ਨਵੀਂ ਦਿੱਲੀ – ਸ੍ਰ.ਪਰਮਜੀਤ ਸਿੰਘ ਸਰਨਾ ਪ੍ਰ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁੱਖੀ ਸ੍ਰ ਸੁੱਚਾ ਸਿੰਘ ਛੋਟੇਪੁਰ ਨੂੰ ਇੱਕ ਇਮਾਨਦਾਰ , ਮਿਹਨਤੀ ਤੇ ਗੂੜਿਆ ਸਿਆਸਤਦਾਨ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਛੋਟੇਪੁਰ ਨੂੰ ਪੰਜਾਬ ਵਿੱਚ ਅੱਖੋ ਪਰੋਖੇ ਕਰਨਾ ਮਹਿੰਗਾ ਪੈ ਸਕਦਾ ਹੈ।
ਸ੍ਰ. ਸਰਨਾ ਨੇ ਕਿਹਾ ਕਿ ਸ੍ਰ. ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਦੀ ਪੈਦਾਇਸ਼ ਹੈ ਤੇ ਉਸ ਨੇ ਸਿਆਸਤ ਦੀਆ ਕਈ ਤੱਤੀਆਂ ਠੰਡੀਆਂ ਹਵਾਵਾਂ ਦੇ ਜਲਵੇ ਸਰੀਰ ‘ਤੇ ਝੱਲੇ ਹਨ ਤੇ ਜਿਹੜੇ ਆਪ ਦੇ ਆਗੂ ਅੱਜ ਅਜਿਹੇ ਸਿਆਸਤਦਾਨ ਨੂੰ ਅੱਖੋ ਪਰੋਖੇ ਕਰਕੇ ਮਨਮਾਨੀਆਂ ਕਰ ਰਹੇ ਹਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਿਆਸਤ ਵਿੱਚ ਹਾਲੇ ਬਹੁਤ ਅਨਾੜੀ ਹਨ ਅਤੇ ਦਿੱਲੀ ਵਿੱਚ ਜਿਸ ਤਰ੍ਹਾ ਉਹਨਾਂ ਦਾ ਛਿੱਤਰ ਨਾਲ ਸਹਿਆ ਮਰਿਆ ਹੈ ਉਸ ਤਰ੍ਹਾਂ ਪੰਜਾਬ ਵਿੱਚ ਹੋਣਾ ਸੁਭਵਿਕ ਨਹੀਂ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਇੱਕ ਮੁੱਢਲੀ ਯੋਗਤਾ ਰਹੀ ਹੈ ਕਿ ਟਿਕਟ ਸਿਰਫ ਉਹਨਾਂ ਵਿਅਕਤੀਆਂ ਨੂੰ ਦਿੱਤੇ ਜਾਂਦੇ ਸਨ ਜਿਹਨਾਂ ਨੇ ਸਮਾਜਿਕ ਮੁੱਦਿਆਂ ਦੀ ਜੰਗ ਲੜਦਿਆਂ ਜਨਤਕ ਮੰਗਾਂ ਦੀ ਖਾਤਰ ਜੇਲ੍ਹ ਕੱਟੀ ਹੋਵੇ ਤੇ ਸ੍ਰ. ਸੁੱਚਾ ਸਿੰਘ ਛੋਟੇਪੁਰ ਇਹ ਸਾਰੀਆ ਯੋਗਤਾਵਾਂ ਪੂਰੀਆਂ ਕਰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਵੀ ਧੜੇਬੰਦੀ ਵੱਡੀ ਪੱਧਰ ਤੇ ਹੈ ਤੇ ਛੋਟੇਪੁਰ ਜਿਥੇ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਦੇ ਦਾਮਾਦ ਹਨ ਉਥੇ ਉਹ ਗੁੜੇ ਹੋਏ ਸਿਆਸਤਦਾਨ ਹਨ ਅਤੇ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਨਹੀਂ ਬਣ ਸਕੀ ਜਿਸ ਕਰਕੇ ਉਹਨਾਂ ਨੂੰ ਅਕਾਲੀ ਦਲ ਛੱਡਣਾ ਪਿਆ। ਉਹਨਾਂ ਕਿਹਾ ਕਿ ਜਿਹੜਾ ਆਗੂ ਅਕਾਲੀ ਦਲ ਦੀ ਮਾਰ ਝੱਲ ਗਿਆ ਹੋਵੇ ਉਹ ਕਿਸੇ ਵੀ ਹੋਰ ਪਾਰਟੀ ਵਿੱਚ ਮਾਰ ਨਹੀਂ ਖਾ ਸਕਦਾ। ਉਹਨਾਂ ਕਿਹਾ ਕਿ ਸ੍ਰ ਸੁੱਚਾ ਸਿੰਘ ਛੋਟੇਪੁਰ ਦਾ ਬਾਰ ਬਾਰ ਇਹ ਬਿਆਨ ਆਉਣਾ ਕਿ ਭਲੇ ਹੀ ਉਹਨਾਂ ਨੂੰ ਅੱਖੋ ਪਰੋਖੇ ਕੀਤਾ ਗਿਆ ਹੈ ਪਰ ਪਾਰਟੀ ਨਹੀਂ ਛੱਡਣਗੇ ਸ਼ਲਾਘਾਯੋਗ ਹੈ ਕਿਉਂਕਿ ਪਾਰਟੀ ਹਮੇਸ਼ਾਂ ਕਾਇਰ ਹੀ ਛੱਡਦੇ ਹਨ ਫਿਰ ਵੀ ਛੇਟੋਪੁਰ ਨੂੰ ਕਿਸੇ ਵੀ ਪਾਰਟੀ ਵਿੱਚ ਜਾਣ ਦੀ ਲੋੜ ਨਹੀਂ ਸਗੋਂ ਸਮਾਂ ਆਉਣ ਤੇ ਲੈਣ ਵਾਲੇ ਖੁਦ ਹੀ ਉਹਨਾਂ ਕੋਲ ਲੈਣ ਲਈ ਪਹੁੰਚ ਜਾਣਗੇ।