ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਰਾਜ ਸਭਾ ਮੈਂਬਰ ਤੇ ਸਾਬਕਾ ਮੇਅਰ ਸ੍ਰੀ ਸ਼ਵੇਤ ਮਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਫਿਰੋਜ਼ਪੁਰ-ਪੱਟੀ ਲਿੰਕ ਦੇ ਹੋਣ ਵਾਲੇ ਕੰਮ ਨੂੰ ਰੇਲਵੇ ਬੋਰਡ ਪਾਸੋਂ ਪ੍ਰਵਾਨ ਕਰਾਉਣ ਲਈ ਨਿਜੀ ਦਖਲ ਦੇਣ ਤਾਂ ਜੋ ਬੰਬਈ ਤੋਂ ਜੰਮੂ ਕਸ਼ਮੀਰ ਬਰਾਸਤਾ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਸਿੱਧੀ ਰੇਲ ਸੇਵਾ ਚਲ ਸਕੇ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਸ਼ਵੇਤ ਮਲਿਕ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਨੇ ਬਤੌਰ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ, ਇਕ ਪੱਤਰ ਪ੍ਰਧਾਨ ਮੰਤਰੀ ਨੂੰ 15 ਮਈ 2016 ਇਸ ਬਾਰੇ ਲਿਖਿਆ ਸੀ, ਜਿਸ ਦੇ ਜੁਆਬ ਵਿੱਚ ਭਾਰਤ ਸਰਕਾਰ ਦੇ ਰੇਲਵੇ ਵਿਭਾਗ ਨੇ 1 ਅਗਸਤ 2016 ਨੂੰ ਜੁਆਬ ਵਿਚ ਲਿਖਿਆ ਹੈ ਕਿ 2013-14 ਦੀ ਪਿੰਕ ਬੁਕ ਅਨੁਸਾਰ ਫਿਰੋਜ਼ਪੁਰ-ਪੱਟੀ ਟੋਟੇ ਲਈ 25 ਕਿਲੋਮੀਟਰ ਨਵੀਂ ਰੇਲਵੇ ਲਾਇਨ ਬਣਾਈ ਜਾਣੀ ਹੈ, ਜਿਸ ’ਤੇ 147 ਕ੍ਰੋੜ ਰੁਪਏ ਖਰਚ ਹੋਣੇ ਹਨ ਪਰ ਅਜੇ ਤੀਕ ਰੇਲਵੇ ਬੋਰਡ ਨੇ ਇਸ ਕੰਮ ਦੀ ਪ੍ਰਵਾਨਗੀ ਨਹੀਂ ਦਿੱਤੀ। ਜਦ ਪ੍ਰਵਾਨਗੀ ਆਵੇਗੀ ਤਾਂ ਇਹ ਕੰਮ ਸ਼ੁਰੂ ਹੋਵੇਗਾ। ਜੇ ਇਹ ਰੇਲ ਦਾ ਟੁਕੜਾ ਬਣ ਜਾਂਦਾ ਹੈ ਤਾਂ ਇਸ ਨਾਲ ਜਿੱਥੇ ਵਪਾਰੀਆਂ ਨੂੰ ਲਾਭ ਹੋਵੇਗਾ, ਉੱਥੇ ਜੰਮੂ ਤੋਂ ਬਰਾਸਤਾ ਅੰਮ੍ਰਿਤਸਰ, ਫਿਰੋਜਪੁਰ ਰਾਹੀਂ ਨਾ ਕੇਵਲ ਪੰਜਾਬ ਸਗੋਂ ਰਾਜਸਥਾਨ ਤੇ ਹੋਰ ਸੂਬਿਆਂ ਦੇ ਇਲਾਕੇ ਵੀ ਵਿਕਸਤ ਹੋਣਗੇ।
ਇੱਥੇ ਦੱਸਣਯੋਗ ਹੈ ਕਿ 11 ਮਈ 2016 ਨੂੰ ਸ੍ਰੀ ਮਲਿਕ ਨੇ ਰਾਜ ਸਭਾ ਵਿੱਚ ਦੋਸ਼ ਲਾਇਆ ਸੀ ਕਿ ਟਰਾਂਸਪੋਰਟ ਮਾਫ਼ੀਆ ਫਿਰੋਜ਼ਪੁਰ-ਪੱਟੀ ਰੇਲ ਲਿੰਕ ਵਿਚ ਰੁਕਾਵਟ ਪਾ ਰਿਹਾ ਹੈ ਤੇ ਮੰਗ ਕੀਤੀ ਸੀ ਕਿ ਇਸ ਪ੍ਰੋਜੈਕਟ ’ਤੇ ਫੌਰੀ ਕੰਮ ਸ਼ੁਰੂ ਕੀਤਾ ਜਾਵੇ ਕਿਉਂਕਿ ਇਸ ਦਾ ਲਾਭ 6 ਸੂਬਿਆਂ ਨੂੰ ਹੋਵੇਗਾ। ਉਨ੍ਹਾਂ ਦੀ ਇਸ ਮੰਗ ਦੀ ਹਮਾਇਤ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਸ੍ਰੀ ਅੰਬਿਕਾ ਸੋਨੀ ਤੇ ਸ. ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ ਅਤੇ ਸ੍ਰੀ ਨਰੇਸ਼ ਗੁਜਰਾਲ ਨੇ ਕੀਤੀ ਸੀ।
ਸ੍ਰੀ ਮਲਿਕ ਨੇ ਕਿਹਾ ਸੀ ਕਿ 2013-14 ਬਜਟ ਵਿਚ ਇਸ ਪ੍ਰੋਜੈਕਟ ਲਈ 147 ਕ੍ਰੋੜ ਰੁਪਏ ਰੱਖੇ ਸਨ। ਇਸ ਪਿੱਛੋਂ 2014-15 ਵਿਚ 10 ਲੱਖ ਰੁਪਏ, 2015-16 ਵਿਚ 20 ਕ੍ਰੋੜ ਰੁਪਏ 2016-17 ਵਿਚ 25 ਕ੍ਰੋੜ ਰੁਪਏ ਜਾਰੀ ਕੀਤੇ ਗਏ।ਕੰਮ ਸ਼ੁਰੂ ਨਾ ਹੋਣ ਕਰਕੇ ਇਹ ਪੈਸੇ ਅਣਵਰਤੇ ਰਹੇ ਤੇ ਸਾਰਾ ਕੁਝ ਟਰਾਂਸਪੋਰਟ ਮਾਫ਼ੀਆ ਦੀ ਮਿਲੀ ਭੁਗਤ ਨਾਲ ਹੋਇਆ।
ਮੰਚ ਆਗੂ ਦਾ ਕਹਿਣਾ ਹੈ ਕਿ 3 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਰੇਲਵੇ ਬੋਰਡ ਨੇ ਅਜੇ ਤੀਕ ਕੰਮ ਸ਼ੁਰੂ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਮਲਿਕ ਸਾਹਿਬ ਦੇ ਰਾਜ ਸਭਾ ਵਿਚ ਦਿੱਤੇ ਬਿਆਨ ਦਾ ਕੋਈ ਅਸਰ ਨਹੀਂ ਹੋਇਆ ਤੇ ਮਾਮਲਾ ਉੱਥੇ ਦਾ ਉੱਥੇ ਲਟਕ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਇਸ ਪ੍ਰੋਜੈਕਟ ਵਿਚ ਨਿਜੀ ਦਿਲਚਸਪੀ ਲੈ ਕੇ ਸਿਰੇ ਚੜ੍ਹਾਉਣਾ ਚਾਹੀਦਾ ਹੈ।