ਪੰਜਾਬ ਦੇ ਕਾਂਗਰਸੀ ਨੇਤਾ ਸਮਝਦਾਰ ਹੋ ਗਏ ਲਗਦੇ ਹਨ। ਨੇਤਾਵਾਂ ਵੱਲੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇੱਕਮੁਠਤਾ ਦਾ ਸਬੂਤ ਦਿੱਤਾ ਜਾ ਰਿਹਾ ਹੈ। ਆਮ ਤੌਰ ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਵਿਚ ਇੱਕ ਦੂਜੇ ਨੇਤਾ ਦੇ ਵਿਰੁਧ ਨੋਕ ਝੋਕ ਚਲਦੀ ਹੀ ਰਹਿੰਦੀ ਸੀ। ਖਾਸ ਤੌਰ ਤੇ ਚੋਣਾਂ ਤੋਂ ਪਹਿਲਾਂ ਜਦੋਂ ਕਿ ਟਿਕਟਾਂ ਮਿਲਣੀਆਂ ਹੁੰਦੀਆਂ ਹਨ ਤਾਂ ਜੋ ਆਪੋ ਆਪਣੇ ਸਪੋਰਟਰਾਂ ਨੂੰ ਟਿਕਟਾਂ ਦਿਵਾਉਣ ਲਈ ਆਪਣੀ ਸ਼ਕਤੀ ਦਾ ਪ੍ਰਦਰਸਨ ਕੀਤਾ ਜਾ ਸਕੇ । ਉਨ੍ਹਾਂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ਤੇ ਹੁੰਦੀ ਹੈ ਕਿਉਂਕਿ ਜੇਕਰ ਉਹ ਆਪਣੇ ਸਪੋਰਟਰਾਂ ਨੂੰ ਟਿਕਟਾਂ ਦਿਵਾਉਣ ਵਿਚ ਸਫਲ ਹੋਣਗੇ ਤਾਂ ਮੁੱਖ ਮੰਤਰੀ ਦੀ ਦਾਅਵੇਦਾਰੀ ਮਜ਼ਬੂਤ ਹੋਵੇਗੀ। ਲਗਾਤਾਰ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਕਾਂਗਰਸ ਪਾਰਟੀ ਦੀ ਹੋਸ਼ ਟਿਕਾਣੇ ਆ ਗਈ ਲੱਗਦੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਵੀ ਕਈ ਧੜੇ ਹਨ। ਹਰ ਧੜਾ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੈ। ਸਭ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਹਿੱਕ ਦੇ ਜ਼ੋਰ ਨਾਲ ਪ੍ਰਦੇਸ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਆਇਆ ਹੈ। ਇਸ ਲਈ ਕੋਈ ਵੀ ਨੇਤਾ ਉਸ ਨਾਲ ਵਿਗਾੜਨੀ ਨਹੀਂ ਚਾਹੁੰਦਾ ਕਿਉਂਕਿ ਟਿਕਟਾਂ ਦੀ ਵੰਡ ਵਿਚ ਉਸਦੀ ਰਾਏ ਭਾਰੂ ਰਹਿਣ ਦੀ ਉਮੀਦ ਹੈ। ਟਿਕਟਾਂ ਦੀਆਂ ਰਿਓੜੀਆਂ ਹਰ ਨੇਤਾ ਆਪਣੇ ਪਰਿਵਾਰਾਂ ਦੇ ਮੈਂਬਰਾਂ ਅਤੇ ਆਪਣੇ ਸਪੋਰਟਰਾਂ ਨੂੰ ਦਿਵਾਉਣਾ ਚਾਹੁੰਦਾ ਹੈ। ਇਸ ਵਾਰ ਦੀ ਚੋਣ ਨੂੰ ਆਮ ਚੋਣ ਨਹੀਂ ਕਿਹਾ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਉਭਾਰ ਨਾਲ ਸਮਤੁਲ ਵਿਗੜਣ ਦੀ ਉਮੀਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋ ਹਜ਼ਾਰ ਬਾਰਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਨੇ ਕਾਂਗਰਸ ਦੀ ਬੇੜੀ ਵਿਚ ਵੱਟੇ ਪਾਏ ਸਨ ਭਾਵੇਂ ਇਸ ਵਾਰ ਉਸਦੀ ਅੱਧ ਪਚੱਧੀ ਪਾਰਟੀ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਅੱਧੀ ਪਾਰਟੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੀ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ ਹੀ ਦੋਵੇਂ ਰਵਾਇਤੀ ਪਾਰਟੀਆਂ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲਈ ਬਰਾਬਰ ਦਾ ਖ਼ਤਰਾ ਬਣ ਸਕਦੀ ਹੈ। ਇਹ ਤਾਂ ਮੌਕਾ ਹੀ ਦੱਸੇਗਾ ਕਿ ਉਹ ਕਿਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦਿੰਦੇ ਹਨ। ਇਸ ਵਾਰ ਨਵੀਂ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੰਮ ਕਰਨ ਦਾ ਢੰਗ ਬਿਲਕੁਲ ਹੀ ਬਦਲਿਆ ਹੋਇਆ ਹੈ। ਕੋਟਰੀ ਨੂੰ ਵੀ ਦੂਰ ਰੱਖਿਆ ਹੋਇਆ ਹੈ। ਉਹ ਲਗਾਤਾਰ ਵਿਧਾਨ ਸਭਾ ਹਲਕਿਆਂ ਵਿਚ ਮੀਟਿੰਗਾਂ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮੀਟਿੰਗਾਂ ਵਿਚ ਲਗਾਤਾਰਤਾ ਨਹੀਂ ਸੀ। ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਨੂੰ ਵੀ ਜ਼ਿੰਮੇਵਾਰੀਆਂ ਲਾ ਕੇ ਜਿਲ੍ਹਿਆਂ ਦੀਆਂ ਮੀਟਿੰਗਾਂ ਕਰਨ ਲਈ ਸਰਗਰਮ ਕੀਤਾ ਹੋਇਆ ਹੈ। ਇਹ ਮੀਟਿੰਗਾਂ ਸਰਕਲ-ਬਲਾਕ ਅਤੇ ਜਿਲ੍ਹਾ ਪੱਧਰ ਤੇ ਵੀ ਕੀਤੀਆਂ ਜਾਂਦੀਆਂ ਸਨ। ਇਸ ਤੋਂ ਪਹਿਲਾਂ ਅਜਿਹੀਆਂ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਮੀਟਿੰਗਾਂ ਵਿਚ ਕੇਂਦਰੀ ਕਾਂਗਰਸ ਦੇ ਨੁਮਾਇੰਦੇ ਵੀ ਹਿੱਸਾ ਲੈ ਰਹੇ ਹਨ। ਦੂਜੀ ਗੱਲ ਇਹ ਹੈ ਕਿ ਉਸਦੇ ਮੁਕਾਬਲੇ ਪੰਜਾਬ ਦੀ ਹੋਰ ਕਿਸੇ ਸਿਆਸੀ ਪਾਰਟੀ ਕੋਲ ਇਤਨੇ ਵੱਡੇ ਕੱਦ ਬੁੱਤ ਵਾਲਾ ਨੇਤਾ ਨਹੀਂ ਹੈ। ਪਰਕਾਸ਼ ਸਿੰਘ ਬਾਦਲ ਦਾ ਕੱਦ ਭਾਵੇਂ ਵੱਡਾ ਹੈ ਪ੍ਰੰਤੂ ਵਰਤਮਾਨ ਪੰਜਾਬ ਸਰਕਾਰ ਦਾ ਗ੍ਰਾਫ ਲਗਾਤਾਰ ਦਸ ਸਾਲ ਰਾਜ ਕਰਨ ਕਰਕੇ ਡਿਗ ਚੁੱਕਾ ਹੈ। ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਦਾ ਕੋਈ ਉਮੀਦਵਾਰ ਹੀ ਨਹੀਂ। ਨਵਜੋਤ ਸਿੰਘ ਸਿੱਧੂ ਦੇ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਨੇਤਾ ਹੋਵੇਗਾ ਪ੍ਰੰਤੂ ਰਵਾਇਤੀ ਲੀਡਰਾਂ ਦੇ ਵਿਰੋਧ ਕਰਕੇ ਉਸ ਲਈ ਵੀ ਮੁਸ਼ਕਲ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਬਣਕੇ ਹੀ ਪਾਰਟੀ ਵਿਚ ਆਉਣਾ ਹੋਵੇਗਾ। ਉਹ ਮਜਾਹੀਆ ਢੰਗ ਨਾਲ ਤਾਂ ਚੰਗਾ ਬੁਲਾਰਾ ਹੈ ਪ੍ਰੰਤੂ ਗੰਭੀਰ ਸਿਆਸੀ ਵਿਅਕਤੀ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ ਕਾਂਗਰਸ ਦੇ ਗਠਨ ਸਮੇਂ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਪ੍ਰਤਾਪ ਸਿੰਘ ਬਾਜਵਾ ਦੀ ਕਾਰਜਕਾਰਨੀ ਨੂੰ ਬਦਲਿਆ ਵੀ ਨਹੀਂ ਪ੍ਰੰਤੂ ਆਪਣੀ ਕਾਰਜਕਾਰਨੀ ਵੀ ਬਣਾ ਲਈ ਹੈ। ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਨਹੀਂ ਹੋਇਆ। ਸਗੋਂ ਸਾਰੇ ਧੜੇ ਖ਼ੁਸ਼ ਹੋ ਗਏ ਹਨ। ਅਹੁਦਿਆਂ ਦੀਆਂ ਸੀਰਨੀਆਂ ਦੇ ਗੱਫੇ ਵੰਡਣ ਵਿਚ ਕੈਪਟਨ ਬਾਜੀ ਮਾਰ ਗਿਆ ਹੈ। ਉਸਦੇ ਕੱਟੜ ਵਿਰੋਧੀ ਨੇਤਾ ਵੀ ਉਸਦੇ ਕਦਮ ਨਾਲ ਕਦਮ ਮਿਲਾ ਕੇ ਚਲ ਰਹੇ ਹਨ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਅਹੁਦਿਆਂ ਦਾ ਚੋਗਾ ਪਾ ਦਿੱਤਾ ਗਿਆ ਹੈ। ਕੇਂਦਰੀ ਕਾਂਗਰਸ ਵੀ ਹੁਣ ਪੰਜਾਬ ਬਾਰੇ ਸੰਜੀਦਾ ਲੱਗਦੀ ਹੈ ਕਿਉਂਕਿ ਪੰਜਾਬ ਵਿਚ ਹੁਣ ਉਨ੍ਹਾਂ ਦੇ ਚਹੇਤੇ ਲੀਡਰ ਆਪਣੇ ਵਿਰੋਧੀਆਂ ਦੀਆਂ ਵੱਖੀਆਂ ਵਿਚ ਹੁਜਾਂ ਨਹੀਂ ਮਾਰ ਰਹੇ। ਤਾਕਤ ਤੋਂ ਬਿਨਾਂ ਉਹ ਤਰਲੋਮੱਛੀ ਜ਼ਰੂਰ ਹੋ ਰਹੇ ਹਨ। ਦਿੱਲੀ ਵਾਲਿਆਂ ਨੇ ਅਕਲ ਤੋਂ ਕੰਮ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਾਗ ਡੋਰ ਵੀ ਸੰਭਾਲ ਦਿੱਤੀ ਅਤੇ ਨਾਲ ਹੀ ਸਮਤੁਲ ਰੱਖਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਸਦੇ ਕੱਟੜ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸੇਰ ਸਿੰਘ ਦੂਲੋ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ ਹੈ। ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਛੇ ਮਹੀਨੇ ਪਹਿਲਾਂ ਹੀ ਕੰਪੇਨ ਕਮੇਟੀ ਬਣਾ ਦਿੱਤੀ ਜਿਸ ਵਿਚ ਸਾਰੇ ਧੜਿਆਂ ਨੂੰ ਅਡਜਸਟ ਕਰ ਦਿੱਤਾ ਹੈ। ਹਾਲਾਂ ਕਿ ਇਹ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਬਲਬੂਤੇ ਤੇ ਲੜੀ ਜਾਣੀ ਹੈ। ਆਮ ਤੌਰ ਤੇ ਕਾਂਗਰਸ ਕੰਪੇਨ ਕਮੇਟੀ ਐਨ ਮੌਕੇ ਤੇ ਹੀ ਬਣਾਉਂਦੀ ਹੁੰਦੀ ਹੈ। ਕੰਪੇਨ ਕਮੇਟੀ ਦੀ ਚੇਅਰਪਰਸਨ ਸੋਨੀਆਂ ਗਾਂਧੀ ਨੇ ਆਪਣੀ ਵਿਸ਼ਵਾਸ ਪਾਤਰ ਅੰਬਿਕਾ ਸੋਨੀ ਨੂੰ ਬਣਾਕੇ ਇਹ ਪ੍ਰਭਾਵ ਦਿੱਤਾ ਹੈ ਪੰਜਾਬ ਦੇ ਹਿੰਦੂਆਂ ਦੀ ਬਰਾਬਰ ਦੀ ਅਹਿਮੀਅਤ ਹੈ। ਕਮੇਟੀ ਦਾ ਕਨਵੀਨਰ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੇ ਪੋਤਰੇ ਰਾਹੁਲ ਬ੍ਰੀਗੇਡ ਦੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿਟੂ ਨੂੰ ਬਣਾਇਆ ਗਿਆ ਹੈ ਤਾਂ ਜੋ ਸ੍ਰ ਬੇਅੰਤ ਸਿੰਘ ਦੀ ਕੁਰਬਾਨੀ ਦਾ ਵੀ ਮੁਲ ਵੱਟਿਆ ਜਾ ਸਕੇ। ਪੰਜਾਬ ਕਾਂਗਰਸ ਦੀ ਲੈਜਿਸਲੇਚਰ ਪਾਰਟੀ ਦਾ ਮੁੱਖੀ ਸੁਨੀਲ ਜਾਖੜ ਨੂੰ ਬਦਲਕੇ ਅਨੁਸੂਚਿਤ ਜਾਤੀਆਂ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਬਣਾਕੇ ਇਨ੍ਹਾਂ ਜਾਤਾਂ ਦੀਆਂ ਵੋਟਾਂ ਵਟੋਰਨ ਦੀ ਕੋਸਿਸ਼ ਲੱਗਦੀ ਹੈ। ਸੁਨੀਲ ਜਾਖੜ ਦੀ ਕਾਰਗੁਜ਼ਾਰੀ ਬਿਹਤਰ ਸੀ ਪ੍ਰੰਤੂ ਉਸਨੂੰ ਪੰਜਾਬ ਪ੍ਰਦੇਸ ਕਾਂਗਰਸ ਦਾ ਉਪ ਪ੍ਰਧਾਨ ਬਣਾਕੇ ਸੰਤੁਸਟ ਕਰਨ ਦੀ ਕੋਸਿਸ਼ ਹੈ ਫਿਰ ਵੀ ਸੁਨੀਲ ਜਾਖੜ ਖ਼ੁਸ਼ ਨਹੀ ਲੱਗਦਾ। ਕਦੀ ਕਦੀ ਬਾਗੀ ਤੇਵਰ ਵਿਖਾ ਜਾਂਦਾ ਹੈ। ਲੁਧਿਆਣਾ ਤੋਂ ਹੀ ਵਿਧਾਨਕਾਰ ਹਿੰਦੂ ਨੇਤਾ ਭਾਰਤ ਭੂਸ਼ਨ ਆਸ਼ੂ ਨੂੰ ਲੇਜਿਸਲੇਚਰ ਪਾਰਟੀ ਦਾ ਉਪ ਨੇਤਾ ਬਣਾਇਆ ਗਿਆ ਹੈ। ਨਾਮਧਾਰੀ ਸੰਪਰਦਾਏ ਦੇ ਨਵਤੇਜ ਸਿੰਘ ਚੀਮਾ ਨੂੰ ਚੀਫ ਵਿਪ ਬਣਾਕੇ ਉਨ੍ਹਾਂ ਦੀਆਂ ਵੋਟਾਂ ਤੇ ਅੱਖ ਰੱਖੀ ਗਈ ਹੈ। ਪੰਜਾਬ ਕਾਂਗਰਸ ਲਈ ਇਹ ਸ਼ੁਭ ਸ਼ਗਨ ਹੈ।
ਕੈਪਟਨ ਅਮਰਿੰਦਰ ਸਿੰਘ ਬੜੇ ਯੋਜਨਾਬੱਧ ਢੰਗ ਨਾਲ ਮੀਟਿੰਗਾਂ ਦਾ ਸਿਲਸਿਲਾ ਚਲਾ ਰਿਹਾ ਹੈ। ਉਸਨੇ ਵੋਟਰਾਂ ਨੂੰ ਕੈਟੇਗਰਾਈਜ਼ ਕਰਕੇ ਟਾਰਗੈਟ ਕਰ ਲਿਆ ਹੈ ਜਿਹੜੇ ਪੰਜਾਬ ਦੀ ਸਰਕਾਰ ਬਣਾਉਣ ਵਿਚ ਸਹਾਈ ਹੋ ਸਕਦੇ ਹਨ। ਕਿਸਾਨ ਜਿਹੜੇ ਅਕਾਲੀ ਦਲ ਦਾ ਧੁਰਾ ਹੁੰਦੇ ਸਨ ਉਹ ਅਕਾਲੀ ਦਲ ਤੋਂ ਨਿਰਾਸ਼ ਹਨ ਕਿਉਂਕਿ ਲਗਾਤਾਰ ਕਿਸਾਨਾ ਦੀਆਂ ਫਸਲਾਂ ਦਾ ਸਰਕਾਰ ਦੀ ਅਣਗਹਿਲੀ ਕਰਕੇ ਨੁਕਸਾਨ ਹੋਇਆ ਹੈ। ਕੀਟਨਾਸ਼ਕ ਦਵਾਈਆਂ ਦਾ ਸਕੈਂਡਲ ਸਰਕਾਰ ਦੀ ਬਦਨਾਮੀ ਕਰਾਉਣ ਦਾ ਕਾਰਨ ਬਣਿਆਂ ਹੈ। ਉਨ੍ਹਾਂ ਨੂੰ ਆਪਣੀਆਂ ਫਸਲਾਂ ਵੇਚਣ ਵਿਚ ਵੀ ਕਈ ਕਈ ਦਿਨ ਮੰਡੀਆਂ ਵਿਚ ਰੁਲਣਾ ਪਿਆ ਹੈ। ਕਣਕ ਦੀ ਖ੍ਰੀਦ ਦੀ ਰਾਸ਼ੀ ਜਾਰੀ ਕਰਨ ਵਿਚ ਕੇਂਦਰ ਸਰਕਾਰ ਦੀ ਦੇਰੀ ਅਤੇ ਪਿਛਲੀ ਖ੍ਰ੍ਰੀਦ ਦਾ ਹਿਸਾਬ ਕਿਤਾਬ ਨਾ ਦੇਣਾ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਸਾਬਤ ਹੋਇਆ ਹੈ। ਕਿਸਾਨ ਲਗਾਤਾਰ ਐਜੀਟੇਸ਼ਨਾ ਕਰ ਰਹੇ ਹਨ। ਬਠਿੰਡੇ ਵਿਖੇ ਅਜੇ ਵੀ ਧਰਨੇ ਲਾਈ ਬੈਠੇ ਹਨ। ਕਿਸਾਨ ਕੈਪਟਨ ਦੀ ਕਾਰਜਸ਼ੈਲੀ ਦੇ ਮੁਦਾਹ ਹਨ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਕੈਪਟਨ ਪਹਿਲਾਂ ਹੀ ਫੈਸਲਾ ਰੱਦ ਕਰਕੇ ਪਾਣੀਆਂ ਦਾ ਰਾਖਾ ਬਣ ਚੁੱਕਾ ਹੈ। ਦੂਜਾ ਵੋਟ ਬੈਂਕ ਨੌਜਵਾਨ ਹਨ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਵੀ ਰਾਵਤਾ ਬਣਾਇਆ ਹੋਇਆ ਹੈ। ਸਕੂਲਾਂ-ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਲਗਾਤਾਰ ਪ੍ਰੋਗਰਾਮ ਕਰ ਰਿਹਾ ਹੈ ਤਾਂ ਜੋ ਉਹ ਨੌਜਵਾਨੀ ਨੂੰ ਆਪਣੇ ਨਾਲ ਜੋੜ ਸਕੇ। ਅਨੁਸੂਚਿਤ ਜਾਤੀਆਂ ਦੀ ਪੰਜਾਬ ਵਿਚ ਛੱਤੀ ਫੀ ਸਦੀ ਆਬਾਦੀ ਹੈ ਜਿਸਦਾ ਰੁੱਖ ਪੰਜਾਬ ਦੀ ਸਰਕਾਰ ਬਣਾਉਣ ਵਿਚ ਫੈਸਲਾਕੁਨ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਡੇਰਿਆਂ ਦੇ ਮੁੱਖੀਆਂ ਨਾਲ ਵੀ ਤਾਲਮੇਲ ਬਣਾਇਆ ਹੋਇਆ ਹੈ। ਦੁਆਬੇ ਵਿਚ ਕਾਂਗਰਸ ਪਾਰਟੀ ਨੂੰ ਹਰਾਉਣ ਵਾਲੇ ਬੱਲਾਂ ਵਾਲੇ ਡੇਰੇ ਦੇ ਮੁੱਖੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋ ਚੁੱਕੀ ਹੈ। ਪੰਜਾਬ ਵਿਚ ਸਥਿਤ ਬਾਕੀ ਡੇਰਿਆਂ ਦੇ ਮੁੱਖੀਆਂ ਕੋਲ ਵੀ ਉਹ ਜਾ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸੁਣਨ ਨੂੰ ਤਿਆਰ ਨਹੀਂ ਸਨ ਉਹ ਵੀ ਆਪੋ ਆਪਣੇ ਹਲਕਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਕੇ ਮੀਟਿੰਗਾਂ ਕਰ ਰਹੇ ਹਨ। ਉਹ ਲੀਡਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸੋਹਲੇ ਗਾ ਰਹੇ ਹਨ। ਅਸਲ ਵਿਚ ਜਿਹੜੇ ਲੀਡਰਾਂ ਦੇ ਬਿਆਨ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰਦੇ ਸਨ ਹੁਣ ਉਨ੍ਹਾਂ ਦੇ ਬਿਆਨ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋ ਰਹੇ ਹਨ। ਆਮ ਲੋਕਾਂ ਤੇ ਜਿਹੜਾ ਏਕਤਾ ਦਾ ਪ੍ਰਭਾਵ ਪੈ ਰਿਹਾ ਹੈ ਇਸਦੇ ਕਾਰਨ ਕਾਂਗਰਸ ਪਾਰਟੀ ਲਈ ਚੰਗੇ ਨਤੀਜਿਆਂ ਦੀ ਆਸ ਬਣਦੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਵਿਚ ਇਸ ਤੋਂ ਪਹਿਲਾਂ ਕਦੀਂ ਵੀ ਇਤਨੀ ਸ਼ਾਂਤੀ ਨਹੀਂ ਹੋਈ। ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਸੁਮੱਤ ਆ ਗਈ ਹੈ ਕਿ ਉਹ ਸਮਝਦੇ ਹਨ ਕਿ ਜੇ ਅਸੀਂ ਇੱਕ ਦੂਜੇ ਦਾ ਵਿਰੋਧ ਕਰਕੇ ਇਸ ਵਾਰ ਆਪਣੇ ਪੈਰੀਂ ਕੁਹਾੜਾ ਮਾਰ ਲਿਆ ਤਾਂ ਮੁੜਕੇ ਪੰਜਾਬ ਵਿਚ ਕਾਂਗਰਸ ਦਾ ਕਦੇ ਵੀ ਰਾਜ ਪ੍ਰਬੰਧ ਵਿਚ ਆਉਣਾ ਸੰਭਵ ਹੀ ਨਹੀਂ ਹੋਵੇਗਾ। ਕਾਂਗਰਸ ਦੇ ਤਾਂ ਪਹਿਲਾਂ ਹੀ ਪੈਰ ਉਖੜੇ ਹੋਏ ਹਨ। ਆਮ ਆਦਮੀ ਪਾਰਟੀ ਜਿਹੜੀ ਪੰਜਾਬ ਵਿਚ ਭਾਰੂ ਪੈ ਰਹੀ ਸੀ। ਉਸ ਪਾਰਟੀ ਦੇ ਕਚਘਰੜ ਲੀਡਰਾਂ ਦੇ ਬਿਆਨਾ ਨੇ ਉਨ੍ਹਾਂ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕੀਤਾ ਹੈ ਕਿਉਂਕਿ ਉਹ ਲੋਕ ਪੰਜਾਬ ਦੇ ਸਭਿਆਚਾਰ-ਸਭਿਅਤਾ ਅਤੇ ਪਰੰਪਰਾਵਾਂ ਤੋਂ ਅਣਜਾਣ ਹਨ। ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਬਿਨਾ ਛਾਣ ਬੀਣ ਕੀਤੇ ਸ਼ਾਮਲ ਕਰਨ ਨਾਲ ਵਾਲੰਟੀਅਰ ਵੀ ਨਾਰਾਜ਼ ਹੋ ਰਹੇ ਹਨ ਜਿਨ੍ਹਾ ਦੇ ਸਿਰ ਤੇ ਆਮ ਆਦਮੀ ਪਾਰਟੀ ਛਾਲਾਂ ਮਾਰ ਰਹੀ ਹੈ। ਆਮ ਆਦਮੀ ਪਾਰਟੀ ਦੀਆਂ ਘਟਨਾਵਾਂ ਕਾਂਗਰਸ ਲਈ ਸ਼ੁਭ ਸੰਕੇਤ ਹਨ।
ਮੁਕਦੀ ਗੱਲ ਜੇਕਰ ਕਾਂਗਰਸ ਪਾਰਟੀ ਨੇ ਸਥਾਨਕ ਨੇਤਾਵਾਂ ਦੀਆਂ ਇਛਾਵਾਂ ਮੁਤਾਬਕ ਸਮੇਂ ਸਿਰ ਟਿਕਟਾਂ ਦੀ ਵੰਡ ਕਰ ਦਿੱਤੀ-ਕਿਤੇ ਇਹ ਨਾ ਹੋਵੇ ਉਧਰੋਂ ਆਈ ਜਨ ਵਿੰਨ੍ਹੋ ਕੁੜੀ ਦੇ ਕੰਨ- ਵਾਲੀ ਗੱਲ ਹੋਵੇ ਕਾਂਗਰਸ ਪਾਰਟੀ ਆਮ ਦੀ ਤਰ੍ਹਾਂ ਟਿਕਟਾਂ ਦੇਣ ਵਿਚ ਦੇਰੀ ਕਰ ਜਾਵੇਾਅ ਜੇ ਨੇਤਾਵਾਂ ਨੇ ਇਸੇ ਤਰ੍ਹਾਂ ਏਕਤਾ ਦਾ ਸਬੂਤ ਦਿੱਤਾ ਤਾਂ ਕਾਂਗਰਸ ਪਾਰਟੀ ਚੋਣਾ ਵਿਚ ਚੰਗੀ ਕਾਰਗੁਜ਼ਾਰੀ ਵਿਖਾਉਣ ਦੇ ਸਮਰੱਥ ਹੋ ਸਕਦੀ ਹੈ। ਜਿਸ ਦੀ ਆਸ ਘੱਟ ਹੀ ਲੱਗਦੀ ਹੈ ਕਿਉਂਕਿ ਟਿਕਟਾਂ ਵੀ ਵੰਡ ਹੀ ਨੇਤਾਵਾਂ ਦਾ ਅਸਲੀ ਚੇਹਰਾ ਸਾਹਮਣੇ ਲਿਆਵੇਗੀ। ਆਮ ਤੌਰ ਤੇ ਕਾਂਗਰਸ ਹਾਈ ਕਮਾਂਡ ਦਿੱਲੀਓਂ ਹੀ ਪੈਰਾਸ਼ੂਟ ਰਾਹੀਂ ਉਮੀਦਵਾਰ ਭੇਜ ਦਿੰਦੀ ਹੈ। ਜੇਕਰ ਇਸ ਵਾਰ ਵੀ ਇਵੇਂ ਕੀਤਾ ਤਾਂ ਕਾਂਗਰਸ ਦਾ ਸਫਾਇਆ ਹੋਣਾ ਤਹਿ ਹੋ ਜਾਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ