ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੂੰ ਪੰਜਾਬ ਸਰਕਾਰ ਦੀ ਇਕਾਈ ਪੰਜਾਬ ਪਾਣੀ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਲਿਮਿਟਡ ਵੱਲੋਂ 214.96 ਲੱਖ ਰੁਪਏ ਦਾ ਇ¤ਕ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ ਜਿਸ ਵਿੱਚ ਕੋਟਲਾ ਬ੍ਰਾਂਚ (ਭਾਗ-2) ਦੇ ਪਾਣੀ ਦੇ ਪ੍ਰਬੰਧਨ ਦਾ ਕਾਰਜ ਅਧਿਐਨ ਅਧੀਨ ਹੋਵੇਗਾ । ਖੋਜ ਪ੍ਰੋਜੈਕਟ ਦੀ ਇਸ ਟੀਮ ਵਿੱਚ ਡਾ.ਰਾਕੇਸ਼ ਸ਼ਾਰਦਾ (ਪ੍ਰਿੰਸੀਪਲ ਇਨਵੈਸਟੀਗੇਟਰ), ਡਾ. ਰਾਜਨ ਅਗਰਵਾਲ, ਡਾ. ਮੁਕੇਸ਼ ਸਿਆਗ, ਡਾ. ਨਿਲੇਸ਼ ਬਿਵਾਲਕਰ ਅਤੇ ਡਾ. ਅੰਗਰੇਜ਼ ਸਿੰਘ (ਕੋ-ਪ੍ਰਿੰਸੀਪਲ ਇਨਵੈਸਟੀਗੇਟਰ) ਹੋਣਗੇ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ ਐਸ ਢਿੱਲੋਂ ਨੇ ਪ੍ਰੋਜੈਕਟ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੀ ਚੰਗੀ ਕਾਰਗੁਜ਼ਾਰੀ ਦੀ ਨਿਸ਼ਾਨਦੇਹੀ ਹੋਈ ਹੈ । ਨਿਸ਼ਚੇ ਹੀ ਇਹ ਖੋਜ-ਕਾਰਜ ਇਸ ਖੇਤਰ ਦੇ ਨਵੇਂ ਦਿਸਹੱਦਿਆ ਨੂੰ ਤਲਾਸ਼ੇਗਾ । ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਆਰ ਕੇ ਗੁੰਬਰ ਨੇ ਵੀ ਇਹਨਾਂ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਾਈਕ੍ਰੋ ਸਿੰਚਾਈ ਅੱਜ ਸਮੇਂ ਦੀ ਲੋੜ ਹੈ । ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਬਰਨਾਲਾ, ਸੰਗਰੂਰ, ਬਠਿੰਡਾ ਅਤੇ ਮਾਨਸਾ ਚਾਰ ਜ਼ਿਲ੍ਹੇ ਖੋਜ ਅਧੀਨ ਹੋਣਗੇ । ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ ਅਤੇ ਮਾਈਕ੍ਰੋ ਸਿੰਚਾਈ ਲਈ ਸਿਖਲਾਈ ਪ੍ਰੋਗਰਾਮ ਵੀ ਇਸਦਾ ਹਿੱਸਾ ਹੋਣਗੇ ਜਿਸ ਵਿੱਚ ਕਿਸਾਨ ਅਤੇ ਪ੍ਰੋਜੈਕਟ ਦੇਣ ਵਾਲੀ ਏਜੰਸੀ ਦੇ ਅਫ਼ਸਰ ਵੀ ਸ਼ਾਮਲ ਹੋਣਗੇ । ਖੇਤੀ ਇੰਜਨੀਅਰਿੰਗ ਵਿਭਾਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਜੇ ਐਸ ਮਾਹਲ ਨੇ ਉਮੀਦ ਜਤਾਈ ਕਿ ਇਸ ਖੋਜ ਪ੍ਰੋਜੈਕਟ ਨਾਲ ਧਰਤੀ ਹੇਠਲੇ ਪਾਣੀ ਦੀ ਦਸ਼ਾ ਵਿੱਚ ਜ਼ਰੂਰ ਸੁਧਾਰ ਹੋਵੇਗਾ ।