ਬੀਜਿੰਗ – ਚੀਨ ਦੇ ਹੁਨਾਨ ਸੂਬੇ ਵਿੱਚ ਬਣੇ ਦੁਨੀਆਂ ਦੇ ਸੱਭ ਤੋਂ ਲੰਬੇ ਅਤੇ ਉਚੇ ਸ਼ੀਸ਼ੇ ਦੇ ਪੁੱਲ ਨੂੰ ਇਸ ਸ਼ਨਿਚਰਵਾਰ ਨੂੰ ਸੈਲਾਨੀਆਂ ਦੇ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਪੁੱਲ ਦਾ ਡੀਜਾਈਨ ਇਜਰਾਈਲ ਦੇ ਆਰਕੀਟੈਕਟ ਹੈਮ ਡਾਟਨ ਨੇ ਤਿਆਰ ਕੀਤਾ ਹੈ। ਇਸ ਉਪਰ ਜਾਣ ਲਈ ਇੱਕ ਦਿਨ ਪਹਿਲਾਂ ਰੀਜਰਵੇਸ਼ਨ ਕਰਵਾਉਣੀ ਹੋਵੇਗੀ।
ਇਸ ਪੁੱਲ ਦੀ ਪ੍ਰਬੰਧਕ ਕਮੇਟੀ ਅਨੁਸਾਰ ਸ਼ੀਸ਼ੇ ਦਾ ਬਣਿਆ ਇਹ ਪੁੱਲ 430 ਮੀਟਰ ਲੰਬਾ ਅਤੇ 6 ਮੀਟਰ ਚੌੜਾ ਹੈ। ਇਸ ਵਿੱਚ ਪਾਰਦਰਸ਼ੀ ਸ਼ੀਸ਼ੇ ਦੀਆਂ ਤਿੰਨ ਪਰਤਾਂ ਹਨ। ਇਹ ਪੁੱਲ ਜਮੀਨ ਤੋਂ 300 ਮੀਟਰ ਉਪਰ ਬ੍ਰਿਜ ਨੈਸ਼ਨਲ ਪਾਰਕ ਦੀਆਂ ਦੋ ਪਹਾੜੀਆਂ ਦੇ ਵਿੱਚਕਾਰ ਬਣਾਇਆ ਗਿਆ ਹੈ। ਕਮੇਟੀ ਅਨੁਸਾਰ, ਪੁੱਲ ਨੇ ਆਪਣੇ ਵੱਖਰੇ ਡੀਜ਼ਾਈਨ ਅਤੇ ਨਿਰਮਾਣ ਦੀ ਵਜ੍ਹਾ ਨਾਲ ਦਸ ਵਿਸ਼ਵ ਰੀਕਾਰਡ ਬਣਾਏ ਹਨ। ਇਸ ਪੁੱਲ ਤੇ ਪ੍ਰਤੀ ਦਿਨ ਵੱਧ ਤੋਂ ਵੱਧ 8,000 ਯਾਤਰੀਆਂ ਨੂੰ ਆਉਣ ਦੀ ਇਜ਼ਾਜ਼ਤ ਹੈ।
ਚੀਨ ਵਿੱਚ ਸ਼ੀਸ਼ੇ ਦੇ ਇਸ ਬ੍ਰਿਜ ਦਾ ਨਿਰਮਾਣ ਪਿੱਛਲੇ ਸਾਲ ਦਿਸੰਬਰ ਵਿੱਚ ਹੀ ਮੁਕੰਮਲ ਹੋ ਗਿਆ ਸੀ। ਪੁੱਲ ਦੀ ਮਜ਼ਬੂਤੀ ਨੂੰ ਵੇਖਣ ਲਈ ਜੁਲਾਈ ਵਿੱਚ ਦੋ ਟਨ ਵਜ਼ਨ ਵਾਲੇ ਟਰੱਕ ਨੂੰ ਇਸ ਉਪਰੋਂ ਲੰਘਾਇਆ ਗਿਆ ਸੀ। ਇਹ ਪੁੱਲ ਵਿਸ਼ਵ ਵਿੱਚ ਸੱਭ ਤੋਂ ਵੱਧ ਉਚਾਈ ਤੋਂ ਬੰਜੀ ਜੰਪਿੰਗ ਦਾ ਮੌਕਾ ਵੀ ਦੇਵੇਗਾ।