ਕੱਚੇ ਕੋਠੇ
ਨਿੱਕਾ ਜਿਹਾ ਕੋਠਾ ਜਿੱਥੇ ਕਾਰੂ ਅਤੇ ਉਸਦੀ ਪਤਨੀ ਕਰਮੋ ਆਪਣੇ ਦੋ ਪੁੱਤਰ ਤੇ ਧੀ ਨਾਲ ਤੰਗ-ਤਰਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇੱਕ-ਦੂਜੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਤੇ ਹਮੇਸ਼ਾ ਖੁਸ਼ ਰਹਿੰਦੇ। ਹੌਲੀ-ਹੌਲੀ ਵੱਡਾ ਮੁੰਡਾ ਪੜ੍ਹ ਕੇ ਨੌਕਰੀ ਲੱਗ ਗਿਆ। ਉਸ ਨੇ ਸ਼ਹਿਰ ਵਿੱਚ ਤਿੰਨ ਮੰਜ਼ਿਲੀ ਕੋਠੀ ਪਾ ਲਈ। ਸਾਰੇ ਉੱਥੇ ਜਾ ਕੇ ਰਹਿਣ ਲੱਗੇ। ਦੋਵਾਂ ਪੁੱਤਰਾਂ ਦੇ ਵਿਆਹ ਹੋ ਗਏ। ਜਦੋਂ ਘਰ ਵਟਾਂਦਰੇ ਦੀ ਗੱਲ ਤੁਰੀ ਤਾਂ ਵੱਡੇ ਨੇ ਕਿਹਾ, “ਇਹ ਕੋਠੀ ਮੇਰੇ ਪੈਸਿਆਂ ਦੀ ਬਣੀ ਏ ਤੇ ਮੇਰੀ ਹੈ”।
ਛੋਟਾ ਕਹਿੰਦਾ, “ਮੈਂ ਇੱਕਲਾ ਖੇਤੀ ਕਰਦਾ ਸੀ, ਕੋਠੀ ਦਾ ਅੱਧਾ ਹਿੱਸਾ ਮੇਰਾ ਵੀ ਹੈ”। ਦੋਵੇਂ ਭਰਾਵਾਂ ਵਿੱਚ ਲੜਾਈ ਹੋਈ ਤੇ ਰੌਲਾ ਥਾਣੇ ਜਾ ਪਹੁੰਚਿਆ। ਇਕ- ਦੂਜੇ ਨੂੰ ਨਾ ਜਰਦੇ ਸੀ। ਦੋਵੇਂ ਭਰਾ ਦੁਸ਼ਮਣ ਬਣ ਗਏ।
ਇਕ ਦਿਨ ਕਰਮੋ ਕਹਿੰਦੀ, “ਮੈਂ ਪਿੰਡ ਜਾਣਾ ਹੈ”। ਵੱਡਾ ਪੁੱਤਰ ਕਹਿੰਦਾ, “ਮਾਂ ਇੱਥੇ ਹੀ ਰਹਿ। ਕੀ ਕਰਨਾ ਉਸ ਕੱਚੇ ਕੋਠੇ ਵਿੱਚ ਜਾ ਕੇ”।
“ਪੁੱਤਰਾ, ਚਾਹੇ ਕੋਠੇ ਕੱਚੇ ਹੀ ਸੀ ਪਰ ਰਿਸ਼ਤਿਆਂ ਦੇ ਪਿਆਰ ਦੀਆਂ ਡੋਰਾਂ ਪੱਥਰ ਤੇ ਲਕੀਰ ਵਰਗੀਆਂ ਸੀ। ਅੱਗ ਲੱਗੇ ਇਸ ਪੱਕੇ ਕੋਠੇ ਨੂੰ ਜਿਸ ਨੇ ਰਿਸ਼ਤਿਆਂ ਨੂੰ ਮਿੱਟੀ ਤੋਂ ਵੀ ਕੱਚਾ ਬਣਾ ਦਿੱਤਾ। ਸਾਨੂੰ ਨਹੀਂ ਲੋੜ ਪੱਕੇ ਕੋਠਿਆਂ ਦੀ ਸਾਨੂੰ ਕੱਚੇ ਕੋਠੇ ਹੀ ਪਿਆਰੇ ਨੇ, “ਕਹਿ ਕੇ ਕਰਮੋ ਤੇ ਕਾਰੂ ਪਿੰਡ ਵਾਲੇ ਰਾਹ ਤੁਰ ਪਏ।
ਵੋਮੈਨ-ਡੇ
“ਸੁਣੋ ਜੀ ਕਿੰਨਾ ਚਿਰ ਹੋ ਗਿਆ ਮੈਂ ਆਪਣੇ ਮੰਮੀ-ਪਾਪਾ ਨੂੰ ਨਹੀਂ ਮਿਲੀ। ਚਲੋ ਅੱਜ ਮੈਨੂੰ ਲੈ ਕੇ ਚੱਲੋ”, ਆਇਸ਼ਾ ਨੇ ਰਾਜੇਸ਼ ਨੂੰ ਕਿਹਾ।
“ਨਹੀਂ ਆਇਸ਼ਾ ਅੱਜ ਮੈਂ ਚੰਡੀਗੜ੍ਹ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਾ ਹੈ”, ਰਾਜੇਸ਼ ਨੇ ਜਵਾਬ ਦਿੱਤਾ।
“ਠੀਕ ਹੈ ਮੇਰੇ ਘਰਦੇ ਉੱਥੋਂ ਥੋੜ੍ਹਾ ਕੁ ਦੂਰ ਹੀ ਰਹਿੰਦੇ ਨੇ, ਮੈਨੂੰ ਛੱਡ ਕੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਜਾਣਾ ਤੇ ਵਾਪਸੀ ਮੈਨੂੰ ਲੈ ਆਉਣਾ”, ਆਇਸ਼ਾ ਉਤਸ਼ਾਹਿਤ ਹੁੰਦਿਆਂ ਕਿਹਾ।
“ਪਲੀਜ਼ ਆਇਸ਼ਾ ਬੇਵਕੁਫ਼ੀ ਵਾਲੀ ਗੱਲ ਨਾ ਕਰ ਮੇਰਾ ਟਾਇਮ ਬਹੁਤ ਕੀਮਤੀ ਏ, ਤੇਰੇ ਤੇ ਖਰਾਬ ਨਹੀਂ ਕਰ ਸਰਦਾ। ਤੈਨੂੰ ਪਤਾ ਵੀ ਏ ਅੱਜ ਵੋਮੈਨ ਸਪੈਸ਼ਲ ਹੈ, ਉੱਥੇ ਮੇਰੀ ਗੈਰ-ਹਾਜ਼ਰੀ ਇਸਤਰੀ ਵਿੰਗ ਨੂੰ ਵੀ ਚੁਬੇਗੀ, ਮੇਰਾ ਬੋਟਵੈਂਕ ਘੱਟ ਜਾਵੇਗਾ”, ਕਹਿ ਕੇ ਰਾਜੇਸ਼ ਘਰੋਂ ਬਾਹਰ ਨਿਕਲ ਗਿਆ।
ਆਇਸ਼ਾ ਨੂੰ ਸਮਝ ਨਹੀਂ ਆ ਰਿਹਾ ਸੀ, ਵੋਮੈਨ-ਡੇ ਮੇਰੇ ਲਈ ਸਪੈਸ਼ਲ ਹੈ ਜਾਂ ਵੋਟਬੈਂਕ ਲਈ ਜਾਂ ਫਿਰ ਮੇਰੇ ਪਤੀ ਲਈ…।
ਦਾਗ
“ਮੌਮ ਮੈਂ… ਗੀਤਾ ਨੂੰ ਮਿਲਣ ਜਾ ਰਹੀ ਹਾਂ”, ਸਿੰਮੀ ਨੇ ਜਾਦਿਆਂ ਆਪਣੀ ਮਾਂ ਨੂੰ ਹੱਥ ਹਿਲਾ ਕੇ ਕਿਹਾ। “ਸਿੰਮੀ ਪੁੱਤਰ ਸਿਖਰ ਦੁਪਹਿਰਾ ਏ, ਸ਼ਾਮ ਨੂੰ ਚਲੀ ਜਾਵੀਂ”, ਮਾਂ ਨੇ ਧੀ ਦਾ ਹੱਥ ਫੜਦਿਆਂ ਕਿਹਾ।
“ਨੌ ਮੌਮ ਪਲੀਜ਼ ਇਹ ਧੁੱਪ ਦਾ ਮੇਰੇ ਚਿਹਰੇ ਤੇ ਕੋਈ ਅਸਰ ਨਹੀਂ ਹੋਣਾ। ਮੈਂ ਆ ਕੇ ਫੇਸ ਵਾਸ਼ ਨਾਲ ਚਿਹਰਾ ਸਾਫ਼ ਕਰ ਲਵਾਂਗੀ ਤੇ ਸਾਰੇ ਧੂੜ-ਮਿੱਟੀ ਦੇ ਦਾਗ ਮਿਟ ਜਾਂਦੇ ਨੇ। ਮੈਨੂੰ ਆਪਣੀ ਕੇਅਰ ਕਰਨੀ ਆਉਂਦੀ ਏ”, ਸਿੰਮੀ ਨੇ ਮਾਂ ਨੂੰ ਬੜੀ ਹਾਜਰ ਜਵਾਬੀ ਨਾਲ ਜਵਾਬ ਦਿੱਤਾ ਤਾਂ ਮਾਂ ਨੇ ਕਿਹਾ, “ਧੀਏ ਜਾਣਦੀ ਹਾਂ ਤੂੰ ਨਵੇਂ ਜਮਾਨੇ ਦੀ ਕੁੜੀ ਏ ਪਰ ਧੀਏ ਇੱਜਤਾਂ ਤੇ ਲੱਗੇ ਦਾਗ ਧੋਣ ਵਾਲਾ ਫੇਸ ਵਾਸ਼ ਨਾ ਬਣਿਆ ਏ ਤੇ ਨਾ ਹੁਣ ਬਣਨਾ ਏ। ਇੱਜਤਾਂ ਤੇ ਲੱਗੇ ਦਾਗ ਤਾਂ ਸਾਰੀ ਉਮਰ ਧੋਈ ਜਾਈਏ ਫੇਰ ਵੀ ਨਹੀਂ ਉਤਰਦੇ, ਸਫ਼ੈਦ ਦਾਮਨ ਹੁੰਦਾ ਏ ਕੁਆਰੀ ਕੁੜੀ ਦਾ…ਦਾਗ ਦੀ ਕਾਲਖ਼ ਬਾਗ ਕੋਹਾਂ ਤੋਂ ਨਜ਼ਰ ਆਉਂਦੀ ਏ, ਚਿਹਰੇ ਦੇ ਦਾਗ ਤਾਂ ਮਿਟ ਜਾਂਦੇ ਨੇ ਪਰ ਇੱਜਤਾਂ ਦੇ ਦਾਗ ਕਦੀ ਮਿਟਾਇਆਂ ਨਹੀਂ ਮਿਟਦੇ ਇਹਨਾਂ ਫੇਸ ਵਾਸ਼ਾਂ ਨਾਲ ਵੀ ਨਹੀਂ…”, ਸਿੰਮੀ ਮਾਂ ਦੇ ਚਿਹਰੇ ਤੇ ਪਰੇਸ਼ਾਨੀ ਦੇ ਰੰਗ ਦੇਖ ਥਾਂਏ ਹੀ ਪੱਥਰ ਹੋ ਗਈ।