‘ਸਰਬੱਤ ਦੇ ਭਲੇ’ ਦੇ ਉਦੇਸ਼ ਲਈ ਬਣੇ ਵਿਚਾਰ ਮੰਚ ‘ਸੰਵਾਦ’ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਚ ਬੀਤੇ ਐਤਵਾਰ 24 ਜੁਲਾਈ ਨੂੰ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ ਕੋਨਿਆਂ ਤੋਂ ਵਿਦਵਾਨ ਸੱਜਣ ਅਤੇ ਭਾਸ਼ਾ-ਵਿਗਿਆਨੀ ਸ਼ਾਮਲ ਹੋਏ। ਇਸ ਸੈਮੀਨਾਰ ਦੇ ਪਹਿਲੇ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਲੜੀਵਾਰ ਕੌਮਾਂਤਰੀ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਅਤੇ ਪ੍ਰੋ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।ਇਸ ਸੈਮੀਨਾਰ ਵਿਚ ਤਾਮਿਲਨਾਡੂ ਤੋਂ ਕੰਪੇਅਨ ਫਾਰ ਲੈਂਗੂਏਜ ਇਕੁਐਲਿਟੀ ਐਂਡ ਰਾਈਟਸ, ਚੇਨਈ ਦੇ ਕਨਵੀਨਰ ਸ੍ਰੀ ਸੈਂਥਲ ਨਾਥਨ; ਮਹਾਂਰਾਸ਼ਟਰ ਤੋਂ ਮੁੰਬਈ ਯੂਨੀਵਰਸਿਟੀ ਡਾ. ਦੀਪਕ ਪਵਾਰ, ਰਾਜਨੀਤੀ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਵਿਭਾਗ, , ਬੰਗਾਲ ਤੋਂ ਡਾ. ਗਰਗਾ ਚੈਟਰਜੀ (ਪੀ-ਐਚ.ਡੀ. ਹਾਰਵਰਡ), ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ, ਕਲਕੱਤਾ, ਉੜੀਸਾ ਤੋਂ ਕੋਸਾਲੀ ਪੱਤ੍ਰਿਕਾ ‘ਬੇਨੀ’ ਦੇ ਸੰਪਾਦਕ ਅਤੇ ਕੋਸਾਲੀ ਦੇ ਸਾਹਿਤਕਾਰ ਸ੍ਰੀ ਸਕੇਤ ਸਾਹੂ ਵਿਸ਼ੇਸ਼ ਤੌਰ ‘ਤੇ ਹੋਰ ਬੋਲੀਆਂ ਦੇ ਵਿਸ਼ੇਸ਼ ਮਾਹਿਰਾਂ ਵਜੋਂ ਸ਼ਾਮਲ ਹੋਏ। ਪੰਜਾਬੀ ਬੋਲੀ ਦੇ ਡਾ. ਸੇਵਕ ਸਿੰਘ, ਇਟਰਨਲ ਯੂਨੀਵਰਸਿਟੀ, ਬੜੂ; ਡਾ. ਕੰਵਲਜੀਤ ਸਿੰਘ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਅਤੇ ਡਾ. ਸਿਕੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਨੇ ਪਰਚੇ ਪੇਸ਼ ਕੀਤੇ।
ਸੈਮੀਨਾਰ ਦਾ ਆਰੰਭ ਭਾਈ ਮਨਧੀਰ ਸਿੰਘ ਦੁਆਰਾ ਕੁੰਜੀਵਤ ਭਾਸ਼ਣ ਦੇ ਦੇ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਬੋਲੀ ਅਤੇ ਰਾਸ਼ਟਰਵਾਦ ਦੇ ਸਿਧਾਂਤਕ ਸਬੰਧਾਂ ਬਾਰੇ ਹਿੰਦੁਸਤਾਨ ਦੀਆਂ ਬੋਲੀਆਂ ਦੇ ਵਿਸ਼ੇਸ਼ ਹਵਾਲੇ ਨਾਲ ਗੱਲ ਕੀਤੀ। ਪਹਿਲੇ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸੁਰਜੀਤ ਪਾਤਰ ਨੇ ਹਿੰਦੁਸਤਾਨ ਵਿਚ ਬੋਲੀਆਂ ਨਾਲ ਹੁੰਦੇ ਧੱਕੇ ਦਾ ਫਿਕਰ ਜਾਹਰ ਕੀਤਾ ਕਿ ਕਿਸ ਤਰ੍ਹਾਂ ਭਾਰਤੀ ਰਾਸ਼ਟਰਵਾਦ ਦੀ ਧਾਰਾ ਹੇਠ ਬੋਲੀਆਂ ਨੂੰ ਕਮਜੋਰ ਕੀਤਾ ਜਾ ਰਿਹਾ ਹੈ ਅਤੇ ਹਕੂਮਤ ਦੀ ਬੋਲੀ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇਸ ਸੈਸ਼ਨ ਵਿਚ ਪਹਿਲਾ ਪਰਚਾ ਡਾ. ਦੀਪਕ ਪਵਾਰ ਨੇ ‘ਮਰਾਠੀ ਚੇਤਨਾ-ਮਹਾਂਰਾਸ਼ਟਰੀ ਪਛਾਣ ਅਤੇ ਭਾਸ਼ਾਈ ਅਤੇ ਬਹੁਭਾਸ਼ਾਈ ਰਾਸ਼ਟਰਵਾਦ ਦੀ ਸਹਿਹੋਂਦ ਦੀਆਂ ਵੰਗਾਰਾਂ’ ਵਿਸ਼ੇ ਉੱਪਰ ਪੇਸ਼ ਕਰਦਿਆਂ ਖੇਤਰੀ ਰਾਜਨੀਤੀ ਦੇ ਆਪਣੀਆਂ ਬੋਲੀਆਂ ਪ੍ਰਤੀ ਖੋਖਲੇ ਦਾਅਵਿਆਂ ਦੇ ਵਿਹਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਵਿਚ ਸ਼ਿਵ ਸੈਨਾ, ਤਾਮਿਲਨਾਡੂ ਵਿਚ ਡੀ.ਐਮ.ਕੇ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਆਦਿ ਸਾਰੀਆਂ ਪਾਰਟੀਆਂ ਆਪਣੇ ਲੋਕਾਂ ਦੇ ਹੱਕਾਂ ਨੂੰ ਤਿਆਗ ਕੇ ਕੇਂਦਰ ਮੁਤਾਬਕ ਚੱਲ ਰਹੀਆਂ ਹਨ। ਉਨ੍ਹਾਂ ਨੇ ਭਾਰਤ ਇਕ ਰਾਸ਼ਟਰ ਕਹਿਣ ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਭਾਰਤ ਵਿਚ ਬੋਲੀਆਂ ਅਤੇ ਉਨ੍ਹਾਂ ਦੇ ਲੋਕਾਂ ਨੂੰ ਸੰਘੀ ਹੱਕਾਂ ਤੋਂ ਵਿਰਵੇ ਰੱਖਿਆ ਗਿਆ ਹੈ। ਡਾ. ਪਵਾਰ ਦੀ ਵਿਸ਼ੇਸੱਗਤਾ ਬੋਲੀ ਅਤੇ ਰਾਜਨੀਤੀ ਬਾਰੇ ਹੈ। ਡਾ. ਗਰਗਾ ਚੈਟਰਜੀ ਨੇ ‘ਬੰਗਾਲ ਵਿਚ ਭਾਸ਼ਾਈ ਸਵਾਲ: ਭੂਤ ਅਤੇ ਵਰਤਮਾਨ ਵਿਸ਼ੇ ਉੱਪਰ ਪਰਚਾ ਪੇਸ਼ ਕੀਤਾ। ਡਾ. ਗਰਗਾ ਨੇ ਨੇ ਕਿਹਾ ਕਿ ਬੰਗਲਾ ਬੋਲੀ ਨਾਲ ਵੱਡੇ ਪੱਧਰ ‘ਤੇ ਹਿੰਸਾ ਹੋਈ, ਕੌਮਾਂਤਰੀ ਮਾਂ-ਬੋਲੀ ਦਿਹਾੜਾ ਬੰਗਲਾ ਦੇ ਹੱਕ ਵਿਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿਚ ਹੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਬੰਗਲਾ ਵੀ ਪੰਜਾਬੀ ਵਾਂਗ ਵੰਡੀ ਗਈ ਸੀ, ਉਨ੍ਹਾਂ ਕਿਹਾ ਕਿ ਇਸ ਵੰਡ ਦਾ ਮੁੱਖ ਕਾਰਨ ਇਹ ਸੀ ਕਿ ਬੰਗਾਲ ਵਿਚ ਮੁਸਲਾਮਾਨਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਰਹੇ ਸਨ, ਇਸ ਲਈ ਉਨ੍ਹਾਂ ਨੇ ਪਾਕਿਸਤਾਨ ਨਾਲ ਰਹਿਣ ਦਾ ਫੈਸਲਾ ਕਰ ਲਿਆ ਸੀ। ਇਸ ਸੈਸ਼ਨ ਦਾ ਤੀਸਰਾ ਪਰਚਾ ਸ੍ਰੀ ਸਾਕੇਤ ਸਾਹੂ ਨੇ ‘ਕੋਸਾਲੀ ਬੋਲੀ ਅਤੇ ਇਸ ਸੂਬਾਈ ਅਤੇ ਕੇਂਦਰੀ ਰਾਜਨੀਤੀ ਨਾਲ ਸਬੰਧ’ ਵਿਸ਼ੇ ਉੱਪਰ ਪੇਸ਼ ਕੀਤਾ। ਉਨਾਂ ਨੇ ਕਿਹਾ ਕਿ ਉੜੀਸਾ ਵਿਚ 4.2 ਕਰੋੜ ਲੋਕ ਰਹਿੰਦੇ ਹਨ ਜਿਨ੍ਹਾਂ ਵਿਚੋਂ 2 ਕਰੋੜ ਕੋਸਾਲੀ ਬੁਲਾਰੇ ਹਨ ਪਰ ਤਾਂ ਵੀ ਭਾਰਤੀ ਹਕੂਮਤ ਉਨ੍ਹਾਂ ਦੋ ਕਰੋੜ ਲੋਕਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦੇ ਰਹੀ। ਉੁਨ੍ਹਾਂ ਨੇ ਕੋਸਾਲੀ ਲਈ ਚੱਲ ਰਹੀ ਜੱਦੋਜਹਿਦ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਸੈਸ਼ਨ ਦਾ ਅਖੀਰਲਾ ਪਰਚਾ ਡਾ. ਸਿਕੰਦਰ ਸਿੰਘ ਦਾ ‘ਹਿੰਦੀ ਦਾ ਉਭਾਰ ਅਤੇ ਇਸਦੇ ਹੋਰ ਬੋਲੀਆਂ ਉੱਪਰ ਅਸਰ’ ਵਿਸ਼ੇ ਬਾਰੇ ਸੀ। ਉਨ੍ਹਾਂ ਨੇ ਕਿਹਾ ਕਿ ਹਿੰਦੀ ਨੂੰ ਬੰਗਾਲ ਵਿਚ ਅੰਗਰੇਜ ਹਕੂਮਤ ਦੀ ਮਦਦ ਨਾਲ ਭਾਰਤੀ ਰਾਸ਼ਟਰਵਾਦ ਦੀ ਉਸਾਰੀ ਲਈ ਸ਼ਿੰਗਾਰਿਆ ਗਿਆ ਜਿਸ ਕਰਕੇ ਹਰੇਕ ਇਲਾਕੇ ਦੇ ਰਾਸ਼ਟਰਵਾਦੀ ਅਤੇ ਕੱਟੜ ਹਿੰਦੂ ਆਪਣੀਆਂ ਬੋਲੀਆਂ ਦੇ ਹੱਕਾਂ ਨੂੰ ਛਿੱਕੇ ਟੰਗ ਕੇ ਹਿੰਦੀ ਨਾਲ ਆ ਗਏ ਸਨ। ਉਨਾਂ ਨੇ ਕਿਹਾ ਕਿ ਭਾਰਤੀ ਰਾਸ਼ਟਰਵਾਦ ਦੇ ਪਰਛਾਵੇਂ ਹੇਠ ਗੈਰ-ਹੰਦੀ ਬੋਲੀਆਂ ਨੂੰ ਇਕ ਤਰੀਕੇ ਕੈਦ ਕੀਤਾ ਜਾ ਰਿਹਾ ਹੈ।
ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ਤਮਿਲ ਬੁਲਾਰੇ ਸ੍ਰੀ ਸ਼ੈਥਲ ਨਾਥਨ ਨੇ ‘ਬਹੁਰਾਸ਼ਟਰੀ ਅਤੇ ਸਹਿਣਸ਼ੀਲ ਸੰਘੀ ਭਾਰਤ ਲਈ ਬੋਲੀ ਇਕ ਮਨੁੱਖੀ ਪੂੰਜੀ’ ਵਿਸ਼ੇ ‘ਤੇ ਪਰਚਾ ਪੇਸ਼ ਕੀਤਾ। ਸ੍ਰੀ ਸੈਂਥਲ ਨਾਥਨ ਨੇ ਕਿਹਾ ਕਿ ਭਾਰਤੀ ਰਾਸ਼ਟਰਵਾਦ ਸੰਵਿਧਾਨ ਤੋਂ ਬੇਸ਼ਕ ਸੰਘੀ ਹੈ ਪਰ ਇਹ ਅਮਲੀ ਰੂਪ ਵਿਚ ਬਾਕੀ ਪਛਾਣਾਂ ਨੂੰ ਖਤਮ ਕਰਕੇ ਇਕਰੂਪੀ ਪੱਛਮੀ ਸਭਿਆਚਾਰਾਂ ਵਰਗਾ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਇਸ ਲਈ ਉਪ-ਮਹਾਂਦੀਪ ਦੇ ਸਮੂਹ ਸਭਿਆਚਾਰਾਂ ਨੂੰ ਇਕ ਅਖਾੜੇ ਵਿਚ ਇਕੱਠੇ ਹੋ ਕੇ ਭਾਰਤੀ ਰਾਸ਼ਟਰਵਾਦ ਖਿਲਾਫ ਲੜਨਾ ਚਾਹੀਦਾ ਹੈ। ਡਾ. ਕੰਵਲਜੀਤ ਸਿੰਘ ਨੇ ‘ਭਾਸ਼ਾ ਤੇ ਦਰਸ਼ਨ ਅਤੇ ਪੰਜਾਬੀ ਆਲੋਚਨਾ ਦੀ ਭਾਸ਼ਾ’ ਵਿਸ਼ੇ ਉੱਪਰ ਪਰਚਾ ਪੇਸ਼ ਕਰਦਿਆਂ ਸਥਾਪਤ ਕੀਤਾ ਕਿ ਪੰਜਾਬ ਦੀ ਮਾਰਕਸਵਾਦੀ ਧਾਰਾ ਹੇਠ ਪੈਦਾ ਹੋਈ ਆਲੋਚਨਾ ਨੇ ਪੰਜਾਬੀ ਆਲੋਚਨਾ ਦੀ ਸ਼ਬਦਾਵਲੀ ਨੂੰ ਇਥੋਂ ਦੇ ਮੂਲ ਨਾਲੋਂ ਪਰੇ ਕਰ ਦਿੱਤਾ ਅਤੇ ਇਸ ਆਲੋਚਨਾ ਧਾਰਾ ਨੇ ਪੰਜਾਬੀ ਵਿਚ ਹਿੰਦੀ-ਸੰਸਕ੍ਰਿਤ ਸ਼ਬਦਾਵਲੀ ਦੀ ਭਰਮਾਰ ਕਰ ਕੇ ਪੰਜਾਬੀ ਨੂੰ ਆਪਣੇ ਬੁਲਾਰਿਆਂ ਦੇ ਸਮਝਣੋਂ ਅਸਮਰੱਥ ਕਰ ਦਿੱਤਾ। ਡਾ. ਸੇਵਕ ਸਿੰਘ ਨੇ ਆਪਣੇ ਪਰਚੇ ਵਿਚ ਕਿਹਾ ਕਿ ਜਿਸ ਭਾਰਤ ਨੂੰ ਇਕ ਦੇਸ ਮੰਨ ਕੇ ਇਕ ਬੋਲੀ ਹਿੰਦੀ ਬਣਾਉਣ ਦਾ ਤਰਕ ਦਿੱਤਾ ਜਾ ਰਿਹਾ ਹੈ ਉਸ ਵਿਚ ਚਾਰ ਤਾਂ ਸਭਿਆਤਾਵਾਂ ਹਨ, ਹਰੇਕ ਸਭਿਅਤਾ ਵਿਚ ਕਈ ਕਈ ਸਭਿਆਚਾਰ ਹਨ ਅਤੇ ਇਕ ਸਭਿਆਚਾਰ ਵਿਚ ਕਈ ਬੋਲੀਆਂ ਹੋ ਸਕਦੀ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਭਾਸ਼ਾ ਦਾ ਖਿਆਲ ਇਥੇ ਅਨੇਕਾਂ ਬੋਲੀਆਂ ਦੀ ਨਸਲਕੁਸ਼ੀ ਤੋਂ ਬਿਨਾਂ ਨਹੀਂ ਆ ਸਕਦਾ। ਅਖੀਰ ਵਿਚ ਡਾ. ਜੋਗਾ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਜੇ ਲੋਕਾਂ ਉਪਰ ਭਾਸ਼ਾਈ ਧੱਕੇਸ਼ਾਹੀ ਨਾ ਰੋਕੀ ਗਈ ਤਾਂ ਹਿੰਦੁਸਤਾਨ ਦੇ ਟੋਟੇ ਹੋ ਜਾਣਗੇ। ਉਨ੍ਹਾਂ ਕਸ਼ਮੀਰ, ਪੂਰਬੀ ਖਿੱਤੇ ਦੀਆਂ ਸੱਤ ਭੈਣਾਂ, ਨਾਗਾਲੈਂਡ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਬਹੁਤ ਕਮਜੋਰ ਹੋ ਚੁੱਕਿਆ ਹੈ, ਆਰਥਿਕ ਤੌਰ ਤੇ ਇਹ ਆਪਣੇ ਬਲਬੂਤੇ ‘ਤੇ ਇਕ ਸਾਲ ਵੀ ਨਹੀਂ ਕੱਢ ਸਕਦਾ। ਇਸ ਲਈ ਬੋਲੀਆਂ ਦਾ ਮਸਲਾ ਹੱਲ ਕਰਨਾ ਅੱਜ ਬਹੁਤ ਜਰੂਰੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਲੋਕ ਜਾਗ ਪਏ ਹਨ, ਹਿੰਦੁਸਤਾਨ ਦੀ ਹਕੂਮਤ ਨੂੰ ਇਹ ਖਿਆਲ ਕਰਨਾ ਚਾਹੀਦਾ ਹੈ। ਇਸ ਸੈਮੀਨਾਰ ਦੇ ਅਖੀਰ ਵਿਚ ਪ੍ਰਬੰਧਕ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਬਾਹਰੋਂ ਆਏ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਵਾਦ ਵਲੋਂ ਇਸੇ ਤਰ੍ਹਾਂ ਹੀ ਲਗਾਤਾਰ ਸੈਮੀਨਾਰ ਅਤੇ ਵਿਚਾਰ ਚਰਚਾ ਲਈ ਮੰਚ ਬਣਾਏ ਜਾਇਆ ਕਰਨਗੇ ਤਾਂ ਜੋ ਅਸੀਂ ਪੰਜਾਬ ਅਤੇ ਹੋਰਾਂ ਨੂੰ ਠੀਕ ਸੇਧ ਦੇ ਸਕੀਏ।