ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਅਧੀਨ ਕੰਮ ਕਰਦੇ ਦਿੱਲੀ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਵੱਲੋਂ 1984 ਸਿੱਖ ਕਤਲੇਆਮ ਦੀ ਪੀੜਿਤ ਮਾਤਾ ਗੁਰਬਚਨ ਕੌਰ ਦੇ ਪਰਿਵਾਰ ਨੂੰ ਕਰਜੇ ਦੀ ਰਕਮ ਦੇ ਬਕਾਇਆ 405 ਰੁਪਏ ਦਾ ਭੁਗਤਾਨ ਨਾ ਕਰਨ ਤੇ ਘਰ ਦੀ ਕੁਰਕੀ ਕਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੀੜਿਤ ਨੇ ਮਸਾਲੇ ਦਾ ਕਾਰੋਬਾਰ ਕਰਨ ਲਈ ਬੋਰਡ ਤੋਂ 3500 ਰੁਪਏ ਦਾ ਕਰਜਾ ਲਗਭਗ 32 ਸਾਲ ਪਹਿਲੇ ਲਿਆ ਗਿਆ ਸੀ ਜਿਸ ਵਿਚੋਂ ਅੱਜੇ ਤਕ 3095 ਰੁਪਏ ਦਾ ਭੁਗਤਾਨ ਹੋ ਚੁੱਕਿਆ ਹੈ ਪਰ ਬੋਰਡ ਵੱਲੋਂ ਬਕਾਇਆ 405 ਰੁਪਏ ਦੀ ਰਕਮ ਨੂੰ ਬਿਆਜ ਜੋੜ ਕੇ 21000 ਰੁਪਏ ਬਣਾ ਦਿੱਤਾ ਗਿਆ ਹੈ।
ਮਾਤਾ ਗੁਰਬਚਨ ਕੌਰ ਜਿਨ੍ਹਾਂ ਦੀ ਮੌਜੂਦਾ ਉਮਰ 80 ਸਾਲ ਹੈ ਦੇ ਪੁੱਤਰ ਗੁਰਮੁਖ ਸਿੰਘ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪਹੁੰਚ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਪਣੇ ਪਰਿਵਾਰ ਦੀ ਮਾੜੀ ਮਾਲੀ ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਨਜ਼ਫ਼ਗੜ੍ਹ ਦੀ ਐਸ.ਡੀ.ਐਮ. ਅੰਜਲੀ ਸਹਿਰਾਵਤ ਅਤੇ ਨਜ਼ਫ਼ਗੜ੍ਹ ਥਾਣੇ ਦੀ ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਧਮਕਾਉਣ ਦਾ ਦੋਸ਼ ਲਗਾਇਆ ਹੈ। ਗੁਰਮੁਖ ਸਿੰਘ ਨੇ ਜੀ.ਕੇ. ਨੂੰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਰਜਾ ਅਦਾ ਨਾ ਕਰਨ ਤੇ ਮਾਤਾ ਜੀ ਦੀ ਗ੍ਰਿਫ਼ਤਾਰੀ ਜਾਂ ਨਜ਼ਫ਼ਗੜ੍ਹ ਵਿਖੇ ਉਨ੍ਹਾਂ ਦੇ ਮਕਾਨ ਦੀ ਕੁਰਕੀ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ।
ਜੀ.ਕੇ. ਨੇ ਇਸ ਮਸਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਦਿੱਲੀ ਖਾਦੀ ਅਤੇ ਗ੍ਰਾਮ ਉਦਯੋਗ ਬੋਰਡਫ ਦੇ ਐਮ.ਡੀ. ਸੰਦੀਪ ਕੁਮਾਰ ਨੂੰ ਪੱਤਰ ਲਿਖ ਕੇ ਪਰਿਵਾਰ ਨੂੰ ਤੰਗ ਨਾ ਕਰਨ ਦੀ ਅਪੀਲ ਕੀਤੀ ਹੈ। ਆਪਣੇ ਪੱਤਰ ਵਿਚ ਜੀ.ਕੇ. ਨੇ ਭਾਰਤ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਿਤਾਂ ਦੇ ਪਰਿਵਾਰਾਂ ਵੱਲੋਂ ਲਏ ਗਏ ਕਰਜੇ ਤੇ ਬਿਆਜ਼ ਤੇ ਛੋਟ ਦੇਣ ਦੇ ਸੂਬਾ ਸਰਕਾਰਾਂ ਨੂੰ ਦਿੱਤੇ ਗਏ ਆਦੇਸ਼ ਦਾ ਵੀ ਹਵਾਲਾ ਦਿੱਤਾ ਹੈ। ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਦਾ ਲਗਦਾ ਹੈ ਕਿ ਮਾਲੀ ਦਿਵਾਲਾ ਨਿਕਲ ਗਿਆ ਹੈ ਜਿਸ ਕਰਕੇ ਇਤਨੀ ਛੋਟੀ ਰਕਮ ਦੀ ਵਸੂਲੀ ਇੱਕ ਗਰੀਬ ਪਰਿਵਾਰ ਤੋਂ ਕਰਨ ਵਾਸਤੇ ਐਸ.ਡੀ.ਐਮ. ਵਰਗੇ ਅਧਿਕਾਰੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜੀ.ਕੇ. ਨੇ ਦਿੱਲੀ ਪੁਲਿਸ ਨੂੰ ਵੀ ਇਸ ਮਸਲੇ ਤੇ ਮਾਨਸਿਕ ਤੱਸਦਦ ਪਰਿਵਾਰ ਤੇ ਨਾ ਕਰਨ ਦੀ ਅਪੀਲ ਕੀਤੀ ਹੈ।