ਲੁਧਿਆਣਾ – ‘‘ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦੇ ਚੌਗਿਰਦੇ ਦਾ ਸੱਭ ਤੋਂ ਸੋਹਣਾ ਰੰਗ ਹੈ ਜਿਸ ਨਾਲ ਪੰਜਾਬੀ ਔਰਤ ਦੇ ਬਹੁਤ ਸਾਰੇ ਰਿਸਤੇ ਜੁੜੇ ਹੋਏ ਹਨ ਜਿਨ੍ਹਾਂ ਨੂੰ ਆਧੁਨਿਕ ਮਸ਼ੀਨੀ ਯੁੱਗ ਵਿੱਚ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ ਹੈ। ’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਮੀਤ ਕਲਸੀ ਨੇ ਹੈਬੋਵਾਲ ’ਚ ਰਾਜਨ ਇਸਟੇਟ ਵਿਖੇ ਮੁਹੱਲੇ ਦੀਆਂ ਸੁਆਣੀਆਂ, ਮੁਟਿਆਰਾਂ ਤੇ ਬੱਚੀਆਂ ਵਲੋਂ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਕੀਤਾ। ਇਸ ਮੌਕੇ ਸੱਭ ਨੇ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਪੁਰਾਤਨ ਪਿੰਡ ਦੀਆਂ ਤੀਆਂ ਦੀ ਯਾਦ ਤਾਜਾ ਕਰਵਾ ਦਿੱਤੀ। ਮੁਹੱਲੇ ਦੀਆਂ ਸਾਰੀਆਂ ਮੁਟਿਆਰਾਂ ਨੇ ਗਿੱਧਾ ਪਾ ਕੇ ਸਭ ਦੇ ਪੈਰ ਥਿੜਕਣ ਲਾ ਦਿੱਤੇ। ਸੁਆਣੀਆਂ ਨੇ ਮਿਲ ਕੇ ਗੀਤ ਗਾਏ ਤੇ ਤੀਆਂ ਦੇ ਹਰ ਰੰਗ ਨੂੰ ਜੀਵਤ ਕਰ ਦਿੱਤਾ। ਲੁਧਿਆਣਾ ਸ਼ਹਿਰ ਦੀਆਂ ਇਹ ਮੁਟਿਆਰਾਂ ਕਿਸੇ ਪਿੰਡ ਦੀਆਂ ਤੀਆਂ ਦਾ ਭੁਲੇਖਾ ਪਾਉਂਦੀਆਂ ਸਨ। ਬੋਲੀਆਂ, ਗੀਤਾਂ ਤੇ ਗਿੱਧੇ ਨੇ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ। ਰਾਜਿੰਦਰ ਕੌਰ ਨੇ ਕਿਹਾ ਕਿ ਜੇਕਰ ਅਸੀਂ ਕੁਝ ਸਮਾਂ ਪਿਛੇ ਜਾਂਦੇ ਹਾਂ ਤਾਂ ਸਾਲ ਵਿੱਚ ਇੱਕ ਵਾਰ ਲੱਗਦਾ ਤੀਆਂ ਦਾ ਮੇਲਾ ਹੀ ਮਾਤਰ ਉਹ ਸਾਧਨ ਸੀ ਜਦੋਂ ਚਿਰਾਂ ਤੋਂ ਵਿਛੜੀਆਂ ਹੋਈਆਂ ਕੁੜੀਆਂ ਇੱਕ ਦੂਜੇ ਨੂੰ ਮਿਲਦੀਆਂ ਸਨ। ਏਸੇ ਖੁਸ਼ੀਆਂ ਨੂੰ ਉਹ ਪੀਂਘ ਝੂਟ ਕੇ, ਨੱਚ ਟੱਪ ਕੇ, ਗੀਤ ਬੋਲੀਆਂ ਅਤੇ ਗਿੱਧਾ ਪਾ ਕੇ ਸਾਂਝੀਆਂ ਕਰਦੀਆਂ ਸਨ। ਉਹਨਾਂ ਕਿਹਾ ਕਿ ਲੁਧਿਆਣਾ ਦੇ ਹਰ ਮੁਹੱਲੇ ਵਿੱਚ ਇਸੇ ਤਰ੍ਹਾਂ ਮਿਲ ਕੇ ਤੀਆਂ ਮਨਾਈਆਂ ਜਾਣ ਤਾਂ ਆਪਸੀ ਪਿਆਰ ਤੇ ਅਪਣੱਤ ਦੀਆਂ ਤੰਦਾਂ ਹੋਰ ਮਜਬੂਤ ਹੋਣਗੀਆਂ ਤੇ ਆਪਸੀ ਪਿਆਰ ਦੇ ਰਿਸ਼ਤੇ ਵੀ ਗੂੜੇ ਹੋਣਗੇ। ਇਸ ਮੌਕੇ ਹਰਮੀਤ ਕਲਸੀ, ਸਪਨਾ ਸ਼ਰਮਾ, ਪੂਜਾ ਹਾਂਡਾ, ਰਾਜਿੰਦਰ ਕੌਰ, ਸੁਮਨ, ਪੂਜਾ ਭੱਟੀ ਤੇ ਮਨਦੀਪ ਕਲਸੀ ਤੋਂ ਇਲਾਵਾ ਰਾਜਨ ਇਸਟੇਟ ਦੀਆਂ ਮੁਹੱਲਾ ਵਾਸੀ ਹਾਜਰ ਸਨ।