ਨਵੀਂ ਦਿੱਲੀ – ਕੇਂਦਰ ਵਿੱਚ ਮੋਦੀ ਸਰਕਾਰ ਨੇ 26 ਮਈ 2016 ਨੂੰ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਹੋ ਜਾਣ ਤੇ ਜਸ਼ਨ ਮਨਾਏ। ਇਸ ਦੇ ਲਈ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਇਸ਼ਤਿਹਾਰ ਦਿੱਤੇ ਗਏ। ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ਼ ਅਖ਼ਬਾਰਾਂ ਅਤੇ ਮੈਗਜੀਨਾਂ ਨੂੰ 35 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ। ਆਰਟੀਆਈ ਮਾਹਿਰ ਅਨਿਲ ਗਲਗਲੀ ਨੂੰ ‘ਸੂਚਨਾ ਅਤੇ ਪ੍ਰਸਾਰਣ ਵਿਭਾਗ’ ਤੋਂ ਮਿਲੀ ਜਾਣਕਾਰੀ ਵਿੱਚ ਇਸ ਸਬੰਧੀ ਖੁਲਾਸਾ ਕੀਤਾ ਗਿਆ ਹੈ।
ਡੀਏਵੀਪੀ ਦੀ ਜਨਸੂਚਨਾ ਅਧਿਕਾਰੀ ਰੂਪਾ ਵੇਦੀ ਨੇ 197 ਪੰਨਿਆਂ ਵਿੱਚ ਅਖ਼ਬਾਰਾਂ ਦੀ ਜਾਣਕਾਰੀ ਦਿੱਤੀ ਹੈ। ਕੁਲ 11,236 ਅਖ਼ਬਾਰਾਂ (ਇਨ੍ਹਾਂ ਵਿੱਚ ਇੱਕ ਹੀ ਅਖ਼ਬਾਰ ਦੇ ਕਈ ਐਡੀਸ਼ਨ ਸ਼ਾਮਿਲ ਹਨ) ਤੇ ਕੁਲ 35 ਕਰੋੜ 58 ਲੱਖ 70 ਹਜ਼ਾਰ 388 ਰੁਪੈ ਦੇ ਇਸ਼ਤਿਹਾਰ ਦਿੱਤੇ ਗਏ। ਟੀਵੀ ਅਤੇ ਦੂਸਰੇ ਇਲੈਕਟ੍ਰਾਨਿਕ ਮੀਡੀਆ ਦੇ ਇਸ਼ਤਿਹਾਰਾਂ ਦੀ ਜਾਣਕਾਰੀ ਅਜੇ ਪ੍ਰਾਪਤ ਨਹੀਂ ਹੋਈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਯੂਪੀਏ ਦੀ ਮਨਮੋਹਨ ਸਿੰਘ ਸਰਕਾਰ ਨੇ ਆਪਣੇ ਦੋ ਸਾਲ ਪੂਰੇ ਹੋਣ ਤੇ ਇੱਕ ਵੀ ਇਸ਼ਤਿਹਾਰ ਨਹੀਂ ਸੀ ਜਾਰੀ ਕੀਤਾ।
ਗਲਗਲੀ ਨੇ ਮੋਦੀ ਦੇ ਵਿਦੇਸ਼ ਦੌਰਿਆਂ ਦੀ ਜਾਣਕਾਰੀ ਵੀ ਵੈਬਸਾਈਟ ਤੇ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ ਦੇਸ਼ ਦੀ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਖਰਚੇ ਕਰਨੇ ਚਾਹੀਦੇ ਹਨ।