ਫਿਲਾਡੇਲਫੀਆ – ਅਮਰੀਕਾ ਦੀ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਇਤਿਹਾਸ ਰਚ ਦਿੱਤਾ ਹੈ। ਉਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰੀ ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਸੋਮਵਾਰ ਤੋਂ ਫਿਲਾਡੇਲਫੀਆ ਵਿੱਚ ਚੱਲ ਰਹੇ ਰਾਸ਼ਟਰੀ ਸੰਮੇਲਨ ਵਿੱਚ ਪਾਰਟੀ ਨੇ ਹਿਲਰੀ ਕਲਿੰਟਨ ਨੂੰ ਰਸਮੀ ਤੌਰ ਤੇ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਹੈ।
ਅਮਰੀਕਾ ਵਿੱਚ 1789 ਤੋਂ ਰਾਸ਼ਟਰਪਤੀ ਚੋਣਾਂ ਦੀ ਸ਼ੁਰੂਆਤ ਹੋਈ ਸੀ। ਤਦ ਤੋਂ ਲੇ ਕੇ ਹੁਣ ਤੱਕ ਕੋਈ ਵੀ ਮਹਿਲਾ ਰਾਸ਼ਟਰਪਤੀ ਉਮੀਦਵਾਰ ਨਹੀਂ ਚੁਣੀ ਗਈ। ਹੁਣ ਤੱਕ 200 ਦੇ ਕਰੀਬ ਮਹਿਲਾਵਾਂ ਨੇ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਕੋਸ਼ਿਸ਼ ਕਰ ਚੁੱਕੀਆਂ ਹਨ ਪਰ ਹਿਲਰੀ ਤੋਂ ਬਿਨਾਂ ਕੋਈ ਵੀ ਸਫਲ ਨਹੀਂ ਹੋ ਸਕੀ। ਯੂਐਸ ਦੇ ਪ੍ਰੈਜੀਡੈਂਸ਼ਲ ਇਲੈਕਸ਼ਨ ਦੇ 227 ਸਾਲਾਂ ਦੇ ਇਤਿਹਾਸ ਵਿੱਚ ਹਿਲਰੀ ਕਲਿੰਟਨ ਪਹਿਲੀ ਮਹਿਲਾ ਹੈ ਜੋ ਇਸ ਮੁਕਾਮ ਤੱਕ ਪਹੁੰਚੀ ਹੈ।ਹਿਲਰੀ ਕਲਿੰਟਨ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹੈ ਅਤੇ ਪਿੱਛਲੇ 25 ਸਾਲਾਂ ਤੋਂ ਦੇਸ਼ਵਾਸੀਆਂ ਦੀ ਸੇਵਾ ਕਰ ਰਹੀ ਹੈ।
ਸੈਂਡਰਸ ਬਰਨੀ ਪਹਿਲਾਂ ਹਿਲਰੀ ਦੇ ਵਿਰੋਧੀ ਸਨ, ਪਰ ਬਾਅਦ ਵਿੱਚ ਉਹ ਹਿਲਰੀ ਦੇ ਸਮਰਥਣ ਵਿੱਚ ਆ ਗਏ ਸਨ। ਜਿਵੇਂ ਹੀ ਸੈਂਡਰਸ ਨੇ ਹਿਲਰੀ ਦਾ ਸਮਰਥਣ ਕਰਨ ਦਾ ਐਲਾਨ ਕੀਤਾ ਤਾਂ ਉਥੇ ਮੌਜੂਦ ਲੋਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਜੇ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਇਕਨਾਮਿਕ ਸੁਧਾਰਾਂ ਤੇ ਜੋਰ ਦੇਵੇਗੀ। ਇਸੇ ਸਾਲ 8 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਹਿਲਰੀ ਕਲਿੰਟਨ ਦਾ ਮੁਕਾਬਲਾ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਨਾਲ ਹੋਵੇਗਾ।