ਚੰਡੀਗੜ੍ਹ – “ਜਦੋਂ ਤੋ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਚੱਬਾ (ਅੰਮ੍ਰਿਤਸਰ) ਦੀ ਪਵਿੱਤਰ ਧਰਤੀ ਤੇ ਹੋਇਆ ਹੈ ਅਤੇ ਜਿਥੇ ਹਕੂਮਤੀ ਪੱਧਰ ਦੀਆਂ ਸਭ ਰੋਕਾ ਅਤੇ ਰੁਕਾਵਟਾਂ ਪਾਉਣ ਦੇ ਬਾਵਜੂਦ ਵੀ 7 ਲੱਖ ਸਿੱਖਾਂ ਨੇ ਇਕੱਤਰ ਹੋ ਕੇ ਕੌਮੀ ਫੈਸਲੇ ਕੀਤੇ ਹਨ ਅਤੇ ਅਖੋਤੀ ਸਰਕਾਰੀ ਜਥੇਦਾਰਾਂ ਨੂੰ ਸੇਵਾਮੁਕਤ ਕਰਕੇ ਨਵੇ ਜਥੇਦਾਰ ਥਾਪੇ ਹਨ, ਉਦੋ ਤੋ ਹੀ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਸੈਟਰ ਦੀ ਮੋਦੀ ਹਕੂਮਤ ਵੱਲੋ ਇਥੋ ਦੇ ਨਾਗਰਿਕਾਂ ਨੂੰ ਹਿੰਦ ਦੇ ਵਿਧਾਨ ਤੇ ਧਾਰਾ 14, 19 ਅਤੇ 21 ਰਾਹੀ ਮਿਲੇ ਅਧਿਕਾਰਾਂ ਨੂੰ ਕੁੱਚਲਕੇ ਪੰਜਾਬ ਦੀ ਬਾਦਲ ਹਕੂਮਤ ਅਤੇ ਪੁਲਿਸ ਵੱਲੋ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਦਾਸ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋ ਜਦੋਂ ਵੀ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਹੈ, ਨੂੰ ਗੈਰ-ਕਾਨੂੰਨੀ ਤਰੀਕੇ ਜਾਂ ਤਾਂ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਜਾਂ ਝੂਠੇ 107/51 ਦੇ ਕੇਸ ਪਾ ਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ । ਹਕੂਮਤਾਂ ਦੇ ਇਹ ਅਮਲ ਗੈਰ-ਕਾਨੂੰਨੀ ਹਨ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਹੁਣ ਬਿਲਕੁਲ ਬਰਦਾਸਤ ਨਹੀਂ ਕਰੇਗੀ । ਜੇਕਰ ਸਰਕਾਰ ਨੇ ਆਉਣ ਵਾਲੇ ਸਮੇ ਵਿਚ ਇਸ ਗੈਰ-ਕਾਨੂੰਨੀ ਅਮਲ ਨੂੰ ਜਾਰੀ ਰੱਖਿਆ ਤਾਂ ਅਸੀਂ ਪੰਜਾਬ-ਹਰਿਆਣਾ ਹਾਈਕੋਰਟ, ਸੁਪਰੀਮ ਕੋਰਟ ਦੇ ਰਾਹੀ ਸੂਔਮੋਟੋ ਦੇ ਕਾਨੂੰਨੀ ਹੱਕ ਰਾਹੀ ਅਜਿਹੀਆ ਗ੍ਰਿਫ਼ਤਾਰੀਆਂ ਅਤੇ ਨਜ਼ਰਬੰਦੀਆਂ ਨੂੰ ਚੁਣੋਤੀ ਦੇਣ ਅਤੇ ਰੋਕਣ ਤੋ ਬਿਲਕੁਲ ਗੁਰੇਜ ਨਹੀਂ ਕਰਾਂਗੇ । ਇਸ ਲਈ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ, ਮੁੱਖ ਸਕੱਤਰ ਅਤੇ ਅਫ਼ਸਰਸ਼ਾਹੀ ਸਾਡੇ ਵੱਲੋ ਮਜ਼ਬੂਰਨ ਲਏ ਜਾਣ ਵਾਲੇ ਫੈਸਲੇ ਦੇ ਨਤੀਜਿਆ ਤੋ ਅਤੇ ਆਪਣੇ-ਆਪ ਨੂੰ ਕਾਨੂੰਨੀ ਮਾਰ ਤੋ ਬਚਾਉਣ ਲਈ ਜੇਕਰ ਅਜਿਹੀਆ ਗੈਰ-ਕਾਨੂੰਨੀ ਅਮਲਾਂ ਤੋ ਤੋਬਾ ਕਰ ਲੈਣ ਤਾਂ ਇਹ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਉਹਨਾਂ ਦੇ ਗੈਰ-ਕਾਨੂੰਨੀ ਹੁਕਮਾਂ ਨੂੰ ਮੰਨਣ ਵਾਲੀ ਅਫ਼ਸਰਸ਼ਾਹੀ ਲਈ ਬਿਹਤਰ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਸ੍ਰੀ ਸਰਵੇਸ਼ ਕੌਸਲ ਮੁੱਖ ਸਕੱਤਰ ਪੰਜਾਬ ਦੇ ਨਾਮ ਲਿਖੇ ਗਏ ਪੱਤਰ ਵਿਚ ਜ਼ਾਹਰ ਕਰਦੇ ਹੋਏ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੂੰ ਅਤੇ ਗੈਰ-ਕਾਨੂੰਨੀ ਅਮਲ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਖਬਰਦਾਰ ਕਰਦੇ ਹੋਏ ਪ੍ਰਗਟਾਏ ਗਏ । ਉਹਨਾਂ ਆਪਣੇ ਇਸ ਪੱਤਰ ਵਿਚ 11 ਨਵੰਬਰ 2015 ਨੂੰ ਹੋਏ ਦੁੱਖਦਾਇਕ ਅਮਲ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋਂ ਮੈਂ ਆਪਣੇ ਅੰਮ੍ਰਿਤਸਰ ਵਾਲੇ ਘਰ ਵਿਚ ਆਰਾਮ ਕਰ ਰਿਹਾ ਸੀ, ਤਾਂ ਕੋਈ 2:30-3:00 ਦੇ ਕਰੀਬ ਅੰਮ੍ਰਿਤਸਰ ਪੁਲਿਸ ਭਾਰੀ ਫੋਰਸ ਸਮੇਤ ਮੇਰੇ ਘਰ ਉਤੇ ਬਿਨ੍ਹਾਂ ਕਿਸੇ ਸਰਚ ਵਾਰੰਟਾਂ ਅਤੇ ਕਾਨੂੰਨੀ ਹੁਕਮਾਂ ਤੋ ਛਾਪਾ ਹੀ ਨਹੀਂ ਮਾਰਿਆ ਗਿਆ, ਬਲਕਿ ਮੈਨੂੰ ਉਪਰਲੀ ਮੰਜਿ਼ਲ ਤੋ ਜ਼ਬਰੀ ਘੜੀਸਕੇ ਲਿਆਕੇ ਪੁਲਿਸ ਜੀਪ ਵਿਚ ਸੁੱਟ ਦਿੱਤਾ ਗਿਆ ਅਤੇ ਪੁਲਿਸ ਥਾਣੇ ਵਿਚ ਕੋਈ 2-3 ਘੰਟੇ ਗੈਰ-ਕਾਨੂੰਨੀ ਤੌਰ ਤੇ ਰੱਖਿਆ ਗਿਆ । ਉਸ ਦਿਨ ਸਮੁੱਚੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਘਰਾਂ ਤੇ ਛਾਪੇ ਮਾਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਜਿਸ ਦੀ ਹਿੰਦ ਦਾ ਵਿਧਾਨ ਅਤੇ ਕਾਨੂੰਨ ਬਿਲਕੁਲ ਇਜ਼ਾਜਤ ਨਹੀਂ ਦਿੰਦੇ । ਇਸੇ ਤਰ੍ਹਾਂ ਜਦੋਂ 17 ਜੁਲਾਈ 2016 ਨੂੰ ਬਠਿੰਡਾ ਜਿ਼ਲ੍ਹੇ ਦੇ ਭਗਤਾ ਭਾਈਕਾ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰੰਤਰ ਹੋ ਰਹੇ ਅਪਮਾਨ ਅਤੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕਰਨ ਵਿਰੁੱਧ ਅਮਨਮਈ ਤਰੀਕੇ ਰੋਸ ਰੈਲੀ ਰੱਖੀ ਗਈ ਸੀ ਤਾਂ 2 ਦਿਨ ਪਹਿਲੇ ਹੀ 15 ਜੁਲਾਈ 2016 ਨੂੰ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਦਾਸ ਨੂੰ ਆਪੋ-ਆਪਣੇ ਘਰਾਂ ਵਿਚ ਨਜ਼ਰ ਬੰਦ ਕਰ ਦਿੱਤਾ ਗਿਆ ਅਤੇ ਸਮੁੱਚੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਪੰਥਕ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਬਰਾਂ ਨੂੰ ਜ਼ਬਰੀ ਘਰਾਂ ਵਿਚ ਚੁੱਕ ਕੇ ਜਾਂ ਤਾਂ ਗੈਰ-ਕਾਨੂੰਨੀ ਤਰੀਕੇ ਥਾਣਿਆ ਵਿਚ ਰੱਖਿਆ ਗਿਆ ਜਾਂ ਉਹਨਾਂ ਉਤੇ ਝੂਠੇ 107/51 ਦੇ ਕੇਸ ਦਰਜ ਕਰਕੇ ਜੇਲ੍ਹਾਂ ਵਿਚ ਬੰਦੀ ਬਣਾ ਦਿੱਤਾ ਗਿਆ । ਇਹ ਅਮਲ ਵੀ ਬਿਲਕੁਲ ਗੈਰ-ਕਾਨੂੰਨੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਸਟੇਟ ਪਾਰਟੀਆਂ ਤੇ ਹੋਰ ਪੰਥਕ ਜਥੇਬੰਦੀਆਂ ਦੇ ਵਿਧਾਨਿਕ ਹੱਕਾਂ ਉਤੇ ਜ਼ਬਰੀ ਡਾਕਾ ਮਾਰਨ ਦੇ ਤੁੱਲ ਅਮਲ ਹੋਏ ਹਨ । ਇਥੇ ਹੀ ਬਸ ਨਹੀਂ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਵਿਰੁੱਧ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਹਿੱਤ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋ ਬਰਗਾੜੀ (ਕੋਟਕਪੂਰਾ) ਵਿਖੇ ਰੋਸ ਕੀਤਾ ਜਾ ਰਿਹਾ ਸੀ, ਜਦੋਂਕਿ ਇਹ ਰੋਸ ਬਿਲਕੁਲ ਅਮਨਪੂਰਵਕ, ਜ਼ਮਹੂਰੀਅਤ ਕਦਰਾਂ-ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਬਿਨ੍ਹਾਂ ਕਿਸੇ ਹਥਿਆਰਾਂ ਆਦਿ ਦੇ ਸ਼ਾਂਤਮਈ ਤਰੀਕੇ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋ ਗੋਲੀ ਚਲਾਕੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੋ ਹਿੱਥੇ ਗੁਰਸਿੱਖ ਨੌਜ਼ਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਅਨੇਕਾ ਹੀ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਗਿਆ । ਪੁਲਿਸ ਅਤੇ ਸਰਕਾਰ ਦੇ ਇਹ ਸਭ ਅਮਲ ਅਮਨ-ਚੈਨ ਅਤੇ ਜਮਹੂਰੀਅਤ ਨੂੰ ਭੰਗ ਕਰਨ ਵਾਲੇ ਅਤੇ ਸਿੱਖ ਕੌਮ ਦੀ ਆਜ਼ਾਦੀ, ਜਿੰਦਗੀ ਨੂੰ ਖੋਹਣ ਵਾਲੀਆਂ ਦੁੱਖਦਾਇਕ ਕਾਰਵਾਈਆ ਹਨ ।
ਇਸੇ ਤਰ੍ਹਾਂ ਲੁਧਿਆਣਾ ਵਿਖੇ ਭਾਈ ਦਰਸ਼ਨ ਸਿੰਘ ਲੋਹਾਰਾ ਨੂੰ ਪੁਲਿਸ ਨੇ ਗੋਲੀਆਂ ਨਾਲ ਖ਼ਤਮ ਕਰ ਦਿੱਤਾ ਸੀ, ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡੱਬਵਾਲੀ, ਬਲਕਾਰ ਸਿੰਘ ਮੁੰਬਈ, ਜਸਪਾਲ ਸਿੰਘ ਚੌੜ ਸਿੱਧਵਾ ਅਤੇ ਜਗਜੀਤ ਸਿੰਘ ਜੰਮੂ ਸਿੱਖਾਂ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ ਅਤੇ ਅੱਜ ਤੱਕ ਇਹਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕਰਕੇ ਅਤੇ ਕਾਨੂੰਨ ਅਨੁਸਾਰ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਨਾ ਕਰਕੇ ਸਮੇਂ ਦੀਆਂ ਹਕੂਮਤਾਂ ਸਿੱਖ ਕੌਮ ਨਾਲ ਬਹੁਤ ਵੱਡਾ ਜ਼ਬਰ-ਜੁਲਮ ਅਤੇ ਅਨਿਆਏ ਕਰਦੀਆ ਆ ਰਹੀਆਂ ਹਨ । ਉਹਨਾਂ ਕਿਹਾ ਕਿ 16 ਅਗਸਤ 2016 ਨੂੰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੱਲੋ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋ ਅਰਦਾਸ ਕਰਕੇ ਧਾਰਮਿਕ ਮਾਰਚ ਸੁਰੂ ਕੀਤਾ ਜਾ ਰਿਹਾ ਹੈ । ਜੇਕਰ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਪੁਲਿਸ ਨੇ ਫਿਰ ਤੋ ਅਜਿਹਾ ਗੈਰ-ਕਾਨੂੰਨੀ ਅਮਲ ਦੇ ਰਾਹੀ ਗ੍ਰਿਫ਼ਤਾਰੀਆਂ ਜਾਂ ਨਜ਼ਰਬੰਦੀਆਂ ਕਰਨ ਦੀ ਕੋਸਿ਼ਸ਼ ਕੀਤੀ ਤਾਂ ਇਸ ਨੂੰ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਸਹਿਣ ਨਹੀਂ ਕਰੇਗੀ ਅਤੇ ਦੋਸ਼ੀ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਕਾਨੂੰਨੀ ਕਟਹਿਰੇ ਵਿਚ ਖੜ੍ਹਾ ਕਰਨ ਤੋ ਬਿਲਕੁਲ ਨਹੀਂ ਝਿਜਕੇਗੀ । ਉਹਨਾਂ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਤੇ ਅਫ਼ਸਰਸ਼ਾਹੀ ਫਿਰ ਤੋ ਅਜਿਹੀ ਗੁਸਤਾਖੀ ਬਿਲਕੁਲ ਨਹੀਂ ਕਰੇਗੀ, ਜਿਸ ਨਾਲ ਪੰਜਾਬ ਦਾ ਮਾਹੌਲ ਅਸ਼ਾਂਤ ਤੇ ਵਿਸਫੋਟਕ ਬਣੇ ।