ਨਵੀਂ ਦਿੱਲੀ : ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਸਲਾਹਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਸ਼ਮੀਰ ਘਾਟੀ ਵਿਚ ਭਾਰਤ ਵਿਰੋਧੀ ਅਨਸਰਾਂ ਵਲੋਂ ਸਿੱਖਾਂ ਨੂੰ ਬੇ-ਵਜ੍ਹਾ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਪੁਰਜੋਰ ਨਿਖੇਧੀ ਕਰਦਿਆਂ ਉਨ੍ਹਾਂ ਦੇ ਜਾਨ-ਮਾਲ ਦੀ ਹਿਫਾਜ਼ਤ ਕਰਨ ਦੀ ਮੰਗ ਕੀਤੀ ਹੈ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਜੰਮੂ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਲਿਖੇ ਪੱਤਰ ਵਿੱਚ ਸਰਦਾਰ ਸਿਰਸਾ ਨੇ ਸੁਚੇਤ ਕੀਤਾ ਕਿ ਹਿਡਬੁਲ ਮੁਜਾਹਦੀਨ ਅੱਤਵਾਦੀ ਸੰਗਠਨ ਦੇ ਸਰਗਨਾ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ ਤਕਰੀਬਨ ਇੱਕ ਮਹੀਨੇ ਤੋਂ ਕਸ਼ਮੀਰਵਾਦੀ ਵਿਚ ਫੈਲੇ ਅਸੰਤੋਸ਼ ਦੇ ਚਲਦਿਆਂ ਸਿੱਖ ਬਹੁ ਵਸੋਂ ਵਾਲੇ 39 ਪਿੰਡਾਂ ਖਾਸ ਤੌਰ ’ਤੇ ਸ਼ੋਮੇ, ਚਤਰਾਗ੍ਰਾਮ, ਮੋਨਘਾਮਾ, ਕਸਬਾ ਤਰਾਲ ਤੇ ਪੁਲਵਾਮਾ ਜ਼ਿਲ੍ਹੇ ਵਿਚ ਦਹਿਸ਼ਤ ਦਾ ਮਾਹੌਲ ਹੈ । ਵਾਦੀ ਵਿਚ ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਹਨ ਕਿ ਉਥੋਂ ਦੇ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਦਹਿਸ਼ਤ ਭਰੇ ਹਾਲਾਤ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਸ. ਸਿਰਸਾ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕਾਂ ਸਥਾਨਾਂ ਖਾਸ ਤੌਰ ’ਤੇ ਔਰਤਾਂ ਜਿਨ੍ਹਾਂ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ, ਦੀ ਸੁਰੱਖਿਆ ਕਰਨਾ ਭਾਰਤ ਸਰਕਾਰ ਤੇ ਰਾਜ ਸਰਕਾਰ ਦੀ ਪਹਿਲ ਦੇ ਆਧਾਰ ’ਤੇ ਜ਼ਿੰਮੇਵਾਰੀ ਬਣਦੀ ਹੈ ਵਰਨਾ ਜੇ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਪੂਰੇ ਮੁਲਕ ਵਿੱਚ ਬਦਨਾਮੀ ਹੋਵੇਗੀ ਕਿ ਹਿੰਦੁਸਤਾਨ ਤੇ ਵਾਦੀ ਦੀ ਹਕੂਮਤ ਕਸ਼ਮੀਰ ਵਿੱਚ ਘੱਟ ਗਿਣਤੀਆਂ ਦੀ ਹਿਫਾਜ਼ਤ ਕਰਨ ਤੋਂ ਨਾਕਾਮ ਰਹੀਆਂ ਹਨ।
ਸ. ਸਿਰਸਾ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਨੂੰ ਆਪਣੇ ਘਰਾਂ ਤੇ ਅਦਾਰਿਆਂ ਤੋਂ ਬਾਹਾਰ ਆ ਕੇ ਪਾਕਿਸਤਾਨ ਦੇ ਹੱਕ ਵਿਚ ਨਾਹਰੇ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਘਰਾਂ ਚੋਂ ਜ਼ਰੂਰੀ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਵਾਲੇ ਸਮਾਨ ਲਿਆਉਣ ਲਈ ਵੀ ਦਹਿਸ਼ਤ ਦੇ ਸਾਏ ਹੇਠ ਨਿਕਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਸਾਡਾ ਕਹਿਣਾ ਮੰਨੋ, ਹਿੰਦੁਸਤਾਨ ਦੇ ਖਿਲਾਫ ਨਾਅਰੇ ਲਾਉ ਨਹੀਂ ਤਾਂ ਸਬਕ ਸਿੱਖਣ ਲਈ ਤਿਆਰ ਰਹੋ ।
ਸ. ਸਿਰਸਾ ਨੇ ਕਿਹਾ ਕਿ ਹਿੰਦੁਸਤਾਨ ਦੇ ਖਿਲਾਫ ਸਿੱਖਾਂ ਨੂੰ ਆਵਾਜ਼ ਬੁਲੰਦ ਕਰਨ ਲਈ :
“ਮਨਮੋਹਨ ਸਿੰਘ ਕੀ ਪਗੜੀ ਰਗੜੋ, ਰਗੜੋ
ਸੋਨੀਆ ਕਾ ਦੁਪੱਟਾ ਰਗੜੋ, ਰਗੜੋ
ਮੋਦੀ ਕਾ ਕੁੜਤਾ ਰਗੜੋ, ਰਗੜੋ
ਹਮਾਰੀ ਜਾਨ ਪਾਕਿਸਤਾਨ, ਪਾਕਿਸਤਾਨ
ਇੰਡੀਆ ਤੇਰੀ ਮੌਤ ਆਈ, ਆਈ, ਲਸ਼ਕਰ ਆਈ
ਯਹਾਂ ਕਿਸੇ ਕੋ ਰਹਿਨਾ ਹੈ, ਤੋ ਅੱਲਾਹ ਅਕਬਰ ਕਹਿਨਾ ਹੈ”
ਜਿਹੇ ਨਾਅਰਿਆਂ ਲਈ ਮਜਬੂਰ ਕੀਤਾ ਜਾ ਰਿਹਾ ਹੈ । ਇੱਥੇ ਹੀ ਬੱਸ ਨਹੀਂ, ਪੂਰੇ ਇਲਾਕੇ ਵਿੱਚ ਅਜਿਹੇ ਪੋਸਟਰ ਲੱਗੇ ਹੋਏ ਹਨ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਅਗਰ ਯਹਾਂ ਕੋਈ ਹਿੰਦੁਸਤਾਨ ਕੀ ਬਾਤ ਕਰਤਾ ਪਾਇਆ ਗਿਆ ਤੋ ਉਸਕੋ ਸਬਕ ਸਿਖਾਏਂਗੇ ।
ਸ. ਸਿਰਸਾ ਨੇ ਕਿਹਾ ਕਿ ਵਾਦੀ ਦੇ ਸਿੱਖ ਬਹੁ-ਵਸੋਂ ਵਾਲੇ ਇਨ੍ਹਾਂ ਇਲਾਕਿਆਂ ਵਿਚ ਇਹ ਦਰਦਨਾਕ ਖੌਂਫ ਪਿਛਲੇ ਤਕਰੀਬਨ 35 ਦਿਨ ਤੋਂ ਚੱਲ ਰਿਹਾ ਹੈ ਜਿਸ ਕਰਕੇ ਜਬਰਦਸਤ ਤਣਾਅ ਵਿਚ ਰਹਿ ਰਹੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਸਕਿਉਰਟੀ ਤੁਰੰਤ ਮੁਹੱਈਆ ਕੀਤੀ ਜਾਵੇ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਵੇਲੇ ਸਿਰ ਇਸ ਸੰਵੇਦਨਸ਼ੀਲ ਮੁੱਦੇ ਨੂੰ ਨਾ ਸੰਭਾਲਿਆ ਗਿਆ ਤਾਂ ਹਾਲਾਤ ਵੱਸ ਤੋਂ ਬਾਹਰ ਜਾਣਗੇ।