ਜੈਤੋ,(ਧਰਮਪਾਲ ਪੁੰਨੀ) -ਪੰਜਾਬ ਪੁਲਿਸ ਉਤੇ ਹਰਜੀਤ ਸਿੰਘ ਕਾਲਾ ਪੁੱਤਰ ਜਗਜੀਤ ਸਿੰਘ ਜੱਗਾ ਵਾਸੀ ਜੈਤੋ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਲਿਖਤੀ ਰੂਪ ਵਿਚ ਦੋਸ਼ ਲਾਉਂਦਿਆਂ ਸ਼ਹਿਰ ਦੇ ਸਿਰਕੱਢ ਇਮਾਨਦਾਰ ਕਾਰੋਬਾਰੀ ਹਰਜੀਤ ਸਿੰਘ ਕਾਲਾ ਨੇ ਕਿਹਾ ਕਿ ਉਹ ਡੇਅਰੀ ਫਾਰਮਿੰਗ ਦਾ ਧੰਦਾ ਕਰਦਾ ਹੈ ਜਿਸ ਕਾਰਨ ਉਹ ਸਵੇਰੇ ਢਾਈ ਵਜੇ ਦੇ ਕਰੀਬ ਆਪਣੇ ਡੇਅਰੀ ਫਾਰਮ ਜੋ ਕਿ ਕੋਟਕਪੂਰਾ ਰੋੜ ਉਤੇ ਸਥਿਤ ਹੈ, ਜਾ ਰਿਹਾ ਸੀ ਤਾਂ ਸਥਾਨਕ ਬੱਸ ਸਟੈਂਡ ਚੌਂਕ ਵਿਚ ਉਸ ਦੀ ਸਵਿਫਟ ਡਿਜ਼ਾਇਰ ਕਾਰ ਰੋਕ ਲਈ ਗਈ। ਹਰਜੀਤ ਸਿੰਘ ਨੇ ਦੋਸ਼ ਲਾਇਆ ਕਿ ਕਾਰ ਦੀ ਡਿੱਕੀ ਖੋਲ ਕੇ ਚੈਕ ਕਰਨ ਮੌਕੇ ਡਿੱਕੀ ਵਿਚ ਪਈ ਪਾਣੀ ਦੀ ਮੋਟਰ ਅਤੇ ਗੈਸ ਸਿ¦ਡਰ ਦੀ ਰਸੀਦ ਦਿਖਾਉਣ ਲਈ ਪੁਲਿਸ ਮੁਲਾਜ਼ਮਾਂ ਵਲੋਂ ਕਿਹਾ ਗਿਆ ਅਤੇ ਜਦੋਂ ਉਸ ਨੇ ਰਸੀਦ ਘਰ ਜਾ ਕੇ ਲਿਆਉਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਇਸ ਸਮਾਨ ਨੂੰ ਚੋਰੀ ਦਾ ਹੋਣ ਦੇ ਦੋਸ਼ ਲਾਏ। ਇਸ ਉਪਰੰਤ ਹਰਜੀਤ ਸਿੰਘ ਨੇ ਫੋਨ ਉਤੇ ਕਿਸੇ ਨਾਲ ਗੱਲ ਕਰਨ ਲਈ ਫੋਨ ਕੱਢਿਆ ਤਾਂ ਪੁਲਿਸ ਵਾਲਿਆਂ ਨੇ ਫੋਨ ਸੜਕ ਉਤੇ ਸੁੱਟ ਕੇ ਚਕਨਾਚੂਰ ਕਰ ਦਿੱਤਾ। ਹਰਜੀਤ ਸਿੰਘ ਨੇ ਆਪਣੇ ਅੰਮ੍ਰਿਤਧਾਰੀ ਹੋਣ ਦਾ ਵਾਸਤਾ ਪਾਇਆ ਕਿ ਉਹ ਝੂਠ ਨਹੀਂ ਬੋਲਦਾ ਤਾਂ ਇਕ ਪੁਲਿਸ ਮੁਲਾਜ਼ਮ ਨੇ ਉਸ ਦੇ ਪਹਿਨੇ ਹੋਏ ਸ਼ਰੀ ਸਾਹਿਬ ਨੂੰ ਹੱਥ ਲਾ ਕੇ ਕਿਹਾ ਕਿ ਇਹ ਪਹਿਨਣ ਵਾਲੇ ਹੀ ਤਾਂ ਚੋਰੀਆਂ ਕਰਦੇ ਹਨ। ਇਸ ਉਪਰੰਤ ਉਸ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਜਿਥੇ ਤਲਾਸ਼ੀ ਸਮੇਂ ਮਿਲੀ ਬਲੱਡ ਪਰੈਸ਼ਰ ਅਤੇ ਖੰਘ ਦੀ ਦਵਾਈ ਨੂੰ ਦੇਖ ਕੇ ਪੁਲਿਸ ਮੁਲਾਜ਼ਮਾਂ ਨੇ ਨਸ਼ੇ ਦਾ ਕੇਸ ਪਾਉਣ ਦੀਆਂ ਧਮਕੀਆਂ ਦਿੱਤੀਆਂ। ਜਿਕਰਯੋਗ ਹੈ ਕਿ ਜੈਤੋ ਸ਼ਹਿਰ ਵਿਚ ਲੁੱਟ ਖੋਹ ਦੀਆਂ ਅਨੇਕਾਂ ਘਟਨਾਵਾ ਵਾਪਰ ਚੱਕੀਆਂ ਹਨ ਜਿੰਨਾ ਵਿਚ ਏ ਈ ਐਮ ਪੱਟ ਕੇ ਲੁੱਟਣ ਅਤੇ ਦਿਨ ਦਿਹਾੜੇ 16 ਲੱਖ ਰੁਪਏ ਦੀ ਲੁੱਟ ਵੀ ਸ਼ਾਮਿਲ ਹੈ, ਪਰ ਜੈਤੋ ਦੀ ਬਹਾਦਰ ਪੁਲਿਸ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਸਫਲਤਾ ਹਾਸਲ ਨਹੀਂ ਹੋਈ ਪਰੰਤੂ ਸ਼ਹਿਰ ਦੀਆਂ ਸ਼ਰੀਫ ਅਤੇ ਸਿਰਕੱਢ ਸਖਸ਼ੀਅਤਾਂ ਉਤੇ ਨਸ਼ਾ ਤਸਕਰੀ ਦੇ ਕੇਸ ਪਾਉਣ ਦੀਆਂ ਧਮਕੀਆਂ ਦਿੱਤੀਆ ਜਾ ਰਹੀਆਂ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰੰਜਨ ਆਤਮਜੀਤ ਸਿੰਘ ਨੇ ਦੋਸ਼ ਲਾਇਆ ਕਿ ਜੈਤੋ ਸਹਿਰ ਵਿਚ ਗੁੰਡਾਗਰਦੀ ਦੀਆਂ ਵਾਪਰੀਆਂ ਅਨੇਕਾਂ ਘਟਨਾਵਾਂ ਨੇ ਸਥਾਨਕ ਸ਼ਹਿਰੀਆਂ ਵਿਚ ਉਭਰੀਆਂ ਚਿੰਤਾ ਦੀਆਂ ਰੇਖਾਵਾਂ ਨੂੰ ਦੂਰ ਕਰਨ ਲਈ ਗੁੰਡਾ ਅਨਸਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨਾ ਜੈਤੋ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।