ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟਸ ਵਿੰਗ ‘‘ਸਟੂਡੈਂਟਸ ਆਰਗਾਨਾਈਜੇਸ਼ਨ ਆੱਫ਼ ਇੰਡੀਆ’’ ਦੀ ਦਿੱਲੀ ਇਕਾਈ ਦਾ ਅੱਜ ਵਿਸਤਾਰ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ’ਚ ਪਾਰਟੀ ਦਫ਼ਤਰ ਵਿਖੇ ਹੋਏ ਪ੍ਰੋਗਰਾਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਏ. ਬੀ. ਵੀ. ਪੀ. ਛੱਡ ਕੇ ਸਾਥੀਆਂ ਸਣੇ ‘ਸੋਈ’ ਵਿਚ ਸ਼ਾਮਿਲ ਹੋਏ ਰਵਤੇਜ਼ ਸਿੰਘ ਅਰੋੜਾ ਨੂੰ ਸਿਰੋਪਾ ਪਾ ਕੇ ਜਿਥੇ ਜੀ ਆਇਆ ਕਿਹਾ ਉਥੇ ਹੀ ਗੁਰੂ ਗੋਬਿੰਦ ਸਿੰਘ ਕਾੱਲਜ ਆੱਫ਼ ਕਾੱਮਰਸ ਤੇ ਗੁਰੂ ਨਾਨਕ ਦੇਵ ਖਾਲਸ ਕਾੱਲਜ ਦੇ ਨਵੇਂ ਬਣੇ ‘ਸੋਈ’ ਦੇ ਲਗਭਗ 50 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ।
ਜੀ. ਕੇ. ਨੇ ਇਸ ਮੌਕੇ ‘ਸੋਈ’ ਦੇ ਕਾਰਕੂਨਾ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ। ਜੀ. ਕੇ. ਨੇ ਕਿਹਾ ਕਿ ਪੰਜਾਬ ਦੇ ਸਹਿਯੋਗ ਬਿਨਾਂ ਦੇਸ਼ ਆਜ਼ਾਦ ਨਹੀਂ ਹੋ ਸਕਦਾ ਸੀ। ਇਸ ਲਈ ਪੰਜਾਬੀਆਂ ਦੀ ਕੁਰਬਾਨੀਆਂ ਨੂੰ ਯਾਦ ਰੱਖਣਾ ਤੇ ਉਨ੍ਹਾਂ ਤੇ ਮਾਣ ਕਰਨਾ ਸਾਡਾ ਮੁੱਢਲਾ ਫ਼ਰਜ ਬਣਦਾ ਹੈ। ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਾ ਸਾਬਕਾ ਵਿਦਿਆਰਥੀ ਹੋਣ ਦਾ ਹਵਾਲਾ ਦਿੰਦੇ ਹੋਏ ਜੀ।ਕੇ। ਨੇ 1977 ਵਿਚ ਸਟੂਡੈਂਟਸ ਯੁਨੀਅਨ ਦੇ ਆਗੂ ਦੀ ਚੋਣ ਲੜਨ ਤੋਂ ਬਾਅਦ ਸ਼ੁਰੂ ਹੋਏ ਸਿਆਸੀ ਸਫ਼ਰ ਦੇ ਦੌਰਾਨ ਸ਼੍ਰ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਕਮੇਟੀ ਦਾ ਮੁਖ ਸੇਵਾਦਾਰ ਬਣਨ ਨੂੰ ਯਾਦਗਾਰੀ ਦੱਸਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨਾਂ, ਭੱਟ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਸ਼ਾਮਿਲ ਹੋਣ ਦੀ ਗੱਲ ਕਰਦੇ ਹੋਏ ਜੀ. ਕੇ. ਨੇ ਸਾਰੇ ਧਰਮਾਂ ਅਤੇ ਫਿਰਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਖਰੀ ਪੱਛਾਣ ਸਥਾਪਿਤ ਕਰਨ ਦਾ ਵੀ ਬੱਚਿਆਂ ਨੂੰ ਸੁਨੇਹਾ ਦਿੱਤਾ। ਖਾਲਸਾ ਕਾੱਲਜਾਂ ਵਿਚ ਪੜ੍ਹਾਈ ਦੌਰਾਨ ਮਿਲਦੇ ਉੱਤਮ ਵਿਚਾਰਾਂ ਨੂੰ ਸਮਾਜ ਸੇਵਾ ਲਈ ਵਰਤਦੇ ਹੋਏ ਨਿਵੇਕਲਾ ਉਦਾਹਰਣ ਸਥਾਪਿਤ ਕਰਨ ਦਾ ਵੀ ਜੀ. ਕੇ. ਨੇ ਬੱਚਿਆਂ ਨੂੰ ਸੱਦਾ ਦਿੱਤਾ।
ਸਿਰਸਾ ਨੇ ਬੱਚਿਆ ਨੂੰ ਆਪਣੇ ਧਰਮ, ਵਿਰਸੇ ਅਤੇ ਪਾਰਟੀ ਤੇ ਮਾਣ ਕਰਨ ਦੀ ਸਲਾਹ ਦਿੰਦੇ ਹੋਏ ਦਿੱਲੀ ਕਮੇਟੀ ਨੂੰ ਚਾਰੋ ਖਾਲਸਾ ਕਾਲਜਾਂ ਵਿਚ ਸਿੱਖ ਬੱਚਿਆਂ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖਣ ਵਿਚ ਮਿਲੀ ਕਾਮਯਾਬੀ ਨੂੰ ਕੌਮ ਦੀ ਵੱਡੀ ਜਿੱਤ ਦੱਸਿਆ। ਸਿਰਸਾ ਨੇ ਆਸ ਜਤਾਈ ਕਿ ਅੱਜ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਵਿਦਿਆਰਥੀਆਂ ਵਿਚੋਂ ਹੀ ਆਉਣ ਵਾਲੇ ਸਮੇਂ ਵਿਚ ਕੋਈ ਅਕਾਲੀ ਦਲ ਜਾਂ ਦਿੱਲੀ ਕਮੇਟੀ ਦੇ ਪ੍ਰਧਾਨ ਵਰਗੇ ਵਕਾਰੀ ਅਹੁਦੇ ਤਕ ਪੁਜੇਗਾ। ਸਿਰਸਾ ਨੇ ਸਾਫ਼ ਕਿਹਾ ਕਿ ਬੇਸ਼ਕ ਦੇਸ਼ ਵਿਚ ਸਾਡੀ ਆਬਾਦੀ 2 ਫ਼ੀਸਦੀ ਹੈ ਪਰ ਫਿਰ ਵੀ ਪੂਰੇ ਸੰਸਾਰ ਵਿਚ ਅਸੀਂ ਅਹਿਮੀਅਤ ਰੱਖਦੇ ਹਾਂ। ਇਸ ਸੰਬੰਧ ਵਿਚ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਸਿੱਖਾਂ ਦੇ ਮੈਂਬਰ ਪਾਰਲੀਮੈਂਟ ਬਣਨ ਦਾ ਉਨ੍ਹਾਂ ਹਵਾਲਾ ਦਿੱਤਾ। ਸਿਰਸਾ ਨੇ 2013 ਦੀਆਂ ਦਿੱਲੀ ਕਮੇਟੀ ਚੋਣਾਂ ਦੌਰਾਨ ਸਭ ਤੋਂ ਜਿਆਦਾ ਨੌਜਵਾਨ ਮੈਂਬਰਾਂ ਦੇ ਚੋਣਾਂ ਜਿੱਤਣ ਦਾ ਵੀ ਦਾਅਵਾ ਕੀਤਾ।
ਸਾਬਕਾ ਵਿਧਾਇਕ ਅਤੇ ‘‘ਸੋਈ’’ ਦੇ ਪ੍ਰਭਾਰੀ ਹਰਮੀਤ ਸਿੰਘ ਕਾਲਕਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਮਿਲੇ ਨਿਯੁੱਕਤੀ ਪੱਤਰ ਨੂੰ ਵੱਡੀ ਜਿੰਮੇਵਾਰੀ ਦੇ ਤੌਰ ਤੇ ਪ੍ਰਭਾਸ਼ਿਤ ਕੀਤਾ। ਕਾਲਕਾ ਨੇ ਕਿਹਾ ਕਿ ਅਹੁਦੇਦਾਰੀ ਮਿਲਣ ਦਾ ਮਤਲਬ ਨੌਜਵਾਨਾਂ ਨੂੰ ਗਲਤ ਕੰਮ ਕਰਨ ਦਾ ਲਾਈਸੈਂਸ ਮਿਲਣਾ ਨਾ ਸਮਝਿਆ ਜਾਵੇ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਖਾਲਸਾ ਕਾੱਲਜਾਂ ਵਿਚ ਇਸ ਵਰ੍ਹੇ ਸਿੱਖ ਬੱਚਿਆਂ ਦੇ ਹੋਏ ਵਾਧੂ ਦਾਖਿਲੇ ਸਦਕਾ ਪਹਿਲੀ ਵਾਰ ਕਾੱਲਜਾਂ ਵਿਚ ਦਸਤਾਰਾਂ ਵਾਲੇ ਵੱਡੀ ਗਿਣਤੀ ’ਚ ਦਿਖਣ ਦਾ ਵੀ ਦਾਅਵਾ ਕੀਤਾ।
ਇਸ ਮੌਕੇ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਚਮਨ ਸਿੰਘ, ਰਵਿੰਦਰ ਸਿੰਘ ਲਵਲੀ, ਅਕਾਲੀ ਆਗੂ ਜਸਵੰਤ ਸਿੰਘ ਬਿਟੂ, ਗੁਰਮੀਤ ਸਿੰਘ ਫੈਡਰੇਸ਼ਨ, ਸਤਬੀਰ ਸਿੰਘ ਗਗਨ ਅਤੇ ‘‘ਸੋਈ’’ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਛਿਆਸੀ ਮੌਜੂਦ ਸਨ।