ਡਲਹੌਜੀ : ਪੰਜਾਬੀ ਸਾਹਿਤਕਾਰਾਂ ਨੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਅਗਵਾਈ ਵਿਚ ਡਲਹੌਜੀ ਵਿਖੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸ. ਅਜੀਤ ਸਿੰਘ ਜੀ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਟ ਕੀਤੀ। ਇਹ ਯਾਦਗਾਰ ਡਲਹੌਜੀ ਵਿਚ ਪੰਚਪੁਲਾ ਸਥਾਨ ’ਤੇ ਹੈ। ਸ. ਅਜੀਤ ਸਿੰਘ 15 ਅਗਸਤ 1947 ਨੂੰ ਇਸੇ ਸਥਾਨ ’ਤੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅਤੇ ਉਨ੍ਹਾਂ ਦੇ ਭਤੀਜੇ ਸ਼ਹੀਦ ਭਗਤ ਸਿੰਘ ਜੀ ਦਾ ਆਜ਼ਾਦੀ ਸੰਗਰਾਮ ਵਿਚ ਯੋਗਦਾਨ ਕਿਸੇ ਤੋਂ ਭੁੱਲਿਆ ਨਹੀਂ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਅਗਸਤ ਦੇ ਮਹੀਨੇ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਜਾਣ ਦਾ ਮੰਤਵ ਉਨ੍ਹਾਂ ਦੀ ਸੋਚ ਨੂੰ ਯਾਦ ਕਰਵਾਉਣਾ ਹੈ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਅਜੋਕੀਆਂ ਹਾਲਤਾਂ ਉਨ੍ਹਾਂ ਸਮਿਆਂ ਤੋਂ ਵੀ ਬਦਤਰ ਹੁੰਦੀਆਂ ਜਾ ਰਹੀਆਂ ਹਨ। ਸਾਡੇ ਰਾਜਤੰਤਰ ਮਸਲਿਆਂ ਨੂੰ ਹਲ ਕਰਨ ਦੀ ਥਾਂ ’ਤੇ ਹੋ ਉਲਝਾ ਰਹੇ ਹਨ। ਭੁੱਖ ਮਰੀ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੋਂ ਲੋਕ ਬੁਰੀ ਤਰ੍ਹਾਂ ਸਤ ਰਹੇ ਹਨ। ਸੋ ਸਾਡੇ ਸਮਿਆਂ ਵਿਚ ਚਾਚਾ ਅਜੀਤ ਸਿੰਘ, ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਜੀਵਨ ਦ੍ਰਿਸ਼ਟੀ ਨੂੰ ਯਾਦ ਕਰਨਾ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਕਹਾਣੀਕਾਰਾ ਸ੍ਰੀਮਤੀ ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਪੰਜਾਬੀ ਸ਼ਾਇਰਾ ਕੁਲਵਿੰਦਰ ਕੌਰ ਕਿਰਨ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਅਤੇ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਗ਼ਜ਼ਲ ਮੰਚ ਦੇ ਜਨਰਲ ਸਕੱਤਰ ਸ੍ਰੀ ਤਰਲੋਚਨ ਝਾਂਡੇ, ਰਾਮਪੁਰ ਸਾਹਿਤ ਸਭਾ ਦੇ ਪ੍ਰਧਾਨ ਅਤੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸ੍ਰੀ ਜਸਵੀਰ ਝੱਜ ਅਤੇ ਉ¤ਘੇ ਪੰਜਾਬੀ ਸ਼ਾਇਰ ਸ੍ਰੀ ਹਰਬੰਸ ਮਾਲਵਾ ਸ਼ਾਮਲ ਸਨ। ਹਾਜ਼ਰ ਸਾਹਿਤਕਾਰਾਂ ਨੇ ਚਾਚਾ ਅਜੀਤ ਸਿੰਘ ਦੀ ਸੋਚ ਨਾਲ ਸਬੰਧਿਤ ਆਪਣੀਆਂ ਰਚਨਾਵਾਂ ਸੁਣਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ੍ਰੀ ਰਤਨ ਚੰਦ ਰਾਏ ਜੀ ਮਿਲੇ ਜੋ ਕਿ ਜਿਨ੍ਹਾਂ ਨੇ ਚਾਚਾ ਅਜੀਤ ਸਿੰਘ ਨੂੰ ਨੌ ਸਾਲ ਦੀ ਉਮਰ ਵਿਚ ਵੇਖਿਆ ਹੋਇਆ ਸੀ, ਉਨ੍ਹਾਂ ਦਸਿਆ ਕਿ ਚਾਚਾ ਜੀ ਦੇ ਅੰਤਿਮ ਸਸਕਾਰ ਸਮੇਂ ਬਹੁਤ ਵੱਡਾ ਇਕੱਠ ਪੰਚਪੁਲਾ ਵਿਖੇ ਉਮੜਿਆ ਸੀ। ਉਸ ਤੋਂ ਬਾਅਦ ਕੁਝ ਸਮੇਂ ਲਈ ਸਥਾਨਕ ਲੋਕ ਉਨ੍ਹਾਂ ਦੀ ਯਾਦ ਮਨਾਉਂਦੇ ਰਹੇ ਪਰ ਹੁਣ ਦੁਬਾਰਾ ਨਵੀਂ ਯਾਦਗਾਰ ਬਣਾ ਕੇ ਫਿਰ ਉਨ੍ਹਾਂ ਨੂੰ 15 ਅਗਸਤ ਨੂੰ ਦੁਬਾਰਾ ਵੱਡੀ ਪੱਧਰ ’ਤੇ ਉਨ੍ਹਾਂ ਦੀ ਬਰਸੀ ਮਨਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਬੰਧ ਵਿਚ ਡਲਹੌਜੀ ਪਬਲਿਕ ਸਕੂਲ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।