ਨਵੀਂ ਦਿੱਲੀ – ਕਾਂਗਰਸ ਨੇ ਦਾਲਾਂ ਦੇ ਆਯਾਤ ਅਤੇ ਵਿਕਰੀ ਦੇ ਦੌਰਾਨ ਕੇਂਦਰ ਸਰਕਾਰ ਤੇ ਢਾਈ ਲੱਖ ਕਰੋੜ ਦੇ ਘੋਟਾਲੇ ਦਾ ਆਰੋਪ ਲਗਾਇਆ ਹੈ। ਪਾਰਟੀ ਦੇ ਬੁਲਾਰੇ ਰਣਦੀਪ ਨੇ ਕਿਹਾ ਕਿ ਦੇਸ਼ ਵਿੱਚ ਪੈਦਾ ਹੋਣ ਵਾਲੀ ਅਤੇ ਆਯਾਤ ਕੀਤੀ ਗਈ ਦਾਲ ਦੀ ਕੀਮਤ 65 ਰੁਪੈ ਕਿਲੋ ਤੋਂ ਵੱਧ ਨਹੀਂ ਹੈ, ਪਰ ਫਿਰ ਵੀ ਦਾਲ ਅਪ੍ਰੈਲ 2015 ਤੋਂ ਅੱਜ ਤੱਕ 200 ਰੁਪੈ ਕਿਲੋ ਤੱਕ ਵੇਚੀ ਜਾ ਰਹੀ ਹੈ।
ਉਨ੍ਹਾਂ ਅਨੁਸਾਰ ਮੁਨਾਫ਼ਾਖੋਰਾਂ ਅਤੇ ਦਲਾਲਾਂ ਨੇ 2.5 ਲੱਖ ਕਰੋੜ ਦਾ ਮੁਨਾਫ਼ਾ ਕਮਾਇਆ ਹੈ। ਭਾਰਤ ਦੇ ਜਮ੍ਹਾਂਖੋਰ ਅਤੇ ਆਯਾਤ ਕਰਨ ਵਾਲੇ ਜਹਾਜਾਂ ਨੂੰ ਸਿੰਘਾਪੁਰ ਬੰਦਰਗਾਹ ਤੇ ਰੋਕ ਕੇ ਗੱਲਤ ਢੰਗ ਵਰਤ ਕੇ ਦਾਲਾਂ ਦੀ ਘਾਟ ਪੈਦਾ ਕਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਕਾਰੋਬਾਰੀਆਂ ਦੇ ਇੱਕ ਵੱਡੇ ਸਮੂੰਹ ਈਟੀਜੀਵ੍ਰਲਡ ਦੇ ਪ੍ਰਧਾਨ ਜਏਸ਼ ਪਟੇਲ ਨੇ 2015 ਵਿੱਚ ਮੋਜਾਂਬਿੱਕ ਤੋਂ 55 ਰੁਪੈ ਕਿਲੋ ਦੇ ਹਿਸਾਬ ਨਾਲ ਦਾਲ ਆਯਾਤ ਕੀਤੀ ਸੀ ਅਤੇ ਉਸ ਨੂੰ 175 ਰੁਪੈ ਕਿਲੋ ਦੇ ਹਿਸਾਬ ਨਾਲ ਵੇਚਿਆ।
ਇਨ੍ਹਾਂ ਦਾਲਾਂ ਦਾ ਆਯਾਤ ਅਡਾਨੀ ਦੇ ਮੁੰਦਰਾ ਅਤੇ ਹਜੀਰਾ ਬੰਦਰਗਾਹ ਤੋਂ ਕੀਤਾ ਗਿਆ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਆਈਬੀ ਅਤੇ ਇੰਟੈਲੀਜੈਂਸ ਨੇ ਦਾਲ ਆਯਾਤ ਅਤੇ ਵਿਕਰੀ ਘੋਟਾਲੇ ਦਾ ਜਾਇਜਾ ਵੀ ਲਿਆ, ਪਰ ਕਾਰਵਾਈ ਕੋਈ ਨਹੀਂ ਕੀਤੀ।