ਬਰੈਂਪਟਨ:- ਚੈਮਪੀਅਨ ਕਬੱਡੀ ਲੀਗ ਦੇ ਸ਼ੁਰੂਆਤੀ ਮੈਚ 13 ਅਗਸਤ ਦਿਨ ਸ਼ਨਿਚਰਵਾਰ ਨੂੰ ਸ਼ਾਮ ਨੂੰ 5 ਵਜੇ ਬਰੈਂਪਟਨ ਦੇ ਪਾਵਰੇਡ ਸੈਂਟਰ ਵਿੱਚ ਇੰਨਡੋਰ ਹੋ ਰਹੇ ਹਨ। ਕਬੱਡੀ ਲੀਗ ਦੇ ਸੂਰੂਆਤੀ ਮੈਚਾਂ ਦੀਆਂ ਟਿਕਟਾਂ ਪ੍ਰਤੀ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਹ ਗੱਲ ਦੁਨੀਆਂ ਵਿੱਚ ਜਾਣੀ ਜਾਂਦੀ ਹੈ ਕਿ ਕਬੱਡੀ ਖੇਡ ਨੂੰ ਕੈਨੇਡਾ ਦੇ ਪੰਜਾਬੀਆਂ ਨੇ ਰੱਜ ਕੇ ਪਿਆਰ ਕੀਤਾ ਹੈ। ਇਹ ਗੱਲ ਕੈਨੇਡਾ ਦਾ ਹਰ ਰਾਜਨੀਤਕ ਜਾਣਦਾ ਹੈ ਕਿ ਪੰਜਾਬੀ ਲੋਕ ਕਬੱਡੀ ਨੂੰ ਦਿਲੋਂ ਜਾਨ ਤੋਂ ਪਿਆਰ ਕਰਦੇ ਹਨ। ਇਹ ਕੈਨੇਡਾ ਵਿੱਚ ਕਈ ਦਹਾਕਿਆਂ ਤੋਂ ਖੇਡੀ ਅਤੇ ਸਤਿਕਾਰੀ ਜਾਣ ਵਾਲੀ ਖੇਡ ਹੈ। ਇਸ ਖੇਡ ਦੇ ਇਤਿਹਾਸ ਵਿੱਚ ਦਰਜ ਹੋਣ ਵਾਲਾ ਅਤਿ ਮਹੱਤਵਪੂਰਣ ਅਤੇ ਅਤਿ ਲੋੜੀਂਦਾ ਅਧਿਆਇ ਹੈ ਕਬੱਡੀ ਦਾ ਵਿਕਾਸ। ਇਸ ਲਈ ਕਬੱਡੀ ਵਿੱਚ ਅਨੁਸਾਸ਼ਨ, ਕਬੱਡੀ ਅਤੇ ਕਬੱਡੀ ਪ੍ਰਬੰਧਕਾਂ ਵਿੱਚ ਪੇਸ਼ਾਵਰੀ ਸੋਚ ਨੂੰ ਅਪਣਾਉਣਾ ਜਰੂਰੀ ਹੈ।
ਇਸ ਹਫਤੇ ਕਬੱਡੀ ਦੀ ਸੰਸਾਰ ਭਰ ਵਿੱਚ ਪਹਿਲੀ ਲੀਗ ਦੀ ਘੁੰਡ ਚੁੱਕਾਈ ਹੋ ਰਹੀ ਹੈ, ਇਗ ਗੱਲ ਗੋਗਾ ਗਹੂਨੀਆ ਨੇ ਮੀਡੀਆ ਨਾਲ ਸਾਂਝੀ ਕੀਤੀ। ਗਹੂਨੀਆ ਨੇ ਕਿਹਾ ਕਿ ਜਿਸ ਤਰਾਂ ਕਬੱਡੀ ਕੈਨੇਡਾ ਕੱਪ ਦੀ ਸ਼ੁਰੂਆਤ ਟਰਾਂਟੋ ਤੋਂ ਹੋਈ ਸੀ ਅਤੇ ਇਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਚੈਂਪੀਅਨ ਕਬੱਡੀ ਲੀਗ ਦੀ ਸ਼ੁਰੂਆਤ ਲਈ ਬਰੈਂਪਟਨ ਸ਼ਹਿਰ ਨੂੰ ਮਾਣ ਮਿਲ ਰਿਹਾ ਹੈ।
“ਚੈਂਪੀਅਨ ਕਬੱਡੀ ਲੀਗ” ਵਿੱਚ ਇਸ ਸਾਲ ਪੰਜ ਟੀਮਾਂ ਸ਼ਾਮਲ ਹਨ। ਜਿਸ ਵਿੱਚ ਦੋ ਟੀਮਾਂ ਟਰਾਂਟੋ ਇਲਾਕੇ ਦੇ ਕਬੱਡੀ ਪ੍ਰੇਮੀਆਂ ਨੇ ਖਰੀਦੀਆ ਹਨ ਜਦ ਕਿ ਤਿੰਨ ਟੀਮਾਂ ਬ੍ਰਿਟਿਸ਼ ਕੋਲੰਬੀਆ ਦੇ ਖੇਡ ਪ੍ਰੇਮੀਆਂ ਨੇ ਖਰੀਦੀਆ ਹਨ। ਇਸ ਲੀਗ ਵਿੱਚ ਹਰ ਸਾਲ ਹੀ 1-2 ਟੀਮਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸਾਰੇ ਕਬੱਡੀ ਖਿਡਾਰੀ ਲੀਗ ਨਾਲ ਇਕਰਾਰਨਾਮਾ ਸਾਈਨ ਕਰਕੇ ਹੀ ਖੇਡ ਸਕਦੇ ਹਨ। ਸੰਤੁਲਨ ਨੂੰ ਧਿਆਨ ਵਿੱਚ ਰੱਖ ਕੇ ਟੀਮਾਂ ਨੂੰ ਸੰਗਠਿਤ ਕੀਤਾ ਜਾਂਦਾ ਹੈ ਤਾਂ ਕਿ ਕੋਈ ਟੀਮ ਬਹੁਤੀ ਤਕੜੀ ਜਾਂ ਬਹੁਤੀ ਮਾੜੀ ਨਾ ਹੋਵੇ। ਹਰ ਖਿਡਾਰੀ ਦਾ ਇਕਰਾਰਨਾਮਾ ਕਰਨ ਮੌਕੇ ਅਤੇ ਖੇਡ ਦੌਰਾਨ ਬਕਾਇਦਾ ਡਰੱਗ ਟੈਸਟ ਕੀਤਾ ਜਾਵੇਗਾ। ਖੇਡ ਜਾਂ ਖਿਡਾਰੀ ਤੋਂ ਬਿਨ੍ਹਾਂ ਖੇਡ ਮੈਚ ਦੌਰਾਨ ਕਿਸੇ ਹੋਰ ਫਜ਼ੂਲ ਗੱਲ ਨਹੀਂ ਕੀਤੀ ਜਾਵੇਗੀ।
ਟੀਮ ਯੰਗ ਪੈਂਥਰਜ਼ ਦੇ ਬੁਲਾਰੇ ਨਿੰਦਰ ਧਾਲੀਵਾਲ ਅਤੇ ਟੀਮ ਕਨੇਡੀਅਨ ਪੰਜਾਬੀ ਟਾਈਗਰਜ਼ ਦੇ ਬੁਲਾਰੇ ਗਗਿਾ ਗਹੂਨੀਆ ਨੇ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਕਿਹਾ ਕਿ ਕਬੱਡੀ ਖੇਡ ਨੂੰ ਪੇਸ਼ਾਵਰ ਲੀਹਾਂ ਤੇ ਤੋਰਨ ਲਈ ਅਤੇ ਕਬੱਡੀ ਦੇ ਵਿਕਾਸਮਈ ਭਵਿੱਖ ਲਈ ਚੈਂਮਪੀਅਨ ਕਬੱਡੀ ਲੀਗ ਇੱਕ ਵਰਦਾਨ ਸਿੱਧ ਹੋਵੇਗੀ। ਦੋਵੇਂ ਆਗੂਆਂ ਨੇ ਕਿਹਾ ਕਿ ਲੀਗ ਨੂੰ ਕਾਮਯਾਬ ਕਰਨ ਲਈ ਇਸ ਸ਼ਨਿਚਰਵਾਰ 13 ਅਗਸਤ ਨੂੰ ਸ਼ਾਮ ਨੂੰ ਹੋ ਰਹੇ ਸ਼ੁਰੂਆਤੀ ਮੈਚਾਂ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੋ ਜੀ।