ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਦੀ ਬੇਬੁਨਿਆਦ ਬਿਆਨਬਾਜੀ ਉਸ ਦੀ ਬੇਚੈਨੀ ਅਤੇ ਨਿਰਾਸ਼ਾ ਦੀ ਪ੍ਰਤੀਕ ਹੈ। ਉਹ ਰਾਜਨੀਤਕ ਵਿਰੋਧੀਆਂ ਤੇ ਬਿਨਾਂ ਕਿਸੇ ਆਧਾਰ ਤੇ ਟਿਪਣੀਆਂ ਕਰ ਰਹੇ ਹਨ। ਮੁੱਖਮੰਤਰੀ ਬਾਦਲ ਨੇ ਕਿਹਾ ਕਿ ਕੇਜਰੀਵਾਲ ਸ਼ੋਹਰਤ ਹਾਸਿਲ ਕਰਨ ਲਈ ਅਜਿਹੀਆਂ ਹਰਕਤਾਂ ਕਰ ਰਿਹਾ ਹੈ।
ਉਨ੍ਹਾਂ ਨੇ ਭਦੌੜ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖਮੰਤਰੀ ਦੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਪ੍ਰਧਾਨਮੰਤਰੀ ਅਤੇ ਰਾਜਨੀਤਕ ਵਿਰੋਧੀਆਂ ਦੇ ਖਿਲਾਫ਼ ਅਜਿਹੀਆਂ ਬੇਫਜ਼ੂਲ ਟਿਪਣੀਆਂ ਕਰਨਾ ਸੋਭਾ ਨਹੀਂ ਦਿੰਦਾ। ਉਹ ਬਿਨਾਂ ਕਿਸੇ ਸਬੂਤ ਦੇ ਵਿਰੋਧੀਆਂ ਤੇ ਗੰਭੀਰ ਆਰੋਪ ਲਗਾ ਰਹੇ ਹਨ। ਉਹ ਸਸਤੀ ਪਬਲੀਸਿਟੀ ਪ੍ਰਾਪਤ ਕਰਨ ਲਈ ਅਜਿਹੀਆਂ ਹਰਕਤਾਂ ਕਰ ਰਹੇ ਹਨ।
ਮੁੱਖਮੰਤਰੀ ਬਾਦਲ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਅਸੀਂ ਹੀ ਪ੍ਰਾਪਤ ਕਰਾਂਗੇ। ਉਨ੍ਹਾਂ ਨੇ ਨਵਜੋਤ ਸਿੱਧੂ ਦੇ ਸਬੰਧ ਵਿੱਚ ਬੋਲਦੇ ਹੋਏ ਕਿਹਾ ਕਿ ਉਸ ਦੇ ਆਪ ਵਿੱਚ ਜਾਣ ਨਾਲ ਪੰਜਾਬ ਦੀ ਰਾਜਨੀਤੀ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਪੰਜਾਬ ਦੇ ਲੋਕ ਮੌਕਾਪ੍ਰਸੱਤ ਆਗੂਆਂ ਦੇ ਵਿਰੁੱਧ ਹਨ ਅਤੇ ਉਹ ਸਿੱਧੂ ਨੂੰ ਸਬਕ ਸਿਖਾਉਣਗੇ।