ਅੱਜ ਦੀਪੀ ਦੇ ਸਕੂਲ ਵਿਚ ਬਾਲ ਦਿਵਸ ਮਨਾਇਆ ਜਾ ਰਿਹਾ ਸੀ। ਦੀਪੀ ਨੇ ਗਿੱਧੇ ਵਿਚ ਹਿੱਸਾ ਲਿਆ ਹੋਇਆ ਸੀ। ਇਸ ਕਰਕੇ ਅੱਜ ਸਵੇਰੇ ਉੱਠਦੀ ਹੀ ਫੁਲਕਾਰੀ ਅਤੇ ਆਪਣੀ ਦਾਦੀ ਦਾ ਕੋਈ ਪੁਰਾਣਾ ਪਿਆ ਘੱਗਰਾ ਪੇਟੀ ਵਿਚੋਂ ਕਢਾਉਣ ਲਈ ਆਪਣੀ ਮਾਂ ਦੇ ਮੱਗਰ ਪਈ ਹੋਈ ਸੀ।
“ਦੇਖ ਦੀਪੀ, ਘੱਗਰਾ ਬੀਜੀ ਦਾ ਹੈ, ਤੂੰ ਆਪ ਜਾ ਕੇ ਉਹਨਾ ਕੋਲੋ ਪੁੱਛ ਲੈ। ਜੇ ਕਹਿਣਗੇ ਤਾਂ ਮੈਂ ਕੱਢ ਦੇਂਦੀ ਹਾਂ।” ਸੁਰਜੀਤ ਆਪਣੀ ਸੱਸ ਦੀਇਜ਼ਾਜਤ ਤੋਂ ਬਗੈਰ ਘੱਗਰਾ ਦੇਣਾ ਨਹੀਂ ਸੀ ਚਾਹੁੰਦੀ।
“ਬੀਬੀ ਜੀ, ਮੈਂ ਤੁਹਾਡਾ ਘੱਗਰਾ ਲੈ ਸਕਦੀ ਹਾਂ।”
ਤੂੰ ਘਗਰਾ ਕੀ ਕਰਨਾ?”
“ਅਸੀ ਸਕੂਲ ਵਿਚ ਗਿੱਧਾ ਪਾਉਣਾ ਹੈ, ਸਾਡੇ ਸਕੂਲ ਵਿਚ ਬਾਲ ਦਿਵਸ ਮਨਾਉਣਾ ਹੈ।” “ਇਹ ਕੀ ਹੁੰਦਾ ਹੈ, ਨਾਲੇ ਤੂੰ ਨਹੀ ਗਿੱਧਾ ਪਾਉਣਾ।”
“ਇਸ ਦਿਨ ਚਾਚੇ ਨਹਿਰੂ ਦਾ ਜਨਮ ਦਿਨ ਮਨਾਉਂਦੇ ਹਨ, ਉਹਨਾਂ ਕਿਹਾ ਸੀ ਪਈ ਮੇਰੇ ਜਨਮ ਦਿਨ ਬੱਚੇ ਨੱਚ ਗਾ ਕੇ ਮਨਾਇਆ ਕਰਨ।”
“ਫੋਟ…ੜੇ, ਉਹ ਹਾਅ… ਪੁੱਠਾ ਕੰਮ ਕਰਨ ਲਾ ਗਿਆ।” ਟੋਕਰੇ ਵਿਚੋਂ ਪਾਥੀਆਂ ਕੱਢਦੀ ਦਾਰੋ ਬੋਲੀ।
“ਚਾਚੀ, ਇਹ ਪੁੱਠਾ ਕੰਮ ਨਹੀ, ਇਸ ਤਰ੍ਹਾਂ ਕਰਨ ਨਾਲ ਸਟੇਜ ਤੇ ਬੱਚਿਆਂ ਦੇ ਬੋਲਣ ਦੀ ਝੱਕ ਖੁਲ ਜਾਂਦੀ ਆ।” ਸੁਰਜੀਤ ਦਾਰੋ ਨੂੰ ਸਮਝਾਉਂਦੀ ਹੋਈ ਬੋਲੀ, “ਉਹਨਾਂ ਦਾ ਮੂਹਰੇ ਹੋ ਕੇ ਕੰਮ ਕਰਨ ਦਾ ਹੌਸਲਾ ਵੱਧਦਾ ਹੈ।”
“ਪਰ, ਸੁਰਜੀਤੋ ਮੈਂ ਨਹੀਂ ਚਾਹੁੰਦੀ, ਪਈ ਦੀਪੀ ਸਟੇਜ ਤੇ ਚੜ੍ਹ ਕੇ ਨੱਚੇ।” ਹਰਨਾਮ ਕੌਰ ਬੋਲੀ।
“ਬੀਬੀ ਜੀ, ਲੋਕੀ ਚੰਦ ਤੇ ਜਾ ਚੜ੍ਹੇ ਹਨ, ਤੁਸੀਂ ਮੈਨੂੰ ਸਟੇਜ ਤੇ ਚੜ੍ਹਨ ਤੋਂ ਰੋਕਦੇ ਪਏ ਹੋ।”
“ਚੰਦ-ਚੁੰਦ ਤੇ ਕੋਈ ਨਹੀਂ ਗਿਆ, ਅਵੈ ਲੋਕੀ ਭੌਂਕੀ ਜਾਂਦੇ ਆ। ਚੰਦ ਨੂੰ ਕੋਈ ਪਾਉੜੀਆਂ ਲੱਗੀਆਂ ਜਿਹਦੇ ਤੇ ਚੜ੍ਹ ਕੇ ਚਲੇ ਗਏ।” ਦਾਰੋ ਹਰਨਾਮ ਕੌਰ ਵੱਲ ਨੂੰ ਮੂੰਹ ਕਰਕੇ ਕਹਿਣ ਲੱਗੀ, “ਬੀਬੀ, ਭਲਾ, ਤੂੰ ਦੱਸ ਕੋਈ ਚੰਦ ਤੇ ਕਿਵੇਂ ਜਾਊ।”
“ਦਾਰੋ, ਅਮਰੀਕਾ ਵਾਲਾ ਭਿੰਦਰ ਵੀ ਦੱਸਦਾ ਸੀ, ਪਈ ਅਮਰੀਕਾ ਨੇ ਬੰਦੇ ਚੰਦ ਤੇ ਭੇਜੇ ਨੇਂ।”
“ਅਮਰੀਕਾ ਨੂੰ ਝੂਠ ਬੋਲਣ ਤੋਂ ਬਗੈਰ ਹੋਰ ਕੁਝ ਕਰਨਾ ਵੀ ਆਉਂਦਾ ਆ।”
“ਚਾਚੀ ਦਾਰੋ ਮੰਨ ਜਾ, ਸੱਚ-ਮੁਚ ਹੀ ਬੰਦੇ ਚੰਦ ਤੇ ਚਲੇ ਗਏ ਹਨ।” ਦੀਪੀ ਦਾਰੋ ਨੂੰ ਸਮਝਾਉਣ ਲੱਗੀ, “ਚੰਦ ਵੀ ਧਰਤੀ ਵਰਗਾ ਹੀ ਇਕ ਟੁਕੜਾ ਹੈ, ਜ਼ਹਾਜ਼ ਰਾਹੀ ਉਸ ਉੱਪਰ ਜਾ ਹੁੰਦਾ ਹੈ।”
“ਦੀਪੀ, ਤੂੰ ਪੜ੍ਹ ਲਿਖ ਕੇ ਵੀ ਅਮਰੀਕਾ ਦੇ ਮਗਰ ਲੱਗੀ ਜਾਂਦੀ ਆ, ਮੈਂ ਇਸ ਝੂਠ ਨੂੰ ਨਹੀਂ ਮੰਨ ਸਕਦੀ।” ਦਾਰੋ ਨੇ ਸੱਚ ਤੇ ਝੂਠ ਦੀ ਪੱਕੀ ਮੋਹਰ ਲਾ ਦਿੱਤੀ।।
“ਦੀਪੀ, ਤੂੰ ਵੀ ਕਿਹਨੂੰ ਦੱਸਣ ਲੱਗ ਪਈ ਸਾਇੰਸ ਦੀਆਂ ਗੱਲਾਂ। ਸੁਰਜੀਤ ਹੱਸਦੀ ਕਹਿਣ ਲੱਗੀ, “ਆ ਚਾਚੀ ਤੂੰ ਰੋਟੀ ਖਾ, ਕੋਈ ਨਹੀ ਗਿਆ ਚੰਦ ਤੇੂ।”
“ਮੈਨੂੰ ਤਾਂ ਪਤਾ ਹੈ, ਤੂੰ ਆਪਣੀ ਧੀ ਰਾਣੀ ਨੂੰ ਸਮਝਾ।” ਦਾਰੋ ਲੱਸੀ ਵਾਲਾ ਗਿਲਾਸ ਚੁੱਕਦੀ ਬੋਲੀ।
ਹੌਲੀ ਹੌਲੀ ਦੀਪੀ ਅਤੇ ਸੁਰਜੀਤ ਨੇ ਹਰਨਾਮ ਕੌਰ ਨੂੰ ਘੱਗਰਾ ਦੇਣ ਲਈ ਮਨਾ ਲਿਆ ਸੀ। ਰੋਟੀ ਖਾ ਕੇ ਦਾਰੋ ਵਿਹੜੇ ਵਿਚ ਝਾੜੂ ਲਾਉਣ ਲੱਗ ਪਈ ਅਤੇ ਦੀਪੀ ਸਕੂਲ ਨੂੰ ਚਲੀ ਗਈ। ਸੁਰਜੀਤ ਛੋਟੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨ ਲੱਗ ਪਈ, ਜੋ ਅਜੇ ਪਿੰਡ ਵਾਲੇ ਸਕੂਲ ਹੀ ਜਾਂਦੇ ਨੇ। ਹਰਨਾਮ ਕੌਰ ਦੁੱਧ ਲੱਸੀ ਵਾਲੇ ਭਾਂਡੇ ਸਾਂਭਣ ਲੱਗੀ।
ੳਦੋਂ ਮੁਖਤਿਆਰ ਸ਼ਹਿਰੋ ਮੁੜ ਆਇਆ। ਜੋ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਜਿਸ ਤੋਂ ਪਤਾ ਲੱਗਦਾ ਸੀ ਕਿ ਝੋਨੇ ਦਾ ਭਾਅ ਚੰਗਾ ਮਿਲ ਗਿਆ। ਆਉਂਦਾ ਹੀ ਹਰਨਾਮ ਕੌਰ ਨੂੰ ਕਹਿਣ ਲੱਗਾ,
“ਬੀਬੀ, ਆਪਾ ਐਤਕੀ ਟੈਲੀਵਿਯਨ ਲੈ ਲੈਣਾ ਹੈ।”
“ਪੁੱਤ, ਪਹਿਲਾਂ ਰੋਟੀ ਖਾਹ, ਫਿਰ ਟੈਲੀਵਿਯਨ ਵੀ ਲੈ ਲਈਂ, ਕੱਲ੍ਹ ਦਾ ਗਿਆ ਹੁਣ ਮੁੜਿਆ।”
“ਸਰਦਾਰਨੀ, ਰਾਤੀਂ ਤਾਂ ਬਾਹਲਾ ਹੀ ਖੱਜਲ- ਖਰਾਬ ਹੋਏ।” ਝੋਲਾ ਚੱਕੀ ਆਉਂਦਾ ਬਾਲਮੀਕੀਆਂ ਦਾ ਤਾਰਾ ਬੋਲਿਆ, “ਵਾਰੀ ਹੀ ਨਾ ਆਉਣ ’ਚ ਆਵੇ।”
ਦਾਰੋ ਜੋ ਕਦੋਂ ਦੀ ਕੁਝ ਬੋਲਣ ਨੂੰ ਕਰ ਰਹੀ ਸੀ ਬੋਲੀ,
“ਬੀਬੀ, ਮੁਖਤਿਆਰ ਨੂੰ ਆ ਕੰਜਰ ਪੋ ਨਾ ਲੈ ਕੇ ਦਿਉ, ਜੋ ਇਹ ਕਹਿੰਦਾ ਹੈ, ਲੈਣ ਨੂੰ।”
“ਚਾਚੀ ਤੂੰ ਕਿੱਥੇ ਦੇਖਿਆ, ਇਹ ਕੰਜਰ ਪੋ?” ਮੁਖਤਿਆਰ ਨੇ ਪੁੱਛਿਆ
“ਲੰਬੜਾ ਦੇ, ਸਾਰਾ ਪਿੰਡ ਰਾਤ ਨੂੰ ਉਹਨਾਂ ਦੇ ਵਿਹੜੇ ਜਾ ਜੁੜਦਾ ਆ, ਉਸ ਬੰਦ ਡੱਬੇ ਨੂੰ ਵੇਖਣ।”
“ਤਾਂ ਤਾਈ, ਤੂੰ ਵੀ ਜਾਨੀ ਆਂ।” ਤਾਰਾ ਵਿਚੋਂ ਹੀ ਬੋਲ ਪਿਆ, “ਤਾਈ, ਤੂੰ ਲੰਬੜਾ ਦੇ ਉਹ ਵੱਡਾ ਡੱਬਾ ਨਹੀ ਦੇਖਿਆ, ਜਿਹਦੇ ਵਿਚ ਬਰਫ ਬਣਦੀ ਆ।”
“ਦਾਦਣਿਆ, ਮੈਂ ਨਹੀਂ ਜਾਂਦੀ ਦੇਖਣ, ਉਹ ਤਾਂ ਮੈਨੂੰ ਗੇਲੋ ਨੇ ਦੱਸਿਆ।”
“ਟੈਲੀਵਿਯਨ ਨਾਲੋ ਫਰਿਜ਼ ਲੈਣੀ ਚੰਗੀ ਆ।” ਸੁਰਜੀਤ ਨੇ ਵੀ ਆਪਣਾ ਫੈਂਸਲਾ ਸੁਣਾ ਦਿੱਤਾ।
“ਭਾਅ, ਤੁਸੀਂ ਦੋ ਲੈ ਲਉ।” ਤਾਰਾ ਬੋਲਿਆ।