ਲੁਧਿਆਣਾ,(ਰਵਿੰਦਰ ਸਿੰਘ ਦੀਵਾਨਾ) – ਮਹਾਂ ਨਗਰ ਦੇ ਵਾਰਡ ਨੰ.57 ਦੇ ਜੇ ਬਲਾਕ ਦੇ ਗੁਰੂ ਰਾਮ ਦਾਸ ਪਾਰਕ ਵਿਖੇ ਤੀਆਂ ਦਾ ਵਿਸ਼ਾਲ ਮੇਲਾ ਬੀਬੀ ਲਖਵੀਰ ਕੌਰ ਸਿੱਧੂ ਦੀ ਅਗਵਾਈ ਵਿੱਚ ਕੁੜੀਆਂ ਵੱਲੋਂ, ਸੱਜ ਵਿਆਹੀਆਂ ਵਹੁਟੀਆਂ ਵੱਲੋਂ ਅਤੇ ਵੱਡੀ ਉਮਰ ਦੀਆਂ ਔਰਤਾਂ ਵੱਲੋਂ ਬੜੀ ਧੁਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੀਆਂ ਦੇ ਮੇਲੇ ਸੱਜ ਧੱਜ ਕੇ ਆਪਣੇ ਰਿਵਾਇਤੀ ਗਹਿਣੇ ਪਾ ਕੇ ਆਈਆਂ ਮੁਟਿਆਰਾਂ ਨੇ ਨਵੀਆਂ ਤੇ ਪੁਰਾਣੀਆਂ ਬੋਲੀਆਂ ਪਾ ਕੇ ਧਰਤੀ ਹਿੱਲਣ ਲਾ ਦਿੱਤੀ। ਬੋਲੀਆਂ ਪਾਉਂਦੀਆਂ ਕੁੜੀਆਂ ਨੇ ਜਦੋਂ ਇਹ ਬੋਲੀ ਪਾਈ ਕਿ ਉ ਘੋੜਾ ਆਰ ਨੂੰ ਵੇ – ਘੋੜਾ ਪਾਰ ਨੂੰ ਵੇੂ ਪੇਕੇ ਛੱਡੀਏ ਨਾਂ ਨਾਰ ਮੁਟਿਆਰ ਨੂੰ ਵੇ ਦੁੱਜੀ ਕੁੜੀ ਨੇ ਮਰਦ ਬਣਕੇ ਜਵਾਬ ਦਿੱਤਾ ਉ ਘੋੜਾ ਆਰ ਨੂੰ ਨੀ-ਘੋੜਾ ਪਾਰ ਨੂੰ ਨੀੂ ਕੱਲਾ ਛੱਡੀਏ ਨਾ ਸਿੰਘ ਸਰਦਾਰ ਨੂੰ ਨੀ।ਫਿਰ ਇੱਕ ਕੁੜੀ ਨੇ ਬੋਲੀ ਪਾਈ ਉਜੋਗੀ ਆ ਨੀ ਗਿਆ-ਫੇਰਾ ਪਾ ਨੀ ਗਿਆ, ਕੋਈ ਬਿਸ਼ੀਅਰ ਨਾਗ ਲੜਾ ਨੀਂ ਗਿਆ। ਫਿਰ ਇੱਕ ਕੁੜੀ ਨੇ ਬੋਲੀ ਪਾਈ ਵਰ੍ਹੇ ਦਿਨਾਂ ਨੂੰ ਫਿਰ ਤੀਆਂ ਤੀਜ ਦੀਆਂ। ਕੁੜੀਆਂ ਦਾ ਭੰਗੜਾ ਇਸ ਗੀਤ ਤੇ ਅਮਿੱਟ ਛਾਪ ਛੱਡ ਗਿਆ ਉ ਪਾ ਬੋਲੀ ਸੋਣੀਆਂ ਵੇ-ਜੱਟੀ ਨੱਚਦੀ ਪਟੋਲਾ ਬਣ੍ਹਕੇ ਤੇ ਫਿਰ ਦੁੱਜਾ ਗੀਤ ਸੀ ਉ ਗੋਰਿਆਂ ਪੈਰਾਂ ਦੇ ਵਿੱਚ ਚਾਂਦੀ ਦੀਆਂ ਚਾਂਜਰਾਂ-ਨੱਚਣ ਲੱਗੀ ਨੇ ਲਈਆਂ ਪਾ, ਨੀ ਮਜਾਜਣੇ ਏਨਾ ਤੈਨੂੰ ਨੱਚਣੇ ਦਾ ਚਾਅ। ਤੀਆਂ ਦੇ ਇਸ ਮੇਲੇ ਵਿੱਚ ਕੁੜੀਆਂ ਤੇ ਸੱਜ ਵਿਆਹੀਆਂ ਮੁਟਿਆਰਾਂ ਨੇ ਬੋਲੀਆਂ ਪਾ ਕੇ ਤੇ ਨੱਚ ਨੱਚ ਕੇ ਧਰਤੀ ਪੱਟ ਸੁੱਟੀ ਤੇ ਫਿਰ ਵਾਰੀ ਆਈ ਅੱਧਖੜ੍ਹ ਜਨਾਨੀਆਂ ਦੀ ਅਤੇ ਬਜ਼ੁਰਗ ਔਰਤਾਂ ਦੀ ਜਿਨ੍ਹਾਂ ਨੇ ਆਪਣੀਆਂ ਰਿਵਾਇਤੀ ਪੁਰਾਣੀਆਂ ਬੋਲੀਆਂ ਨਾਲ ਇੱਕ ਵੱਖਰਾ ਹੀ ਮਾਹੌਲ ਸਿਰਜਿਆ, ਬੋਲੀਆਂ ਸਨ; ਉ ਜਾਹ ਮੈਂ ਨੀ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ। ਹੱਸ ਲੈ ਨੀ ਕੁੜੀਏ ਨੱਚ ਲੈ ਨੀਂ ਕੁੜੀਏ ਹੱਸਣਾ ਖੇਡਣਾਂ ਰਹਿਜੂਗਾ-ਕੋਈ ਬੂਜੜ੍ਹ ਜਿਹਾ ਨੀ ਜੱਟ ਲੈਜੂਗਾ। ਫਿਰ ਇੱਕ ਔਰਤ ਨੇ ਬੋਲੀ ਪਾਈ ਪਾਵੇ ਪਾਵੇ ਪਾਵੇ ਬੁੱਡੀਆਂ ਆਖਦੀਆਂ ਸਾਨੂੰ ਫੇਰ ਜਵਾਨੀ ਆਵੇ। ਇੱਕ ਵੱਡੀ ਉਮਰ ਦੀ ਜਨਾਨੀ ਨੇ ਆਪਣੀ ਜਵਾਨੀ ਨੂੰ ਯਾਦ ਕਰਦਿਆਂ ਬੋਲੀ ਪਾਈ ਉ ਮਾਰ ਤਿਤਲੀ ਉਡਾਰੀ ਵੇ ਮੈਂ ਉਡ ਆਈ ਸਾਰੀ , ਇੱਥੇ ਆਇਆ ਕਰਨਾਂ ਤੇ ਹੈ ਜਾਇਆ ਕਰਨਾਂ, ਘਰ ਸਹੁਰਿਆਂ ਦੇ ਹੁਕਮ ਚਲਾਇਆ ਕਰਨਾਂ। ਦੂਜੀ ਔਰਤ ਨੇ ਜਵਾਬ ਦਿੱਤਾ, ਉ ਕਰ ਦੇਣਗੇ ਬਗਾਨੇ ਪੁੱਤ ਗੱਜ ਵਰਗੀ। ਸੱਸ ਮੇਰੀ ਨੇ ਮੁੰਡਾ ਜੰਮਿਆਂ ਗੁਰਦਿੱਤਾ- ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ। ਫਿਰ ਇੱਕ ਨੇ ਬੋਲੀ ਪਾਈ ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਮੇਰਾ ਤਾਂ ਮੰਦੜਾ ਹਾਲ ਮਾਏ ਮੇਰੀਏ, ਦੱਸ ਕੀਹਦਾ ਕੱਢਾਂ ਰੁਮਾਲ ਮਾਏ ਮੇਰੀਏ ਤੇ ਫਿਰ ਦੁੱਜੀ ਦੀ ਬੋਲੀ ਸੀ ਪੇਕੇ ਦੋਵੇਂ ਭੈਣਾਂ ਨੱਚੀਆਂ, ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ। ਤੇ ਫਿਰ ਇੱਕ ਨੇ ਬੋਲੀ ਪਾਈ ਉ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਊਣੀ ਐਂ। ਇੱਕ ਨੇ ਬੋਲੀ ਪਾਈ ਉ ਕੁੜਤੀ ਲੈਣੀ ਆਉਂਣ ਜਾਣ ਨੂੰ ਭਾਵੇਂ ਵਿੱਕ ਜੇ ਮੁੰਡੇ ਦਾ ਬਾਪੂ ਆਦਿ ਸੈਂਕੜੇ ਬੋਲੀਆਂ ਪਾ ਕੇ ਤੀਆਂ ਦਾ ਮੇਲਾ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਠੰਢੇ ਮਿੱਠੇ ਪਾਣੀ ਦੀ ਅਤੇ ਠੰਡੀਆਂ ਬੋਤਲਾਂ ਦੀ ਛਬੀਲ ਲਾਈ ਗਈ ਅਤੇ ਮਿੱਠੇ ਅਤੇ ਸਲੂਣੇ ਗੁਲਗੁਲੇ ਕੁੜੀਆਂ ਅਤੇ ਬੁੜ੍ਹੀਆਂ ਵੱਲੋਂ ਪਕਾਏ ਗਏ। ਜਿਸ ਦਾ ਸਿਆਣਿਆਂ ਤੇ ਨਿਆਣਿਆਂ ਨੇ ਖੂਬ ਲੁਤਫ ਲਿਆ ਮੁੱਖ ਮਹਿਮਾਨ ਵਾਰਡ ਨੰ. 57 ਦੀ ਕੌਂਸਲਰ ਬੀਬੀ ਵੀਰਾਂ ਬੇਦੀ ਨੇ ਇਸ ਤੀਆਂ ਦੇ ਮੇਲੇ ਵਿੱਚ ਜਿੱਥੇ ਆਪ ਸ਼ਾਮਲ ਹੋ ਕੇ ਧਮਾਲਾ ਪਾਈਆਂ ਉਥੇ ਉਸ ਨੇ ਮੁਟਿਆਰਾਂ ਨੂੰ ਹੌਂਸਲਾ ਅਫਜਾਈ ਵੀ ਦਿੱਤੀ। ਇਸ ਮੌਕੇ ਸਟੇਜ ਦਾ ਸੰਚਾਲਨ ਕਰਦਿਆਂ ਲਖਵੀਰ ਕੌਰ ਸਿੱਧੂ ਦੇ ਕੌਂਸਲਰ ਬੀਬੀ ਵੀਰਾਂ ਬੇਦੀ ਦਾ ਧੰਨਵਾਦ ਕੀਤਾ, ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ ਆਖਿਰ ਵਿੱਚ ਬੀਬੀ ਲਖਵੀਰ ਕੌਰ ਸਿੱਧੂ ਨੇ ਸੱਭ ਦਾ ਧੰਨਵਾਦ ਕੀਤਾ। ਤੀਆਂ ਦਾ ਇਹ ਮੇਲਾ ਯਾਦਗਾਰੀ ਹੋ ਨਿਭੜਿਆ।