ ਵਿੱਚ ਤਣਾਅ ਫੈਲ ਗਿਆ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਦੇ ਬਿਆਨ ਦੇ ਆਧਾਰ ਤੇ ਹੀ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।