ਫਤਹਿਗੜ੍ਹ ਸਾਹਿਬ “ਹਿੰਦ ਦੀ ਸੈਂਟਰ ਹਕੂਮਤ ਉਤੇ ਕੋਈ ਵੀ ਹੁਕਮਰਾਨ ਅਤੇ ਕੋਈ ਵੀ ਜਮਾਤ ਕਾਬਜ ਹੋਵੇ, ਉਹਨਾਂ ਦੀ ਅੰਦਰੂਨੀ ਹਿੰਦੂਤਵ ਸੋਚ ਉਹੀ ਰਹਿੰਦੀ ਹੈ ਅਤੇ ਸਮਾਂ ਪੈਣ ਤੇ ਇਹ ਸਭ ਆਗੂ ਆਪਣੀ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਨੂੰ ਅਮਲ ਕਰਨ ਤੋਂ ਪਿੱਛੇ ਨਹੀ ਰਹਿੰਦੇ। ਆਪ ਪਾਰਟੀ ਦੇ ਦੁਰਗੇਸ਼ ਪਾਠਕ, ਕੁਮਾਰ ਵਿਸ਼ਵਾਸ, ਕੇਜਰੀਵਾਲ ਅਤੇ ਬੀਜੇਪੀ ਦੇ ਅਡਵਾਨੀ ਵਰਗੇ ਕੱਟੜਵਾਦੀ ਲੋਕ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨੂੰ ਵੱਢਣ ਅਤੇ ਕੱਟਣ ਵਾਲੇ “ਤਿੱਖੇ ਅਤੇ ਖੂਨੀ ਕੁਹਾੜੇ” ਦੇ ਦਸਤੇ ਹੀ ਬਦਲੇ ਜਾਂਦੇ ਹਨ, ਕੁਹਾੜਾ ਲੰਮੇ ਸਮੇਂ ਤੋਂ ਮੁਤੱਸਵੀ ਅਤੇ ਹਿੰਦੂਤਵ ਸੋਚ ਵਾਲਾ ਹੀ ਚੱਲ ਰਿਹਾ ਹੈ। ਇਸ ਲਈ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨੂੰ ਉਪਰੋਕਤ ਇਸ ਕੁਹਾੜੇ ਦੇ ਦਸਤੇ ਦੇ ਰੂਪ ਵਿਚ ਸਾਹਮਣੇ ਆਉਣ ਵਾਲੇ ਊਪਰੋਕਤ ਅਤੇ ਹੋਰਨਾਂ ਆਗੂਆਂ ਦੀ ਚੰਗੀ ਤਰ੍ਹਾਂ ਪਹਿਚਾਣ ਕਰ ਲੈਣੀ ਚਾਹੀਦੀ ਹੈ ਕਿ ਕਾਂਗਰਸ, ਭਾਜਪਾ, ਆਰਐਸਐਸ, ਸੀਪੀਆਈ, ਸੀਪੀਐਮ, ਆਪ ਪਾਰਟੀ ਅਤੇ ਬਾਦਲ ਦਲੀਆਂ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਭੁੱਲ ਕੇ ਵੀ ਆਪਣੀ ਫੈਸਲਾਕੁੰਨ ਵੋਟ ਨਹੀਂ ਪਾਉਣੀ ਚਾਹੀਦੀ ਅਤੇ ਇਹਨਾਂ ਕੌਮੀ ਦੁਸ਼ਮਣਾਂ ਨੁੰ ਦੁਸ਼ਮਣਾਂ ਵਾਲੀ ਲਾਇਨ ਵਿਚ ਖੜ੍ਹਾ ਕਰਕੇ ਦੁਸ਼ਮਣਾਂ ਵਰਗਾ ਵਿਵਹਾਰ ਕਰਨਾ ਹੀ ਬਣਦਾ ਹੈ। ਤਾਂ ਕਿ ਕੋਈ ਵੀ ਕੁਹਾੜਾ ਅਤੇ ਦਸਤਾ ਘੱਟ ਗਿਣਤੀ ਕੌਮਾਂ ਉਤੇ ਆਪਣਾ ਜਾਲਿਮਾਨਾਂ ਵਾਰ ਨਾ ਕਰ ਸਕੇ ਅਤੇ ਘੱਟ ਗਿਣਤੀ ਕੌਮਾਂ ਅਜਿਹੇ ਕੁਹਾੜਿਆਂ ਦੇ ਤਿੱਖੇ ਮੂੰਹਾਂ ਅਤੇ ਨੋਕਾਂ ਨੂੰ ਮੋੜਨ ਵਿਚ ਕਾਮਯਾਬ ਹੋ ਸਕਣ ਅਤੇ ਇੱਥੇ ਅਜਿਹਾ ਹਲੀਮੀ ਰਾਜ ਸਥਾਪਿਤ ਕਰ ਸਕਣ, ਜਿਸ ਵਿਚ ਕਿਸੇ ਵੀ ਕੌਮ ਧਰਮ , ਵਰਗ ਜਾਂ ਇਨਸਾਨ ਨਾਲ ਰਤੀ ਭਰ ਵੀ ਵਿਤਕਰਾ ਨਾ ਹੋ ਸਕੇ ਅਤੇ ਸਭ ਨਿਵਾਸੀ ਬਰਾਬਰਤਾ ਦੇ ਹੱਕ ਦਾ ਅਮਲੀ ਰੂਪ ਵਿਚ ਆਨੰਦ ਮਾਣ ਸਕਣ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਦੁਰਗੇਸ਼ ਪਾਠਕ, ਕੁਮਾਰ ਵਿਸ਼ਵਾਸ, ਕੇਜਰੀਵਾਲ, ਅਡਵਾਨੀ ਅਤੇ ਇਹਨਾਂ ਵਰਗੇ ਹੋਰ ਤਿੱਖੇ ਕੁਹਾੜੇ ਦੇ ਦਸਤੇ ਬਣਨ ਵਾਲਿਆਂ ਦੀ ਮਨੁੱਖਤਾ ਮਾਰੂ ਸੋਚ ਅਤੇ ਅਮਲਾਂ ਤੋਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਚੇਤ ਕਰਦੇ ਹੋਏ ਜਮਹੂਰੀਅਤ ਅਤੇ ਅਮਨਮਈ ਅਜਿਹੇ ਲੋਕਾਂ ਨੂੰ ਸਮਾਜਿਕ ਤੌਰ ‘ਤੇ ਹਰ ਖੇਤਰ ਵਿਚ ਮਨਫੀ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਜੇਕਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਉਤੇ ਹੋ ਰਹੇ ਜਬਰ ਜੁਲਮ ਸਮੇਂ ਬਾਂਹ ਪਕੜ ਕੇ ਆਪਣੀ ਕੁਰਬਾਨੀਂ ਦਿੰਦੇ ਹੋਏ ਰੱਖਿਆ ਨਾ ਕੀਤੀ ਹੁੰਦੀ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਜੁਲਮ ਦੇ ਵਿਰੁੱਧ ਡੱਟ ਕੇ ਆਪਣਾ ਸਰਬੰਸ ਨਾ ਵਾਰਿਆ ਹੁੰਦਾ ਤਾਂ ਜੋ ਲੋਕ ਅੱਜ ਸਿੱਖ ਕੌਮ ਦੀ ਦਸਤਾਰ,ਦਾੜ੍ਹੀ ਅਤੇ ਕੇਸਾਂ ਆਦਿ ਉਤੇ ਨਾਂਹਵਾਚਕ ਸੋਚ ਰਾਹੀਂ ਹਮਲੇ ਕਰਕੇ ਸਿੱਖ ਕੌਮ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਨ, ਇਹਨਾਂ ਦਾ ਅੱਜ ਦੁਨੀਆਂ ਦੇ ਕਿਸੇ ਵੀ ਨਕਸ਼ੇ ‘ਤੇ ਨਾਮੋ ਨਿਸ਼ਾਨ ਨਹੀਂ ਸੀ ਹੋਣਾ। ਉਹਨਾਂ ਕਿਹਾ ਕਿ ਜਿਸ ਸਿੱਖ ਕੌਮ ਨੇ ਇਹਨਾਂ ਦੀਆਂ ਧੀਆਂ, ਭੈਣਾਂ, ਬਹੂ, ਬੇਟੀਆਂ ਨੂੰ ਜਾਬਰ ਦੇ ਕੈਪਾਂ ਵਿੱਚੋਂ ਛੁਡਾ ਕੇ ਬਾਇੱਜਤ ਉਹਨਾਂ ਦੇ ਘਰੋਂ ਘਰੀਂ ਪਹੁੰਚਾਉਂਦੇ ਰਹੇ ਹਨ ਅਤੇ ਜਿਸ ਦਸਤਾਰ ਅਤੇ ਦਾੜ੍ਹੀ ਨੂੰ ਵੇਖ ਕੇ ਹਿੰਦੂਆਣੀਆਂ ਬੀਤੇ ਜਬਰ ਦੇ ਸਮੇਂ “ਬਚਾਈਂ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ ਅਤੇ ਆ ਗਏ ਨਿਹੰਗ ਬੂਹੇ ਖੋਲ੍ਹ ਦੋ ਨਿਸੰਗ” ਪੁਕਾਰਦੀਆਂ ਸਨ, ਅੱਜ ਉਸ ਦਸਤਾਰ ਅਤੇ ਦਾੜ੍ਹੀ ਉਤੇ ਹਮਲੇ ਕਰਨ ਵਾਲੇ ਇਹਨਾਂ ਕੱਟੜਵਾਦੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਲੋਕ ਆਪਣੀਆਂ ਧੀਆਂ ਭੈਣਾਂ ਦੀ ਵੀ ਇੱਜਤ ਦੀ ਰਾਖੀ ਨਹੀਂ ਕਰ ਸਕੇ ਅਤੇ ਜੋ ਅੱਜ ਰਾਖੀ ਕਰਨ ਵਾਲਿਆਂ ‘ਤੇ ਕੋਝੇ ਹਮਲੇ ਕਰ ਰਹੇ ਹਨ, ਉਹ ਸਿੱਖ ਕੌਮ ਦੇ “ਆਕ੍ਰਿਤਘਣ” ਨਹੀਂ ਤਾਂ ਹੋਰ ਕੀ ਹਨ?
ਸ.ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਅਤੇ ਹੋਰਨਾਂ ਘੱਟ ਗਿਣਤੀ ਕੌਮਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਅਤਿ ਸ਼ਾਨਾਮੱਤੇ ਵਾਲਾ ਅਤੇ ਫਖਰ ਵਾਲਾ ਹੈ। ਕਿਉਂ ਕਿ ਸਿੱਖ ਕੌਮ ਨੇ ਆਪਣੇ ਜਨਮ ਤੋ ਲੈ ਕੇ ਅੱਜ ਤੱਕ ਹਰ ਤਰ੍ਹਾਂ ਦੇ ਜਬਰ ਜੁਲਮ ਵਿਰੁੱਧ ਕੇਵਲ ਆਵਾਜ਼ ਹੀ ਨਹੀਂ ਉਠਾਈ ਬਲਕਿ ਪੀੜਿਤਾਂ ਨੂੰ ਇਨਸਾਫ ਦਿਵਾਉਣ, ਜਬਰ ਅਤੇ ਜਾਲਿਮ ਦਾ ਨਾਸ਼ ਕਰਨ ਵਿਚ ਮੋਹਰੀ ਰਹੀ ਹੈ। ਇਸ ਲਈ ਸਾਨੂੰ ਕੋਈ ਵੀ ਅਜਿਹਾ ਸਿਰ ਫਿਰਿਆ ਸਾਡੇ ਇਤਿਹਾਸ ਅਤੇ ਸਾਡੀ ਸ਼ਾਨ ਉਤੇ ਦਾਗ ਲਗਾਉਣ ਵਿਚ ਕਦੀ ਵੀ ਕਾਮਯਾਬ ਨਹੀਂ ਹੋ ਸਕੇਗਾ। ਬਲਕਿ ਮੰਦਭਾਵਨਾ ਦੀ ਸੋਚ ਅਧੀਨ ਸਿੱਖ ਕੌਮ , ਦਸਤਾਰ , ਦਾੜ੍ਹੀ ਅਤੇ ਹੋਰ ਕਕਾਰਾਂ ਅਤੇ ਸਿੱਖ ਕੌਮ ਦੇ ਇਖਲਾਕ ਉਤੇ ਹਮਲੇ ਕਰਨ ਵਾਲਿਆਂ ਦਾ ਬੀਤੇ ਸਮੇਂ ਵਿਚ ਵੀ ਅਤਿ ਭੈੜਾ ਹਸ਼ਰ ਹੋਇਆ ਅਤੇ ਅਜੋਕੇ ਸਮੇਂ ਵਿਚ ਵੀ ਅਜਿਹੇ ਲੋਕ ਆਪਣਾ ਹਸ਼ਰ ਖੁਦ ਦੇਖਣਗੇ ਅਤੇ ਉਹਨਾਂ ਦੀ ਆਪਣੀ ਆਤਮਾਂ ਹੀ ਉਹਨਾਂ ਨੂੰ ਦੋਸ਼ੀ ਠਹਿਰਾਏਗੀ। ਸਿੱਖ ਕੌਮ ਅਤੇ ਪੰਜਾਬੀ ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖਾਲਸਾ ਜਥੇਬੰਦੀਆਂ ਦੀ ਸਰਕਾਰ ਕਾਇਮ ਕਰਨ ਲਈ ਠਾਣ ਲੈਣ, ਹਰ ਤਰ੍ਹਾਂ ਦੀ ਸਮਾਜਿਕ ਬੁਰਾਈ ਅਤੇ ਵਿਤਕਰਿਆਂ ਦਾ ਅੰਤ ਕਰਨ ਅਤੇ ਇਨਸਾਫ ਪਸੰਦ ਰਾਜ ਪ੍ਰਬੰਧ ਕਾਇਮ ਕਰਨ ਦਾ ਅਸੀਂ ਬਚਨ ਕਰਦੇ ਹਾਂ।