ਇਸ ਘਰ ਕੋ ਲਗੀ ਆਗ………
ਦੇਸ਼ ਦੀ ਅਜਾਦੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਵਜੋਂ ਸਾਹਮਣੇ ਆਏ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਕੋਈ ਵੱਖਰਾ ਅਕਾਲੀ ਦਲ ਨਹੀਂ ਸੀ ਬਣਾਇਆ ਬਲਕਿ ਇਹ ਕਾਰਜ ਦਿੱਲੀ ਦੇ ਧਨਾਢ ਠੇਕੇਦਾਰ ਸ੍ਰ. ਲਛਮਣ ਸਿੰਘ ਗਿੱਲ ਅਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਨੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਸ਼ਹਿ ਤੇ ਬਣਾਇਆ ਸੀ ਜਿਸਦੀ ਅਗਵਾਈ ਉਸੇ ਸੰਤ ਫਤਹਿ ਸਿੰਘ ਨੇ ਕੀਤੀ ਜਿਸਨੂੰ ਮਾਸਟਰ ਤਾਰਾ ਸਿੰਘ ਗੰਗਾਨਗਰ ਤੋਂ ਲੈ ਕੇ ਆਏ ਸਨ।ਬਾਦਲ ਸਾਹਿਬ ਨੇ ਪੰਜ ਸਾਲ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਵਫਾਦਾਰੀ ਨਹੀਂ ਨਿਭਾਈ ਅਤੇ ਸੰਤ ਫਤਹਿ ਸਿੰਘ ਦੇ ਇਸ ਦੇ ਜਪਾਨੀ (ਨਕਲੀ) ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸੇ ਬਾਦਲ ਸਾਹਿਬ ਨੇ 1957 ਦੀ ਪੰਜਾਬ ਵਿਧਾਨ ਸਭਾ ਦੀ ਪਹਿਲੀ ਚੋਣ ਵੀ ਕਾਂਗਰਸ ਦੇ ਚੋਣ ਨਿਸ਼ਾਨ ਤੇ ਹੀ ਲੜੀ ਸੀ।ਮਾਸਟਰ ਤਾਰਾ ਸਿੰਘ ਤਾਂ ਉਦੋਂ ਵੀ ਕਾਂਗਰਸ ਵਿਚ ਨਹੀਂ ਸੀ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਰੱਖਿਆ।1960 ਦੀ ਸ਼੍ਰੋਮਣੀ ਕਮੇਟੀ ਚੋਣ ( ਸ੍ਰ: ਕੈਰੋਂ ਦੇ ਸ਼੍ਰੋਮਣੀ ਖਾਲਸਾ ਦਲ, ਗਿਆਨੀ ਕਰਤਾਰ ਸਿੰਘ ਦੇ ਪੰਥਕ ਸੇਵਕ ਦਲ ਅਤੇ ਗਿਆਨ ਸਿੰਘ ਰਾੜੇ ਵਾਲਿਆਂ ਦੇ ਮਾਲਵਾ ਅਕਾਲੀ ਦਲ) ਨੇ ਸੰਤ ਮਹੰਤ ਮੰਡਲੀ ਨਾਲ ਸਮਝੌਤਾ ਕਰਕੇ ਸਾਧ ਸੰਗਤ ਬੋਰਡ ਦੇ ਨਾਂ ਤੇ ਲੜੀ।ਲੇਕਿਨ ਸਾਧ ਆਪਣੇ ਡੇਰਿਆਂ ਵਿਚ ਚਲੇ ਗਏ, ਸੰਗਤ ਪੰਥ ਨਾਲ ਆ ਰਲੀ ਅਤੇ ਸਾਧ ਸੰਗਤ ਦਾ ਬੋਰਡ,ਉਸ ਦੇ ਜਨਰਲ ਸਕੱਤਰ ਦੇ ਚੁਬਾਰੇ ਤੇ ਲੁਧਿਆਣੇ ਚਲਾ ਗਿਆ। ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਰੇ ਬੋਰਡ ਦੀਆਂ ਜਮਾਨਤਾਂ ਜਬਤ ਕਰਵਾ ,ਬੇ-ਮਿਸਾਲ ਜਿੱਤ ਹਾਸਲ ਕੀਤੀ ਤੇ ਮਾਸਟਰ ਤਾਰਾ ਸਿੰਘ ਫਿਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਚੁਣੇ ਗਏ। ਇਸ ਚੋਣ ਵੇਲੇ ਵੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਭਾਵੇਂ ਇਨੇ ਮਸ਼ਹੂਰ ਲੀਡਰ ਨਹੀਂ ਸੀ ਪਰ ਉਨ੍ਹਾਂ ਨੇ ਵਿਸ਼ੇਸ਼ ਕਰਕੇ ਗਿ: ਕਰਤਾਰ ਸਿੰਘ ਅਤੇ ਸਮੁਚੇ ਸਰਕਾਰੀ ਦਲ ਦਾ ਸਮਰਥਨ ਕੀਤਾ ਸੀ।
ਇਨ੍ਹਾਂ ਦੋ ਹਾਰਾਂ ਤੋਂ ਛਿੱਥੇ ਪੈ ਕੇ ਕੈਰੋਂ ਦੀ ਕਾਂਗਰਸ ਸਰਕਾਰ ਨੇ ਹੀ ਫਤਹਿ ਸਿੰਘ ਦਾ ਅਕਾਲੀ ਦਲ ਬਣਾਇਆ ਸੀ ਜਿਸ ਦੇ ਇੱਕ ਲੀਡਰ ਬਾਦਲ ਸਾਹਿਬ ਵੀ ਸਨ। ।ਜਿਸ ਸਿੱਖ ਕੌਮ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਚਾਲੀ ਸਾਲ ਆਪਣਾ ਸਿਰਮੌਰ ਤੇ ਸਬਰ-ਪ੍ਰਵਾਨਿਤ ਬਣਾਈ ਰਖਿਆ ਉਸੇ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਲਈ , ਸ਼ਹਿਰੀ- ਪੇਂਡੂ, ਜੱਟ ਭਾਪਾ, ਮਾਝੇ ਮਾਲਵੇ ਦੇ ਨਾਂ ਤੇ ਵੰਡਣ ਲਈ ਹੋਸ਼ੇ ਹਥਿਆਰਾਂ(ਸ਼ਹਿਰੀ- ਪੇਂਡੂ, ਜੱਟ-ਭਾਪਾ, ਮਾਝਾ-ਮਾਲਵਾ) ਦੀ ਵਰਤੋਂ ਕਰਨ ਵਾਲੇ ਸੰਤ ਫਤਹਿ ਸਿੰਘ ਅਕਾਲੀ ਦਲ ਦੇ ਹੀ ਆਗੂ ਸਨ ਸ੍ਰ. ਬਾਦਲ ।ਨਵੰਬਰ 1962 ਵਿਚ ਮਾਸਟਰ ਤਾਰਾ ਦੇ ਖ਼ਿਲਾਫ ਬੇ-ਪ੍ਰਤੀਤੀ ਦਾ ਮਤਾ ਲਿਆਂਦਾ ਗਿਆ। ਮੁੱਖ ਮੰਤਰੀ ਦੇ ਤੌਰ ਤੇ ਸ੍ਰ. ਕੈਰੋਂ ਨੇ ਸਰਕਾਰ ਦੇ ਖੁਫੀਆ ਵਿਭਾਗ ਨਾਲ ਸੰਪਰਕ ਕੀਤਾ ਜਿਨ੍ਹਾਂ ਵਿਚੋਂ ਇੱਕ ਡੀ.ਐਸ.ਪੀ. ਇੰਟੈਲੀਜੈਂਸ ਸ੍ਰ. ਗੁਰਬਖਸ਼ ਸਿੰਘ (ਜੋ ਕੱਟੜ ਪੰਥਕ ਪਰਿਵਾਰ ਵਿਚੋਂ ਸਨ,ਉਸਦੇ ਵੱਡੇ ਭਰਾ ਸ੍ਰ. ਸੰਤ ਸਿੰਘ ਗੁਜਰਖਾਨੀ ,ਅਕਾਲੀ ਦਲ ਲੁਧਿਆਣਾ ਇਕਾਈ ਦੇ ਪ੍ਰਧਾਨ ਅਤੇ ਦਿਲੀ ਵਾਲੇ ਸ੍ਰ: ਤਰਲੋਚਨ ਸਿੰਘ ਸਰਨਾ ਦੇ ਵੱਡੇ ਭਰਾ ਰਹੇ), ਇਹ ਗੱਲ ਮੈਨੂੰ ਸ੍ਰ. ਗੁਰਬਖਸ਼ ਸਿੰਘ ਨੇ ਆਪ ਦਸੀ ਕਿ ‘ਕੈਰੋਂ ਦੇ ਰਾਏ ਮੰਗਣ ਤੇ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਮੈਂਬਰਾਂ ਦੇ ਸਿਧੇ ਹੱਥ ਖੜੇ ਕਰਕੇ ਵੋਟਾਂ ਪਾਉਣ ਤੇ ਮਾਸਟਰ ਤਾਰਾ ਸਿੰਘ ਜਿੱਤ ਜਾਣਗੇ ,ਪਰ ਕਿਉਂਕਿ ਮੀਟਿੰਗ ਦੀ ਪ੍ਰਧਾਨਗੀ ਡੀ.ਸੀ. ਅੰਮ੍ਰਿਤਸਰ ਨੇ ਕਰਨੀ ਹੈ ਇਸ ਲਈ ਬੈਲਟ ਪੇਪਰਾਂ ਵਿਚੋਂ ਤੁਸੀਂ ਘਾਟਾ ਵਾਧਾ ਕਰਕੇ ਜਿੱਤ ਸਕੋਗੇ’। ਆਖਿਰ ਇਉਂ ਹੀ ਹੋਇਆ ਕਿ ਹਾਊਸ ਵਿਚੋਂ ਮਾਸਟਰ ਸਮਰਥਕ ਕੁਝ ਮੈਂਬਰਾਂ ਨੂੰ ਝਗੜਾ ਕਰਵਾ ਕੇ ਵੋਟ ਪਾਉਣ ਤੋਂ ਰੋਕ ਦਿੱਤਾ ਤੇ ਮਾਸਟਰ ਤਾਰਾ ਸਿੰਘ ਨੂੰ ਮਹਿਜ ਚਾਰ ਵੋਟਾਂ ਦੇ ਫਰਕ ਨਾਲ ਹਰਾ ਕੇ ਫਤਹਿ ਸਿੰਘ ਧੜੇ ਦੇ ਸੰਤ ਚੰਨਣ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਇਹ ਬੇ-ਪ੍ਰਤੀਤੀ ਦਾ ਮਤਾ ਜਿਸ ਨਿਰਭੈ ਸਿੰਘ ਢਿਲੋਂ ਸਿੰਘ ਨੇ ਲਿਆਂਦਾ ਸੀ, ਸ੍ਰ:ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਪਦਵੀ ਤੋਂ ਹਟ ਜਾਣ ਉਪ੍ਰੰਤ ਉਸੇ ਢਿਲੋਂ ਨੇ ਦੁਬਾਰਾ ਬੇ-ਪ੍ਰਤੀਤੀ ਦਾ ਮਤਾ ਸੰਤ ਚੰਨਣ ਸਿੰਘ ‘ਤੇ ਲਿਆਂਦਾ ਪਰ ਸਫਲ ਨਹੀ ਹੋਇਆ। ਇਸ ਸਾਰੀ ਖੇਡ ਵਿਚ ਬਾਦਲ ਸਾਹਿਬ ਸ਼ਾਮਲ ਸਨ। ਮਾਸਟਰ ਜੀ ਦੇ ਕਮਜੋਰ ਹੋਣ ਉਪ੍ਰੰਤ ਜਦ ਕੈਰੋਂ ਨੂੰ ਵੀ ਮੁੱਖ ਮੰਤਰੀ ਤੋਂ ਪੱਦ ਤੋਂ ਹਟਾ ਕਾਮਰੇਡ ਰਾਮਕਿਸ਼ਨ ਨੂੰ ਮੁੱਖ ਮੰਤਰੀ ਬਣਾ ਦਿਤਾ ਗਿਆ ਤਾਂ ਕੈਰੋਂ ਅਕਸਰ ਹੀ ਕਹਿੰਦੇ ਸੁਣੇ ਗਏ ਕਿ ‘ਮਾਸਟਰ ਤਾਰਾ ਸਿੰਘ ਨੂੰ ਕਮਜੋਰ ਕਰਨ ਦਾ ਜੋ ਗੁਨਾਹ ਮੈਂ ਕੀਤਾ ਹੈ ਉਸੇ ਕਾਰਨ ਹੀ ਕਾਂਗਰਸ ਨੂੰ ਮੇਰੀ ਜਰੂਰਤ ਨਾਂ ਰਹਿਣ ਕਰਕੇ ਇਕ ਗੈਰ ਸਿੱਖ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ’।
1966 ਵਿਚ ਪੰਜਾਬੀ ਸੂਬਾ ਬਣਨ ਉਪ੍ਰੰਤ 1967 ਦੀ ਚੋਣ ਵਿਚ ਪਹਿਲੀ ਵੇਰ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਗੈਰ ਕਾਂਗਰਸੀ ਸਾਂਝੀ ਸਰਕਾਰ ਬਣੀ ਜਿਸ ਦੇ ਪਹਿਲੇ ਮੁੱਖ ਮੰਤਰੀ ਸ੍ਰ. ਗੁਰਨਾਮ ਸਿੰਘ ਸਨ। ਜਿਸ ਲਛਮਣ ਸਿੰਘ ਗਿੱਲ ਨੇ ਅਕਾਲੀ ਦਲ ਨੂੰ ਵੰਡਣ ਦਾ ਅਪਰਾਧ ਕੀਤਾ ਸੀ ਉਹ ਕੁਝ ਮਹੀਨਿਆਂ ਬਾਅਦ ਹੀ ਕਾਂਗਰਸੀ ਮਦਦ ਨਾਲ ਆਪ ਹੀ ਮੁੱਖ ਮੰਤਰੀ ਬਣ ਗਏ ਪਰ ਕੁਝ ਚਿਰ ਬਾਅਦ ਕਾਂਗਰਸ ਵਲੋਂ ਹਮਾਇਤ ਵਾਪਸ ਲੈਣ ਕਰਕੇ ਇਹ ਵਜਾਰਤ ਟੁੱਟ ਗਈ। ਉਸੇ ਸਾਲ ਹੀ ਮਾਸਟਰ ਤਾਰਾ ਸਿੰਘ ਜੀ ਅਕਾਲ ਚਲਾਣਾ ਕਰ ਗਏ ਪਰ ਉਸ ਤੋਂ ਪਹਿਲਾਂ ਹੀ ਅਕਾਲੀ ਦਲ ਦਾ ਪ੍ਰਧਾਨ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸ੍ਰ. ਭੁਪਿੰਦਰ ਸਿੰਘ ਨੂੰ ਬਣਾ ਦਿੱਤਾ ਗਿਆ।
1969 ਵਿਚ ਦੁਬਾਰਾ ਅਸੰਬਲੀ ਚੋਣਾਂ ਤੋਂ ਪਹਿਲਾਂ ਕੁਝ ਪੰਥ ਦਰਦੀਆਂ ਦੇ ਸੁਹਿਰਦ ਯਤਨਾਂ ਨਾਲ ਸੰਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵਾਂ ਹੋ ਗਿਆ,ਸੰਤ ਫਤਹਿ ਸਿੰਘ ਨੂੰ ਪ੍ਰਧਾਨ ਮੰਨ ਲਿਆ ਗਿਆ,ਸੀਨੀਅਰ ਮੀਤ ਪ੍ਰਧਾਨ ਪ੍ਰਸਿਧ ਵਿਦਵਾਨ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਅਤੇ ਗਿਆਨੀ ਭੁਪਿੰਦਰ ਸਿੰਘ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਬਣੇ। ਦੋਹਾਂ ਅਕਾਲੀ ਦਲਾਂ ਦੇ ਰਲੇਵੇਂ ਤੋਂ ਬਾਅਦ ਹੋਈ ਚੋਣ ਵਿਚ ਅਕਾਲੀ ਦਲ ਦੇ 48 ਉਮੀਦਵਾਰ ਜਿਤੇ ਤੇ ਜਸਟਿਸ ਗੁਰਨਾਮ ਸਿੰਘ ਦੁਬਾਰਾ ਮੁੱਖ ਮੰਤਰੀ ਬਣੇ। 1970 ਵਿਚ ਰਾਜ ਸਭਾ ਦੇ ਦੋ ਮੈਂਬਰ ਚੁਣਨ ਤੇ ਅਕਾਲੀ ਦਲ ਤੇ ਵਜਾਰਤ ਵਿਚ ਫੁਟ ਪੈ ਗਈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਂ ਤੇ ਆਪਸੀ ਸਹਿਮਤੀ ਸੀ ਪਰ ਦਿਲੀ ਵਾਲੇ ਜਥੇਦਾਰ ਸੰਤੋਖ ਸਿੰਘ ਨੂੰ ਜਦੋਂ ਫਤਹਿ ਸਿੰਘ ਨੇ ਰਾਜ ਸਭਾ ਵਿਚ ਭੇਜਣਾ ਚਾਹਿਆ ਤਾਂ ਜਸਟਿਸ ਗੁਰਨਾਮ ਸਿੰਘ ਨੇ ਵਿਰੋਧਤਾ ਕਰਕੇ ਸਿੰਘ ਸਾਹਿਬ ਗਿ: ਭੁਪਿੰਦਰ ਸਿੰਘ ਨੂੰ ਟੌਹੜਾ ਸਾਹਿਬ ਦੇ ਨਾਲ ਰਾਜ ਸਭਾ ਦਾ ਦੂਜਾ ਮੈਂਬਰ ਬਣਾ ਦਿੱਤਾ। ਡੀਫੈਂਸ ਮਨਿਸਟਰ ਰਹੇ ਸ੍ਰ. ਬਲਦੇਵ ਸਿੰਘ ਦੇ ਬੇਟੇ ਸ੍ਰ. ਸੁਰਜੀਤ ਸਿੰਘ ਤੇ ਭਤੀਜੇ ਸ੍ਰ. ਰਵੀਇੰਦਰ ਸਿੰਘ ਬਹੁਤ ਪ੍ਰਭਾਵ ਰਖਦੇ ਸਨ।ਇਸ ਵਜਾਰਤੀ ਸੰਕਟ ਵਿੱਚ ਇਨ੍ਹਾਂ ਨੇ ਗਵਰਨਰ ਡੀ.ਸੀ.ਪਾਵਟੇ ਕੋਲ ਜਾ ਕੇ ਦੂਜਾ ਮੁੱਖ ਮੰਤਰੀ ਚੁਣਨ ਲਈ ਹਾਊਸ ਬੁਲਾਉਣ ਦੀ ਮਨਜ਼ੂਰੀ ਲੈ ਲਈ ਜਦਕਿ ਜਸਟਿਸ ਗੁਰਨਾਮ ਸਿੰਘ ਵਜਾਰਤ ਭੰਗ ਕਰਕੇ ਦੁਬਾਰਾ ਚੋਣ ਕਰਾਉਣਾ ਚਾਹੁੰਦੇ ਸੀ। ਇਸ ਤਰ੍ਹਾਂ ਪਹਿਲੀ ਅਕਾਲੀ ਸਰਕਾਰ ਲਛਮਣ ਸਿੰਘ ਗਿੱਲ ਨੇ ਤੋੜੀ ਤੇ ਦੂਸਰੀ ਜਸਟਿਸ ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਗਵਰਨਰ ਰਾਹੀਂ ਤੁੜਵਾ ਕੇ ਪਹਿਲੀ ਵਾਰ ਬਾਦਲ ਨੂੰ ਮੁੱਖ ਮੰਤਰੀ ਬਣਵਾ ਦਿੱਤਾ ਗਿਆ। ਇਹ ਵਜਾਰਤ ਵੀ ਥੋੜੀ ਦੇਰ ਚਲੀ ਅਤੇ ਆਪਣੇ ਫਰੇਬਾਂ ਦੇ ਭਾਰ ਨਾਲ ਡਿੱਗ ਗਈ।1972 ਦੀਆਂ ਚੋਣਾਂ ਵਿਚ ਬਾਦਲ ਸਾਹਿਬ ਦੀ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਐਨੇ ਗੰਭੀਰ ਦੋਸ਼ ਲਗੇ ਕਿ ਕਾਂਗਰਸ ਭਾਰੀ ਬਹੁਮਤ ਨਾਲ ਗਿਆਨੀ ਜੈਲ ਸਿੰਘ ਅਗਵਾਈ ਵਿਚ ਜਿੱਤ ਗਈ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣ ਗਏ ।1972 ਦੀ ਅਸੰਬਲੀ ਚੋਣ ਹਾਰਨ ਤੋਂ ਬਾਅਦ ਮੁਲਾਂਪੁਰ ਅਕਾਲੀ ਦਲ ਦੀ ਮੀਟਿੰਗ ਬੁਲਾਈ ਗਈ ਤੇ ਬਾਦਲ ਵੱਲੋਂ ਸੋਚੀ ਸਮਝੀ ਸਕੀਮ ਅਨੁਸਾਰ ਹਾਰ ਦਾ ਠੀਕਰਾ ਸੰਤ ਫਤਹਿ ਦੇ ਸਿਰ ਭੰਨਿਆ ਗਿਆ। ਫਤਹਿ ਸਿੰਘ ਦੀ ਪ੍ਰਧਾਨਗੀ ਦੇ ਖ਼ਿਲਾਫ ਜੋਰਦਾਰ ਅਵਾਜ ਉਠਾਈ ਗਈ ,ਮੀਟਿੰਗ ਵਿਚ ਸਮਝੌਤੇ ਦੇ ਤੌਰ ਤੇ ਜਥੇਦਾਰ ਮੋਹਣ ਸਿੰਘ ਤੁੜ ਨੂੰ ਐਕਟਿੰਗ ਪ੍ਰਧਾਨ ਬਣਾ ਦਿਤਾ ਗਿਆ ਤੇ ਕੁਝ ਮਹੀਨਿਆਂ ਬਾਅਦ ਜਨਰਲ ਹਾਊਸ ਬੁਲਾ ਕੇ ਬਾਦਲ ਸਾਹਿਬ ਨੇ ਸੰਤ ਫਤਹਿ ਸਿੰਘ ਨੂੰ ਹਟਾ ਕੇ ਜਥੇਦਾਰ ਤੁੜ ਨੂੰ ਹੀ ਪੂਰਾ ਪ੍ਰਧਾਨ ਬਣਾ ਦਿੱਤਾ । ਦੋਵੇਂ ਸੰਤ ਭਰਾ ਇਹ ਨਮੋਸ਼ੀ ਤੇ ਸਦਮਾ ਝੱਲ ਨਾ ਸਕੇ ਤਾਂ ਇਕ ਦੋ ਮਹੀਨਿਆਂ ਵਿਚ ਹੀ ਪਹਿਲਾਂ ਸੰਤ ਫਤਹਿ ਸਿੰਘ ਤੇ ਫਿਰ ਤਿੰਨ ਮਹੀਨੇ ਬਾਅਦ ਸੰਤ ਚੰਨਣ ਸਿੰਘ ਅਕਾਲ ਚਲਾਣਾ ਕਰ ਗਏ। ਉਸ ਵਕਤ ਸ੍ਰ. ਕ੍ਰਿਪਾਲ ਸਿੰਘ ਚੱਕ ਸ਼ੇਰਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸੀ ਪਰ ਬਾਦਲ ਸਾਹਿਬ ਆਪਣੇ ਹੀ ਜਿਲੇ ਮੁਕਤਸਰ ਦੇ ਕਿਸੇ ਹੋਰ ਸਰਦਾਰ ਨੂੰ ਵੱਡਾ ਆਗੂ ਤਸਲੀਮ ਨਾ ਕਰ ਸਕਣ ਕਰਕੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਕਮੇਟੀ ਦੇ ਹੀ ਇਕ ਮੈਂਬਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨ ਚੁਣ ਲਿਆ।
ਬਾਦਲ ਸਰਕਾਰ ਦੇ ਵਿਆਪਕ ਭ੍ਰਿਸ਼ਟਾਚਾਰ ਦੀ ਪੜਤਾਲ ਲਈ ਗਠਿਤ ਜਸਟਿਸ ਸ਼ੰਗਾਨੀ ਕਮਿਸ਼ਨ ਦੀ ਲਟਕਦੀ ਤਲਵਾਰ ਤੋਂ ਬਚਣ ਲਈ ਜਥੇਦਾਰ ਤੁੜ ਪਾਸੋਂ ਐਮਰਜੈਂਸੀ ਵਿਰੁਧ ਮੋਰਚਾ ਬਾਦਲ ਸਾਹਿਬ ਨੇ ਲਗਵਾਇਆ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦਰਮਿਆਨ ਦੁਸ਼ਮਣੀ ਦਾ ਮੁੱਢ ਬੱਝ ਗਿਆ।ਇਸ ਮੋਰਚੇ ਵਿਚ ਨਾਂ ਸਿੱਖਾਂ ਦੇ ਹੱਕ ਦੀ ਜਾਂ ਮੰਗ ਦੀ ਪੂਰਤੀ ਲਈ ਕੋਈ ਮੁੱਦਾ ਨਾ ਹੋਣ ਕਰਕੇ ਸਿੱਖਾਂ ਦੀ ਕੋਈ ਦਿਲਚਸਪੀ ਨਹੀਂ ਸੀ ਪਰ ਪੰਜ ਵਲੰਟੀਅਰਾਂ ਦਾ ਜਥਾ ਰੋਜਾਨਾ ਭੇਜਿਆਂ ਜਾਂਦਾ ਸੀ।ਇਹ ਪਹਿਲਾ ਮੋਰਚਾ ਸੀ ਜਿਸ ਵਿਚ ਜਥੇ ਭੇਜਣ ਲਈ ਸਿੰਘ ਨਹੀਂ ਸੀ ਮਿਲਦੇ । ਲੰਗਰ ਛਕਣ ਆਏ ਪ੍ਰਦੇਸੀਆਂ ਨੂੰ ਵੀ ਵਲੰਟੀਅਰ ਬਣਾ ਕੇ ਭੇਜਿਆ ਜਾਂਦਾ ਰਿਹਾ। ਦਲ ਦੀ ਇਹ ਦੁਰਦਸ਼ਾ ਵੇਖ ਕੇ ਜੇਲ ਵਿਚ ਬੈਠੇ ਲੀਡਰਾਂ ਦੇ ਜੋਰ ਦੇਣ ਤੇ ਜਥੇਦਾਰ ਮੋਹਣ ਸਿੰਘ ਤੁੜ ਨੂੰ ਗ੍ਰਿਫਤਾਰੀ ਦੇਣ ਲਈ ਕਿਹਾ ਗਿਆ ਅਤੇ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਮੋਰਚੇ ਦੇ ਕਮਾਂਡ ਸੰਭਾਲ ਦਿੱਤੀ ਜਿਸ ਦੇ ਯਤਨਾਂ ਸਦਕਾ ਮੋਰਚਾ ਜਾਰੀ ਰਿਹਾ।ਐਮਰਜੈਂਸੀ ਖਤਮ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਪਾਰਲੀਮੈਂਟ ਦੀਆਂ 10 ਸੀਟਾਂ ਮਿਲੀਆਂ ਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਜਨਤਾ ਪਾਰਟੀ ਦੀ ਮੁਰਾਰ ਜੀ ਡੇਸਾਈ ਵਾਲੀ ਕੇਂਦਰੀ ਸਰਕਾਰ ਵਿਚ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਬਣੇ ।ਉਸੇ ਸਾਲ ਹੀ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਬੈਠ ਕੇ ਜਿਨ੍ਹਾਂ ਲੀਡਰਾਂ ਨੇ ਮਿਲ ਕੇ ਜਥੇਦਾਰ ਤੁੜ ਨੂੰ ਹਟਾਉਦਿਆਂ ਹੋਇਆਂ ਜਥੇਦਾਰ ਤਲਵੰਡੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਉਨ੍ਹਾਂ ਵਿਚ ਸ੍ਰ. ਬਾਦਲ ਹੀ ਪ੍ਰਮੁੱਖ ਸੀ।
ਬੇਸ਼ੱਕ ਬਾਦਲ ਸਾਹਿਬ ਕੇਂਦਰ ਵਿੱਚ ਮੰਤਰੀ ਬਣੇ ਪਰ ਪੰਜਾਬ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੀ ਲਾਲਸਾ ਕਾਰਨ ਉਹ ਜਥੇਦਾਰ ਤਲਵੰਡੀ ਨੂੰ ਦਿੱਲੀ ਤੋਂ ਪੰਜਾਬ ਲੈ ਜਾਣ ਲਈ ਬਾਰ ਬਾਰ ਕਹਿੰਦੇ ਰਹੇ ।ਜਥੇਦਾਰ ਟੌਹੜਾ ਦੀ ਸਹਿਮਤੀ ਲੈ ਕੇ ਪੰਜਾਬ ਵਿਧਾਨ ਸਭਾ ਚੋਣ ਲੜੀ ਅਤੇ ਇਸ ਵਾਰ ਫਿਰ ਦੇਸ਼ ਵਿੱਚ ਕਾਂਗਰਸ ਦੀ ਵਿਆਪਕ ਵਿਰੋਧਤਾ ਕਾਰਨ ਅਕਾਲੀ ਦੱਲ ਨੂੰ ਜਿੱਤ ਪ੍ਰਾਪਤ ਹੋਈ ਅਤੇ ਸ੍ਰ:ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਵਜੋਂ ਜੋ ਬਦਸਲੂਕੀ ਤਲਵੰਡੀ ਜੀ ਨਾਲ ਕੀਤੀ ਗਈ ਕਿ ਉਨ੍ਹਾਂ ਦਾ ਨਾਮ ਬੇਵਜਾ ਅਫੀਮ ਨਾਲ ਜੋੜ ਦਿੱਤਾ ਤੇ ਸਾਰੇ ਪੰਜਾਬ ਵਿੱਚ ‘ਤਲਵੰਡੀ ਅਫੀਮ ਦੀ ਮੰਡੀ’ ਦੇ ਨਾਹਰੇ ਤੀਕ ਲਗਵਾਏ ਗਏ ।ਅਕਾਲੀ ਦਲ ਵਿੱਚ ਧੜੇ ਬੰਦੀ ਦਾ ਆਲਮ ਸੀ ਕਿ ਮੰਜੀ ਸਾਹਿਬ ਵਿਖੇ ਇਕ ਦਿਨ ਪਹਿਲਾਂ ਤਲਵੰਡੀ ਸਾਹਿਬ ਨੂੰ ਦੁਬਾਰਾ ਪ੍ਰਧਾਨ ਬਣਾ ਕੇ ਅਗਲੇ ਦਿਨ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਨੂੰ ਪ੍ਰਧਾਨ ਬਣਾ ਕੇ ਅਕਾਲੀ ਦਲ ਨੂੰ ਦੁਬਾਰਾ ਦੋ ਧੜਿਆਂ ਵਿੱਚ ਵੰਡਣ ਦਾ ਕੰਮ ਵੀ ਬਾਦਲ ਸਾਹਿਬ ਨੇ ਹੀ ਕੀਤਾ ਸੀ।
ਜੁਲਾਈ 1982 ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵਲੋਂ ਸਰਕਾਰੀ ਜਿਆਦਤੀਆਂ ਦੇ ਵਿਰੁਧ ਮੋਰਚਾ ਲਾਇਆ ਗਿਆ।ਇਸਤੋਂ ਪਹਿਲਾਂ ਸ੍ਰ:ਬਾਦਲ ਵਲੋਂ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਦੀ ਅਗਵਾਈ ਵਿੱਚ ਲਾਇਆ ਕਪੂਰੀ ਨਹਿਰ ਦਾ ਮੋਰਚਾ ਫੇਲ ਹੋ ਚੁਕਾ ਸੀ,ਆਪਣੀ ਸ਼ਾਖ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਸ਼ੁਰੂ ਕੀਤੇ ਮੋਰਚੇ ਨੂੰ ਅਪਣਾਇਆ ਤੇ ਪਹਿਲੀ ਗ੍ਰਿਫਤਾਰੀ 4 ਅਗਸਤ 1982 ਨੂੰ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ । ਬਾਦਲ ਸਾਹਿਬ ਆਪ ਤਾਂ ਪਹਿਲੇ ਦਿਨ ਹੀ ਸ਼ਰਾਰਤ ਨਾਲ ਜੇਲ ਚਲੇ ਗਏ ਅਤੇ ਮੋਰਚਾ ਚਲਾਉਣ ਲਈ ਸਾਰੀ ਜਿੰਮੇਂਵਾਰੀ ਦੋਹਾਂ ਸੰਤਾਂ ਨੂੰ ਨਿਭਾਉਣੀ ਪਈ ।ਇਸ ਧਰਮ ਯੁਧ ਮੋਰਚੇ ਸਮੇਂ ਵੀ ਬਾਦਲ ਸਾਹਿਬ ਨਾਲ ਸਬੰਧਤ ਕਈ ਜਥੇਦਾਰਾਂ ਤੇ ਵਿਧਾਇਕਾਂ ਦੀ ਭੂਮਿਕਾ ਸ਼ੱਕੀ ਰਹੀ ਉਹ ਇਸ ਮੋਰਚੇ ਦੇ ਦੋਹਾਂ ਸੰਚਾਲਕਾਂ ਨੂੰ ਵੰਡਣ ਦਾ ਪਾਪ ਕਰਦੇ ਰਹੇ।ਇਸ ਧਰਮ ਯੁੱਧ ਮੋਰਚੇ ਵਿਚ ਢਾਈ ਲੱਖ ਦੇ ਕਰੀਬ ਸਿੰਘ ਕੈਦ ਹੋਏ, ਸਿੰਘਾਂ ਤੇ ਅਣਮਨੁੱਖੀ ਤਸ਼ੱਦਦ ਹੋਇਆ, ਸ਼ਹੀਦ ਕੀਤੇ ਗਏ। ਫੋਜੀ ਹਮਲੇ ਤੋਂ ਇਕ ਦਿਨ ਪਹਿਲਾਂ 1ਜੂਨ 1984 ਵਾਲੇ ਦਿਨ ਸੀ ਆਰ ਪੀ ਐਫ ਵਲੋਂ ਸ੍ਰੀ ਦਰਬਾਰ ਸਾਹਿਬ ਉਪਰ ਕੀਤੀ ਗੋਲੀਬਾਰੀ ਵਿੱਚ ਸਿੰਘ ਸ਼ਹੀਦ ਹੋ ਗਏ ,ਹਾਲਾਤ ਵਿਗੜਦੇ ਵੇਖ ਅਤੇ ਫੌਜੀ ਹਮਲੇ ਦੇ ਅੰਦੇਸ਼ੇ ਕਰਕੇ ਸੰਤ ਜੀ ਨੇ ਮੰਜੀ ਸਾਹਿਬ ਅਕਾਲੀ ਦਲ ਦੀ ਮੀਟਿੰਗ ਸੱਦੀ ।ਸਾਰਾ ਪੰਜਾਬ ਫੌਜ ਦੇ ਹਵਾਲੇ ਹੋ ਚੁਕਾ ਸੀ।ਜਥੇਦਾਰ ਟੌਹੜਾ ਬਿਮਾਰੀ ਦੀ ਹਾਲਤ ਵਿੱਚ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਪਰ ਨਾ ਹੀ ਬਾਦਲ ਸਾਹਿਬ ਅਤੇ ਨਾ ਹੀ ਉਨ੍ਹਾ ਦਾ ਕੋਈ ਸਾਥੀ ਇਥੇ ਪਹੁੰਚਿਆਂ। ਫੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਮੇਜਰ ਜਨਰਲ ਸ਼ੁਬੇਗ ਸਿੰਘ ਤੇ ਮੋਰਚੇ ਵਿੱਚ ਭਾਗ ਲੈਣ ਆਏ ਹੋਏ ਧਰਮ ਯੁੱਧ ਮੋਰਚੇ ਦੇ ਜਥੇ ਅਤੇ ਗੁਰਪੁਰਬ ਮਨਾਉਣ ਲਈ ਆਈਆਂ ਸੰਗਤਾਂ ਵਿਚੋਂ ਹਜਾਰਾਂ ਸਿੱੰਘ ਸ਼ਹੀਦ ਹੋ ਗਏ।ਫੌਜ ਜਥੇਦਾਰ ਟੌਹੜਾ ਅਤੇ ਸੰਤ ਲੋਂਗੋਵਾਲ ਨੂੰ ਗ੍ਰਿਫਤਾਰ ਕਰਕੇ ਲੈ ਗਈ ਤਾਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਅਚਨਚੇਤ ਚੰਡੀਗੜ੍ਹ ਪ੍ਰਗਟ ਹੋਕੇ ਇੱਕ ਸਖਤ ਬਿਆਨ ਦੇ ਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਜਿਸ ਸੰਤ ਲੋਂਗੋਵਾਲ ਨੂੰ ਇਨ੍ਹਾਂ ਨੇ ਆਪ ਪ੍ਰਧਾਨ ਬਣਾਇਆ ਸੀ ਉਸ ਨਾਲ ਵੀ ਇਨ੍ਹਾਂ ਦੀ ਨਰਾਜਗੀ ਬਣੀ ਰਹੀ ਜਿਸ ਦਿਨ ਸਵੇਰੇ ਬਾਦਲ ਸਾਹਿਬ ਦੀ ਸੰਤ ਜੀ ਨਾਲ ਸੁਲ੍ਹਾ ਹੋਈ ਉਸੇ ਦਿਨ ਸ਼ਾਮ ਨੂੰ ਹੀ ਸੰਤ ਲੋਂਗੋਵਾਲ ਸ਼ਹੀਦ ਕਰ ਦਿੱਤੇ ਗਏ।
ਸੰਤ ਲੋਂਗੋਵਾਲ ਦੇ ਸਸਕਾਰ ਉਪ੍ਰੰਤ ਸ੍ਰ:ਬਾਦਲ ਖਿਲਾਫ ਭਾਰੀ ਰੋਸ ਕਾਰਣ ਹੀ ਸ੍ਰ: ਸੁਰਜੀਤ ਸਿੰਘ ਬਰਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ। ਦੋ ਕੁ ਮਹੀਨੇ ਬਾਅਦ ਹੋਈ ਅਸੰਬਲੀ ਚੋਣ ਵਿੱਚ ਅਕਾਲੀ ਦਲ ਦੀ ਜਿੱਤ ਹੋਈ ਤੇ ਬਰਨਾਲਾ ਸਾਹਿਬ ਮੁੱਖ ਮੰਤਰੀ ਬਣ ਗਏ।ਦਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਇਕੋ ਵਿਅੱਕਤੀ ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ। ਰਜੀਵ-ਲੋਂਗੋਵਾਲ ਸਮਝੌਤੇ ਅਨੁਸਾਰ ਜਦੋਂ 26ਜਨਵਰੀ ਨੂੰ ਚੰਡੀਗੜ ਪੰਜਾਬ ਨੂੰ ਨਹੀਂ ਦਿਤਾ ਤਾਂ ਬਰਨਾਲਾ ਸਾਹਿਬ ਚੁੱਪ ਰਹੇ ,ਉਲਟਾ ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚ ਬੈਠੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਬਨਾਉਣ ਦਾ ਐਲਾਨ ਕਰ ਦਿੱਤਾ ਤਾਂ ਅਰੁਣ ਨਹਿਰੂ ਦੇ ਸਰਕਾਰੀ ਦਬਾਅ ‘ਤੇ ਬਰਨਾਲਾ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਭੇਜ ਕੇ ਸਭ ਤੋਂ ਵੱਡੀ ਭੁੱਲ ਕੀਤੀ। ਜਜਬਾਤੀ ਹੋ ਕੇ ਮੇਰੇ ਸਮੇਤ ਪਾਰਟੀ ਦੇ ਪ੍ਰਮੁਖ ਅਹੁਦੇਦਾਰਾਂ ਅਸਤੀਫੇ ਦੇ ਦਿੱਤੇ ।ਬਾਦਲ ਸਾਹਿਬ ਤੇ ਟੌਹੜਾ ਸਾਹਿਬ ਦੇ ਕਹਿਣ ਤੇ ਮੇਰੇ ਵਲੋਂ ਸਾਬਕਾ ਜਨਰਲ ਸਕੱਤਰ ਦੇ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਏ ਜਨਰਲ ਅਜਲਾਸ ਵਿੱਚ ਸ੍ਰ: ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।
ਬਰਨਾਲਾ ਅਕਾਲੀ ਦਲ ਕਮਜੋਰ ਪੈ ਗਿਆ।1996 ਦੀ ਸ਼੍ਰੋਮਣੀ ਕਮੇਟੀ ਚੋਣ ਵਿੱਚ ਟੌਹੜਾ ਸਾਹਿਬ ਨੂੰ ਸਾਜਿਸ਼ ਅਧੀਨ ਪਹਿਲਾਂ ਹੀ ਪ੍ਰਧਾਨ ਹੋਣ ਦਾ ਐਲਾਨ ਕਰ ਦਿੱਤਾ ਗਿਆ ਪਰ ਉਨ੍ਹਾਂ ਦਾ ਹਾਊਸ ਵਿਚ ਬਹੁਮੱਤ ਨਾ ਬਣਨ ਦੇਣ ਲਈ ਕੇਵਲ 50 ਟਿਕਟਾਂ ਹੀ ਦਿੱਤੀਆਂ ।1999 ਵਿੱਚ ਸ਼ਾਨੋ ਸ਼ੌਕਤ ਨਾਲ ਮਨਾਏ ਜਾਣ ਵਾਲੇ ਖਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਭਾਜਪਾ ਦੇ ਮਦਨ ਲਾਲ ਖੁਰਾਨਾ ਨਾਲ ਹੋਈ ਲੜਾਈ ਕਰਕੇ ਇੱਕ ਬਿਆਨ ਦੇ ਬਹਾਨੇ ਮਾਰਚ ਮਹੀਨੇ ਦੇ ਹੋਏ ਬਜਟ ਇਜਲਾਸ ਵਿੱਚ ਟੌਹੜਾ ਸਾਹਿਬ ਨੂੰ ਅਪਮਾਨਤ ਕਰਨ ਲਈ ਬੇਭਰੋਸਗੀ ਦਾ ਮਤਾ ਲਿਆ ਕੇ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਵੀ ਬਾਦਲ ਸਾਹਿਬ ਦੇ ਹੁਕਮ ਅਨੁਸਾਰ ਹੋਇਆ ਹਾਲਾਂਕਿ ਜਥੇਦਾਰ ਟੌਹੜਾ ਨੇ ਪ੍ਰਧਾਨਗੀ ਤੋਂ ਅਸਤੀਫਾ ਇਕ ਹਫਤਾ ਪਹਿਲਾਂ ਦੇ ਦਿੱਤਾ ਸੀ।ਟੌਹੜਾ ਸਾਹਿਬ ਨੂੰ ਕਾਂਗਰਸ ਦੀ ਬੀ ਟੀਮ ਕਹਿ ਕੇ ਬੁਰੀ ਤਰ੍ਹਾਂ ਭੰਡਿਆ ਗਿਆ ਤੇ ਜਦੋਂ ਸ਼੍ਰੋਮਣੀ ਕਮੇਟੀ ਵੀ ਖੁਸਦੀ ਨਜਰ ਆਈ ਤਾਂ ਉਨ੍ਹਾਂ ਨਾਲ ਹੀ ਸਮਝੌਤਾ ਕੀਤਾ।ਬਾਅਦ ਬਾਦਲ ਸਾਹਿਬ ਵਲੋਂ ਜਥੇਦਾਰ ਟੌਹੜਾ ਸਾਹਿਬ ਨਾਲ ਬੜੀ ਮੁਸ਼ਕਿਲ ਨਾਲ ਹੋਈ ਸੁਲਾਹ ਦਾ ਸੂਤਰਧਾਰ ਮੈਂ ਹੀ ਸਾਂ । ਟੌਹੜਾ ਸਾਹਿਬ 31 ਮਾਰਚ ਤੇ ਪਹਿਲੀ ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਹੁਣ ਸ. ਬਾਦਲ ਨੇ ਇੱਕ ਇੱਕ ਕਰਕੇ ਆਪਣੇ ਬਰਾਬਰ ਦੇ ਸਾਰੇ ਲੀਡਰਾਂ ਨੂੰ ਖੂੰਜੇ ਲਾ ਦਿੱਤਾ ਅਤੇ ਖੁੱਦ ਸਰਵੋ ਸਰਵਾ ਬਣ ਗਏ।
ਅੱਜ ਇਸ ਅਕਾਲੀ ਦਲ ਪਾਸ ਨਾ ਅਕਾਲੀ ਦਲ ਦਾ ਮੂਲ ਪੰਥਕ ਵਿਧਾਨ ਹੈ ,ਨਾ ਪੰਥਕ ਸਰੂਪ ,ਨਾ ਇਸਦੀ ਸਿੱਖ ਕੌਮ ਜਾਂ ਪੰਥ ਪ੍ਰਤੀ ਪ੍ਰਤੀਬੱਧਤਾ ।ਇਹ ਤਾਂ ਹੁਣ ਇਕ ਧਰਮ ਨਿਰਪੱਖ ਸਿਆਸੀ ਪਾਰਟੀ ਹੈ ਜੋ ਗੁਰੂ ਦੀ ਗੋਲਕ ਛਕਣ ਲਈ ਪੰਥਕ ਹੋਣ ਦਾ ਢੌਂਗ ਵੀ ਕਰਦੀ ਹੈ ।ਅਕਾਲੀ ਦਲ ਦੇ 96 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪਾਰਟੀ ਆਗੂ ਤੇ ਵਰਕਰ ਹਿੱਕ ਤੇ ਬੈਚ ਲਾਕੇ ਤੁਰੇ ਫਿਰਦੇ ਹਨ ‘ਮਾਣ ਅਕਾਲੀ ਹੋਣ ਦਾ’।1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਗਠਿਤ ਹੋਏ ਅਕਾਲੀ ਦਲ ਦਾ ਸ਼੍ਰੋਮਣੀ ਸਰੂਪ ਸੀ ਇਸਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਸ਼ਠਾ ਲੇਕਿਨ ਹੁਣ ਤਾਂ ਇਸਦੀ ਹਕੂਮਤ ਦੌਰਾਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ,ਗੁਰਦੁਆਰੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੇ ਹਨ ਤੇ ਸਿੱਖੀ ਖੰਭ ਲਾਕੇ ਗਾਇਬ ਹੋ ਰਹੀ ਹੈ ।ਇਹ ਸਭ ਇਸੇ ਕਰਕੇ ਹੈ ਕਿਉਂਕਿ ਇਕ ਅਕਾਲ ਵਿੱਚ ਵਿਸ਼ਵਾਸ਼ ਰੱਖਣ ਵਾਲਾ ਅਕਾਲੀ ਦਲ ਹੁਣ ਇਕ ਪ੍ਰੀਵਾਰਕ ਪਾਰਟੀ ਬਣ ਚੁਕਾ ਹੈ ।