ਫ਼ਤਹਿਗੜ੍ਹ ਸਾਹਿਬ – “ਜੇਕਰ ਕਿਸੇ ਕਾਬਲ ਬੰਦੇ ਨੂੰ ਅਸਫ਼ਲ ਬਣਾਉਣਾ ਹੋਵੇ ਤਾਂ ਉਸ ਨੂੰ ਚਾਰ ਗੁਣਾ ਕੰਮ ਦੇ ਦਿਓ, ਉਹ ਕਾਬਲ ਬੰਦਾ ਆਪਣੇ-ਆਪ ਅਸਫ਼ਲ ਹੋ ਜਾਵੇਗਾ । ਠੀਕ ਇਸੇ ਤਰ੍ਹਾਂ ਪੰਜਾਬ ਦੀ ਬਾਦਲ ਹਕੂਮਤ ਨੇ ਪੰਜਾਬ ਦੇ 4594 ਪਟਵਾਰ ਸਰਕਲਾਂ ਨਾਲ ਸੰਬੰਧਤ ਅਤੇ ਪਟਵਾਰੀ ਦੀਆਂ ਜਿੰਮੇਵਾਰੀਆਂ ਨਿਭਾਉਣ ਵਾਲੇ ਪਟਵਾਰੀਆਂ ਨੂੰ 4-4 ਪਿੰਡਾਂ ਦੀ ਵਾਧੂ ਜਿੰਮੇਵਾਰੀ ਦੇ ਕੇ ਮਾਲ ਵਿਭਾਗ ਦੇ ਸਾਰੇ ਕੰਮ-ਕਾਜ ਨੂੰ ਵੀ ਠੱਪ ਕਰ ਦਿੱਤਾ ਹੈ ਅਤੇ ਇਸ ਨਾਲ ਜਿੰਮੀਦਾਰਾਂ ਅਤੇ ਉਹਨਾਂ ਨਾਲ ਸੰਬੰਧਿਤ ਪਰਿਵਾਰਾਂ ਨੂੰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਲਈ ਸਰਕਾਰ ਦੀਆਂ ਸੇਖ ਚਿੱਲੀ ਵਾਲੀਆ ਨੀਤੀਆਂ ਜਿੰਮੇਵਾਰ ਹਨ, ਨਾ ਕਿ ਮਾਲ ਵਿਭਾਗ ਨਾਲ ਸੰਬੰਧਤ ਪਟਵਾਰੀ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪਟਵਾਰੀਆਂ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਦੀ ਜਿਥੇ ਪੂਰਨ ਹਮਾਇਤ ਕਰਦਾ ਹੈ, ਉਥੇ ਉਹਨਾਂ ਵੱਲੋਂ ਰੱਖੀਆਂ ਗਈਆਂ ਜਾਇਜ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਮਾਲ ਵਿਭਾਗ ਦੇ ਵਿਚ ਆਈਆ ਵੱਡੀਆਂ ਖਾਮੀਆਂ ਨੂੰ ਦੂਰ ਕਰਨ, ਪੰਜਾਬੀਆਂ ਅਤੇ ਜਿੰਮੀਦਾਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਜੋਰਦਾਰ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਆਪਣੀ 21 ਮੈਬਰੀ ਟੀਮ ਨਾਲ ਕਸ਼ਮੀਰੀਆਂ ਉਤੇ ਹਿੰਦ ਦੀ ਫ਼ੌਜ ਅਤੇ ਹਿੰਦ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ਬਰ-ਜੁਲਮ ਅਤੇ ਕਸ਼ਮੀਰੀਆਂ ਨੂੰ ਨਿੱਤ ਦਿਹਾੜੇ ਗੋਲੀਆਂ ਨਾਲ ਮਾਰ ਦੇਣ ਦੇ ਅਮਲਾਂ ਨੂੰ ਰੋਕਣ ਹਿੱਤ ਬੀਤੇ ਦਿਨੀਂ ਕਸ਼ਮੀਰ ਦੇ ਦੌਰੇ ਤੇ ਗਏ ਹਨ, ਉਹਨਾਂ ਨੇ ਪਟਵਾਰੀਆਂ ਤੇ ਜਿੰਮੀਦਾਰਾਂ ਦੀਆਂ ਮੁਸ਼ਕਿਲਾਂ ਸੰਬੰਧੀ ਪਾਰਟੀ ਮੁੱਖ ਦਫ਼ਤਰ ਅਤੇ ਪ੍ਰੈਸ ਨੂੰ ਆਪਣੇ ਖਿਆਲਾਤ ਤੋ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ 4594 ਪਟਵਾਰੀਆਂ ਵਿਚੋਂ ਇਸ ਸਮੇਂ 2000 ਪਟਵਾਰੀਆਂ ਦੀਆਂ ਅਸਾਮੀਆ ਖਾਲੀ ਪਈਆ ਹਨ ਅਤੇ ਬੀਤੇ 26 ਸਾਲਾਂ ਤੋਂ ਜਦੋਂ ਜ਼ਮੀਨਾਂ-ਜ਼ਾਇਦਾਦਾਂ ਅਤੇ ਮਾਲ ਵਿਭਾਗ ਦਾ ਕੰਮ ਹੋਰ ਵਧੇਰੇ ਵੱਧ ਗਿਆ ਹੈ ਉਸ ਸਮੇਂ ਤੋ ਹੀ ਪਟਵਾਰੀਆਂ ਦੀ ਕੋਈ ਭਰਤੀ ਨਹੀਂ ਕੀਤੀ ਗਈ, ਜਿਸ ਨਾਲ 6 ਹਜ਼ਾਰ ਦੇ ਲੱਗਭਗ ਪਿੰਡਾਂ ਦੇ ਨਿਵਾਸੀਆਂ ਨੂੰ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਪਿੰਡ ਪਟਵਾਰੀਆਂ ਦੀਆਂ ਅਣਹੋਦ ਕਾਰਨ ਜਾਂ ਪਟਵਾਰੀਆਂ ਨੂੰ 4-4 ਪਿੰਡਾਂ ਦੀ ਜਿੰਮੇਵਾਰੀ ਦੇਣ ਦੀ ਬਦੌਲਤ ਮਾਲ ਵਿਭਾਗ ਦੇ ਕੰਮਕਾਜ ਵਿਚ ਬਹੁਤ ਵੱਡੀ ਖੜੌਤ ਆ ਚੁੱਕੀ ਹੈ । ਜਿਸ ਲਈ ਮਾਲ ਵਿਭਾਗ ਦੇ ਵਜ਼ੀਰ ਬਿਕਰਮ ਸਿੰਘ ਮਜੀਠੀਆ ਉਚੇਚੇ ਤੌਰ ਤੇ ਜਿੰਮੇਵਾਰ ਹਨ । ਜਿਨ੍ਹਾਂ ਨੂੰ ਮਾਲ ਵਿਭਾਗ ਦੇ ਕੰਮ ਅਤੇ ਵੰਡ ਦੀ ਸਹੀ ਜਾਣਕਾਰੀ ਨਾ ਹੋਣ ਅਤੇ ਜਿੰਮੇਵਾਰੀ ਨੂੰ ਪੂਰਨ ਕਰਨ ਦੀ ਵੱਡੀ ਘਾਟ ਹੈ । ਇਸ ਲਈ ਉਹ ਮਾਲ ਵਿਭਾਗ ਵਿਚ ਹੋ ਰਹੀ ਉਥਲ-ਪੁੱਥਲ ਤੇ ਜਿੰਮੀਦਾਰਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰਨ ਦੀ ਜਿੰਮੇਵਾਰੀ ਨੂੰ ਪ੍ਰਵਾਨ ਕਰਕੇ ਸ. ਬਿਕਰਮ ਸਿੰਘ ਮਜੀਠੀਆ ਆਪਣੇ ਅਹੁਦੇ ਤੋ ਅਸਤੀਫਾ ਦੇ ਕੇ ਪਾਸੇ ਹੋ ਜਾਣ ਅਤੇ ਪੰਜਾਬ ਦੀ ਬਾਦਲ ਸਰਕਾਰ ਇਹ ਵਿਭਾਗ ਕਿਸੇ ਉੱਚ ਤੁਜਰਬੇਕਾਰ ਇਮਾਨਦਾਰ ਸਖਸੀਅਤ ਨੂੰ ਸੌਪਣ ਦੀ ਜਿੰਮੇਵਾਰੀ ਨਿਭਾਵੇ । ਉਹਨਾਂ ਕਿਹਾ ਕਿ ਜਦੋਂ ਹੁਣ ਆਉਣ ਵਾਲੇ 2-3 ਸਾਲਾਂ ਵਿਚ 2017-18 ਵਿਚ 1 ਹਜ਼ਾਰ ਪਟਵਾਰੀ ਰਿਟਾਇਰ ਹੋਣ ਜਾ ਰਿਹਾ ਹੈ, ਫਿਰ ਵੀ ਲੋੜੀਦੇ ਪਟਵਾਰੀਆਂ ਦੀ ਭਰਤੀ ਨਾ ਕਰਨਾ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ ਹੀ ਨਹੀਂ, ਬਲਕਿ ਪੰਜਾਬ ਦੇ ਜਿੰਮੀਦਾਰ ਵਰਗ ਅਤੇ ਪਟਵਾਰੀ ਵਰਗ ਦੇ ਪਰਿਵਾਰਾਂ ਨੂੰ ਵੱਡੀ ਪ੍ਰੇਸ਼ਾਨੀ ਵਿਚ ਪਾਉਣ ਵਾਲਾ ਦੁੱਖਦਾਇਕ ਅਮਲ ਹੈ । ਸ. ਮਾਨ ਨੇ ਪਟਵਾਰੀਆਂ ਨਾਲ ਤਨਖਾਹ ਸਕੇਲ ਅਤੇ ਗ੍ਰੇਡਾਂ ਨੂੰ ਲੈਕੇ ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਵੱਡੀ ਬੇਇਨਸਾਫ਼ੀ ਸੰਬੰਧੀ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਜੋ 1981 ਦੀ ਭਰਤੀ ਦੇ ਨਾਲ ਸੰਬੰਧਤ ਸੀਨੀਅਰ ਪਟਵਾਰੀ ਹਨ, ਉਹਨਾਂ ਨੂੰ 45000 ਰੁਪਏ ਤਨਖਾਹ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਜੋ 1991 ਦੀ ਭਰਤੀ ਹੋਈ ਹੈ, ਉਹਨਾਂ ਨੂੰ 55000 ਰੁਪਏ ਮਹੀਨਾਵਾਰ ਤਨਖਾਹ ਦੇ ਕੇ ਕੇਵਲ ਪਟਵਾਰੀ ਵਰਗ ਵਿਚ ਹੀ ਦੁਫੇੜ ਪੈਦਾ ਨਹੀਂ ਕੀਤਾ ਜਾ ਰਿਹਾ, ਬਲਕਿ ਸਰਕਾਰੀ ਸਨਿਆਰਤਾ ਦੇ ਉਚ ਦਰਜੇ ਦੇ ਕਾਨੂੰਨਾਂ ਤੇ ਨਿਯਮਾਂ ਦੀ ਵੀ ਘੋਰ ਉਲੰਘਣਾ ਕਰਕੇ ਸ. ਬਿਕਰਮ ਸਿੰਘ ਵੱਲੋ ਆਪਣੇ ਚਿਹਤੇ ਪਟਵਾਰੀਆਂ ਜਾਂ ਇਲਾਕਿਆ ਨੂੰ ਖੁਸ਼ ਕੀਤਾ ਜਾ ਰਿਹਾ ਹੈ ਜੋ ਕਿ ਤੁਰੰਤ ਬੰਦ ਕੀਤਾ ਜਾਵੇ ਅਤੇ ਸਮੁੱਚੇ ਪਟਵਾਰੀਆਂ ਨੂੰ ਤਨਖਾਹ ਤੇ ਬਰਾਬਰ ਸਕੇਲ ਦਿੱਤੇ ਜਾਣ ਜਿਸ ਨਾਲ ਸਭਨਾਂ ਪਟਵਾਰੀਆਂ ਦੀ ਤਨਖਾਹ ਇਕ ਸਾਰ ਹੋਵੇ ਅਤੇ ਸੀਨੀਅਰ ਪਟਵਾਰੀਆਂ ਨੂੰ ਬਣਦੀਆਂ ਤਰੱਕੀਆ ਦੇ ਕੇ ਇਨਸਾਫ਼ ਕੀਤਾ ਜਾਵੇ । ਸ. ਮਾਨ ਨੇ ਆਪਣੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਵਿਚ ਵੀ 70 ਪਟਵਾਰੀ ਸਰਕਲ ਬਿਨ੍ਹਾਂ ਪਟਵਾਰੀਆਂ ਤੋ ਖਾਲੀ ਪਏ ਹਨ । ਜਦੋ ਅੱਧੇ ਪਟਵਾਰ ਸਰਕਲ ਪਟਵਾਰੀਆਂ ਦੀਆਂ ਅਸਾਮੀਆ ਤੋ ਖਾਲੀ ਹਨ, ਤਾਂ ਕਿਵੇ ਉਮੀਦ ਕੀਤੀ ਜਾ ਸਕਦੀ ਹੈ ਕਿ ਮਾਲ ਵਿਭਾਗ ਦਾ ਕੰਮ ਪਾਰਦਰਸਤਾ ਅਤੇ ਸਹੀ ਢੰਗ ਨਾਲ ਹੋ ਰਿਹਾ ਹੈ ਅਤੇ ਪੰਜਾਬ ਦੇ ਨਿਵਾਸੀਆ ਨੂੰ ਇਨਸਾਫ਼ ਮਿਲ ਰਿਹਾ ਹੈ ।
ਸ. ਮਾਨ ਨੇ ਕਿਹਾ ਕਿ ਪਟਵਾਰੀਆਂ ਦੀਆਂ ਅਸਾਮੀਆ ਖਾਲੀ ਹੋਣ ਦੀ ਬਦੌਲਤ ਨਾ ਤਾਂ ਜਿੰਮੀਦਾਰਾਂ ਨੂੰ ਲੰਮੇ-ਲੰਮੇ ਸਮੇਂ ਤੋਂ ਆਪਣੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਅਤੇ ਸੰਬੰਧਤ ਨਕਲਾ ਦਸਤਾਵੇਜ ਨਹੀਂ ਮਿਲ ਰਹੇ । ਜਿਸ ਨਾਲ ਉਹਨਾਂ ਦੇ ਹੋਰ ਬਹੁਤ ਸਾਰੇ ਬੈਕਾਂ ਨਾਲ ਜਾਂ ਸਰਕਾਰ ਨਾਲ ਸੰਬੰਧਤ ਕੰਮਾਂ ਵਿਚ ਵੱਡੀ ਰੁਕਾਵਟ ਆਈ ਪਈ ਹੈ । ਇਥੋ ਤੱਕ ਕਿ ਜਿੰਮੀਦਾਰਾਂ ਨੂੰ ਸਹੀ ਰੇਟ ਤੇ ਡੀਜਲ, ਖਾਦਾ ਅਤੇ ਦਵਾਈਆ ਪ੍ਰਾਪਤ ਕਰਨ ਲਈ ਬੈਕਾਂ ਵਿਚ ਆਪਣੀ ਲਿਮਟ ਬਣਾਉਣ ਵਿਚ ਬਹੁਤ ਵੱਡੀ ਮੁਸ਼ਕਿਲ ਆ ਖੜੀ ਹੈ ਅਤੇ ਜਿੰਮੀਦਾਰਾਂ ਦੇ ਬੱਚਿਆਂ ਦੇ ਕਾਲਜਾਂ ਅਤੇ ਸਕੂਲਾਂ ਵਿਚ ਦਾਖਲਿਆ ਤੋ ਵੀ ਵਾਂਝੇ ਰਹਿ ਗਏ ਹਨ । ਜਦੋਕਿ ਇਸ ਵਿਚ ਜਿੰਮੀਦਾਰਾਂ ਅਤੇ ਪਟਵਾਰੀਆਂ ਦਾ ਕੋਈ ਵੀ ਰਤੀਭਰ ਵੀ ਦੋਸ ਨਹੀ । ਇਹ ਤਾਂ ਪੰਜਾਬ ਸਰਕਾਰ ਤੇ ਮਾਲ ਵਿਭਾਗ ਦੇ ਉਚ ਅਧਿਕਾਰੀਆਂ ਵੱਲੋ ਰਿਸਵਤਖੋਰੀ ਨੂੰ ਬੁੜਾਵਾ ਦੇਣ ਅਤੇ ਆਪਣੀਆਂ ਤਿਜੋਰੀਆ ਭਰਨ ਦੀ ਗੈਰ-ਇਖ਼ਲਾਕੀ ਅਤੇ ਗੈਰ-ਕਾਨੂੰਨੀ ਸੋਚ ਅਤੇ ਅਮਲ ਦੇ ਮਾਰੂ ਨਤੀਜੇ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ । ਇਸ ਲਈ ਅਸੀ ਮੰਗ ਕਰਦੇ ਹਾਂ ਕਿ ਪਟਵਾਰੀਆਂ ਦੀਆਂ ਤਨਖਾਹਾਂ ਦੇ ਬਰਾਬਰ ਸਕੇਲ ਲਾਗੂ ਕਰਦੇ ਹੋਏ ਅਤੇ ਜੋ 2 ਹਜ਼ਾਰ ਦੇ ਕਰੀਬ ਪਟਵਾਰ ਸਰਕਲ ਪਟਵਾਰੀਆਂ ਤੋ ਬਿਨ੍ਹਾਂ ਖਾਲੀ ਪਏ ਹਨ, ਉਹਨਾਂ ਦੀ ਤੁਰੰਤ ਪਾਰਦਰਸੀ ਤਰੀਕੇ ਭਰਤੀ ਕਰਕੇ ਪਿੰਡਾਂ ਦੀਆਂ ਅਤੇ ਮਾਲ ਵਿਭਾਗ ਦੀਆਂ ਜਿੰਮੇਵਾਰੀਆਂ ਸੌਪੀਆਂ ਜਾਣ ਤਾਂ ਕਿ ਪਟਵਾਰੀਆਂ ਅਤੇ ਜਿੰਮੀਦਾਰਾਂ ਦੇ ਇਕ ਸਹਿਜ ਭਾਵਨਾ ਦੇ ਰਿਸਤੇ ਦੀਆਂ ਜਿੰਮੇਵਾਰੀਆਂ ਸਹੀ ਸਮੇ ਤੇ ਸਹੀ ਢੰਗ ਨਾਲ ਪੂਰੀਆਂ ਹੋ ਸਕਣ । ਜਿੰਮੀਦਾਰ ਤੇ ਪਟਵਾਰੀਆਂ ਦੇ ਪਰਿਵਾਰ ਇਹਨਾਂ ਪ੍ਰੇਸ਼ਾਨੀਆਂ ਦੇ ਕਾਰਨ ਖੁਦਕਸੀਆਂ ਵਾਲਾ ਰਾਹ ਨਾ ਚੁਣਨ ਅਤੇ ਉਹਨਾਂ ਦੇ ਪਰਿਵਾਰਾਂ ਵਿਚ ਵੀ ਆਤਮਿਕ ਖੁਸ਼ੀ ਅਤੇ ਰੌਣਕ ਵੱਧ ਸਕੇ ਤੇ ਮਾਲ ਵਿਭਾਗ ਸਹੀ ਤਰੀਕੇ ਆਪਣਾ ਕੰਮ ਕਰ ਸਕੇ ।