ਨਵੀਂ ਦਿੱਲੀ : ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਦਿੱਲੀ ਵਿਚ ਸ਼ਰਾਬ ਦੀ ਵਿਕ੍ਰੀ ਵਿਚ ਵਾਧਾ ਕਰਨ ਦੀ ਚਲਾਈ ਗਈ ਮੁਹਿੰਮ ਦਾ ਹੁਣ ਜਨਤਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ ਬੀਤੇ ਦਿਨੀਂ ਇੱਕ ਆਰ।ਟੀ।ਆਈ। ਦੇ ਰਾਹੀਂ ਕੇਜਰੀਵਾਲ ਦੇ ਮੁਖਮੰਤਰੀ ਬਣਨ ਤੋਂ ਬਾਅਦ ਦਿੱਲੀ ਵਿਖੇ 58 ਸ਼ਰਾਬ ਦੇ ਨਵੇਂ ਠੇਕੇ ਖੁਲਣ ਦਾ ਖੁਲਾਸਾ ਸਾਹਮਣੇ ਆਇਆ ਸੀ। ਜਿਸਤੋਂ ਬਾਅਦ ਬਿਹਾਰ ਦੀ ਤਰਜ਼ ਤੇ ਦਿੱਲੀ ਵਿਖੇ ਸ਼ਰਾਬ ਬੰਦੀ ਦੀ ਮੰਗ ਜੋਰ ਪਕੜ ਗਈ ਹੈ।
ਉੱਘੇ ਸਮਾਜ ਸੁਧਾਰਕ ਅਤੇ ਆਰਿਆ ਸਮਾਜ ਦੇ ਆਗੂ ਸਵਾਮੀ ਅਗਨੀਵੇਸ਼ ਵੱਲੋਂ ਬਾਕੀ ਧਰਮਾਂ ਦੇ ਆਗੂਆਂ ਨੂੰ ਲੈ ਕੇ ਦਿੱਲੀ ਵਿਖੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੀ ‘‘ਨਸ਼ਾ ਮੁਕਤ ਭਾਰਤ ਅੰਦੋਲਨ’’ ਤਹਿਤ ਕੀਤੀ ਗਈ ਸ਼ੁਰੂਆਤ ਦੇ ਦੂਜੇ ਗੇੜ ਤਹਿਤ ਅੱਜ ਲਾਲ ਕਿਲੇ ਤੋਂ ਫਤਹਿਪੁਰੀ ਮਸਜਿਦ ਤਕ ਵਿਸ਼ਾਲ ‘‘ਨਸ਼ਾ ਮੁਕਤੀ ਮਾਰਚ’’ ਕੱਢਿਆ ਗਿਆ। ਜਿਸ ਵਿਚ ਸ਼ਾਮਿਲ ਲੋਕਾਂ ਨੇ ਹੱਥਾਂ ਵਿਚ ਤਿਰੰਗੇ ਝੰਡੇ ਅਤੇ ਤਖਤੀਆਂ ਲੈ ਕੇ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ ਦੀ ਸਖਤ ਨਿਖੇਧੀ ਕੀਤੀ। ਮਾਰਚ ਵਿਚ ਫਤਹਿਪੁਰੀ ਮਸਜਿਦ ਦੇ ਇਮਾਮ ਮੋਲਾਨਾ ਮੁਫ਼ਤੀ ਮੁਕੱਰਮ, ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਕੁਲਦੀਪ ਸਿੰਘ ਭੋਗਲ, ਰਵਿੰਦਰ ਸਿੰਘ ਖੁਰਾਣਾ, ਪਰਮਜੀਤ ਸਿੰਘ ਚੰਢੋਕ, ਦਰਸ਼ਨ ਸਿੰਘ, ਬੀਬੀ ਧੀਰਜ ਕੌਰ, ਜੈਨ ਧਰਮ ਤੋਂ ਵਿਵੇਕ ਮੁਨੀ, ਮਨੋਹਰ ਮਾਨਵ ਅਤੇ ਠਾਕੁਰ ਬਲਬੀਰ ਸਿੰਘ ਸ਼ਾਮਿਲ ਹੋਏ।
ਬੁਲਾਰਿਆਂ ਨੇ ਸਰਕਾਰ ਦੀ ਆਬਕਾਰੀ ਨੀਤੀ ਦੇ ਖਿਲਾਫ਼ ਬੋਲਦੇ ਹੋਏ ਸਰਕਾਰੀ ਖਜਾਨੇ ਨੂੰ ਭਰਨ ਵਾਸਤੇ ਲੋਕਾਂ ਦੇ ਜੀਵਨ ਨੂੰ ਨਸ਼ਾ ਦੇ ਕੇ ਗਰਕ ਕਰਨ ਨੂੰ ਇੱਕ ਸੁਰ ਵਿਚ ਮਾੜਾ ਦੱਸਿਆ। ਬੁਲਾਰਿਆਂ ਦਾ ਮਤ ਸੀ ਕਿ ਕੇਜਰੀਵਾਲ ਨੂੰ ਪੰਜਾਬ ਵਿਖੇ ਨਸ਼ਾਬੰਦੀ ਬਾਰੇ ਕੁਝ ਕਹਿਣ ਤੋਂ ਪਹਿਲਾ ਦਿੱਲੀ ਵਿਖੇ ਨਸ਼ਿਆ ਦੀ ਜੜ ਨੂੰ ਸਮਾਪਤ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਸਵਾਮੀ ਅਗਨੀਵੇਸ਼ ਨੇ ਸਾਫ਼ ਕੀਤਾ ਕਿ ਸਾਡਾ ਵਿਰੋਧ ਕਿਸੇ ਸਿਆਸੀ ਪਾਰਟੀ ਦੇ ਖਿਲਾਫ਼ ਨਾ ਹੋ ਕੇ ਸਮਾਜਿਕ ਬੁਰਾਈ ਦੇ ਖਿਲਾਫ਼ ਹੈ। ਭੋਗਲ ਨੇ ਸ਼ਰਾਬ ਸਮਾਜ ਦੀ ਦੁਸ਼ਮਣ ਹੈ ਅਤੇ ਇਸ ਕਰਕੇ ਗਰੀਬਾਂ ਦੇ ਘਰ ਮਾਲੀ ਅਤੇ ਸਮਾਜਿਕ ਤੌਰ ਤੇ ਬਰਬਾਦ ਹੁੰਦੇ ਹਨ। ਬੁਲਾਰਿਆਂ ਨੇ ਦਿੱਲੀ ਵਿਖੇ ਪੂਰਨ ਤੌਰ ਤੇ ਸ਼ਰਾਬਬੰਦੀ ਹੋਣ ਤਕ ਆਪਣਾ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ।